17 ਨਵੰਬਰ 1631
ਬਾਬਾ ਬੁੱਢਾ ਜੀ ਦਾ ਸਵਰਗਵਾਸ ਹੋਇਆ।
ਬਾਬਾ ਬੁੱਢਾ ਦਾ ਜਨਮ 6 ਅਕਤੂਬਰ 1506 ਦੇ ਦਿਨ ਸੁੱਘਾ ਰੰਧਾਵਾ ਦੇ ਘਰ ਕੱਥੂ ਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਹੋਇਆ ਸੀ। ਉਹਨਾਂ ਦਾ ਪਹਿਲਾ ਨਾਂ 'ਬੂੜਾ' ਸੀ। 1518 ਵਿਚ 12 ਸਾਲ ਦੀ ਉਮਰ ਵਿਚ ਉਸ ਦਾ ਪਰਵਾਰ ਸਿੱਖੀ ਵਿਚ ਸ਼ਾਮਿਲ ਹੋਇਆ। ਇਸ ਮਗਰੋਂ ਬਾਬਾ ਬੁੱਢਾ ਬੂੜਾ ਸਾਰੀ ਉਮਰ ਗੁਰੂ ਦਰਬਾਰ ਨਾਲ ਜੁੜੇ ਰਹੇ। ਉਹ 1539 ਤਕ ਕਰਤਾਰਪੁਰ ਗੁਰੂ ਨਾਨਕ ਸਾਹਿਬ ਕੋਲ ਆਉਂਦੇ ਰਹੇ ਅਤੇ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੇ ਖਡੂਰ ਸਾਹਿਬ ਵਿੱਚ ਡੇਰਾ ਲਾਇਆ ਤਾਂ ਉਹ ਉਥੇ ਵੀ ਸੇਵਾ। ਕਰਦੇ ਰਹੇ। ਇੰਝ ਹੀ ਗੁਰੂ ਅਮਰ ਦਾਸ ਸਾਹਿਬ ਵੇਲੇ ਗੋਇੰਦਵਾਲ 'ਤੇ ਮਗਰੋਂ ਗੁਰੂ-ਦਾ-ਚੱਕ (ਅੰਮ੍ਰਿਤਸਰ), ਕਰਤਾਰਪੁਰ (ਜਲੰਧਰ), ਰੁਹੀਲਾ (ਗੋਬਿੰਦਪੁਰ, ਹੁਣ ਹਰਿਗੋਬਿੰਦਪੁਰ) ਅਤੇ ਕੀਰਤਪੁਰ ਵਿਚ ਵੀ ਉਹ ਦਰਬਾਰ ਵਿਚ ਹਾਜ਼ਰੀ ਅਤੇ ਸੇਵਾ ਵਿਚ ਹਿੱਸਾ ਪਾਉਂਦੇ ਰਹੇ। ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੀ ਸਿੱਖਿਆ ਸੁਣਨ ਦਾ ਬਹੁਤ ਮੌਕਾ ਮਿਲਿਆ ਅਤੇ ਛੇਤੀ ਹੀ ਉਹ ਗੁਰਬਾਣੀ ਦਾ ਗਿਆਨਵਾਨ ਬਣ ਗਏ । ਜਦ 16 ਅਗਸਤ 1604 ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਨੂੰ ਪਹਿਲੇ ਪਾਠੀ (ਗ੍ਰੰਥੀ) ਹੋਣ ਦਾ ਮਾਣ ਮਿਲਿਆ। ਬਾਬਾ ਬੁੱਢਾ ਦੀ ਮੌਤ 17 ਨਵੰਬਰ 1631 ਦੇ ਦਿਨ ਹੋਈ।
1696
ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦਾ ਜਨਮ ਹੋਇਆ।
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੀਜੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ 1696 ਦੇ ਦਿਨ ਅਨੰਦਪੁਰ ਸਾਹਿਬ ਵਿਚ ਹੋਇਆ ਸੀ । ਬਾਬਾ ਜ਼ੋਰਾਵਰ ਸਿੰਘ ਸਾਰੀ ਉਮਰ ਅਨੰਦਪੁਰ ਸਾਹਿਬ ਵਿਚ ਹੀ ਰਹੇ ਸੀ। 1705 ਵਿੱਚ ਜਦ ਗੁਰੂ ਜੀ ਅਤੇ ਸਿੱਖਾਂ ਨੂੰ ਅਨੰਦਪੁਰ ਛੱਡ ਕੇ ਜਾਣਾ ਪਿਆ ਤਾਂ ਉਹ ਸਰਸਾ ਨਦੀ ਪਾਰ ਕਰਨ ਮਗਰੋਂ ਚਮਕੌਰ ਪਹੁੰਚ ਗਏ। ਇਥੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਉਹਨਾਂ ਦੇ ਛੋਟੇ ਭਰਾ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਮਾਤਾ ਗੁਜਰੀ ਦੇ ਨਾਲ ਸਹੇੜੀ ਪਿੰਡ ਦੇ ਮਸੰਦ ਧੁੰਮਾ ਤੇ ਦਰਬਾਰੀ ਆਪਣੇ ਘਰ ਲੈ ਗਏ। ਮਗਰੋਂ ਮਸੰਦਾਂ ਨੇ ਆਪਣੇ ਨੌਕਰ ਗੰਗੂ ਰਾਹੀਂ ਮੋਰਿੰਡਾ ਦੇ ਥਾਣੇ ਵਿਚ ਇਤਲਾਹ ਦੇ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਸਰਹੰਦ ਦੇ ਨਵਾਬ ਦੇ ਹੁਕਮ ਹੇਠ ਛੋਟੇ ਸਾਹਿਬਜ਼ਾਦਿਆਂ ਨੂੰ 12 ਦਸੰਬਰ ਦੇ ਦਿਨ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੰਧ ਡਿੱਗ ਪੈਣ 'ਤੇ ਅਗਲੇ ਦਿਨ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਮਗਰੋਂ ਮਾਤਾ ਗੁਜਰੀ ਨੂੰ ਵੀ ਦੇ ਕਿਲ੍ਹੇ ਦੇ ਠੰਡੇ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ।
1763
ਸ.ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਨੀਂਹ ਰੱਖੀ।
1762 ਤੋਂ ਲਗਾਤਾਰ ਅਹਿਮਦ ਸ਼ਾਹ ਨੂੰ ਬੁਰੀ ਤਰ੍ਹਾਂ ਹਰਾਉਣ ਅਤੇ ਪੰਜਾਬ ਵਿੱਚੋਂ ਕੱਢਣ ਮਗਰੋਂ, ਸਿੱਖ ਫ਼ੌਜਾਂ ਆਪਣੇ ਕੌਮੀ ਇਜਲਾਸ (ਸਰਬਤ ਖਾਲਸਾ) ਵਾਸਤੇ ਗੁਰੂ-ਦਾ-ਚੱਕ (ਅੰਮ੍ਰਿਤਸਰ) ਵਿਚ ਇਕੱਠੀਆਂ ਹੋਈਆਂ। 10 ਅਪਰੈਲ 1765 ਦੇ ਦਿਨ ਸਰਬੱਤ ਖਾਲਸਾ ਦਾ ਇਹ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ। ਇਸ ਇਕੱਠ ਵਿਚ ਗੁਰਮਤਾ ਕੀਤਾ ਗਿਆ ਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਇਸ ਦੇ ਆਲੇ- ਦੁਆਲੇ ਦੀ ਸਜਾਵਟ ਵੀ ਕੀਤੀ ਜਾਏ। ਪਹਿਲਾਂ ਨਵੰਬਰ 1763 ਵਿੱਚ ਅਤੇ ਉਸ ਮਗਰੋਂ ਵੀ, ਸੁਰ ਸਿੰਘ ਪਿੰਡ ਦੇ ਸਾਹੂਕਾਰ ਭਾਈ ਦੇਸ ਰਾਜ ਕੋਲ ਬਹੁਤ ਸਾਰੀ ਰਕਮ ਇੱਕਠੀ ਹੋ ਚੁੱਕੀ ਸੀ। 17 ਨਵੰਬਰ 1765 ਦੇ ਦਿਨ ਸ. ਜੱਸਾ ਸਿੰਘ ਆਹਲੂਵਾਲੀਆ ਨੇ ਦਰਬਾਰ ਸਾਹਿਬ ਦੀ ਨਵੀਂ (ਮੌਜੂਦਾ) ਇਮਾਰਤ ਦੀ ਨੀਂਹ ਰੱਖੀ। ਅੱਜ ਇਸ ਇਮਾਰਤ ਦੀਆਂ ਨੀਹਾਂ ਦੀ ਉਮਰ 247 ਸਾਲ ਹੋ ਚੁਕੀ ਹੈ।
1922
ਗੁਰੂ ਦਾ ਬਾਗ਼ ਮੋਰਚਾ ਫਤਿਹ ਹੋਇਆ ਅਤੇ ਗ੍ਰਿਫਤਾਰੀਆਂ ਬੰਦ ਹੋਈਆਂ।
ਗੁਰੂ ਦਾ ਬਾਗ਼ ਮੋਰਚਾ 8 ਅਗਸਤ ਦੇ ਦਿਨ ਸੇਵਾਦਾਰਾਂ ਦੀ ਗ੍ਰਿਫ਼ਤਾਰੀ ਨਾਲ ਸ਼ੁਰੂ ਹੋਇਆ; ਉਨ੍ਹਾਂ 'ਤੇ ਮਹੰਤ ਦੀ ਜ਼ਮੀਨ ਵਿਚੋਂ ਲੰਗਰ ਵਿਚ ਬਾਲਣ ਵਾਸਤੇ ਲੱਕੜ ਕੱਟ ਕੇ ਲਿਜਾਣ ਦਾ ਦੋਸ਼ ਲਾਇਆ ਗਿਆ।ਇਸ ਮਗਰੋਂ ਵੀ ਸਿੱਖ ਲੱਕੜ ਕੱਟਦੇ ਰਹੇ ਸਨ ਪਰ 22 ਅਗਸਤ 1922 ਦੇ ਦਿਨ ਸਰਕਾਰ ਨੇ ਲੱਕੜ ਕੱਟਣ ਵਾਲੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ।25 ਅਗਸਤ ਨੂੰ ਜਦੋਂ 136 ਸਿੱਖਾਂ ਦਾ ਜੱਥਾ ਗੁਰੂ ਦੇ ਬਾਗ ਗਿਆ ਤਾਂ ਪੁਲੀਸ ਨੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਕੁੱਟਣਾ ਸ਼ੁਰੂ ਕਰ ਦਿੱਤਾ। 12 ਸਤੰਬਰ ਨੂੰ ਈਸਾਈ ਪਾਦਰੀ ਸੀ.ਐਫ਼. ਐਂਡਰਿਊਜ਼ ਨੇ ਇਹ ਵੇਖ ਕੇ ਪ੍ਰੋਟੈਸਟ ਕੀਤਾ। 13 ਸਤੰਬਰ ਨੂੰ ਪੰਜਾਬ ਦਾ ਗਵਰਨਰ ਅੰਮ੍ਰਿਤਸਰ ਆਇਆ। ਗਵਰਨਰ ਨੂੰ ਮਿਲ ਕੇ ਗੁਰੂ ਦੇ ਬਾਗ਼ 'ਚ ਪੁਲੀਸ ਦੇ ਜ਼ੁਲਮ ਬਾਰੇ ਗੱਲਬਾਤ ਕੀਤੀ। ਇਸ ਮਗਰੋਂ ਗਵਰਨਰ ਨੇ ਸਿੱਖ ਜਥਿਆਂ ਦੀ ਕੁੱਟ-ਮਾਰ ਬੰਦ ਕਰਵਾ ਦਿੱਤੀ ਅਤੇ ਹੁਕਮ ਜਾਰੀ ਕੀਤਾ ਕਿ ਅੱਗੇ ਤੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। 17 ਨਵੰਬਰ 1922 ਤਕ 5605 ਸਿੱਖ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। ਇਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ 35 ਮੈਂਬਰ ਵੀ ਸ਼ਾਮਿਲ ਸਨ। ਸਰਕਾਰ ਨੇ ਮੋਰਚੇ ਤੋਂ ਛੁਟਕਾਰਾ ਪਾਉਣ ਵਾਸਤੇ ਬਹਾਨਾ ਲੱਭਣਾ ਸ਼ੁਰੂ ਕਰ ਦਿੱਤਾ। ਅਖ਼ੀਰ ਸਰਕਾਰ ਨੇ ਗੁਰੂ ਦਾ ਬਾਗ਼ ਗੁਰਦੁਆਰੇ ਦੀ ਜ਼ਮੀਨ ਰਾਏ ਬਹਾਦਰ ਗੰਗਾ ਰਾਮ ਨੂੰ ਮਹੰਤ ਕੋਲੋਂ 'ਕਾਗਜ਼ਾਂ ਵਿਚ' ਠੇਕੇ 'ਤੇ ਦਿਵਾ ਦਿੱਤੀ। ਗੰਗਾ ਰਾਮ ਨੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਪੁਲੀਸ ਦੀ ਮਦਦ ਦੀ ਜ਼ਰੂਰਤ ਨਹੀਂ। ਇਸ 'ਤੇ ਪੁਲੀਸ ਉੱਥੋਂ ਹਟ ਗਈ ਅਤੇ ਗ੍ਰਿਫ਼ਤਾਰੀਆਂ ਬੰਦ ਹੋ ਗਈਆਂ।
1987
ਗੁਰਤੇਜ ਸਿੰਘ ਤੇਜਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ।
ਪੰਜਾਬ ਪੁਲਸ ਨੇ 17 ਨਵੰਬਰ 1987 ਦੇ ਦਿਨ ਗੁਰਤੇਜ ਸਿੰਘ ਤੇਜਾ (ਗੁਮਟਾਲਾ, ਅੰਮ੍ਰਿਤਸਰ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।
1992
ਭੁਪਿੰਦਰ ਸਿੰਘ ਭਿੰਦਾ, ਜਗਦੇਵ ਸਿੰਘ ਜੱਗਾ, ਗੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ। ਪੰਜਾਬ ਪੁਲੀਸ ਨੇ 17 ਨਵੰਬਰ 1992 ਦੇ ਦਿਨ ਭੁਪਿੰਦਰ ਸਿੰਘ ਭਿੰਦਾ (ਜਿਸ ਦੇ ਸਿਰ 'ਤੇ ਪੁਲਸ ਨੇ ਚਾਲ਼ੀ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ) ਜਗਦੇਵ ਸਿੰਘ ਜੱਗਾ, ਗੁਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।
1992
ਸੰਗਤ ਸਿੰਘ ਭਿਵਾਨੀ ਨੇ ਸਾਇਨਾਈਡ ਖਾ ਕੇ ਜਾਨ ਦੇ ਦਿੱਤੀ। 17 ਨਵੰਬਰ 1992 ਦੇ ਦਿਨ ਖਾੜਕੂ ਸੰਗਤ ਸਿੰਘ ਭਿਵਾਨੀ ਪੁਲੀਸ ਘੇਰੇ ਵਿਚ ਆ ਗਿਆ। ਉਸ ਨੇ ਮਹਿਸੂਸ ਕੀਤਾ ਕਿ ਉਹ ਪੁਲਸ ਤੋਂ ਬਚ ਨਹੀਂ ਸਕੇਗਾ। ਉਸ ਨੇ ਤਸੀਹੇ ਸਹਿ ਕੇ ਨਕਲੀ ਮੁਕਾਬਲੇ ਵਿਚ ਮਰਨ ਦੀ ਥਾਂ ਸ਼ਹੀਦ ਹੋਣਾ ਮਨਜ਼ੂਰ ਕੀਤਾ ਅਤੇ ਸਾਇਆਨਾਈਡ ਦਾ ਕੈਪਸੂਲ ਖਾ ਕੇ ਜਾਨ ਦੇ ਦਿਤੀ।
1992
ਬਲਵਿੰਦਰ ਸਿੰਘ ਪੰਜੂਆਲਾ, ਸਾਹਿਬ ਸਿੰਘ ਕਾਲੇਕੇ, ਜਸਵੰਤ ਸਿੰਘ ਜੱਸਾ ਕਾਲੇਕੇ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤਾ ਗਿਆ। ਪੰਜਾਬ ਪੁਲੀਸ ਨੇ 17 ਨਵੰਬਰ 1992 ਨੂੰ ਬਲਵਿੰਦਰ ਸਿੰਘ (ਪੁੱਤਰ ਪ੍ਰੇਮ ਸਿੰਘ ਸੂਬੇਦਾਰ, ਵਾਸੀ ਪੰਜੂਆਲਾ, ਜ਼ਿਲ੍ਹਾ ਰੋਪੜ), ਸਾਹਿਬ ਸਿੰਘ ਉਰਫ਼ ਚੱਪਣੀ (ਪੁੱਤਰ ਪਿਆਰਾ ਸਿੰਘ, ਵਾਸੀ ਕਾਲੇਕੇ), ਜਸਵੰਤ ਸਿੰਘ ਜੱਸਾ (ਪੁੱਤਰ ਦਲੀਪ ਸਿੰਘ, ਵਾਸੀ ਕਾਲੇਕੇ) ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ।
1992
ਖੁੱਡਾ ਹਲਾਲ ਵਿੱਚ ਖਾੜਕੂਆਂ ਅਤੇ ਪੁਲਿਸ ਵਿਚਕਾਰ ਹੋਏ ਅਸਲ ਮੁਕਾਬਲੇ ਵਿੱਚ 9 ਖਾੜਕੂ ਸ਼ਹੀਦ ਹੋਏ। 17 ਨਵੰਬਰ 1992 ਦੇ ਦਿਨ ਖੁੱਡਾ ਹਲਾਲ ਪਿੰਡ ਵਿਚ ਖਾੜਕੂਆਂ ਅਤੇ ਪੁਲਿਸ ਵਿਚਕਾਰ ਅਸਲ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਨੌਂ ਖਾੜਕੂ 'ਤੇ ਸੀ.ਆਰ.ਪੀ.ਐਫ਼. ਦੇ ਤਿੰਨ ਸਿਪਾਹੀ ਮਾਰੇ ਗਏ। ਇਸ ਮੁਕਾਬਲੇ ਵਿਚ ਸ਼ਹੀਦ ਹੋਣ ਵਾਲਿਆਂ ਵਿਚ ਖੜਕ ਸਿੰਘ, ਰਾਜਵਿੰਦਰ ਸਿੰਘ ਰਾਜੂ, ਜਸਵਿੰਦਰ ਸਿੰਘ ਜੌਹਲ (ਪੰਜ ਲੱਖੀ), ਨਿਸ਼ਾਨ ਸਿੰਘ ਖਾਪੜ ਖੇੜੀ ਸ਼ਾਮਿਲ ਸਨ।
1993
ਗੁਰਮੇਲ ਸਿੰਘ ਜੰਮੂ ਅਤੇ ਭੁਪਿੰਦਰ ਸਿੰਘ ਦੀ ਜੰਮੂ ਵਿੱਚ ਸ਼ਹੀਦੀ ਹੋਈ।
ਗੁਰਮੇਲ ਸਿੰਘ ਜੰਮੂ, ਧਰਮਬੀਰ ਸਿੰਘ ਕੰਮੋਕੇ ਤੇ ਰਣਜੀਤ ਸਿੰਘ ਨੀਟਾ ਦਾ ਨਜ਼ਦੀਕੀ ਸਾਥੀ ਸੀ। 17 ਨਵੰਬਰ 1993 ਨੂੰ ਪੁਲਿਸ ਨੇ ਉਸ ਨੂੰ 'ਤੇ ਉਸ ਦੇ ਸਾਥੀ ਭੂਪਿੰਦਰ ਸਿੰਘ ਨੂੰ ਗਾਡੀਗੜ੍ਹ, ਜੰਮੂ ਵਿਚ ਘੇਰ ਲਿਆ। ਭੂਪਿੰਦਰ ਸਿੰਘ ਕੋਲ ਸਾਇਆਨਾਈਡ ਦਾ ਕੈਪਸੂਲ ਸੀ; ਉਸ ਨੇ ਖਾ ਲਿਆ 'ਤੇ ਉਹ ਸ਼ਹੀਦ ਹੋ ਗਿਆ। ਗੋਲੀਬਾਰੀ ਦੌਰਾਨ ਪੁਲਿਸ ਨੇ ਗੁਰਮੇਲ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ।
2012
ਜਸਵਿੰਦਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਹਟਾਇਆ ਗਿਆ।
ਰਹਰਾਸਿ ਦੇ ਪਾਠ ਵੇਲੇ ਚੌਪਈ ਦਾ ਪਾਠ ਭੁੱਲ ਜਾਣ ਕਰ ਕੇ ਜਸਵਿੰਦਰ ਸਿੰਘ ਨੂੰ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।