ਕਾਨਫ਼ਰੰਸਾਂ ਅਤੇ ਸੈਮੀਨਾਰ - ਇਕ ਮੌਸਮੀ ਬੁਖ਼ਾਰ

ਵਿਚਾਰ, ਵਿਸ਼ੇਸ਼ ਲੇਖ

ਸਤੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਬਹੁਤ ਸਾਰੀਆਂ ਯੂਨੀਵਰਸਟੀਆਂ, ਕਾਲਜਾਂ ਅਤੇ ਹੋਰ ਕਈ ਤਰ੍ਹਾਂ ਦੇ ਸਰਕਾਰੀ ਤੇ ਗ਼ੈਰਸਰਕਾਰੀ ਅਦਾਰਿਆਂ ਨੂੰ ਗੋਸ਼ਟੀਆਂ, ਸੰਮੇਲਨਾਂ, ਸੈਮੀਨਾਰਾਂ ਤੇ ਕਾਨਫ਼ਰੰਸਾਂ ਕਰਵਾਉਣ ਦਾ ਮੱਠਾ-ਮੱਠਾ ਬੁਖ਼ਾਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਪੰਜਾਬ 'ਚ ਇਕ ਕਹਾਵਤ ਹੈ 'ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।' ਜਿੰਨੀ ਦੇਰ ਤੁਹਾਡਾ ਅਪਣਾ ਕਿਸੇ ਪ੍ਰੋਗਰਾਮ ਨਾਲ ਵਾਹ ਨਹੀਂ ਪੈਂਦਾ ਓਨੀ ਦੇਰ ਉਸ ਦੀ ਅਸਲੀਅਤ, ਬਾਰੀਕੀ ਤੇ ਸੱਚਾਈ ਦਾ ਭੇਤ ਨਹੀਂ ਖੁਲ੍ਹਦਾ। ਇਹ ਸੋਚ ਕੇ ਕਿ ਸਵਰਗ ਦੀ ਹਕੀਕਤ ਆਪ ਮਰਨ ਤੋਂ ਬਗ਼ੈਰ ਪਤਾ ਨਹੀਂ ਚਲ ਸਕਦੀ, ਮੈਂ ਫ਼ੈਸਲਾ ਕਰ ਲਿਆ ਕਿ ਹੁਣ ਤਕ ਲੋਕਾਂ ਕੋਲੋਂ ਸੁਣ ਤਾਂ ਬਹੁਤ ਲਿਆ ਹੈ, ਇਕ ਵਾਰ ਕੌੜਾ ਘੁੱਟ ਭਰ ਕੇ ਇਹੋ ਜਿਹੀ ਇਕ ਕਾਨਫ਼ਰੰਸ ਵਿਚ ਸ਼ਮੂਲੀਅਤ ਕੀਤੀ ਜਾਵੇ। ਫਿਰ ਕੀ ਸੀ, ਰਸਮੀ ਕਾਰਵਾਈ ਪੂਰੀ ਕਰਨ ਮਗਰੋਂ ਆਪਾਂ ਵੀ ਡੈਲੀਗੇਟਸ ਦੀ ਕਤਾਰ 'ਚ ਲੱਗ ਗਏ।
ਕਾਨਫ਼ਰੰਸ ਕਰਵਾਉਣ ਵਾਲੇ ਵਿਭਾਗ ਵਿਖੇ, ਵਿਆਹ ਵਰਗਾ ਮਹੌਲ ਸੀ। ਹਰ ਤਰੀਕੇ ਨਾਲ ਲਿਪਿਆ-ਪੋਚਿਆ, ਸੱਜਿਆ-ਸੰਵਰਿਆਂ ਤੇ ਬਣਿਆ-ਠਣਿਆ ਵਿਭਾਗ ਇੰਜ ਜਾਪਦਾ ਸੀ ਜਿਵੇਂ ਹੁਣੇ-ਹੁਣੇ ਕੋਈ ਲਾੜੀ ਬਿਊਟੀ ਪਾਰਲਰ 'ਚੋਂ ਨਿਕਲ ਕੇ ਆਈ ਹੋਵੇ। ਇੰਟਰਨੈਸ਼ਨਲ ਕਾਨਫ਼ਰੰਸ ਹੋਣ ਦੇ ਨਾਤੇ, ਕੁੱਝ ਇਕ ਵਖਰੇ ਰੰਗ ਦੀ ਚਮੜੀ ਵਾਲੇ ਡੈਲੀਗੇਟਸ ਇਕ ਦਿਨ ਪਹਿਲਾਂ ਹੀ ਕਮਰਕੱਸੇ ਬੰਨ੍ਹ ਕੇ ਅਖਾੜੇ ਵਿਚ ਪਹੁੰਚ ਗਏ ਸਨ। ਆਖ਼ਰ ਉਹ ਘੜੀ ਆ ਪਹੁੰਚੀ ਜਿਸ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ। ਕਾਨਫ਼ਰੰਸ ਦੇ ਉਦਘਾਟਨ ਦੀ ਘੜੀ। ਯੂਨੀਵਰਸਟੀ ਦਾ ਸਾਇੰਸ ਆਡੀਟੋਰੀਅਮ ਖਚਾਖਚ ਭਰਿਆ ਪਿਆ ਸੀ। ਉਡੀਕ ਸੀ ਸਿਰਫ਼ ਵੀ.ਸੀ. ਅਤੇ ਮੁੱਖ ਸਿਆਸੀ ਪ੍ਰਾਹੁਣੇ ਦੀ। ਪਰ ਜਿਵੇਂ ਅਕਸਰ ਹੁੰਦਾ ਹੈ, ਮੁੱਖ ਪ੍ਰਾਹੁਣਾ ਕਿਸੇ ਖ਼ਾਸ ਵਜ੍ਹਾ ਕਰ ਕੇ ਲੇਟ ਸੀ। ਘੰਟੇ ਕੁ ਦੀ ਉਡੀਕ ਮਗਰੋਂ ਆਖ਼ਰ ਮਾਹੌਲ ਨੇ ਇਕ ਕਰਵਟ ਲਈ ਅਤੇ ਵੀ.ਸੀ. ਮੁੱਖ ਮਹਿਮਾਨ ਨੂੰ ਲੈ ਕੇ ਆਡੀਟੋਰੀਅਮ 'ਚ ਪਹੁੰਚੇ। ਯੂਨੀਵਰਸਟੀ ਦੀ ਧੁਨੀ ਤੋਂ ਬਾਅਦ ਕਾਨਫ਼ਰੰਸ ਦਾ ਉਦਘਾਟਨੀ ਸੈਸ਼ਨ ਸ਼ੁਰੂ ਹੋਇਆ।
ਪ੍ਰੋਗਰਾਮ ਦੇ ਸ਼ੁਰੂ ਵਿਚ ਰਵਾਇਤ ਅਨੁਸਾਰ ਸਾਰੇ ਪ੍ਰਾਹੁਣਿਆਂ ਨੂੰ ਜੀ ਆਇਆਂ ਆਖਣ ਉਪਰੰਤ ਕਾਨਫ਼ਰੰਸ ਦੇ ਵਿਸ਼ੇ ਤੇ ਵਿਭਾਗ ਬਾਰੇ ਥੋੜਾ ਬਹੁਤ ਚਾਨਣਾ ਪਾਇਆ ਗਿਆ। ਵੀ.ਸੀ. ਨੇ ਸੰਖੇਪ ਜਿਹੇ ਭਾਸ਼ਣ ਤੋਂ ਬਾਅਦ ਇਹ ਸ਼ਬਦ ਕਹਿ ਕੇ ਪਿੱਛਾ ਛੁਡਵਾ ਲਿਆ ਕਿ 'ਮੈਂ ਤਾਂ ਸਾਇੰਸ ਦਾ ਬੰਦਾ ਨਹੀਂ ਇਸ ਲਈ ਬਹੁਤਾ ਕੁੱਝ ਨਹੀਂ ਕਹਿ ਸਕਦਾ।' ਇਸ ਤੋਂ ਪਿੱਛੋਂ ਵਾਰੀ ਸੀ ਕੁੰਜੀਵਤ ਭਾਸ਼ਣ ਦੀ। ਜਿਉਂ ਹੀ ਕੁੰਜੀਵਤ ਭਾਸ਼ਣ ਸ਼ੁਰੂ ਹੋਇਆ, ਸਰੋਤਿਆਂ 'ਚ ਘੁਸਰ-ਮੁਸਰ ਸ਼ੁਰੂ ਹੋ ਗਈ ਕਿਉਂਕਿ ਇਕ-ਦੋ ਵਾਰ ਏਹੀ ਕੁੰਜੀਵਤ ਭਾਸ਼ਣ ਇਸੇ ਹੀ ਸਾਇੰਸਦਾਨ ਦੇ ਮੂੰਹ ਤੋਂ, ਇਸੇ ਹੀ ਸਟੇਜ ਤੋਂ ਲਗਭਗ ਇਨ੍ਹਾਂ ਹੀ ਸਰੋਤਿਆਂ ਦੇ ਸਾਹਮਣੇ ਪਹਿਲਾਂ ਵੀ ਹੋ ਚੁੱਕਾ ਸੀ। ਪਰ ਸਰੋਤਿਆਂ ਦਾ ਬੈਠਣਾ ਇਕ ਮਜਬੂਰੀ ਵੀ ਸੀ ਅਤੇ ਸ਼ਿਸ਼ਟਾਚਾਰ ਵੀ। ਕੁੰਜੀਵਤ ਭਾਸ਼ਣ ਖ਼ਤਮ ਹੋਇਆ, ਸਰੋਤਿਆਂ ਨੇ ਸੁੱਖ ਦਾ ਸਾਹ ਲਿਆ। ਵੀ.ਸੀ. ਤਾਂ ਪਹਿਲਾਂ ਹੀ ਵਾਰ ਵਾਰ ਘੜੀ ਵਲ ਵੇਖ ਰਹੇ ਸਨ। ਉਹ ਨਾਲ ਦੀ ਨਾਲ ਉਠ ਕੇ ਬਾਹਰ ਨਿਕਲ ਗਏ। ਫਿਰ ਕੀ ਸੀ, ਬਹੁਤ ਸਾਰੇ ਚਿਹਰੇ ਜਿਹੜੇ ਮਹਿਜ਼ ਅਪਣੀ ਹਾਜ਼ਰੀ ਲਵਾਉਣ ਹੀ ਆਏ ਸਨ, ਵੀ.ਸੀ. ਦੇ ਮਗਰੇ ਮਗਰ ਇਸ ਤਰ੍ਹਾਂ ਖਿਸਕ ਗਏ ਜਿਵੇਂ ਛੱਤੇ ਉਤੇ ਬੈਠੀਆਂ ਮਧੂ-ਮੱਖੀਆਂ ਰਾਣੀ ਮੱਖੀ ਦੇ ਨਾਲ ਹੀ ਬਾਹਰ ਨਿਕਲ ਜਾਂਦੀਆਂ ਹਨ। ਸਾਰਾ ਹਾਲ ਬੇਰੌਣਕਾ ਜਿਹਾ ਹੋ ਗਿਆ।
ਜਿਵੇਂ-ਕਿਵੇਂ ਉਦਘਾਟਨੀ, ਸੈਸ਼ਨ ਦੀ ਸਮਾਪਤੀ ਹੋਈ। ਸਭਨਾਂ ਨੂੰ ਬਾਹਰ ਜਾ ਕੇ ਚਾਹ ਪੀਣ ਦਾ ਸੱਦਾ ਦਿਤਾ ਗਿਆ ਅਤੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਚਾਹ ਤੋਂ ਬਾਅਦ ਇਸੇ ਹੀ ਹਾਲ ਵਿਚ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ। ਸਾਰੀ ਜਨਤਾ ਬਾਹਰ ਨਿਕਲ ਕੇ ਪਨੀਰ ਦੇ ਪਕੌੜਿਆਂ, ਸਾਦੇ ਪਕੌੜਿਆਂ, ਗੁਲਾਬ ਜਾਮਣਾਂ ਅਤੇ ਬਰਫ਼ੀ ਤੇ ਇਉਂ ਟੁਟ ਕੇ ਪੈ ਗਈ ਜਿਵੇਂ ਕਈ ਦਿਨਾਂ ਤੋਂ ਭੁੱਖਾ ਡੰਗਰ ਰੱਸਾ ਤੁੜਵਾ ਕੇ ਬਰਸੀਮ ਦੇ ਖੇਤ ਦੇ ਆਹੂ ਲਾਹੁੰਦਾ ਹੈ। ਅੱਧੀ ਦੁਨੀਆਂ ਤਾਂ ਖਾ ਪੀ ਕੇ ਡਕਾਰ ਮਾਰਦੀ ਬਾਹਰ ਦੀ ਬਾਹਰ ਹੀ ਖਿਸਕ ਗਈ ਅਤੇ ਬਾਕੀ ਦੇ ਕਈ ਵਾਰੀ ਐਲਾਨ ਕਰਨ ਤੋਂ ਬਾਅਦ ਮਟਕਦੇ-ਮਟਕਦੇ ਬੇਦਿਲੀ ਨਾਲ ਹਾਲ ਵਿਚ ਮੁੜ ਦਾਖ਼ਲ ਹੋਏ। ਦਰਅਸਲ ਹਲਵਾ ਖਾਣ ਮਗਰੋਂ ਖਿੱਲਾਂ ਚੱਬਣ ਨੂੰ ਕਿਸ ਭੜੂਏ ਦਾ ਜੀਅ ਕਰਦੈ। ਪਰ ਮਜਬੂਰੀ ਵਸ ਕਈ ਵਾਰ ਖਿੱਲਾਂ ਤਾਂ ਕੀ ਰੋੜ ਵੀ ਚਬਣੇ ਪੈ ਸਕਦੇ ਹਨ। ਅੱਧੇ ਤੋਂ ਜ਼ਿਆਦਾ ਮੇਲਾ ਉੱਜੜ ਚੁਕਿਆ ਸੀ। ਖ਼ਾਲੀ ਪਈਆਂ ਕੁਰਸੀਆਂ, ਕਾਨਫ਼ਰੰਸ ਪ੍ਰਤੀ ਲੋਕਾਂ ਦੀ ਦਿਲਚਸਪੀ, ਸਰੋਕਾਰ ਅਤੇ ਉਤਸੁਕਤਾ ਦਾ ਮੂੰਹ ਚਿੜਾ ਰਹੀਆਂ ਸਨ। ਇਨ੍ਹਾਂ ਵਿਚੋਂ ਵੀ ਵਿਦਿਆਰਥੀ ਅਤੇ ਖੋਜਾਰਥੀ ਤਾਂ ਡਰ ਦੇ ਮਾਰੇ ਜਾਂ ਲੰਚ ਦੀ ਉਡੀਕ ਵਿਚ ਦੁਬਕੇ ਬੈਠੇ ਸਨ ਜਦਕਿ ਬਾਹਰੋਂ ਆਏ ਡੈਲੀਗੇਟਸ ਗੰਭੀਰਤਾ ਦੇ ਅੰਦਾਜ਼ ਦਾ ਪ੍ਰਗਟਾਵਾ ਕਰ ਰਹੇ ਸਨ। ਕੁੱਲ ਮਿਲਾ ਕੇ ਹਾਲ ਵਿਚ ਇਕ ਬਨਾਉਟੀ ਜਿਹੀ ਖ਼ਾਮੋਸ਼ੀ ਪਸਰੀ ਹੋਈ ਸੀ। ਸਭਨਾਂ ਨੂੰ ਭੁੱਖ ਅਤੇ ਦੁਪਹਿਰ ਦੀ ਰੋਟੀ ਵਿਚਲਾ ਇਹ ਸਮਾਂ ਘੰਟਿਆਂ ਦੀ ਥਾਂ ਮਹੀਨਿਆਂ ਦਾ ਜਾਪ ਰਿਹਾ ਸੀ। ਖ਼ੈਰ! ਜਿਵੇਂ-ਕਿਵੇਂ ਇਸ ਡੇਢ ਘੰਟੇ ਦੀ ਜੇਲ ਤੋਂ ਰਿਹਾਈ ਮਿਲੀ ਅਤੇ ਸਾਰੇ ਜਣਿਆਂ ਨੇ ਖਾਣੇ ਦੀ ਥਾਂ ਵਲ ਵਹੀਰਾਂ ਘੱਤ ਦਿਤੀਆਂ। ਖਾਣੇ ਵਾਲੀ ਥਾਂ ਦਾ ਨਜ਼ਾਰਾ ਬਿਲਕੁਲ ਅਲੱਗ ਸੀ। ਖਾਣਾ ਖਾਣ ਵਾਲਿਆਂ ਦੀ ਗਿਣਤੀ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਵਿਅਕਤੀਆਂ ਨਾਲੋਂ ਤਕਰੀਬਨ ਤਿੰਨ ਗੁਣਾਂ ਜ਼ਿਆਦਾ ਸੀ। ਕਿਸੇ ਦੀ ਕਿਸੇ ਕਿਸਮ ਦੀ ਕੋਈ ਪੁੱਛ-ਪੜਤਾਲ ਜਾਂ ਰੋਕ-ਟੋਕ ਨਹੀਂ ਸੀ, ਜੋ ਆਵੇ ਸੋ ਰਾਜ਼ੀ ਜਾਵੇ। ਪੁੱਛ-ਪੜਤਾਲ ਜਾਂ ਰੋਕ-ਟੋਕ ਹੋਵੇ ਵੀ ਕਿਉਂ, ਇਥੇ ਕਿਹੜਾ ਕਿਸੇ ਦੇ ਬਾਪ ਦਾ ਪੈਸਾ ਲੱਗ ਰਿਹਾ ਸੀ। ਰੱਬ ਭਲਾ ਕਰੇ ਯੂਨੀਵਰਸਟੀ ਅਤੇ ਫ਼ੰਡਿੰਗ ਏਜੰਸੀਆਂ ਦਾ ਜਿਹੜੀਆਂ ਇਹੋ ਜਿਹੇ ਫ਼ਜ਼ੂਲ ਮੇਲੇ ਹਰ ਸਾਲ ਬੜੇ ਹੁੱਬ-ਹੁੱਬ ਕੇ ਕਰਵਾਉਦੀਆਂ ਹਨ। ਭਾਰਤ ਵਰਗੇ ਗ਼ਰੀਬ ਦੇਸ਼ ਦਾ ਪੈਸਾ ਜਿਹੜਾ ਕਿਸੇ ਗ਼ਰੀਬ ਦੇ ਘਰ ਦੀ ਕਾਨਿਆਂ ਦੀ ਚੋਂਦੀ ਛੱਤ ਨੂੰ ਠੀਕ ਕਰਨ ਲਈ ਲਗਣਾ ਚਾਹੀਦਾ ਸੀ, ਜਿਹੜਾ ਕਿਸੇ ਮਜ਼ਦੂਰ ਦੀਆਂ ਦਵਾਈਆਂ ਦੀ ਅਣਹੋਂਦ ਵਿਚ ਮੌਤ ਨਾਲ ਜੂਝ ਰਹੇ ਇਕੋ-ਇਕ ਬੱਚੇ ਦੇ ਇਲਾਜ ਉਤੇ ਖ਼ਰਚ ਹੋਣਾ ਚਾਹੀਦਾ ਸੀ, ਜਿਹੜਾ ਕਿਸੇ ਅਨਾਥ ਦੇ ਹਨੇਰੇ ਭਵਿੱਖ ਨੂੰ ਰੁਸ਼ਨਾਉਣ ਲਈ ਚਾਨਣ ਦੀ ਇਕ ਛਿੱਟ ਬਣਨਾ ਚਾਹੀਦਾ ਸੀ, ਜਿਹੜਾ ਕਿਸੇ ਦੂਰ-ਦੁਰਾਡੇ ਵੱਸੇ ਛੋਟੇ ਜਿਹੇ ਪਿੰਡ ਨੂੰ ਜਾਂਦੇ ਕੱਚੇ ਪਹੇ 'ਚ ਪਏ ਡੂੰਘੇ ਟੋਇਆਂ ਦਾ ਢਿੱਡ ਭਰਨ ਲਈ ਵਰਤਿਆ ਜਾਣਾ ਚਾਹੀਦਾ ਸੀ, ਉਹੀ ਪੈਸਾ ਅੱਜ ਰੱਜਿਆਂ ਨੂੰ ਰਜਾਉਣ ਲਈ ਪਾਣੀ ਵਾਂਗ ਰੋੜ੍ਹਿਆ ਜਾ ਰਿਹਾ ਸੀ। ਦਰਅਸਲ ਇਹ ਸਾਡੇ ਦੇਸ਼ ਅਤੇ ਸਿਸਟਮ ਦੀ ਤਰਾਸਦੀ ਹੈ ਕਿ ਅਸੀ ਬਾਹਰਲੇ ਦੇਸ਼ਾਂ ਦੀ ਨਕਲ ਮਾਰ ਕੇ ਕਈ ਚੀਜ਼ਾਂ ਅਤੇ ਗੱਲਾਂ ਨੂੰ ਅੰਨ੍ਹੇਵਾਹ ਅਪਣਾ ਤਾਂ ਲੈਂਦੇ ਹਾਂ ਪਰ ਉਨ੍ਹਾਂ ਦੇ ਅਸਲ ਮਨੋਰਥ ਦੀ ਥਾਂ ਵਿਖਾਵਾ, ਸੁਆਰਥ, ਹਿੱਤ ਅਤੇ ਨਿਜੀ ਫ਼ਾਇਦੇ ਹਾਵੀ ਹੋ ਜਾਂਦੇ ਹਨ ।
ਖਾਣਾ ਖਾਣ ਤੋਂ ਬਾਅਦ ਕਾਨਫ਼ਰੰਸ ਦਾ ਅਗਲਾ ਸੈਸ਼ਨ 2 ਵਜੇ ਸ਼ੁਰੂ ਹੋਣਾ ਸੀ। ਏਦਾਂ ਦਾ ਸੁਆਦੀ ਖਾਣਾ ਖਾਣ ਤੋਂ ਬਾਅਦ ਭਲਾ ਬੋਰਿੰਗ ਸੈਸ਼ਨ ਵਿਚ ਜਾਣ ਨੂੰ ਕਿਸ ਦਾ ਦਿਲ ਕਰਦਾ ਹੈ? ਤਿੰਨ ਚੌਥਾਈ ਲੋਕ ਤਾਂ ਪਰਸ਼ਾਦਾ ਛਕਦਿਆਂ ਸਾਰ ਹੀ ਅੱਖ ਬਚਾ ਕੇ ਤਿੱਤਰ ਹੋ ਗਏ ਅਤੇ ਬਾਕੀ ਜੋ ਬਚੇ ਉਨ੍ਹਾਂ ਵਿਚੋਂ ਕੁੱਝ ਅਪਣੇ-ਅਪਣੇ ਕਮਰਿਆਂ 'ਚ ਜਾ ਕੇ ਘੁਰਾੜੇ ਮਾਰਨ ਲੱਗੇ। ਵਿਦਿਆਰਥੀ ਤੇ ਸਕਾਲਰ ਉਦਘਾਟਨੀ ਸੈਸ਼ਨ ਵਿਚ ਅਪਣਾ ਫ਼ਰਜ਼ ਨਿਭਾ ਕੇ ਸੁਰਖ਼ਰੂ ਹੋ ਚੁੱਕੇ ਸਨ। ਸੋ, ਕੁਲ ਮਿਲਾ ਕੇ ਕੁੱਝ ਇਕ ਗਿਣੇ-ਚੁਣੇ ਡੈਲੀਗੇਟਸ ਹੀ ਸ਼ਾਮ ਦੇ ਸੈਸ਼ਨ ਵਿਚ ਹਾਜ਼ਰ ਸਨ। 90-100 ਬੰਦਿਆਂ ਵਾਲੇ ਹਾਲ ਵਿਚ ਮਸਾਂ 25-30 ਬੰਦੇ।
ਫੰਨੇ ਖਾਂ ਡੈਲੀਗੇਟਸ ਤਾਂ ਖਾਣਾ ਛੱਕ ਕੇ ਕਮਰਿਆਂ ਵਿਚ ਸੁੱਤੇ ਪਏ ਸਨ ਜਦਕਿ ਉਨ੍ਹਾਂ ਦੇ ਨਾਲ ਆਏ ਇਕ-ਇਕ ਦੋ-ਦੋ ਝੋਲੀ ਚੁੱਕ ਖੋਜਾਰਥੀ ਡਰਦੇ ਮਾਰੇ ਮਜਬੂਰੀ ਵੱਸ ਅਪਣੀ ਡਿਊਟੀ ਨਿਭਾਅ ਰਹੇ ਸਨ। ਘਿਸੇ-ਪਿਟੇ ਪੁਰਾਣੇ ਅਤੇ ਬੇਹੇ ਪੇਪਰ ਪੜ੍ਹੇ ਜਾ ਰਹੇ ਸਨ। ਖੋਜਾਰਥੀ ਸਟੇਜ ਤੇ ਚੜ੍ਹਦੇ, ਪੇਪਰ ਪੜ੍ਹਦੇ, ਤਾੜੀਆਂ ਵਜਦੀਆਂ ਤੇ ਉਹ ਬੈਠ ਜਾਂਦੇ। ਨਾ ਕੋਈ ਕਿੰਤੂ-ਪ੍ਰੰਤੂ, ਨਾ ਕੋਈ ਸਵਾਲ, ਨਾ ਕੋਈ ਸੁਝਾਅ। ਜੇ ਕੋਈ ਭੁੱਲ-ਭੁਲੇਖੇ ਸਵਾਲ ਪੁੱਛਣ ਦੀ ਗ਼ੁਸਤਾਖੀ ਕਰ ਬੈਠਦਾ ਤਾਂ ਚੇਅਰਪਰਸਨ ਉਸ ਨੂੰ ਇਹ ਕਹਿ ਕੇ ਬਿਠਾ ਦੇਂਦਾ ਕਿ ਸਵਾਲ ਚਾਹ ਦੀ ਬ੍ਰੇਕ ਦੌਰਾਨ ਪੁੱਛ ਲੈਣਾ, ਹੁਣ ਸਮਾਂ ਬੜਾ ਘੱਟ ਹੈ, ਹਾਲੇ ਪੜ੍ਹਨ ਵਾਲੇ ਪੇਪਰ ਬਹੁਤ ਪਏ ਹਨ। ਇਹੀ ਕਾਰਨ ਹੈ ਕਿ ਕੋਈ ਵੀ ਸਰਬਉੱਚ ਸੰਸਥਾ ਯੂ.ਜੀ.ਸੀ., ਆਈ.ਸੀ.ਏ.ਆਰ., ਸੀ.ਐਸ.ਆਈ.ਆਰ. ਆਦਿ ਕਾਨਫ਼ਰੰਸਾਂ 'ਚ ਪੜ੍ਹੇ ਜਾਣ ਵਾਲੇ ਇਹੋ ਜਿਹੇ ਘਟੀਆ ਪੇਪਰਾਂ ਨੂੰ ਕੋਈ ਮਾਨਤਾ ਜਾਂ ਅਹਿਮੀਅਤ ਨਹੀਂ ਦੇਂਦੀ। ਚਲੋ! ਜਿਵੇਂ ਕਿਵੇਂ ਕੱਚਾ ਪੱਕਾ ਜਿਹਾ ਸੈਸ਼ਨ ਖ਼ਤਮ ਹੋਇਆ। ਸੱਭ ਡੈਲੀਗੇਟਸ ਚਾਹ ਦੇ ਪਿੜ ਵਿਚ ਇਕੱਠੇ ਹੋਏ। ਏਨੇ ਚਿਰ ਨੂੰ ਜਿਹੜੇ ਰੋਟੀਆਂ ਖਾ ਕੇ ਘੁਰਾੜੇ ਮਾਰ ਰਹੇ ਸਨ, ਉਹ ਵੀ ਅੱਖਾਂ ਮਲਦੇ-ਮਲਦੇ ਅਪਣੀ ਹਾਜ਼ਰੀ ਲਵਾਉਣ ਆ ਪਹੁੰਚੇ। ਉਨ੍ਹਾਂ ਸਾਰਿਆਂ ਦੇ ਚਿਹਰੇ ਤੇ ਹਾਰੇ ਹੋਏ ਜੁਆਰੀਏ ਵਾਲੀ ਮੁਸਕੁਰਾਹਟ ਸੀ। ਸੈਸ਼ਨ ਦੌਰਾਨ ਕਈਆਂ ਨੂੰ ਲਾਰਾ ਲਾਇਆ ਗਿਆ ਸੀ ਕਿ ਤੁਸੀ ਅਪਣੇ ਸਵਾਲ ਚਾਹ ਦੇ ਕੱਪ ਤੇ ਪੁੱਛ ਲੈਣਾ। ਪਰ ਰਾਤ ਗਈ ਬਾਤ ਗਈ ਵਾਲੀ ਗੱਲ। ਕਿਸ ਨੇ ਸਵਾਲ ਪੁਛਣੇ ਸਨ ਅਤੇ ਕਿਸ ਨੇ ਜਵਾਬ ਦੇਣਾ ਸੀ? ਬਸ ਬਾਤ ਆਈ-ਗਈ ਹੋ ਗਈ। ਪਹਿਲਾ ਦਿਨ ਹੋਣ ਕਰ ਕੇ ਸ਼ਾਮ ਦੀ ਚਾਹ ਮਗਰੋਂ ਕੋਈ ਸੈਸ਼ਨ ਨਹੀਂ ਸੀ। ਸਾਰੇ ਡੈਲੀਗੇਟਸ ਦੇ ਦਿਲ ਪਰਚਾਵੇ ਅਤੇ ਮਨੋਰੰਜਨ ਲਈ ਕਾਨਫ਼ਰੰਸ ਦੇ ਪ੍ਰਬੰਧਕਾਂ ਨੇ ਯੂਨੀਵਰਸਟੀ ਦੇ ਕਲਾ ਭਵਨ ਵਿਚ ਇਕ ਰੰਗੀਨ ਸ਼ਾਮ ਦਾ ਬੰਦੋਬਸਤ ਕਰ ਰਖਿਆ ਸੀ। ਰਾਤ ਦੇ ਪ੍ਰੀਤੀ ਭੋਜ ਤੋਂ ਪਹਿਲਾਂ ਦਿਨ ਭਰ ਦਾ ਥਕੇਵਾਂ ਲਾਹੁਣ ਤੇ ਇਕ ਐਪੀਟਾਈਜ਼ਰ ਦਾ ਰੋਲ ਅਦਾ ਕਰਦੀ ਇਕ ਰੰਗੀਨ ਸ਼ਾਮ। ਨਾਚ ਗਾਣੇ, ਗਜ਼ਲਾਂ, ਗੀਤਾਂ ਤੇ ਨਾਟਕਾਂ ਸਕਿਟਾਂ ਨਾਲ ਲਬਰੇਜ਼ ਇਕ ਰਮਣੀਕ ਸੰਧਿਆ। ਸ਼ਾਮ ਦੇ ਇਸ ਪ੍ਰੋਗਰਾਮ ਵਿਚ ਫਿਰ ਅੰਤਾਂ ਦਾ ਇਕੱਠ ਸੀ। ਹੁਣ ਵਾਰੀ ਸੀ ਰਾਤ ਦੇ ਖਾਣੇ ਦੀ। ਰਾਤ ਦੇ ਖਾਣੇ ਵੇਲੇ ਦੁਪਹਿਰ ਨਾਲੋਂ ਵੀ ਜ਼ਿਆਦਾ ਭੀੜ ਸੀ। ਜਨਤਾ ਨੇ 15-20 ਮਿੰਟਾਂ ਵਿਚ ਹੀ ਡੌਂਗੇ ਮੂਧੇ ਮਾਰਨ ਵਾਲੇ ਕਰ ਕੇ ਰੱਖ ਦਿਤੇ। ਪਹਿਲੇ ਦਿਨ ਦਾ ਮੇਲਾ ਖ਼ਤਮ ਹੋਣ ਮਗਰੋਂ ਤਕਰੀਬਨ ਸੱਭ ਲੋਕ ਅਪਣੇ-ਅਪਣੇ ਘੁਰਨਿਆਂ 'ਚ ਜਾ ਵੜੇ। ਯੂਨੀਵਰਸਟੀ ਦੀਆਂ ਸੁੰਨੀਆਂ ਸੜਕਾਂ ਤੇ ਸਿਰਫ਼ ਕੁੱਝ ਇਕ ਡੈਲੀਗੇਟਾਂ ਦੇ ਜੋੜੇ ਮਸਤੀ ਵਿਚ ਇਸ ਤਰ੍ਹਾਂ ਟਹਿਲ ਰਹੇ ਸਨ ਜਿਵੇਂ ਉਹ ਸ਼ਿਮਲੇ ਦੀ ਰਿੱਜ ਤੇ ਤੁਰੇ ਫਿਰਦੇ ਹੋਣ।
ਕਾਨਫ਼ਰੰਸ ਦਾ ਵਿਚਕਾਰਲਾ ਦਿਨ ਇਕ ਵਖਰੀ ਤਰ੍ਹਾਂ ਦਾ ਦਿਨ ਸੀ। ਇਸ ਵਿਚ ਵਿਗਿਆਨਕ ਸੈਸ਼ਨਜ਼ ਵੀ ਸਨ ਅਤੇ ਪੁਰਾਣੇ ਦੋਸਤਾਂ ਨਾਲ ਗਲਵੱਕੜੀਆਂ ਵੀ। ਇਸ ਵਿਚ ਨਵੀਆਂ ਦੋਸਤੀਆਂ ਵੀ ਸਨ ਅਤੇ ਭਵਿੱਖ ਵਿਚ ਇਕ ਦੂਜੇ ਨੂੰ ਸੱਦਣ ਦੇ ਵਾਅਦੇ ਤੇ ਅੱਟੀਆਂ-ਸੱਟੀਆਂ ਵੀ। ਇਸ ਵਿਚ ਚਾਹ ਦੇ ਕੱਪ ਦੀਆਂ ਚੁਸਕੀਆਂ ਵੀ ਸਨ ਅਤੇ ਪੈਰੀ ਤੇ ਲੈਰੀ ਦਾ ਸਰੂਰ ਵੀ। ਇਸ ਵਿਚ ਸ਼ਹਿਰ ਦਾ ਭਲਵਾਨੀ ਗੇੜਾ ਵੀ ਸੀ ਤੇ ਪਟਿਆਲੇ ਦੀਆਂ ਮਸ਼ਹੂਰ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ ਵੀ।  ਇਸ ਵਿਚ ਅਤੀਤ ਦੀਆਂ ਹੁਸੀਨ ਯਾਦਾਂ ਵੀ ਸਨ ਤੇ ਭਵਿੱਖ ਦੇ ਰੰਗੀਨ ਮਨਸੂਬੇ ਵੀ। ਮੁਕਦੀ ਗੱਲ ਕਿ ਰੁਝੇਵੇਂ ਜ਼ਿਆਦਾ ਸਨ ਅਤੇ ਸਮਾਂ ਘੱਟ। ਵੈਸੇ ਵੀ ਕਾਨਫ਼ਰੰਸ ਤਾਂ ਇਕ ਬਹਾਨਾ ਹੁੰਦੀ ਹੈ। ਅਸਲੀਅਤ ਵਿਚ ਤਾਂ ਇਹ ਇਕ ਤਰ੍ਹਾਂ ਦੇ ਮੇਲ-ਮਿਲਾਪ, ਖਾਣ-ਪੀਣ, ਮੌਜ-ਮਸਤੀ, ਘੁੰਮਣ-ਫਿਰਨ ਅਤੇ ਐਸ਼ ਕਰਨ ਦਾ ਖ਼ੂਬਸੂਰਤ ਮੰਚ ਹੁੰਦਾ ਹੈ। ਕਾਨਫ਼ਰੰਸ ਦਾ ਅਸਲੀ ਮੰਤਵ ਤਾਂ ਥੋੜ੍ਹਚਿਰੀ ਸ਼ੁਹਰਤ, ਵਿਖਾਵੇ ਅਤੇ ਹਉਮੈ ਦੇ ਘੁੱਪ ਹਨੇਰਿਆਂ ਵਿਚ ਦਫ਼ਨ ਹੋ ਕੇ ਰਹਿ ਜਾਂਦਾ ਹੈ। ਲੋਕ ਲੱਜ ਲਈ ਉਹੀ ਘਸੇ-ਪਿਟੇ ਪੁਰਾਣੇ ਤੇ ਬੁੱਸੇ ਪੇਪਰ ਜਿਨ੍ਹਾਂ ਨੂੰ ਇਹ ਲੋਕ ਹਮੇਸ਼ਾ ਹੀ ਬਾਂਦਰੀ ਦੇ ਬੱਚੇ ਵਾਂਗ ਇਹ ਸੋਚ ਕੇ ਕੁੱਛੜ ਚਾੜ੍ਹੀ ਰਖਦੇ ਹਨ ਕਿ ਕੀ ਪਤਾ ਇਨ੍ਹਾਂ ਸਲਾਮੀ ਵਾਲੀਆਂ ਤੋਪਾਂ ਦੀ ਕਦੋਂ ਜ਼ਰੂਰਤ ਪੈ ਜਾਵੇ। ਨਾ ਤਾਂ ਇਹੋ ਜਿਹੇ ਮੌਕਿਆਂ ਤੇ ਪੇਪਰ ਪੇਸ਼ ਕਰਨ ਵਾਲਾ ਗੰਭੀਰ ਹੁੰਦਾ ਹੈ ਅਤੇ ਨਾ ਹੀ ਸੁਣਨ ਵਾਲੇ ਸੰਜੀਦਾ। ਰਸਮੀ ਕਾਰਵਾਈ ਪੂਰੀ ਕਰਨੀ ਹੁੰਦੀ ਹੈ ਤਾਕਿ ਵੱਖ-ਵੱਖ ਅਦਾਰਿਆਂ ਤੋਂ ਮਿਲੇ ਪੈਸੇ ਨੂੰ ਹਜ਼ਮ ਕਰਨ ਲਈ ਫ਼ਾਈਲਾਂ ਦਾ ਢਿੱਡ ਭਰਿਆ ਜਾ ਸਕੇ। ਪੰਜਾਬ ਤੇ ਹੋਰ ਲਾਗੇ-ਚਾਗੇ ਦੇ ਇਲਾਕਿਆਂ ਤੋਂ ਸ਼ਿਰਕਤ ਕਰ ਰਹੇ ਡੈਲੀਗੇਟਸ ਨੇ ਤਾਂ ਪਹਿਲੇ ਦਿਨ ਹੀ ਦੁਪਹਿਰ ਦਾ ਪ੍ਰਸ਼ਾਦਾ ਛਕਣ ਮਗਰੋਂ ਅਪਣੇ-ਅਪਣੇ ਘਰਾਂ ਵਲ ਵਾਗਾਂ ਮੋੜ ਲਈਆਂ ਸਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਤਾਂ ਹੁਣ ਸਿਰਫ਼ ਵੈਲੀਡਿਕਟਰੀ ਸੈਸ਼ਨ ਵਿਚ ਚਿਹਰਾ ਵਿਖਾ ਕੇ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸਰਟੀਫ਼ੀਕੇਟ ਲੈਣ ਆਉਣਾ ਸੀ ਅਤੇ ਕੁੱਝ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਹ ਸਰਟੀਫ਼ੀਕੇਟ ਕਿਸੇ ਦੇ ਹੱਥ ਜਾਂ ਡਾਕ ਰਾਹੀਂ ਭੇਜੇ ਜਾਣੇ ਸਨ। ਸੋ ਕਾਨਫ਼ਰੰਸ ਵਿਚ ਹੁਣ ਸਿਰਫ਼ ਉਹੀ ਡੈਲੀਗੇਟਸ ਵਿਖਾਈ ਦੇ ਰਹੇ ਸਨ ਜੋ ਜਾਂ ਤਾਂ ਦੂਰੋਂ ਆਏ ਸਨ ਤੇ ਜਾਂ ਉਹ ਜਿਨ੍ਹਾਂ ਨੂੰ ਪਿਛੇ ਕੋਈ ਕੰਮਕਾਰ ਨਹੀਂ ਸੀ। ਜਿਵੇਂ-ਕਿਵੇਂ ਵਿਚਕਾਰਲਾ ਦਿਨ ਵੀ ਇਸ ਉਧੇੜ-ਬੁਣ ਵਿਚ ਨਿਕਲ ਗਿਆ। ਹੱਡ ਭੰਨਵੀਂ ਕਮਾਈ ਤੋਂ ਬਾਅਦ ਸ਼ਾਮ ਤਕ ਡੈਲੀਗੇਟਸ ਕਾਫ਼ੀ ਥੱਕ ਟੁੱਟ ਚੁੱਕੇ ਸਨ ਸੋ ਉਨ੍ਹਾਂ ਦੇ ਦਿਲਪ੍ਰਚਾਵੇ ਲਈ ਸਾਰੇ ਪ੍ਰਬੰਧ ਕੀਤੇ ਗਏ। ਇਨ੍ਹਾਂ ਪ੍ਰਬੰਧਾਂ ਵਿਚ ਸ਼ਾਮ ਨੂੰ ਉਨ੍ਹਾਂ ਦੇ ਦਿਲਪ੍ਰਚਾਵੇ ਲਈ ਫਿਰ ਵਿਭਾਗ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਬੰਦੋਬਸਤ ਕੀਤਾ ਗਿਆ ਸੀ ਤਾਕਿ ਤਾਜ਼ਾ ਦਮ ਹੋਣ ਤੋਂ ਬਾਅਦ ਉਹ ਰਾਤ ਦੇ ਖਾਣੇ ਦਾ ਭਰਪੂਰ ਲੁਤਫ਼ ਲੈ ਸਕਣ। ਰਾਤਰੀ ਭੋਜਨ ਤੋਂ ਬਾਅਦ ਸੱਭ ਡੈਲੀਗੇਟਸ ਢਿੱਡ ਤੇ ਹੱਥ ਫੇਰਦੇ ਤੇ ਡਕਾਰ ਮਾਰਦੇ ਯੂਨੀਵਰਸਟੀ ਦੀਆਂ ਸਾਫ਼ ਸੁਥਰੀਆਂ ਸੜਕਾਂ ਤੇ ਇਕ-ਦੂਜੇ ਦਾ ਹੱਥ ਫੜੀ ਮਟਰ ਗਸ਼ਤੀ ਕਰ ਰਹੇ ਸਨ।
ਤੀਜਾ ਦਿਨ ਕਾਨਫ਼ਰੰਸ ਦਾ ਆਖ਼ਰੀ ਦਿਨ ਸੀ। ਆਖ਼ਰੀ ਦਿਨ ਤਾਂ ਆਖ਼ਰੀ ਹੀ ਹੁੰਦਾ ਹੈ। ਇਸ ਦਿਨ ਪੇਪਰ ਪੜ੍ਹਨ ਪੜ੍ਹਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ। ਇਹ ਤਾਂ ਟੀ.ਏ./ਡੀ.ਏ. ਵੰਡਣ, ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸਰਟੀਫ਼ੀਕੇਟ ਲੈਣ ਵੈਲੀਡਿਕਟਰੀ ਫ਼ੰਕਸ਼ਨ ਵਿਚ ਸ਼ਿਰਕਤ ਕਰਨ, ਦੋਸਤਾਂ ਮਿੱਤਰਾਂ ਨੂੰ ਆਖ਼ਰੀ ਸਲਾਮ ਕਹਿਣ, ਕਿਸੇ ਹੋਰ ਕਾਨਫ਼ਰੰਸ ਵਿਚ ਇਕੱਠੇ ਹੋਣ ਦੇ ਮਨਸੂਬੇ ਘੜਨ ਦਾ ਦਿਨ ਹੁੰਦਾ ਹੈ। ਨਾਲੇ ਪਹਿਲੇ ਦਿਨ ਬਥੇਰੀ ਖੋਜ ਦੀ ਚਰਚਾ ਹੋ ਚੁੱਕੀ ਹੁੰਦੀ ਹੈ। ਕੁੱਝ ਪਲ ਤਾਂ ਫ਼ੁਰਸਤ ਦੇ ਵੀ ਹੋਣੇ ਚਾਹੀਦੇ ਹਨ। ਤੀਜੇ ਦਿਨ ਤਾਂ ਘੁੰਮਣ-ਫਿਰਨ ਅਤੇ ਭੁੱਲਾਂ ਬਖ਼ਸ਼ਾਉਣ ਲਈ ਵਿਦੇਸ਼ੀ ਅਤੇ ਹਿੰਦੋਸਤਾਨ ਦੇ ਦੂਰ-ਦੁਰਾਡੇ ਥਾਵਾਂ ਤੋਂ ਆਏ ਡੈਲੀਗੇਟਸ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਟੂਰ ਰਖਿਆ ਹੋਇਆ ਸੀ। ਵੈਸੇ ਵੀ ਇਹ ਤਾਂ ਲੈ ਨੂੰ ਦੇ ਹੁੰਦੀ ਹੈ। ਜੇ ਇਥੋਂ ਦੇ ਪ੍ਰਬੰਧਕ ਕਿਸੇ ਨੂੰ ਘੁੰਮਣ ਨਹੀਂ ਲਿਜਾਣਗੇ ਤਾਂ ਹੋਰ ਕੌਣ ਲੈ ਕੇ ਜਾਵੇਗਾ? ਜੇ ਇਹ ਤੋਹਫ਼ੇ ਨਹੀਂ ਦੇਣਗੇ ਤਾਂ ਕੌਣ ਦੇਵੇਗਾ? ਸੋ ਇਹ ਤਾਂ ਸ਼ਗਨ ਹੈ ਜਿਸ ਨੂੰ ਦਿਉਗੇ, ਸਮਾਂ ਆਉਣ ਤੇ ਉਸ ਕੋਲੋਂ ਲਵੋਗੇ ਵੀ। ਬਾਕੀ ਪੇਪਰਾਂ-ਪੂਪਰਾਂ ਅਤੇ ਗਿਆਨ-ਵਿਗਿਆਨ ਨੇ ਖਾਧੀ ਕੜ੍ਹੀ, ਇਹ ਤਾਂ ਚਲਦੇ ਹੀ ਰਹਿੰਦੇ ਹਨ। ਸੋ ਆਖ਼ਰੀ ਦਿਨ ਵੈਲੀਡਿਕਟਰੀ ਫ਼ੰਕਸ਼ਨ ਦੇ ਨਾਲ ਇਹ ਤਿੰਨ ਦਿਨਾਂ ਦਾ ਕੁੰਭ ਸਮਾਪਤ ਹੋਇਆ। ਵੈਲੀਡਿਕਟਰੀ ਫ਼ੰਕਸ਼ਨ 'ਚ ਡੈਲੀਗੇਟਸ ਨੇ ਯੂਨੀਵਰਸਟੀ ਦੇ ਪ੍ਰਬੰਧਾਂ ਅਤੇ ਪ੍ਰਬੰਧਕਾਂ ਦਾ ਖੂਬ ਗੁਣਗਾਨ ਕੀਤਾ। ਕਰਦੇ ਵੀ ਕਿਉਂ ਨਾ, ਤਿੰਨ ਦਿਨ ਹੋ ਗਏ ਸਨ ਵਿਆਹ ਖਾਂਦਿਆਂ, ਨਾਚ-ਗਾਣੇ ਸੁਣਦਿਆਂ ਅਤੇ ਮੌਜ-ਮਸਤੀਆਂ ਕਰਦਿਆਂ ਨੂੰ।
ਪਰ ਮੈਂ ਇਕ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਇਕੱਠਾਂ ਦਾ ਇਸ ਗ਼ਰੀਬ ਦੇਸ਼ ਅਤੇ ਦੇਸ਼ਵਾਸੀਆਂ ਨੂੰ ਕੀ ਲਾਭ? ਜਿਥੇ ਜਵਾਨੀ ਦੇ ਚਿਹਰੇ ਤੋਂ ਪਈਆਂ ਚਿੰਤਾ ਦੀਆਂ ਝੁਰੜੀਆਂ, ਹਵਸ ਦੀ ਮੰਡੀ ਵਿਚ ਨਿਲਾਮ ਹੋ ਰਹੇ ਅਣਛੋਹੇ ਬਦਨ, ਤ੍ਰਿਸਕਾਰ ਦੀਆਂ ਪਾਤਰ ਬਣੀਆਂ ਭੁੱਖੀਆਂ ਆਂਦਰਾਂ ਦੀ ਫ਼ਰਿਆਦ, ਕਰਜ਼ੇ ਦੇ ਬੋਝ ਹੇਠ ਕੁਚਲੀ ਬੁੱਢੇ ਬਾਪ ਦੀਆਂ ਅੱਖਾਂ ਦੀ ਨੀਂਦ, ਰੋੜੀ ਕੁਟਦੀ ਮਾਂ ਦੀ ਉਡੀਕ ਵਿਚ ਟਿਕਟਿਕੀ ਲਗਾਈ ਬੈਠੀ ਮਾਸੂਮੀਅਤ ਅਤੇ ਚੌਰਾਹਿਆਂ ਵਿਚ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀਆਂ ਨਾਹਰੇ ਮਾਰਦੀਆਂ ਭੀੜਾਂ, ਸਰਕਾਰਾਂ ਦੇ ਖ਼ਸਤਾ ਪ੍ਰਬੰਧਾਂ, ਖੋਖਲੇ ਵਾਅਦਿਆਂ, ਅਣਵਿਉਂਤੀਆਂ ਜੁਗਤਾਂ ਅਤੇ ਝੂਠੇ ਲਾਰਿਆਂ ਦਾ ਮੂੰਹ ਚਿੜਾਉਂਦੀਆਂ ਹੋਣ। ਪਾਠਕਾਂ ਨੂੰ ਮੇਰੀ ਗ਼ੁਜ਼ਾਰਿਸ਼ ਹੈ ਕਿ ਇਹ ਲੇਖ ਪੜ੍ਹਨ ਉਪਰੰਤ ਕਿਤੇ ਇਹ ਪ੍ਰਭਾਵ ਨਾ ਲੈ ਲੈਣਾ ਕਿ ਸ਼ਾਇਦ ਮੈਂ ਸਾਰੀਆਂ ਹੀ ਕਾਨਫ਼ਰੰਸਾਂ ਜਾਂ ਸੈਮੀਨਾਰਾਂ ਵਿਰੁਧ ਹਾਂ। ਜਿਸ ਤਰ੍ਹਾਂ ਦੀਆਂ ਕਾਨਫ਼ਰੰਸਾਂ ਮੇਰੇ ਗਲੇ ਤੋਂ ਹੇਠਾਂ ਨਹੀਂ ਉਤਰਦੀਆਂ ਮੈਂ ਉਨ੍ਹਾਂ ਵਿਚੋਂ ਇਕ ਦਾ ਨਮੂਨਾ ਪੇਸ਼ ਕੀਤਾ ਹੈ ਅਤੇ ਸੱਚਾਈ ਇਹ ਹੈ ਕਿ ਜ਼ਿਆਦਾਤਰ ਸੈਮੀਨਾਰ ਅਤੇ ਕਾਨਫ਼ਰੰਸਾਂ ਅਜਿਹੀਆਂ ਹੀ ਹੁੰਦੀਆਂ ਹਨ।
ਸੰਪਰਕ : 94171-20251