1709 - ਬੰਦਾ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਦਾ ਸਮਾਣਾ 'ਤੇ ਕਬਜ਼ਾ ਹੋ ਗਿਆ।
ਕਿਸੇ ਜ਼ਮਾਨੇ ਵਿੱਚ ਸਮਾਣਾ ਮਾਲਵਾ 'ਤੇ ਬਾਂਗਰ ਦੇਸ ਦੀ ਰਾਜਧਾਨੀ ਰਿਹਾ ਸੀ। 1360 ਵਿੱਚ ਫ਼ਿਰੋਜ਼ਸ਼ਾਹ ਤੁਗਲਕ ਨੇ ਨੂੰ ਰਾਜਧਾਨੀ ਵਜੋਂ ਹਟਾ ਦਿੱਤਾ ਅਤੇ ਸਮਾਣਾ ਨਗਰ ਦੀ ਅਹਮੀਅਤ ਘਟ ਗਈ। ਫਿਰ ਵੀ, 1709 ਵਿੱਚ ਵੀ, ਇਸ ਦੇ ਨੌਂ ਪਰਗਨੇ ਸਨ। ਅਜੇ ਵੀ ਬਹੁਤ ਸਾਰੇ ਅਮੀਰ-ਵਜ਼ੀਰ ਏਥੇ ਹੀ ਰਹਿੰਦੇ ਸਨ। ਅਜਿਹੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਇਨ੍ਹਾਂ ਵਿਚੋਂ ਬਾਈ ਉਮਰਾ (ਅਮੀਰ ਦਾ ਬਹੁ ਵਚਨ) ਤਾਂ ਉਹ ਸਨ ਜਿਨ੍ਹਾਂ ਨੂੰ ਨਿਜੀ ਪਾਲਕੀਆਂ ਵਿੱਚ ਆਉਣ-ਜਾਣ ਦਾ ਹੱਕ ਹਾਸਿਲ ਸੀ। ਇਨ੍ਹਾਂ ਸਾਰਿਆਂ ਦੀਆਂ ਹਵੇਲੀਆਂ ਕਿਲ੍ਹਿਆਂ ਵਰਗੀਆਂ ਸਨ। ਇੱਥੋਂ ਦਾ ਮੁੱਖ ਕਿਲ੍ਹਾ ਵੀ ਬੜਾ ਮਜ਼ਬੂਤ ਸੀ (ਇਸ ਕਿਲ੍ਹੇ ਦੀ ਕੰਧ ਦਾ ਇਕ ਹਿੱਸਾ ਅਜ ਵੀ ਮੌਜੂਦ ਹੈ)। ਉਦੋਂ ਸਮਾਣੇ ਦੇ ਇਸ ਵੱਡੇ ਕਿਲ੍ਹੇ ਵਿੱਚ ਮੁਗ਼ਲ ਫ਼ੌਜਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ ਕਿਉਂਕਿ ਉੱਥੋਂ ਦੇ ਫ਼ੌਜਦਾਰ ਨੂੰ ਕਦੇ ਵੀ ਕਿਸੇ ਹਮਲੇ ਦੀ ਆਸ ਨਹੀਂ ਸੀ 'ਤੇ ਸਿੱਖਾਂ ਦਾ ਹਮਲਾ ਤਾਂ ਉਹ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ। ਸਮਾਣਾ ਦਾ ਸਿੱਖ ਤਵਾਰੀਖ਼ ਨਾਲ ਇੱਕ ਹੋਰ ਸਬੰਧ ਵੀ ਸੀ। 11 ਨਵੰਬਰ 1675 ਦੇ ਦਿਨ ਚਾਂਦਨੀ ਚੌਕ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਜੁਦਾ ਕਰਨ ਵਾਲਾ ਜੱਲਾਦ ਸੱਯਦ ਜਲਾਲੁੱੱਦੀਨ ਇੱਥੋਂ ਦਾ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਨੂੰ ਵੀ ਇਸੇ ਸ਼ਹਿਰ ਦੇ ਜੱਲਾਦਾਂ ਸਈਅਦ ਸ਼ਾਸ਼ਲ ਬੇਗ਼ ਤੇ ਬਾਸ਼ਲ ਬੇਗ਼ ਨੇ ਹੀ, 13 ਦਸੰਬਰ 1705 ਦੇ ਦਿਨ, ਕਤਲ ਕੀਤਾ ਸੀ। ਅਨੰਦਪੁਰ'ਚ 4 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਨੂੰ ਬਾਦਸ਼ਾਹ ਦੀ ਨਕਲੀ ਚਿੱਠੀ ਪਹੁੰਚਾਉਣ ਵਾਲਾ ਸੱਯਦ ਅਲੀ ਹੁਸੈਨ ਵੀ ਇੱਥੋਂ ਦਾ ਹੀ ਸੀ। ਸਿੱਖ ਇਸ ਨੂੰ "ਜੱਲਾਦਾਂ ਦਾ ਸ਼ਹਿਰ" ਆਖ ਕੇ ਚੇਤੇ ਕਰਦੇ ਸਨ। ਇਸ ਕਰ ਕੇ ਵੀ ਬੰਦਾ ਸਿੰਘ ਨੇ ਸਭ ਤੋਂ ਪਹਿਲਾਂ ਇਸੇ ਸ਼ਹਿਰ ਨੂੰ ਸੋਧਣ ਦਾ ਫ਼ੈਸਲਾ ਕੀਤਾ।
26 ਨਵੰਬਰ 1705 ਦੇ ਦਿਨ ਤੜਕਸਾਰ ਹੀ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਨੇ ਅਚਾਣਕ ਹੀ ਸਮਾਣੇ 'ਤੇ ਹਮਲਾ ਕਰ ਦਿਤਾ। ਸ਼ਹਿਰ ਦੇ ਮੁਗ਼ਲ ਹਾਕਮ ਉਸ ਵੇਲੇ ਬੇਖ਼ਬਰ ਸਨ। ਸਿੱਖਾਂ ਨੇ ਇੱਕੋ ਹੱਲੇ ਵਿੱਚ ਹੀ ਸ਼ਹਿਰ ਦਾ ਇੱਕ ਦਰਵਾਜ਼ਾ ਤੋੜ ਦਿਤਾ ਅਤੇ ਮੁਕਾਬਲਾ ਕਰਨ ਵਾਲੇ ਹਰ ਇਕ ਫ਼ੌਜੀ ਨੂੰ ਕਤਲ ਕਰਨਾ ਸ਼ੁਰੂ ਕਰ ਦਿਤਾ। ਮੁਗਲ ਫ਼ੌਜਾਂ ਨੇ ਕਾਫ਼ੀ ਮੁਕਾਬਲਾ ਕੀਤਾ ਪਰ ਕੁਝ ਹੀ ਘੰਟਿਆਂ ਵਿਚ ਨਗਰ ਅਤੇ ਇਸ ਦੇ ਕਿਲ੍ਹੇ 'ਤੇ ਸਿੱਖਾਂ ਦਾ ਕਬਜ਼ਾ ਹੋ ਚੁਕਾ ਸੀ। ਸਮਾਣੇ ਉੱਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਸਿਰਫ਼ ਜ਼ਾਲਮ ਹਾਕਮਾਂ ਅਤੇ ਜੱਲਾਦਾਂ ਨੂੰ ਹੀ ਸਜ਼ਾ ਦਿਤੀ ਜਾਵੇਗੀ। ਮੁਕਾਮੀ ਲੋਕਾਂ ਵਿਚ ਬਹੁਤੇ ਆਮ ਮੁਸਲਮਾਨ ਕਿਸਾਨ ਹੀ ਸਨ ਜੋ ਜ਼ਮੀਨਾਂ ਦੇ ਮਾਲਕ ਨਹੀਂ ਸਨ ਬਲਕਿ ਮੁਜ਼ਾਰੇ ਸਨ। ਉਹ ਮੁਗ਼ਲ 'ਤੇ ਜੱਲਾਦ ਸੱਯਦ ਜਗੀਰਦਾਰਾਂ ਤੋਂ ਬਹੁਤ ਦੁਖੀ ਸਨ। ਇਸ ਕਰ ਕੇ ਉਨ੍ਹਾਂ ਨੂੰ ਜਗੀਰਦਾਰਾਂ ਤੇ ਅਮੀਰਾਂ ਨਾਲ ਕੋਈ ਹਮਦਰਦੀ ਨਹੀਂ ਸੀ। ਇਨ੍ਹਾਂ ਕਿਸਾਨਾਂ ਨੇ ਸਿੱਖ ਫ਼ੌਜਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਅਮੀਰਾਂ ਤੇ ਜ਼ਾਲਮਾਂ ਬਾਰੇ ਵਾਕਫ਼ੀ ਦਿੱਤੀ। ਇਨ੍ਹਾਂ ਤੋਂ ਵਾਕਫ਼ੀ ਹਾਸਿਲ ਕਰ ਕੇ ਸਿੱਖ ਫ਼ੌਜਾਂ ਨੇ ਅਮੀਰਾਂ, ਵਜ਼ੀਰਾਂ ਅਤੇ ਜੱਲਾਦਾਂ ਦੀਆਂ ਕਿਲ੍ਹਾ-ਨੁਮਾ ਹਵੇਲੀਆਂ ਤੇ ਘਰਾਂ ਦੀ ਨਿਸ਼ਾਨ-ਦੇਹੀ ਕੀਤੀ ਅਤੇ ਇਨ੍ਹਾਂ ਸਾਰਿਆਂ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਆਪਣੀਆਂ ਹਵੇਲੀਆਂ ਅਤੇ ਕਿਲ੍ਹਿਆਂ ਵਿੱਚੋਂ ਸਿੱਖਾਂ 'ਤੇ ਗੋਲਾਬਾਰੀ ਕਰਨੀ ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਸ ਖ਼ਤਰਨਾਕ ਹਮਲੇ ਦੇ ਬਾਵਜੂਦ ਡਟੇ ਰਹੇ। ਅਖ਼ੀਰ ਮਜਬੂਰ ਹੋ ਕੇ ਸਿੱਖਾਂ ਨੇ ਇਨ੍ਹਾਂ ਕਿਲ੍ਹਾ-ਨੁਮਾ ਹਵੇਲੀਆਂ ਨੂੰ ਅੱਗ ਲਾ ਦਿੱਤੀ ਜਿਸ ਨਾਲ ਬਹੁਤ ਸਾਰੇ ਸੱਯਦ ਮੁਗ਼ਲ ਅੰਦਰ ਸੜ ਕੇ ਮਰ ਗਏ ਤੇ ਜਿਹੜੇ ਅੱਗ ਤੋਂ ਬਚਣ ਵਾਸਤੇ ਹਥਿਆਰ ਲੈ ਕੇ ਬਾਹਰ ਨਿਕਲੇ ਉਹ ਸਿੱਖ ਫ਼ੌਜਾਂ ਦੀਆਂ ਤਲਵਾਰਾਂ ਤੇ ਨੇਜ਼ਿਆਂ ਦਾ ਸ਼ਿਕਾਰ ਬਣ ਗਏ। ਤੜਕੇ ਤੋਂ ਲੈ ਕੇ ਸ਼ਾਮ ਤਕ ਸਮਾਣਾ ਦੀਆਂ ਗਲੀਆਂ ਵਿੱਚ ਜ਼ਬਰਦਸਤ ਲੜਾਈ ਚਲਦੀ ਰਹੀ। ਕਈ ਮੁਗ਼ਲ ਤੇ ਸੱਯਦ ਜਾਨ ਤੋੜ ਕੇ ਲੜੇ ਪਰ ਅਖ਼ੀਰ ਮਾਰੇ ਗਏ।
ਅਜੇ ਸ਼ਾਮ ਪੂਰੀ ਤਰ੍ਹਾਂ ਢਲੀ ਨਹੀਂ ਸੀ ਕਿ ਸਿੱਖਾਂ ਦਾ ਟਾਕਰਾ ਕਰਨ ਵਾਲੇ ਸਾਰੇ ਮੁਗ਼ਲ ਤੇ ਸੱਯਦ ਖ਼ਤਮ ਹੋ ਚੁਕੇ ਸਨ ਜਾਂ ਸ਼ਹਿਰ 'ਚੋਂ ਦੌੜ ਚੁਕੇ ਸਨ। ਹੁਣ ਸ਼ਹਿਰ ਵਿੱਚ ਆਮ ਕਿਸਾਨਾਂ 'ਤੇ ਮਜ਼ਦੂਰਾਂ ਤੋ ਸਿਵਾ ਹਾਕਮ ਜਮਾਤ ਦੇ ਸਿਰਫ਼ ਬੱਚੇ, ਔਰਤਾਂ ਤੇ ਕੁਝ ਕੁ ਉਹ ਬੁੱਢੇ ਹੀ ਰਹਿ ਗਏ ਸਨ ਜਿਨ੍ਹਾਂ ਨੇ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕੀਤਾ। ਸਿੱਖਾਂ ਨੇ ਕਿਸੇ ਵੀ ਔਰਤ, ਬੁੱਢੇ ਤੇ ਬੱਚੇ ਨੂੰ ਕੁਝ ਵੀ ਨਾ ਕਿਹਾ। ਸਿੱਖਾਂ ਨੇ ਤਾਂ ਕਿਸੇ ਮਸੀਤ 'ਤੇ ਵੀ ਹਮਲਾ ਨਹੀਂ ਸੀ ਕੀਤਾ ਕਿਉਂਕਿ ਸਿੱਖਾਂ ਦੀ ਇਹ ਲੜਾਈ ਇਸਲਾਮ ਦੇ ਖ਼ਿਲਾਫ਼ ਨਹੀਂ ਸੀ ਬਲਕਿ ਜ਼ੁਲਮ ਦੇ ਖ਼ਿਲਾਫ਼ ਸੀ। ਇਸ ਕਰ ਕੇ ਅੱਜ ਵੀ ਸਮਾਣਾ ਵਿਚ ਉਸ ਜ਼ਮਾਨੇ ਦੀਆਂ ਘਟ ਤੋਂ ਘਟ ਦਰਜਨ ਮਸੀਤਾਂ, ਮਕਬਰੇ ਤੇ ਹੋਰ ਈਮਾਰਤਾਂ ਮੌਜੂਦ ਹਨ। ਰਾਤ ਪੈਣ ਤੋਂ ਪਹਿਲਾਂ ਸਮਾਣਾ ਸਿੱਖਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ। ਇਸ ਲੜਾਈ ਦੌਰਾਨ ਮਰਨ ਵਾਲਿਆਂ ਮੁਗ਼ਲਾਂ ਤੇ ਸੱਯਦਾਂ ਦੀ ਗਿਣਤੀ ਵੱਖ-ਵੱਖ ਸੋਮੇ ਪੰਜ ਤੋਂ ਦਸ ਹਜ਼ਾਰ ਤੱਕ ਲਿਖਦੇ ਹਨ। ਸਿਰਫ਼ ਮੌਤਾਂ ਹੀ ਨਹੀਂ ਬਲਕਿ ਸ਼ਹਿਰ ਦੀਆਂ ਬਹੁਤੀਆਂ ਹਵੇਲੀਆਂ ਸੜ ਕੇ ਸੁਆਹ ਹੋ ਚੁਕੀਆਂ ਸਨ। ਸਮਾਣਾ ਦੇ ਆਮ ਕਿਰਸਾਨ ਸੱਯਦਾਂ ਤੇ ਮੁਗ਼ਲ ਹਾਕਮਾਂ ਦੇ ਜ਼ੁਲਮਾਂ ਦਾ ਸਦੀਆਂ ਤੋਂ ਸ਼ਿਕਾਰ ਚਲੇ ਆ ਰਹੇ ਸਨ। ਇਸ ਕਰ ਕੇ ਇਸ ਮੌਕੇ 'ਤੇ ਮੁਸਲਮਾਨ ਮੁਜਾਰਿਆਂ ਨੇ ਵੀ ਸੱਯਦਾਂ, ਪਠਾਨਾਂ ਤੇ ਮੁਗ਼ਲਾਂ ਤੋਂ ਆਪਣੇ ਬਦਲੇ ਲਏ ਪਰ ਉਨ੍ਹਾਂ ਦਾ ਬਹੁਤਾ ਗੁੱਸਾ ਲੁੱਟ-ਮਾਰ ਕਰਨ ਤੱਕ ਹੀ ਸੀਮਤ ਸੀ। ਅੱਗਜ਼ਨੀ ਦੀਆਂ ਵਾਰਦਾਤਾਂ ਵਧੇਰੇ ਕਰ ਕੇ ਇਨ੍ਹਾਂ ਦੁਖੀ ਲੋਕਾਂ ਨੇ ਹੀ ਕੀਤੀਆਂ ਸਨ। ਸਮਾਣੇ 'ਤੇ ਕਬਜ਼ੇ ਦੌਰਾਨ ਸਿੱਖ ਫ਼ੌਜਾਂ ਨੂੰ ਹਥਿਆਰਾਂ ਦਾ ਵੱਡਾ ਖ਼ਜ਼ਾਨਾ, ਬਹੁਤ ਸਾਰਾ ਸੋਨਾ, ਹੀਰੇ, ਚਾਂਦੀ ਤੇ ਰੁਪੈ ਅਤੇ ਸੈਂਕੜੇ ਘੋੜੇ ਹਾਸਿਲ ਹੋਏ। ਹੁਣ ਸਿੱਖ ਫ਼ੌਜ ਕੋਲ ਕਾਫ਼ੀ ਅਸਲਾ ਤੇ ਘੋੜੇ ਆ ਚੁਕੇ ਸਨ ਅਤੇ ਉਹ ਕਿਸੇ ਵੀ ਵੱਡੀ ਫ਼ੌਜ ਨਾਲ ਟੱਕਰ ਦੀ ਹੈਸੀਅਤ ਵਿਚ ਸਨ। ਸਮਾਣੇ 'ਤੇ ਕਬਜ਼ੇ ਵਿਚ ਸਭ ਤੋਂ ਵਧ ਰੋਲ ਭਾਈ ਫ਼ਤਹਿ ਸਿੰਘ (ਭਾਈ ਭਗਤੂ ਪਰਵਾਰ 'ਚੋਂ) ਦਾ ਸੀ। ਬੰਦਾ ਸਿੰਘ ਨੇ ਭਾਈ ਫ਼ਤਹਿ ਸਿੰਘ ਨੂੰ ਸਮਾਣਾ ਦਾ ਸੂਬੇਦਾਰ ਤਾਇਨਾਤ ਕੀਤਾ ਅਤੇ ਕੁਝ ਫ਼ੌਜ ਉਸ ਵਾਸਤੇ ਰੀਜ਼ਰਵ ਕਰ ਕੇ ਅਗਲੇ ਐਕਸ਼ਨ ਦੀ ਤਿਆਰੀ ਸ਼ੁਰੂ ਕਰ ਦਿਤੀ।
1921 - ਚਾਬੀਆਂ ਦੇ ਮੋਰਚੇ ਵਿੱਚ ਗ੍ਰਿਫ਼ਤਾਰੀਆਂ ਸ਼ੁਰੂ ਹੋਈਆਂ।
19 ਅਕਤੂਬਰ 1921 ਨੂੰ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ ਸੀ ਕਿ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਰਾਮਗੜ੍ਹੀਆ ਤੋਂ ਲੈ ਕੇ ਨਵੇਂ ਪ੍ਰਧਾਨ ਖੜਕ ਸਿੰਘ ਨੂੰ ਦੇ ਦਿੱਤੀਆਂ ਜਾਣ। ਇਸ ਦੀ ਇਤਲਾਹ ਸੁੰਦਰ ਸਿੰਘ ਰਾਮਗੜ੍ਹੀਆ ਨੇ ਇਕ ਦਮ ਡੀ.ਸੀ. ਨੂੰ ਦੇ ਦਿੱਤੀ। 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਲਾਲਾ ਅਮਰ ਨਾਥ ਈ.ਏ.ਸੀ. ਪੁਲੀਸ ਦੀ ਇਕ ਧਾੜ ਲੈ ਕੇ ਸੁੰਦਰ ਸਿੰਘ ਰਾਮਗੜ੍ਹੀਆਂ ਦੇ ਘਰ ਗਿਆ ਅਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ 'ਤੇ ਕੁਝ ਹੋਰ ਚਾਬੀਆਂ ਲੈ ਲਈਆਂ। ਸਰਕਾਰ ਵੱਲੋਂ ਚਾਬੀਆਂ ਲੈਣ ਦੀ ਹਰਕਤ ਨਾਲ ਸਿੱਖਾਂ ਵਿੱਚ ਰੋਸ ਤੇ ਗੁੱਸੇ ਦੀ ਲਹਿਰ ਫੈਲ ਗਈ। 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇਕ ਮੀਟਿੰਗ ਅਕਾਲ ਤਖ਼ਤ ਸਾਹਿਬ 'ਤੇ ਹੋਈ। ਮੀਟਿੰਗ ਨੇ ਹੇਠ ਲਿਖੇ ਮਤੇ ਪਾਸ ਕੀਤੇ -
(1) ਸਰਕਾਰ ਨਾਲ ਨਾਮਿਲਵਰਤਣ ਕੀਤਾ ਜਾਏ
(2) ਚਾਬੀਆਂ ਲੈਣ ਵਾਸਤੇ ਸਰਕਾਰ ਨਾਲ ਕੋਈ ਗੱਲਬਾਤ ਜਾਂ ਮੇਲ ਨਾ ਕੀਤਾ ਜਾਏ
(3) ਪ੍ਰਿੰਸ ਆਫ਼ ਵੇਲਜ਼ ਦਾ ਅੰਮ੍ਰਿਤਸਰ ਆਉਣ 'ਤੇ ਬਾਈਕਾਟ ਕੀਤਾ ਜਾਏ 'ਤੇ ਕਿਸੇ ਗੁਰਦੁਆਰੇ ਵਿੱਚ ਉਸ ਦਾ ਪ੍ਰਸ਼ਾਦ ਕਬੂਲ ਨਾ ਕੀਤਾ ਜਾਵੇ। ਜੇ ਸਰਕਾਰ ਗੁਰਦੁਆਰਿਆਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕਰੇ ਤਾਂ ਮੋਰਚਾ ਲਾਇਆ ਜਾਏ। ਇਸ ਦੌਰਾਨ ਸਰਕਾਰ ਨੇ ਕੈਪਟਨ ਬਹਾਦਰ ਸਿੰਘ ਨਾਂ ਦੇ ਇਕ ਬੰਦੇ ਨੂੰ ਸਰਬਰਾਹ ਨਾਮਜ਼ਦ ਕਰ ਦਿੱਤਾ 'ਤੇ ਚਾਬੀਆਂ ਦੇ ਕੇ ਉਸ ਨੂੰ ਦਰਬਾਰ ਸਾਹਿਬ ਭੇਜਿਆ। 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਬਹਾਦਰ ਸਿੰਘ ਨੂੰ ਗੁਰਦੁਆਰਾ ਇੰਤਜ਼ਾਮ ਵਿੱਚ ਦਖ਼ਲ ਨਾ ਦੇਣ ਦਿੱਤਾ ਜਾਏ। 15 ਨਵੰਬਰ ਨੂੰ ਸਵੇਰੇ 8 ਵਜੇ ਜਦੋਂ ਬਹਾਦਰ ਸਿੰਘ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ 'ਤੇ ਆਪਣੇ ਸਾਥੀਆਂ ਧਰਮ ਸਿੰਘ, ਬਸੰਤ ਸਿੰਘ ਤੇ ਆਤਮਾ ਸਿੰਘ ਨਾਲ ਦਰਬਾਰ ਸਾਹਿਬ ਆਇਆ ਤਾਂ ਉਸ ਨੂੰ ਕਿਸੇ ਨੇ ਵੀ ਨੇੜੇ ਨਾ ਢੁੱਕਣ ਦਿੱਤਾ। ਉਹ ਚਾਬੀਆਂ ਦਾ ਗੁੱਛਾ, ਜੋ ਉਸ ਦੀ ਕੱਛ ਵਿਚ ਸੀ, ਲੈ ਕੇ ਚੁਪ-ਚਾਪ ਘਰ ਮੁੜ ਗਿਆ। ਜਦੋਂ ਸਰਕਾਰ ਨੇ ਮਹਿਸੂਸ ਕੀਤਾ ਕਿ ਸਿੱਖਾਂ 'ਤੇ ਕੋਈ ਦਬਾਅ ਵੀ ਅਸਰ ਨਹੀਂ ਕਰ ਸਕਿਆ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿੱਖਾਂ ਦੇ ਖਿਲਾਫ਼ ਪ੍ਰਾਪੇਗੰਡਾ ਸ਼ੁਰੂ ਕਰ ਦਿੱਤਾ। ਡੀ.ਸੀ. ਨੇ 26 ਨਵੰਬਰ ਦੇ ਦਿਨ ਅਜਨਾਲਾ ਵਿਖੇ ਸਰਕਾਰੀ ਜਲਸਾ ਰੱਖ ਦਿੱਤਾ। ਇਸ ਜਲਸੇ ਵਿੱਚ ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਖ਼ਿਲਾਫ਼ ਪ੍ਰਾਪੇਗੰਡਾ ਕਰਨਾ ਸੀ। ਜਦੋਂ ਅਕਾਲੀਆਂ ਨੂੰ ਇਸ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਵੀ 26 ਨਵੰਬਰ ਨੂੰ ਇੱਕ ਦੀਵਾਨ ਅਜਨਾਲੇ ਵਿੱਚ ਰੱਖ ਲਿਆ। ਦੀਵਾਨ ਵਿਚ ਖੜਕ ਸਿੰਘ, ਅਮਰ ਸਿੰਘ ਝਬਾਲ, ਜਸਵੰਤ ਸਿੰਘ ਝਬਾਲ, ਪੰਡਤ ਦੀਨਾ ਨਾਥ 'ਤੇ ਡਾਕਟਰ ਸਤਪਾਲ ਨੇ ਵੀ ਲੈਕਚਰ ਕਰਨੇ ਸਨ। ਪਰ 25 ਨਵੰਬਰ ਦੇ ਦਿਨ ਸਰਕਾਰ ਨੇ ਅੰਮ੍ਰਿਤਸਰ ਤੇ ਅਜਨਾਲਾ ਵਿਚ ''ਸਡੀਸ਼ੀਅਸ ਮੀਟਿੰਗਜ਼ ਐਕਟ'' ਹੇਠ ਜਲਸਿਆਂ 'ਤੇ ਪਾਬੰਦੀ ਲਾ ਦਿੱਤੀ। ਇਕ ਪਾਸੇ ਸਰਕਾਰ ਨੇ ਇਹ ਪਾਬੰਦੀ ਲਾ ਦਿੱਤੀ ਤੇ ਦੂਜੇ ਪਾਸੇ 26 ਨਵੰਬਰ ਨੂੰ ਸਰਕਾਰ ਨੇ ਆਪਣਾ ਜਲਸਾ ਕੀਤਾ। ਇਸ ਜਲਸੇ ਵਿੱਚ ਅਕਾਲੀ ਆਗੂ ਵੀ ਪਹੁੰਚ ਗਏ। ਜਲਸੇ ਦੌਰਾਨ ਦਾਨ ਸਿੰਘ ਵਛੋਆ 'ਤੇ ਜਸਵੰਤ ਸਿੰਘ ਝਬਾਲ ਖੜ੍ਹੇ ਹੋ ਗਏ ਅਤੇ ਬੋਲਣ ਦਾ ਵਕਤ ਮੰਗਿਆ। ਡੀ.ਸੀ. ਨੇ ਉਸ ਨੂੰ ਬੋਲਣ ਨਾ ਦਿੱਤਾ। ਇਸ 'ਤੇ ਅਕਾਲੀਆਂ ਨੇ ਦੂਰ ਜਾ ਕੇ ਆਪਣਾ ਦੀਵਾਨ ਲਗਾ ਲਿਆ। ਇਸ 'ਤੇ ਸਾਰੇ ਲੋਕ ਉਠ ਕੇ ਉੱਥੋਂ ਚਲੇ ਗਏ ਤੇ ਡੀ. ਸੀ. ਦਾ ਜਲਸਾ ਖਾਲੀ ਹੋ ਗਿਆ। ਇਸ ਤੋਂ ਪਹਿਲਾਂ ਕਿ ਸਿੱਖ ਆਗੂ ਜਲਸੇ ਦੀ ਕਾਰਵਾਈ ਸ਼ੁਰੂ ਕਰ ਸਕਦੇ, ਡੀ.ਸੀ. ਨੇ ਖਿਝ ਕੇ ਦਾਨ ਸਿੰਘ ਵਛੋਆ, ਤੇਜਾ ਸਿੰਘ ਸਮੁੰਦਰੀ, ਜਸਵੰਤ ਸਿੰਘ ਝਬਾਲ, ਪੰਡਤ ਦੀਨਾ ਨਾਥ ਤੇ ਹਰਨਾਮ ਸਿੰਘ ਜ਼ੈਲਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਹਰਨਾਮ ਸਿੰਘ ਜ਼ੈਲਦਾਰ ਦੀ ਗ੍ਰਿਫ਼ਤਾਰੀ ਸਿਰਫ਼ ਖੱਦਰ ਪਾਉਣ ਕਰ ਕੇ ਹੋਈ ਸੀ। ਇਨ੍ਹਾਂ ਨੂੰ ਪੰਜ ਪੰਜ ਮਹੀਨੇ ਕੈਦ ਅਤੇ ਇਕ ਇਕ ਹਜ਼ਾਰ ਰੁਪੈ ਜੁਰਮਾਨਾ ਹੋਇਆ।
1949 - ਅਕਾਲੀ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ 'ਤੇ ਦਸਤਖ਼ਤ ਕਰਨੋਂ ਨਾਂਹ ਕੀਤੀ।
26 ਨਵੰਬਰ 1949 ਦੇ ਦਿਨ ਹਿੰਦੂਸਤਾਨ ਦਾ ਨਵਾਂ ਸੰਵਿਧਾਨ ਪਾਸ ਕੀਤਾ ਗਿਆ ਜਿਸ ਵਿੱਚ ਸਿੱਖਾਂ ਵਾਸਤੇ ਕੋਈ ਵੱਖਰੀ ਨੁਮਾਇੰਦਗੀ, ਹੱਕ ਜਾਂ ਹਿਫ਼ਾਜ਼ਤ ਨਹੀਂ ਸੀ। ਇਸ ਕਰ ਕੇ ਇਸ ਦੇ ਪਾਸ ਹੋਣ ਵੇਲੇ ਅਕਾਲੀ ਮੈਂਬਰਾਂ (ਹੁਕਮ ਸਿੰਘ ਤੇ ਭੂਪਿੰਦਰ ਸਿੰਘ ਮਾਨ) ਨੇ ਇਸ ਦੀ ਮੁਖ਼ਾਲਫ਼ਤ ਕੀਤੀ ਅਤੇ ਇਸ 'ਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿਤੀ। ਪਰ ਕਾਂਗਰਸੀ ਮੈਂਬਰਾਂ ਗੁਰਮੁਖ ਸਿੰਘ ਮੁਸਾਫ਼ਿਰ, ਬਲਦੇਵ ਸਿੰਘ ਤੋਂ ਇਲਾਵਾ ਰਿਆਸਤਾਂ ਦੇ ਦੋ ਸਿੱਖ ਨੁਮਾਇੰਦਿਆਂ ਸ: ਰਣਜੀਤ ਸਿੰਘ, ਸੁਚੇਤ ਸਿੰਘ ਔਜਲਾ ਨੇ ਦਸਤਖ਼ਤ ਕਰ ਦਿੱਤੇ ਸਨ। ਪਰ ਦਸਤਖ਼ਤ ਨਾ ਕਰਨ ਦਾ ਇਹ ਇਨਕਾਰ ਬੇ-ਫ਼ਾਇਦਾ ਸੀ ਕਿਉਂ ਕਿ ਆਈਨ ਬਣਨ ਤੋਂ ਪਹਿਲਾਂ ਇਸ ਦੀ ਮੁਖ਼ਾਲਫ਼ਤ ਹੁੰਦੀ 'ਤੇ ਐਜੀਟੇਸ਼ਨ ਹੁੰਦੀ ਤਾਂ ਤੇ ਕੋਈ ਗੱਲ ਵੀ ਸੀ ਪਰ ਖ਼ਾਲੀ 'ਦਸਤਖ਼ਤ ਨਾ ਕਰਨ' ਦੀ ਗੱਲ ਦੀ ਕੋਈ ਕੀਮਤ ਨਹੀਂ ਸੀ। ਵੱਡੀ ਗਲ ਤਾਂ ਇਹ ਕਿ ਅਕਾਲੀ ਦਲ ਦੀ ਜਥੇਬੰਦੀ ਨੇ ਮਗਰੋਂ ਇਸੇ ਆਈਨ ਹੇਠਾਂ ਚੋਣਾਂ ਲੜੀਆਂ ਤੇ ਮੁੜ ਕੇ ਇਸ ਆਈਨ ਦੀ ਮੁਖ਼ਾਲਫ਼ਤ, ਇਸ ਵਿੱਚ ਤਰਮੀਮ ਕਰਵਾਉਣ ਜਾਂ ਇਸ ਨੂੰ ਰੱਦ ਕਰਵਾਉਣ ਬਾਰੇ ਕੁਝ ਵੀ ਨਾ ਕੀਤਾ।
1986 - ਸੁਖਵਿੰਦਰ ਸਿੰਘ ਕੋਹਾਲੀ ਨੂੰ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
26 ਨਵੰਬਰ 1986 ਦੇ ਦਿਨ ਪੰਜਾਬ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਅਤਰ ਸਿੰਘ, ਵਾਸੀ ਕੋਹਾਲੀ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ।
1989 - ਲੋਕ ਸਭਾ ਚੋਣਾਂ ਵਿੱਚ ਖਾਲਿਸਤਾਨੀਆਂ ਦੀ ਜ਼ਬਰਦਸਤ ਜਿੱਤ ਹੋਈ।
26 ਨਵੰਬਰ 1989 ਨੂੰ ਲੋਕ ਸਭਾ ਦੀਆਂ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਵਿਚ ਸਿਮਰਨਜੀਤ ਸਿੰਘ ਮਾਨ 'ਤੇ ਹੋਰ ਖਾਲਿਸਤਾਨੀ ਹਿਮਾਇਤੀਆਂ ਨੂੰ ਜ਼ਬਰਦਸਤ ਕਾਮਯਾਬੀ ਹਾਸਿਲ ਹੋਈ। ਇਨ੍ਹਾਂ ਚੋਣਾਂ ਵਿਚ ਟੌਹੜਾ-ਬਾਦਲ ਧੜੇ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ 'ਤੇ ਉਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਖਾੜਕੂਆਂ ਦੀ ਇਹ ਜਿੱਤ ਇੱਕ ਇਲਾਹੀ ਕ੍ਰਿਸ਼ਮਾ ਹੀ ਸੀ, ਵਰਨਾ ਨਾ ਉਹ ਜੱਥੇਬੰਦ ਸਨ ਤੇ ਨਾ ਹੀ ਉਨ੍ਹਾਂ ਕੋਲ ਕਾਂਗਰਸੀਆਂ ਜਾਂ ਅਕਾਲੀਆਂ ਵਾਲੀਆਂ ਸਹੂਲਤਾਂ ਤੇ ਸੋਮੇ। ਜਿੱਤਣ ਵਾਲਿਆਂ ਵਿਚ ਖਾੜਕੂ ਜਾਂ ਜੁਝਾਰੂ ਪਰਵਾਰਾਂ ਵਿਚੋਂ ਹੇਠ ਲਿਖੇ ਸਨ: ਸਿਮਰਨਜੀਤ ਸਿੰਘ ਮਾਨ (ਤਾਰਨ ਤਾਰਨ), ਸੁੱਚਾ ਸਿੰਘ ਮਲੋਆ ਪਿਤਾ ਸ਼ਹੀਦ ਬੇਅੰਤ ਸਿੰਘ (ਬਠਿੰਡਾ), ਬਿਮਲ ਕੌਰ ਖਾਲਸਾ ਪਤਨੀ ਸ਼ਹੀਦ ਬੇਅੰਤ ਸਿੰਘ (ਰੋਪੜ), ਰਜਿੰਦਰ ਕੌਰ ਬੁਲਾਰਾ (ਲੁਧਿਆਣਾ), ਅਤਿੰਦਰਪਾਲ ਸਿੰਘ (ਪਟਿਆਲਾ), ਧਿਆਨ ਸਿੰਘ ਮੰਡ (ਫ਼ੀਰੋਜ਼ਪੁਰ), ਜਗਦੇਵ ਸਿੰਘ ਖੁੱਡੀਆਂ (ਫ਼ਰੀਦਕੋਟ), ਰਾਜਦੇਵ ਸਿੰਘ (ਸੰਗਰੂਰ) ਅਤੇ ਇਸ ਦੇ ਨਾਲ ਹੀ ਕਿਰਪਾਲ ਸਿੰਘ (ਅੰਮ੍ਰਿਤਸਰ), ਇੰਦਰ ਕੁਮਾਰ ਗੁਜਰਾਲ (ਜਲੰਧਰ) 'ਤੇ ਹਰਭਜਨ ਲਾਖਾ (ਫਿਲੌਰ) ਵੀ ਖਾੜਕੂਆਂ ਦੀ ਮਦਦ ਨਾਲ ਜਿੱਤੇ ਸਨ; ਕਾਂਗਰਸ ਨੂੰ 13 ਵਿਚੋਂ ਸਿਰਫ਼ 2 ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹੀ ਮਿਲੀਆਂ ਸਨ।
1991 - ਨਕਲੀ ਮੁਕਾਬਲੇ ਵਿੱਚ ਪ੍ਰਿਥੀਪਾਲ ਸਿੰਘ ਗੋਕਲਪੁਰ ਨੂੰ ਸ਼ਹੀਦ ਕੀਤਾ ਗਿਆ।
26 ਨਵੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਿਥੀਪਾਲ ਸਿੰਘ ਪੁੱਤਰ ਸੁੱਚਾ ਸਿੰਘ, ਵਾਸੀ ਗੋਕਲ, ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ।
1992 - ਬਲਵੰਤ ਸਿੰਘ ਬੰਟੀ, ਗੁਰਮੁੱਖ ਸਿੰਘ ਅਲੂਵਾਲ ਤੇ ਛੇ ਹੋਰ ਸਿੱਖ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ ਗਏ।
ਪੰਜਾਬ ਪੁਲੀਸ ਨੇ 26 ਨਵੰਬਰ 1992 ਦੇ ਦਿਨ ਬਲਵੰਤ ਸਿੰਘ ਉਰਫ਼ ਬੰਟੀ 'ਤੇ ਗੁਰਮੁੱਖ ਸਿੰਘ ਵਾਸੀ ਅਲੂਵਾਲ ਅੰਮ੍ਰਿਤਸਰ ਵਿੱਚ ਅਤੇ ਛੇ ਸਿੱਖ ਕੁਰਾਲੀ ਕੋਲ ਨਕਲੀ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿਤੇ।