1612 - ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਅਹਦੀਆ ਅੰਮ੍ਰਿਤਸਰ ਪੁੱਜਾ।
1705 - ਮੁਕਤਸਰ ਵਿਚ ਚਾਲ੍ਹੀ ਮੁਕਤਿਆਂ ਦੀਆਂ ਸ਼ਹੀਦੀਆਂ ਹੋਈਆਂ।
7 ਦਸੰਬਰ 1705 ਦੀ ਰਾਤ ਨੂੰ ਚਮਕੌਰ ਤੋਂ ਨਿਕਲ ਕੇ ਗੁਰੂ ਸਾਹਿਬ ਮਾਛੀਵਾਡ਼ਾ ਪੁੱਜੇ ਤੇ ਫਿਰ ਮਾਛੀਵਾਡ਼ਾ ਤੋਂ ਆਲਮਗੀਰ ਹੁੰਦੇ ਹੋਏ ਦੀਨਾ ਪੁੱਜੇ ਜਿਥੇ ਆਪ ਨੇ 'ਔਰੰਗਜ਼ੇਬ ਨੂੰ ਖ਼ਤ ਲਿਖਿਆ। ਦੀਨਾ ਕਾਂਗਡ਼ ਤੋਂ ਚਲ ਕੇ ਆਪ 29 ਦਸੰਬਰ 1705 ਦੇ ਦਿਨ ਆਪ ਪਿੰਡ ਰੂਪੇਆਣਾ ਦੇ ਬਾਹਰ ਰੋਹੀ ਕੋਲ ਜਾ ਰਹੇ ਸਨ ਤਾਂ ਮਾਝੇ ਤੋਂ ਆ ਰਿਹਾ ਸਿੰਘਾਂ ਦਾ ਇਕ ਜੱਥਾ ਆਪ ਨੂੰ ਮਿਲ ਗਿਆ । (ਇਸ ਥਾਂ 'ਤੇ ਅੱਜ ਕਲ ਪਿੰਡ ਮਲ੍ਹਣ ਸੋਢੀਆਂ ਵਸ ਚੁੱਕਾ ਹੈ) ਇਹ ਸਿੰਘ ਪੱਟੀ (ਉਦੋਂ ਜ਼ਿਲ੍ਹਾ ਲਾਹੌਰ, ਹੁਣ ਜ਼ਿਲ੍ਹਾ ਅੰਮ੍ਰਿਤਸਰ) ਦੇ ਇਲਾਕੇ 'ਚੋਂ ਆਏ ਸਨ ।
ਉਨ੍ਹੀਂ ਦਿਨੀਂ ਪੱਟੀ ਵਿਚ ਭਾਈ ਦੇਸ ਰਾਜ ਦੀ ਮੌਤ ਦੇ ਸਬੰਧ ਵਿਚ ਪਾਏ ਗਏ ਭੋਗ ਦੇ ਮੌਕੇ 'ਤੇ ਇਲਾਕੇ ਦੇ ਬਹੁਤ ਸਾਰੇ ਸਿੱਖ ਪੁੱਜੇ ਸਨ ਤੇ ਉੱਥੇ ਕਿਸੇ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ, ਮਾਤਾ ਜੀ, ਸਾਹਿਜ਼ਾਦਿਆਂ ਅਤੇ ਸੈਂਕਡ਼ੇ ਸਿੱਖਾਂ ਦੀ ਸ਼ਹੀਦੀ ਬਾਰੇ ਦੱਸਿਆ । ਇਸ ਵਾਰਤਾ ਨੂੰ ਸੁਣ ਕੇ ਇਲਾਕੇ ਦੇ ਲੋਕਾਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਸਾਨੂੰ ਅਨੰਦਪੁਰ ਸਾਹਿਬ ਦੇ ਹਾਲਾਤ ਪਤਾ ਨਹੀਂ ਸਨ । ਵਰਨਾ ਅਸੀਂ ਜਾ ਕੇ ਗੁਰੂ ਜੀ ਦਾ ਸਾਥ ਦੇਂਦੇ। ਇਲਾਕੇ ਦੇ ਲੋਕਾਂ ਨੇ ਵਿਚਾਰ ਕੀਤਾ ਕਿ ਗੁਰੂ ਸਾਹਿਬ ਉਸ ਵੇਲੇ (27-28 ਦਸੰਬਰ 1705 ਮਾਲਵੇ ਵਿਚ ਦੀਨਾ-ਕਾਂਗਡ਼ ਦੇ ਨੇਡ਼ੇ-ਤੇਡ਼ੇ ਦੇ ਇਲਾਕੇ ਵਿਚ ਸਨ, ਸਾਨੂੰ ਜਾ ਕੇ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ । ਉਹ ਅਨੰਦਪੁਰ ਸਾਹਿਬ ਤੋਂ ਮਾਲਵੇ ਵਲ ਗਏ ਹਨ ਤੇ ਮਾਝੇ ਵਲ ਨਹੀਂ ਆਏ । ਸਾਨੂੰ ਜਾ ਕੇ ਉਨ੍ਹਾਂ ਨੂੰ ਮਾਝੇ ਵਿਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਨ੍ਹਾਂ ਇਹ ਵੀ ਵਿਚਾਰ ਕੀਤੀ ਕਿ ਝਬਾਲ ਦੇ ਭਾਗ ਸਿੰਘ, ਜੋ ਉੱਥੇ ਮਾਤਮ-ਪੁਰਸੀ ਕਰਨ ਆਏ ਹੋਏ ਸਨ, ਦੇ ਲਾਹੌਰ ਦਰਬਾਰ ਨਾਲ ਵਧੀਆ ਸਬੰਧ ਹਨ ਉਨ੍ਹਾਂ ਰਾਹੀਂ ਗੁਰੂ ਸਾਹਿਬ ਦਾ ਦਿਲੀ ਦਰਬਾਰ ਨਾਲ ਸਮਝੌਤਾ ਕਰਵਾਇਆ ਜਾ ਸਕਦਾ ਹੈ ।
ਅਖ਼ੀਰ ਆਪਸ ਵਿਚ ਵਿਚਾਰ ਕਰ ਕੇ ਭਾਈ ਭਾਗ ਸਿੰਘ, ਭਾਈ ਸੁਲਤਾਨ ਸਿੰਘ, ਭਾਈ ਨਿਧਾਨ ਸਿੰਘ ਵਡ਼ੈਚ (ਪਤੀ ਮਾਈ ਭਾਗ ਕੌਰ), 37 ਹੋਰ ਸਿੰਘ ਅਤੇ ਮਾਈ ਭਾਗ ਕੌਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਮਾਲਵੇ ਵਲ ਚਲ ਪਏ । ਇਹ ਸਾਰੇ ਸਿੰਘ ਪੱਟੀ ਤੋਂ ਚਲ ਕੇ ਮਖੂ ਤੇ ਜ਼ੀਰਾ ਤੋਂ ਹੁੰਦੇ ਹੋਏ ਦੀਨਾ-ਕਾਂਗਡ਼ ਜਾਣ ਵਾਸਤੇ ਮੋਗਾ ਵਲ ਚਲੇ ਗਏ । ਮੋਗਾ ਦੇ ਨੇਡ਼ੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀਨਾ-ਕਾਂਗਡ਼ ਤੋਂ ਜਾ ਚੁੱਕੇ ਹਨ ਤੇ ਉਸ ਵੇਲੇ ਰਾਮੇਆਣਾ ਤੋਂ ਰੂਪੇਆਣਾ ਜਾ ਰਹੇ ਸਨ । ਇਸ ਮਗਰੋਂ ਇਹ ਚਾਲੀ ਸਿੰਘ ਤੇ ਮਾਈ ਭਾਗ ਕੌਰ ਨੇ ਰੂਪੇਆਣਾ ਵਲ ਮੂੰਹ ਕਰ ਲਿਆ । ਰੂਪੇਆਣਾ ਪਿੰਡ ਦੀ ਰੋਹੀ ਵਿਚ (ਜਿੱਥੇ ਅਜ ਕਲ੍ਹ ਪਿੰਡ ਮਲ੍ਹਣ ਸੋਢੀਆਂ ਹੈ) ਗੁਰੂ ਸਾਹਿਬ ਅਤੇ ਇਸ ਜਥੇ ਦਾ ਮੇਲ ਹੋ ਗਿਆ ਗੁਰੂ ਸਾਹਿਬ ਉਨ੍ਹਾਂ ਨੂੰ ਆਉਂਦਿਆਂ ਵੇਖ ਕੇ ਉੱਥੇ ਹੀ ਰੁਕ ਗਏ ਅਤੇ ਚਾਦਰਾਂ ਵਿਛਾ ਕੇ ਬੈਠ ਗਏ । ਬਾਈ ਭਾਗ ਸਿੰਘ ਨੇ ਗੁਰੂ ਜੀ ਨਾਲ ਮਾਤਾ ਜੀ, ਚੌਹਾਂ ਸਾਹਿਬਜ਼ਾਦਿਆਂ ਅਤੇ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਬਾਰੇ ਰਸਮੀ 'ਮਾਤਮ ਪੁਰਸੀ' ਕੀਤੀ । ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਸਭ ਵਾਹਿਗੁਰੂ ਦੀ ਲੀਲ੍ਹਾ ਹੈ । ਮਰਨਾ ਜਾਂ ਸ਼ਹੀਦ ਹੋਣਾ ਦੁਖ ਜਾਂ ਅਫ਼ਸੋਸ ਵਾਲੀ ਗੱਲ ਨਹੀਂ ਹੁੰਦੀ । ਸਾਨੂੰ ਹਰ ਹਾਲਤ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ।
ਕੁਝ ਚਿਰ ਮਗਰੋਂ ਭਾਈ ਭਾਗ ਸਿੰਘ ਝਬਾਲੀਏ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਮੇਰੀ ਲਾਹੌਰ ਦਰਬਾਰ ਨਾਲ ਕਾਫ਼ੀ ਨੇਡ਼ਤਾ ਹੈ ਅਤੇ ਮੈਂ ਕਿਸੇ ਰਸੂਖ ਵਾਲੇ ਦਰਬਾਰੀ ਜਾਂ ਅਹਿਲਕਾਰ ਰਾਹੀਂ ਦਿੱਲੀ ਸਰਕਾਰ ਨਾਲ ਤੁਹਾਡਾ ਸਮਝੌਤਾ ਕਰਵਾ ਦੇਂਦਾ ਹਾਂ । ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਜਵਾਬ ਦਿੱਤਾ : ਤੁਸੀਂ ਹੁਣ ਸਰਕਾਰ ਨਾਲ ਸਮਝੌਤੇ ਦੀ ਗੱਲ ਕਰਦੇ ਹੋ ! ਤੁਸੀਂ ਜਾਂ ਤੁਹਾਡੇ ਵਡੇਰੇ ਉਦੋਂ ਕਿੱਥੇ ਸਨ ਜਦੋਂ ਪੰਜਵੇਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਖਿਆ ਸੀ, ਜਦੋਂ ਨੌਵੇਂ ਨਾਨਕ ਨੂੰ ਦਿੱਲੀ ਵਿਚ ਲਿਜਾ ਕੇ ਸ਼ਹੀਦ ਕੀਤਾ ਸੀ । ਉਸ ਵੇਲੇ ਤਾਂ ਕਿਸੇ ਸਿੱਖ ਨੇ ਨਾਂ ਨਹੀਂ ਸੀ ਲਿਆ । ਫਿਰ ਅਨੰਦਪੁਰ ਸਾਹਿਬ ਵਿਚ ਕਈ ਮਹੀਨੇ ਘੇਰਾ ਪਿਆ ਰਿਹਾ ਤਾਂ ਵੀ ਤੁਸੀਂ ਨਹੀਂ ਆਏ । ਤੁਸੀਂ ਹੁਣ ਕੀ ਲੈਣ ਆਏ ਹੋ ? ਤੁਹਾਨੂੰ ਅਜਿਹੀਆਂ ਗੱਲਾਂ ਕਰਨ ਲਗਿਆਂ ਸੰਗ ਨਹੀਂ ਆਉਂਦੀ ?
ਗੁਰੂ ਸਾਹਿਬ ਦਾ ਜਵਾਬ ਸੁਣ ਕੇ ਭਾਗ ਸਿੰਘ ਆਖਣ ਲੱਗਾ : ਜੇ ਤੁਸੀਂ ਇੰਞ ਹੀ ਰਹਿਣਾ ਹੈ ਤਾਂ ਤੁਹਾਡੀ-ਸਾਡੀ ਨਿਭ ਨਹੀਂ ਸਕਦੀ । ਸਾਥੋਂ ਇਹੋ ਜਿਹੀ ਸਿੱਖੀ ਨਹੀਂ ਨਿਭਣੀ । ਫਿਰ ਅਸੀਂ ਵਾਪਿਸ ਚਲੇ ਜਾਂਦੇ ਹਾਂ । ਗੁਰੂ ਜੀ ਭਾਗ ਸਿੰਘ ਦੇ ਬੋਲ ਸੁਣ ਕੇ ਆਖਿਆ : ਅਸੀਂ ਤੁਹਾਨੂੰ ਮਦਦ ਵਾਸਤੇ ਤਾਂ ਨਹੀਂ ਬੁਲਾਇਆ । ਤੁਸੀਂ ਆਪੇ ਹੀ ਆਏ ਹੋ । ਪਰ, ਜੇ ਤੁਹਾਡੇ ਤੋਂ ਸਿੱਖੀ ਨਹੀਂ ਨਿਭ ਸਕਦੀ ਤਾਂ ਠੀਕ ਹੈ ! ਲਓ, ਕਾਗ਼ਜ਼ ਤੇ ਲਿਖ ਦਿਓ ਕਿ ਸਾਡਾ ਇਲਾਕਾ ਅੱਜ ਤੋਂ ਗੁਰੂ ਦਾ ਸਿੱਖ ਨਹੀਂ ਰਿਹਾ । ਗੁਰੂ ਸਾਹਿਬ ਦੇ ਬੋਲ ਸੁਣ ਕੇ ਭਾਈ ਮਾਨ ਸਿੰਘ ਨਿਸ਼ਾਨਚੀ ਨੇ ਕਾਗ਼ਜ਼, ਕਲਮ ਤੇ ਦਵਾਤ ਕੱਢ ਕੇ ਭਾਗ ਸਿੰਘ ਦੇ ਅੱਗੇ ਰੱਖ ਦਿੱਤੀ । ਇਹ ਦੇਖ ਕੇ, ਜੋਸ਼ ਤੇ ਉਬਾਲ ਵਿਚ ਆਏ ਭਾਗ ਸਿੰਘ ਨੇ ਕਾਗ਼ਜ਼ 'ਤੇ ਬੇਦਾਵਾ ਲਿਖ ਦਿੱਤਾ ਤੇ ਹੇਠਾਂ ਆਪਣੇ ਦਸਤਖ਼ਤ ਕਰ ਦਿੱਤੇ । ਇਸ ਮਗਰੋਂ ਦਿਲਬਾਗ ਸਿੰਘ, ਘਰਬਾਰਾ ਸਿੰਘ, ਗੰਡਾ ਸਿੰਘ ਵਗ਼ੈਰਾ ਨੇ ਵੀ ਦਸਤਖ਼ਤ ਕਰ ਦਿੱਤੇ ਪਰ ਬਾਕੀ ਸਿੰਘਾਂ ਨੇ ਦਸਤਖ਼ਤ ਨਹੀਂ ਕੀਤੇ ।
ਅਜੇ ਇਹ ਗੱਲਾਂ ਚਲ ਹੀ ਰਹੀਆਂ ਸਨ ਕਿ ਇਕ ਸੂਹੀਏ ਸਿੱਖ ਨੇ ਖ਼ਬਰ ਲਿਆ ਦਿੱਤੀ ਕਿ ਸਰਹੰਦ ਦੀ ਫ਼ੌਜ ਇਸ ਇਲਾਕੇ ਦੇ ਨੇਡ਼ੇ ਹੀ ਆ ਪੁੱਜੀ ਹੈ । ਇਸ 'ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਘੋਡ਼ਿਆਂ 'ਤੇ ਸਵਾਰ ਹੋ ਕੇ ਅੱਗੇ ਕੂਚ ਕਰਨ ਦਾ ਹੁਕਮ ਦਿੱਤਾ । ਗੁਰੂ ਸਾਹਿਬ ਨੇ ਝਬਾਲੀਆਂ ਦਾ ਬੇਦਾਵਾ ਸੰਭਾਲ ਕੇ ਜੇਬ ਵਿਚ ਪਾਇਆ ਅਤੇ ਸਾਥੀ ਦਸਾਂ ਸਿੰਘ ਨੂੰ ਨਾਲ ਲੈ ਕੇ ਉਥੋਂ ਚਲ ਪਏ ।
ਗੁਰੂ ਸਾਹਿਬ ਦੇ ਜਾਣ ਮਗਰੋਂ ਮਾਈ ਭਾਗ ਕੌਰ, ਜੋ ਭਾਗ ਸਿੰਘ ਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਸੀ ਅਤੇ ਨਿਧਾਨ ਸਿੰਘ ਵਡ਼ੈਚ ਦੀ ਘਰ ਵਾਲੀ ਸੀ, ਨੇ ਇਨ੍ਹਾਂ ਚਾਲੀ ਸਿੰਘਾਂ ਵੱਲ ਮੂੰਹ ਕਰ ਕੇ ਆਖਿਆ : ਅਜੇ ਤਾਂ ਦੁਨੀ ਚੰਦ ਅਤੇ ਉਸ ਦੇ ਸਾਥੀ ਚਾਰ-ਪੰਜ ਮਝੈਲ ਸਿੰਘਾਂ ਵੱਲੋਂ ਅਨੰਦਗਡ਼੍ਹ ਕਿਲ੍ਹੇ 'ਚੋਂ ਰੱਸਾ ਬੰਨ੍ਹ ਕੇ ਭੱਜਣ ਦਾ ਕਲੰਕ ਸਾਡੇ ਮੱਥੇ ਤੋਂ ਨਹੀਂ ਲੱਥਾ । ਅੱਜ ਅਸੀਂ ਗੁੱਸੇ ਵਿਚ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਹੈ । ਹੁਣ ਅਸੀਂ ਕਿਹਡ਼ਾ ਮੂੰਹ ਲੈ ਕੇ ਵਾਪਿਸ ਵਤਨਾਂ ਨੂੰ ਜਾਵਾਂਗੇ । ਤੁਹਾਨੂੰ ਘਰ ਗਿਆਂ ਨੂੰ ਘਰ-ਵਾਲੀਆਂ ਕੀ ਆਖਣਗੀਆਂ ਕਿ ਸਤਿਗੁਰਾਂ ਦੇ ਆਹ ਦਰਸ਼ਨ ਪਾ ਕੇ ਆਏ ਹੋ ? ਲੋਕ ਲਾਹਨਤਾਂ ਪਾਉਣਗੇ । ਕਿਹਡ਼ਾ ਮੂੰਹ ਲੈ ਕੇ ਬਾਹਰ ਫਿਰੋਗੇ ? ਉੱਠੋ ਸ਼ੇਰੋ ! ਹੰਭਲਾ ਮਾਰੋ ! ਗੁਰੂ ਜੀ ਬਖ਼ਸ਼ਿੰਦ ਹਨ । ਉਹ ਜ਼ਰੂਰ ਮੁਆਫ਼ ਕਰ ਦੇਣਗੇ । ਚਲੋ ਚਲੀਏ । ਇਹ ਆਖ ਕੇ ਮਾਈ ਭਾਗ ਕੌਰ ਨੇ ਪੱਲੂ ਫੇਰਿਆ । ਮਾਈ ਦੇ ਬੋਲਾਂ ਨੇ ਉਸ ਦੇ ਛੋਟੇ ਭਰਾ ਭਾਗ ਸਿੰਘ ਨੂੰ ਵੀ ਟੁੰਬ ਹੀ ਲਿਆ ਅਤੇ ਉਸ ਨੇ ਵੀ ਬਾਕੀਆਂ ਨੂੰ ਗੁਰੂ ਜੀ ਦੇ ਪਿੱਛੇ ਜਾਣ ਵਾਸਤੇ ਆਖਿਆ । ਸਾਰੇ ਸਿੱਖ ਜੈਕਾਰਾ ਛੱਡ ਕੇ ਉਸੇ ਪਾਸੇ ਵਲ ਚਲ ਪਏ ਜਿਧਰ ਗੁਰੂ ਸਾਹਿਬ ਗਏ ਸਨ ।
ਮਾਈ ਭਾਗ ਕੌਰ ਅਤੇ ਚਾਲ੍ਹੀ ਮਝੈਲ ਸਿੰਘ ਚਲਦੇ-ਚਲਦੇ ਖਿਦਰਾਣੇ ਦੀ ਢਾਬ ਦੇ ਕੰਢੇ 'ਤੇ ਜਾ ਰੁਕੇ । ਇਸ ਵੇਲੇ ਗੁਰੂ ਸਾਹਿਬ ਢਾਬ ਲੰਘ ਕੇ ਨੇਡ਼ੇ ਦੀ ਇਕ ਟਿੱਬੀ 'ਤੇ ਜਾ ਠਹਿਰੇ ਸਨ । (ਇਹ ਉਹੀ ਥਾਂ ਹੈ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ । ਢਾਬ ਵਾਲੀ ਥਾਂ 'ਤੇ ਗੁਰਦੁਆਰਾ ਦਰਬਾਰ ਸਾਹਿਬ, ਤੰਬੂ ਸਾਹਿਬ ਅਤੇ ਅੰਗੀਠਾ ਸਾਹਿਬ ਬਣੇ ਹੋਏ ਹਨ) ।
ਕੁਝ ਹੀ ਚਿਰ ਮਗਰੋਂ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਖ਼ੁਦ ਆਪ ਫ਼ੌਜ ਦੀ ਅਗਵਾਈ ਕਰਦਾ ਉੱਥੇ ਪੁੱਜ ਗਿਆ। ਉਸ ਦਾ ਇਕ ਫ਼ੌਜੀ ਟਿੱਬੀ ਵਲ ਸੂਹ ਲੈਣ ਵਾਸਤੇ ਗਿਆ। ਗੁਰੂ ਸਾਹਿਬ ਨੇ ਉਸ ਵਲ ਐਸਾ ਤੀਰ ਮਾਰਿਆ ਕਿ ਉਹ ਥਾਂਏਂ ਹੀ ਮਾਰਿਆ ਗਿਆ। ਇਸ ਦੇ ਨਾਲ ਹੀ ਵਜ਼ੀਰ ਖ਼ਾਨ ਦੀ ਫ਼ੌਜ ਢਾਬ ਦੇ ਕੰਢੇ 'ਤੇ ਆ ਪੁੱਜੀ । ਚਾਲ੍ਹੀ ਮਝੈਲ ਸਿੰਘ ਵੀ ਉਸ ਵੇਲੇ ਉੱਥੇ ਹੀ ਹਾਜ਼ਿਰ ਸਨ । ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲੀਆਂ ਅਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਪੌਣੇ ਘੰਟੇ (2 ਘਡ਼ੀਆਂ) ਮਗਰੋਂ ਜਦੋਂ ਸਿੰਘਾਂ ਕੋਲ ਤੀਰ ਤੇ ਗੋਲੀਆਂ ਮੁਕ ਗਈਆਂ ਤਾਂ ਉਨ੍ਹਾਂ ਨੇ ਸ੍ਰੀ ਸਾਹਿਬਾਂ ਧੂਹ ਲਈਆਂ ਅਤੇ ਦੁਸ਼ਮਣ ਦੀ ਫ਼ੌਜ 'ਤੇ ਟੁੱਟ ਪਏ। ਦੋਹੀਂ ਤਰਫ਼ੀਂ ਲੋਹੇ ਨਾਲ ਲੋਹਾ ਖਡ਼ਕਿਆ। ਚਾਲ੍ਹੀ ਸਿੰਘਾਂ ਅਤੇ ਮਾਈ ਬਾਗੋ ਨੇ ਸਰਹਿੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਕੀਤੀ ਕਿ ਉਨ੍ਹਾਂ ਨੂੰ ਅਲ੍ਹਾ ਚੇਤੇ ਕਰਵਾ ਦਿੱਤਾ। ਇਹ ਲਡ਼ਾਈ ਕਾਫ਼ੀ ਦੇਰ ਤੱਕ ਚਲਦੀ ਰਹੀ। ਦੋਹਾਂ ਧਿਰਾਂ ਨੇ ਕੋਈ ਕਸਰ ਨਾ ਛੱਡੀ। ਅਖ਼ੀਰ ਸੈਂਕਡ਼ੇ ਮੁਗ਼ਲ ਸਿਪਾਹੀਆਂ ਨੂੰ ਮਾਰਨ ਮਗਰੋਂ ਸੈਂਤੀ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਦੇ ਤਿੰਨ ਸਿੰਘ ਤੇ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਜਦੋਂ ਵਜ਼ੀਰ ਖਾਂ ਨੇ ਵੇਖਿਆ ਕਿ ਸਾਰੇ ਸਿੰਘ ਸ਼ਹੀਦ ਹੋ ਗਏ ਹਨ ਤੇ ਕੋਈ ਲਡ਼ਨ ਵਾਲਾ ਨਹੀਂ ਰਿਹਾ ਤਾਂ ਉਸ ਨੇ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਉਸ ਨੂੰ ਇਹ ਵੀ ਦੱਸਿਆ ਜਾ ਚੁੱਕਾ ਸੀ ਕਿ ਉਸ ਨੂੰ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਣਾ ਅਤੇ ਫ਼ੌਜ ਪਿਆਸ ਨਾਲ ਮਰ ਜਾਵੇਗੀ। ਉਂਞ ਵੀ ਥੋਡ਼੍ਹੀ ਦੂਰੀ ਤੋਂ ਮਗਰੋਂ ਉਸ ਦੇ ਸੂਬੇ ਦੀ ਹੱਦ ਮੁਕ ਜਾਣੀ ਸੀ । ਉਸ ਤੋਂ ਪਰ੍ਹੇ ਦਾ ਇਲਾਕਾ ਮੁਲਤਾਨ ਰਿਆਸਤ ਦੇ ਮਾਤਹਿਤ ਸੀ । ਇਹ ਸੋਚ ਕੇ ਉਸ ਨੇ ਵਾਪਿਸ ਮੁਡ਼ਨ ਦਾ ਫੈਸਲਾ ਤਾਂ ਪਹਿਲਾਂ ਹੀ ਕਰ ਲਿਆ ਹੋਇਆ ਸੀ । ਨਾਲ ਹੀ ਹੁਣ ਸਾਰੇ ਸਿੱਖ, ਉਸ ਦੇ ਆਿਲ ਵਿਚ, "ਖ਼ਤਮ" ਹੋ ਚੁੱਕੇ ਸਨ ਇਸ ਕਰ ਕੇ ਉਸ ਨੇ ਫ਼ੌਜਾਂ ਪਿੱਛੇ ਮੋਡ਼ ਲਈਆਂ । ਸ਼ਾਮ ਪੈਣ ਤੋਂ ਪਹਿਲਾਂ-ਪਹਿਲਾਂ ਸਰਹਿੰਦ ਦੀਆਂ ਫ਼ੌਜਾਂ ਉੱਥੋਂ ਕਾਫ਼ੀ ਦੂਰ ਨਿਕਲ ਚੁੱਕੀਆਂ ਸਨ ।
ਥੋਡ਼੍ਹੀ ਦੇਰ ਮਗਰੋਂ ਗੁਰੂ ਸਾਹਿਬ ਟਿੱਬੀ ਤੋਂ ਚਲ ਕੇ ਖਿਦਰਾਣੇ ਦੀ ਢਾਬ (ਜਿਸ ਨੂੰ ਉਨ੍ਹਾਂ ਈਸ਼ਰਸਰ ਦਾ ਨਾਂ ਦਿੱਤਾ) ਦੇ ਕੰਢੇ 'ਤੇ ਆਏ । ਉਸ ਵੇਲੇ ਤਕ 37 ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ਼ ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ) ਉਸ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ (ਵਾਸੀ ਪਿੰਡ ਝੱਲੀਆਂ ਵਾਲਾ) ਅਤੇ ਮਾਈ ਭਾਗ ਕੌਰ ਸਿਸਕ ਰਹੇ ਸਨ । ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ 37 ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਦੀ ਸੇਵਾ ਬਖ਼ਸ਼ੀ ਅਤੇ ਆਪ ਸਹਿਕ ਰਹੇ ਸਿੱਖਾਂ ਕੋਲ ਬੈਠ ਗਏ । ਗੁਰੂ ਸਾਹਿਬ ਨੇ ਇਨ੍ਹਾਂ ਤਿੰਨਾਂ ਅਤੇ ਮਾਈ ਭਾਗ ਕੌਰ ਦੇ ਮੂੰਹ ਵਿਚ ਪਾਣੀ ਪਾਇਆ ਪਰ ਇਨ੍ਹਾਂ ਦੇ ਜ਼ਖ਼ਮ ਬਡ਼ੇ ਡੂੰਘ ਸਨ । ਇਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ । ਮਾਈ ਭਾਗ ਕੌਰ ਨੂੰ ਖੱਬੇ ਪੱਟ ਵਿਚ ਗੋਲੀ ਲੱਗੀ ਹੋਈ ਸੀ ਪਰ ਬਾਕੀ ਤਿੰਨੇ ਬਡ਼ੇ ਨਿਢਾਲ ਹੋ ਚੁੱਕੇ ਸਨ । ਗੁਰੂ ਸਾਹਿਬ ਨੇ ਸ਼ਹੀਦ ਹੋਏ ਸਾਰੇ ਸਿੱਖਾਂ ਨੂੰ "ਦਸ ਹਜ਼ਾਰੀ", "ਵੀਹ ਹਜ਼ਾਰੀ", ਪੰਜਾਹ ਹਜ਼ਾਰੀ" ਆਖ ਕੇ "ਮਨਸਬ" ਦਿੱਤੇ ।
ਇਸ ਮਗਰੋਂ ਗੁਰੂ ਸਾਹਿਬ ਨੇ ਸਹਿਕ ਰਹੇ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕਿੰਨਾ ਮਨਸਬ ਜਾਂ ਕਿੱਥੋਂ ਦਾ ਰਾਜ ਚਾਹੀਦਾ ਹੈ । ਆਪਣੇ ਮੂੰਹੋਂ ਮੰਗ ਲਓ । ਇਸ ਤੇ ਭਾਈ ਰਾਏ ਸਿੰਘ ਬੋਲਿਆ "ਗੁਰੂ ਜੀ ਜੇ ਆਪ ਤਰੁਠੇ ਹੀ ਹੋ ਤਾਂ ਤੁਸੀਂ ਭਾਈ ਭਾਗ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾਡ਼ ਕੇ ਸਾਨੂੰ ਸਿੱਖੀ ਦਾਨ ਬਖ਼ਸ਼ ਦਿਓ ।" ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ "ਧੰਨ ਸਿੱਖੀ ! ਧੰਨ ਸਿੱਖੀ !! ਧੰਨ ਸਿੱਖੀ !!!" ਆਖਿਆ ਅਤੇ ਆਪਣੀ ਜੇਬ ਵਿਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢ ਕੇ ਫਾਡ਼ ਦਿੱਤਾ। (ਕਈ ਲੇਖਕਾਂ ਨੇ ਇਹ ਬੋਲ ਰਾਏ ਸਿੰਘ ਦੇ ਪੁੱਤਰ ਮਹਾਂ ਸਿੰਘ ਤੋਂ ਅਖਵਾਏ ਹਨ। ਦਰਅਸਲ ਮਹਾਂ ਸਿੰਘ ਨੇ ਸਭ ਤੋਂ ਅਖ਼ੀਰ 'ਤੇ ਸੁਆਸ ਛੱਡੇ ਸੀ ਇਸ ਕਰ ਕੇ ਇਨ੍ਹਾਂ ਲੇਖਕਾਂ ਨੇ ਉਸ ਦਾ ਨਾਂ ਲਿਖ ਦਿੱਤਾ ਹੈ। ਇਹ ਗ਼ਲਤੀ ਸੰਤੋਖ ਸਿੰਘ ਨੇ "ਗੁਰ ਪ੍ਰਤਾਪ ਸੂਰਜ ਗ੍ਰੰਥ" ਵਿਚ ਕੀਤੀ ਸੀ ਤੇ ਬਾਕੀਆਂ ਨੇ ਤਾਂ ਉਸ ਦੀ ਨਕਲ ਕਰ ਕੇ ਹੀ ਲਿਖ ਦਿੱਤਾ ਸੀ।)
ਇਸ ਮਗਰੋਂ ਗੁਰੂ ਸਾਹਿਬ ਨੇ ਇੰਨਾਂ ਸਿੰਘਾਂ ਦੀ ਮਰਹਮ-ਪੱਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਰਕ ਨਾ ਪਿਆ। ਗੁਰੂ ਜੀ ਸਾਰੀ ਰਾਤ ਇਨ੍ਹਾਂ ਨਾਲ ਗੱਲਾਂ ਕਰਦੇ ਰਹੇ। ਅੱਧੀ ਰਾਤ ਵੇਲੇ ਭਾਈ ਸੁੰਦਰ ਸਿੰਘ ਝੱਲੀਆਂ ਵਾਲਾ ਸਾਹ ਛੱਡ ਗਿਆ। ਇਸ ਮਗਰੋਂ ਭਾਈ ਰਾਏ ਸਿੰਘ ਤੇ ਕੁਝ ਚਿਰ ਮਗਰੋਂ ਚਾਲ੍ਹੀਵਾਂ ਸਿੰਘ ਭਾਈ ਮਹਾਂ ਸਿੰਘ ਵੀ ਵਾਹਿਗੁਰੂ ਦੇ ਕਦਮਾਂ ਵਿਚ ਜਾ ਪੁੱਜਾ।
1990 - ਗੁਰਚੇਤ ਸਿੰਘ ਡਾਗੋਂ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ।
29 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਗੁਰਚੇਤ ਸਿੰਘ ਡਾਗੋਂ, ਉਰਫ਼ ਫ਼ੌਜੀ ਵਾਸੀ ਡਾਂਗੋ, ਲੁਧਿਆਣਾ ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992 - ਕੁਲਵੰਤ ਸਿੰਘ ਬੁਰਜ, ਅਮਰਜੀਤ ਸਿੰਘ ਗੱਗੋਂ, ਗੁਰਬਚਨ ਸਿੰਘ ਮੁਦਕੀ, ਗੁਰਸੇਵਕ ਸਿੰਘ ਗਾਡੀਕਾ, ਜਥੇਦਾਰ ਕਾਬਲ ਸਿੰਘ, ਇੰਦਰ ਸਿੰਘ ਧਾਰੀਵਾਲ, ਅਰੂਡ਼ ਸਿੰਘ ਮਾਨੋਚਾਹਲ, ਰੇਸ਼ਮ ਸਿੰਘ ਕੋਹਾਡ਼ਕਾ, ਰਾਮ ਸੁਰਸਿੰਘ, ਯਾਦਵਿੰਦਰ ਸਿੰਘ ਹਰੀਕੇ ਨੂੰ ਨਕਲੀ ਪੁਲਸ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ ਗਿਆ।
29 ਦਸੰਬਰ 1992 ਦੇ ਦਿਨ ਪੰਜਾਬ ਪੁਲਸ ਨੇ ਕੁਲਵੰਤ ਸਿੰਘ ਪੁੱਤਰ ਸੱਜਣ ਸਿੰਘ, ਵਾਸੀ ਬੁਰਜ 169, ਨੇਡ਼ੇ ਰਾਜਾ ਤਾਲ, ਜ਼ਿਲ੍ਹਾ ਅੰਮ੍ਰਿਤਸਰ, ਅਮਰਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਵਾਸੀ ਗੱਗੋਂ, ਜ਼ਿਲ੍ਹਾ ਰੋਪਡ਼, ਗੁਰਬਚਨ ਸਿੰਘ ਮੁਦਕੀ, ਗੁਰਸੇਵਕ ਸਿੰਘ ਪੁੱਤਰ ਮੇਜਰ ਸਿੰਘ, ਵਾਸੀ ਗਾਡੀਕਾ, ਜਥੇਦਾਰ ਕਾਬਲ ਸਿੰਘ, ਇੰਦਰ ਸਿੰਘ ਪੁੱਤਰ ਜਾਗੀਰ ਸਿੰਘ, ਵਾਸੀ ਧਾਰੀਵਾਲ, ਅਰੂਡ਼ ਸਿੰਘ ਪੁੱਤਰ ਰਾਮ ਸਿੰਘ, ਵਾਸੀ ਮਾਨੋਚਾਹਲ, ਰੇਸ਼ਮ ਸਿੰਘ ਪੁੱਤਰ ਤਾਰਾ ਸਿੰਘ, ਵਾਸੀ ਕੋਹਾਡ਼ਕਾ, ਰਾਮ ਸਿੰਘ ਪੁੱਤਰ ਮੂਰਾ ਸਿੰਘ, ਵਾਸੀ ਸੁਰਸਿੰਘ, ਯਾਦਵਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਅਮਰੀਕ ਸਿੰਘ, ਵਾਸੀ ਹਰੀਕੇ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।