27 ਨਵੰਬਰ 1764 - ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਸਿੱਖਾਂ ਦੀ ਜੰਗ ਹੋਈ।
ਮਾਰਚ 1764 ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਇਕ ਵਾਰ ਫੇਰ ਪੰਜਾਬ ਵੱਲ ਮੂੰਹ ਕਰ ਲਿਆ। ਦਰਅਸਲ ਉਸ ਨੂੰ ਜ਼ੈਨ ਖ਼ਾਨ ਦੇ ਮਾਰੇ ਜਾਣ, ਰੋਹਤਾਸ ਦੇ ਖੁੱਸਣ 'ਤੇ ਸਰਬੁਲੰਦ ਖ਼ਾਨ ਦੇ ਗ੍ਰਿਫ਼ਤਾਰ ਹੋਣ, ਜਲੰਧਰ ਤੋਂ ਸਾਦਾਤ ਖ਼ਾਨ ਦੇ ਕੱਢੇ ਜਾਣ, ਲਾਹੌਰ ਵਿਚ ਕਾਬੁਲੀ ਮੱਲ ਦੀ ਹਾਰ, ਸਿਆਲਕੋਟ ਵਿੱਚ ਜਹਾਨ ਖ਼ਾਨ ਦੀ ਹਾਰ 'ਤੇ ਪੰਜਾਬ ਵਿੱਚੋਂ ਅਫ਼ਗ਼ਾਨ ਹਕੂਮਤ ਦੇ ਖ਼ਾਤਮੇ ਦਾ ਬੜਾ ਦੁਖ ਸੀ। ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪਰ ਉਹ ਹੁਣ ਸਿੱਖਾਂ ਤੋਂ ਡਰਦਾ ਵੀ ਸੀ। ਇਸ ਕਰ ਕੇ ਉਸ ਨੇ ਮੁਸਲਮਾਨਾਂ ਨੂੰ 'ਜਹਾਦ' ਦੇ ਨਾਂ 'ਤੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹ ਛੇ ਮਹੀਨੇ ਕੋਸ਼ਿਸ਼ਾਂ ਕਰਦਾ ਰਿਹਾ। ਹੋਰ ਕੋਈ ਤਾਂ ਨਹੀਂ ਪਰ ਬਲੋਚ ਆਗੂ ਨਾਸਿਰ ਖ਼ਾਨ ਉਸ ਦੇ ਅਸਰ ਹੇਠ ਆ ਗਿਆ। ਅਖ਼ੀਰ 18 ਹਜ਼ਾਰ ਦੁੱਰਾਨੀ ਤੇ 12 ਹਜ਼ਾਰ ਬਲੋਚੀ ਫ਼ੌਜ ਲੈ ਕੇ ਅਹਿਮਦ ਸ਼ਾਹ ਅਕਤੂਬਰ 1764 ਵਿੱਚ ਪੰਜਾਬ ਨੂੰ ਚੱਲ ਪਿਆ। ਦੋਵੇਂ ਫ਼ੌਜਾਂ ਏਮਨਾਬਾਦ ਕੋਲ ਇਕੱਠੀਆਂ ਹੋ ਗਈਆਂ।