ਖਰਬਾਂ ਦੀ ਲੁਕਵੀਂ ਕਮਾਈ

ਵਿਚਾਰ, ਵਿਸ਼ੇਸ਼ ਲੇਖ

ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕੰਪਨੀ ਦੀ 40ਵੀਂ ਸਾਲਾਨਾ ਮੀਟਿੰਗ ਵਿਚ ਜੀਉ 4ਜੀ ਸਮਾਰਟ ਫ਼ੋਨ ਲਾਂਚ ਕੀਤਾ। ਇਸ ਤਰ੍ਹਾਂ ਉਸ ਨੇ ਖਪਤਕਾਰਾਂ ਨੂੰ 1500 ਰੁਪਏ ਦੀ ਤਿੰਨ ਸਾਲ ਬਾਅਦ ਮੋੜਨਯੋਗ ਸਿਕਿਉਰਿਟੀ ਬਦਲੇ ਮੁਫ਼ਤ ਵਿਚ ਫ਼ੋਨ ਦੇਣ ਦੇ ਬੁਰਕੇ ਹੇਠ ਖਰਬਾਂ ਰੁਪਏ ਦੀ ਕਮਾਈ ਕਰਨ ਦਾ ਢੰਗ ਲੱਭ ਲਿਆ ਹੈ।

ਖਪਤਕਾਰ ਨੂੰ 22 ਭਾਸ਼ਾਵਾਂ ਦੀ ਕਮਾਂਡ ਵਾਲੇ ਫ਼ੋਨ ਵਿਚ ਐਫ਼.ਐਮ. ਰੇਡੀਉ, ਟਾਰਚਲਾਈਟਸ, ਅਲਫ਼ਾਨਿਊਮੈਰਿਕ ਕੀ-ਪੈਡ, ਕੰਪੈਕਟ ਡਿਜ਼ਾਈਨ, ਕਾਲ ਹਿਸਟਰੀ, ਐਸ.ਡੀ. ਕਾਰਡ ਸਲਾਟ, ਰੋਜ਼ਾਨਾ ਚਾਰ ਘੰਟੇ ਤਕ ਟੈਲੀਵਿਜ਼ਨ ਤੇ ਮਨਪਸੰਦ ਵੀਡੀਉ ਪ੍ਰੋਗਰਾਮ ਵੇਖਣ ਤੋਂ ਇਲਾਵਾ ਐਸ.ਐਮ.ਐਸ. ਬੋਲ ਕੇ ਭੇਜਣ, ਬੋਲ ਕੇ ਗਾਣੇ ਸਰਚ ਕਰਨ, ਵਾਇਸ ਕਮਾਂਡ ਨਾਲ ਇੰਟਰਨੈੱਟ ਦੀ ਸਹੂਲਤ, ਡੈਬਿਟ, ਕ੍ਰੈਡਿਟ ਅਤੇ ਯੂ.ਪੀ.ਆਈ. ਨਾਲ ਜੁੜੀਆਂ ਪੇਮੈਂਟਾਂ ਕਰਨ ਆਦਿ ਵਰਗੀਆਂ ਸਹੂਲਤਾਂ ਦੀ ਗੱਲ ਸੁਣ ਕੇ ਨਾਲ ਖਪਤਕਾਰ ਮੰਤਰ-ਮੁਗਧ ਹੋ ਕੇ ਕਹਿਣਗੇ ਕਿ 1500 ਦੀ ਸਿਕਿਉਰਿਟੀ ਮਾਮੂਲੀ ਗੱਲ ਹੈ। ਸਾਰੀਆਂ ਸਹੂਲਤਾਂ ਮੁਫ਼ਤ ਸਮਝਣ ਵਾਲੇ ਖਪਤਕਾਰ ਨੂੰ ਇਹ ਨਹੀਂ ਪਤਾ ਕਿ ਤੁਹਾਡੇ 1500 ਰੁਪਏ ਦੀ ਸਿਕਿਉਰਿਟੀ ਨਾਲ ਕੰਪਨੀ ਨੂੰ ਖਰਬਾਂ ਰੁਪਏ ਦੀ ਕਮਾਈ ਹੋਵੇਗੀ।

ਕੰਪਨੀ ਦੇ ਨਿਸ਼ਾਨੇ ਤੇ ਉਹ 50 ਕਰੋੜ ਲੋਕ ਹਨ ਜਿਹੜੇ ਫ਼ੀਚਰ ਫ਼ੋਨ ਦੀ ਵਰਤੋਂ ਕਰਦੇ ਹਨ। ਕੰਪਨੀ ਇਸ ਨੂੰ ਅਪਣੀ ਪਕੜ ਵਿਚ ਲੈਣਾ ਚਾਹੁੰਦੀ ਹੈ। ਜੇ ਇਹ 50 ਕਰੋੜ ਲੋਕ 1500 ਰੁਪਏ ਦੀ ਸਿਕਿਉਰਿਟੀ ਤੇ ਫ਼ੋਨ ਲੈਂਦੇ ਹਨ ਤਾਂ ਕੰਪਨੀ ਕੋਲ 7 ਖਰਬ 50 ਅਰਬ ਰੁਪਏ ਜਮਾਂ ਹੋਣਗੇ। ਇਸ ਰਕਮ ਦਾ ਤਿੰਨ ਸਾਲ ਦਾ ਬੈਂਕ ਦਾ 7 ਫ਼ੀ ਸਦੀ ਵਿਆਜ ਇਕ ਖਰਬ 57 ਅਰਬ 50 ਕਰੋੜ ਰੁਪਏ ਬਣੇਗਾ। ਜੇ 25 ਕਰੋੜ ਲੋਕ ਵੀ ਫ਼ੋਨ ਲੈਂਦੇ ਹਨ ਤਾਂ ਕੰਪਨੀ ਕੋਲ ਤਿੰਨ ਖਰਬ 75 ਅਰਬ ਰੁਪਏ ਜਮ੍ਹਾਂ ਹੋਣਗੇ। ਇਸ ਰਕਮ ਦਾ ਤਿੰਨ ਸਾਲ ਦਾ ਵਿਆਜ 78 ਅਰਬ 75 ਕਰੋੜ ਰੁਪਏ ਕੰਪਨੀ ਕਮਾਵੇਗੀ। ਇਹ ਹੈ ਮੂਲਧਨ ਲੋਕਾਂ ਦਾ ਤੇ ਵਿਆਜ ਕੰਪਨੀ ਦਾ।

ਅਫ਼ਸੋਸ ਹੈ ਕਿ ਅਸੀ ਆਮ ਲੋਕ ਡੁੰਘਾਈ ਵਿਚ ਜਾ ਕੇ ਬਾਰੀਕੀ ਨਾਲ ਹਿਸਾਬ ਹੀ ਨਹੀਂ ਕਰਦੇ। ਉਲਟਾ ਬੇਫ਼ਿਕਰੀ ਵਿਚ ਕਹਿ ਦਿੰਦੇ ਹਾਂ '1500 ਰੁਪਏ ਕੀ ਚੀਜ਼ ਹੈ?' ਇਸ ਤਰ੍ਹਾਂ ਚਲਾਕ ਲੋਕ ਵੱਖ-ਵੱਖ ਸਕੀਮਾਂ ਨਾਲ ਲੋਕਾਂ ਦੇ ਪੈਸੇ ਤੇ ਵਿਆਜ ਕਮਾਉਂਦੇ ਹਨ। ਕਈ ਕੰਪਨੀਆਂ ਮੂਲ ਮੋੜ ਦਿੰਦੀਆਂ ਹਨ ਪਰ ਕਈ ਤਾਂ ਮੂਲ ਵੀ ਨਹੀਂ ਮੋੜਦੀਆਂ।

ਇਸ ਤੋਂ ਇਲਾਵਾ ਰਿਲਾਇੰਸ ਕੰਪਨੀ ਵੱਖੋ-ਵੱਖ ਮੋਬਾਈਲ ਰੀਚਾਰਜ ਪਲਾਨ ਵਿਚੋਂ ਵੀ ਕਮਾਵੇਗੀ। ਕੰਪਨੀ ਦੇ ਪਹਿਲੇ ਖਪਤਕਾਰ ਵੀ ਮੁਫ਼ਤ ਫ਼ੋਨ ਲੈਣਗੇ ਤੇ ਦੂਜੀਆਂ ਕੰਪਨੀਆਂ ਦੇ ਗਾਹਕ ਵੀ ਇਸ ਮੁਫ਼ਤ ਦੀ ਸਕੀਮ ਵਲ ਖਿੱਚੇ ਆਉਣਗੇ। ਇਸ ਤਰ੍ਹਾਂ ਦੀ ਕਮਾਈ ਨਾਲ ਧਨ-ਦੌਲਤ ਇਕ ਥਾਂ ਇਕੱਠੀ ਹੋ ਰਹੀ ਹੈ ਅਤੇ ਅਮੀਰੀ ਵਿਚ ਵਾਧਾ ਹੋ ਰਿਹਾ ਹੈ।  ਦੂਜੇ ਪਾਸੇ ਗ਼ਰੀਬੀ ਦਾ ਗਰਾਫ਼ ਡਿਗਦਾ ਜਾ ਰਿਹਾ ਹੈ। ਕੰਪਨੀ ਕਹਿ ਰਹੀ ਹੈ ਕਿ 'ਮੇਕ ਇੰਨ ਇੰਡੀਆ' ਅਧੀਨ ਇਹ ਫ਼ੋਨ ਭਾਰਤ ਵਿਚ ਹੀ ਤਿਆਰ ਹੋਣਗੇ। ਇਸ ਦੀ ਰੀਸ ਨਾਲ ਮੁਕਾਬਲੇ ਵਿਚ ਆ ਕੇ ਦੂਜੀਆਂ ਕੰਪਨੀਆਂ ਵੀ ਗਾਹਕਾਂ ਨੂੰ ਲੁਭਾਉਣ ਲਈ ਕਈ ਹਥਕੰਡੇ ਅਪਨਾਉਣਗੀਆਂ।

ਜੇ ਮੋਦੀ ਸਰਕਾਰ ਸੇਰ ਹੈ ਤਾਂ ਕੰਪਨੀਆਂ ਵਾਲੇ ਸਵਾ ਸੇਰ ਹਨ। ਹੁਣ 99ਵੇਂਵਾਦ ਰਾਹੀਂ ਕਾਲਾ ਧਨ ਪੈਦਾ ਹੋ ਰਿਹਾ ਹੈ। ਅਜਕਲ ਹਰ ਉਤਪਾਦ ਦੀ ਕੀਮਤ 99ਵੇਂ ਅੰਕਾਂ ਵਿਚ ਲਿਖੀ ਜਾ ਰਹੀ ਹੈ, ਜਿਵੇਂ 99, 999, 1999 ਆਦਿ। ਜਦ ਇਕ ਗਾਹਕ ਬਾਜ਼ਾਰ ਜਾਂਦਾ ਹੈ, ਜੇ ਉਹ 1999 ਰੁਪਏ ਦੀ ਕੋਈ ਚੀਜ਼ ਖ਼ਰੀਦਦਾ ਹੈ ਤਾਂ ਉਸ ਕੋਲ ਟੁੱਟੇ ਪੈਸੇ ਨਹੀਂ ਹੁੰਦੇ, ਉਹ 2 ਹਜ਼ਾਰ ਰੁਪਏ ਦਿੰਦਾ ਹੈ। ਇਕ ਰੁਪਿਆ ਵਾਪਸ ਨਹੀਂ ਮਿਲਦਾ ਅਤੇ ਗਾਹਕ ਵੀ ਇਕ ਰੁਪਿਆ ਮੰਗਣਾ ਜ਼ਰੂਰੀ ਨਹੀਂ ਸਮਝਦਾ।

ਜੇ ਇਕ ਦੁਕਾਨ ਉਤੇ 500 ਗਾਹਕ ਜਾਂਦੇ ਹਨ ਤਾਂ ਮਾਲਕ ਨੂੰ 500 ਰੁਪਏ ਇਕ ਦਿਨ ਵਿਚ ਅਲੱਗ ਤੋਂ ਬਚ ਜਾਂਦੇ ਹਨ। ਇਸ ਤਰ੍ਹਾਂ 365 ਦਿਨਾਂ ਵਿਚ 1 ਲੱਖ 82 ਹਜ਼ਾਰ 500 ਰੁਪਏ ਬੱਚ ਜਾਂਦੇ ਹਨ। ਇਹ ਕਾਲਾ ਧਨ ਹੁੰਦਾ ਹੈ ਜਿਸ ਉਤੇ ਟੈਕਸ ਨਹੀਂ ਦਿਤਾ ਜਾਂਦਾ। ਦੇਸ਼ ਵਿਚ ਛੋਟੀਆਂ-ਵੱਡੀਆਂ ਕਰੋੜਾਂ ਦੁਕਾਨਾਂ ਹਨ, ਇਸ 99ਵੇਂਵਾਦ ਰਾਹੀਂ ਪਤਾ ਨਹੀਂ ਰੋਜ਼ਾਨਾ ਕਿੰਨੇ ਕਰੋੜ ਰੁਪਏ ਦਾ ਕਾਲਾ ਧਨ ਪੈਦਾ ਹੋ ਰਿਹਾ ਹੈ। ਕਿਸਾਨ, ਮਜ਼ਦੂਰ ਅਤੇ ਨੌਕਰੀਪੇਸ਼ਾ ਲੋਕਾਂ ਦੀ ਬੱਚਤ ਕਾਲਾ ਧਨ ਨਹੀਂ। ਕਾਲਾ ਧਨ, ਦੁਕਾਨਦਾਰ ਪੈਦਾ ਕਰਦੇ ਹਨ।

ਹੁਣ ਮਰੀਜ਼ਾਂ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੱਲ ਸੁਣੋ। ਹਰ ਘਰ ਵਿਚ ਰਸੋਈ ਦੇ ਖਰਚੇ ਦੇ ਬਰਾਬਰ ਦਵਾਈਆਂ ਦਾ ਖ਼ਰਚਾ ਹੈ। ਹਸਪਤਾਲਾਂ ਵਿਚੋਂ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਬਹੁਤ ਸਸਤੀਆਂ ਹੁੰਦੀਆਂ ਹਨ। ਮਹਿੰਗੀਆਂ ਦਵਾਈਆਂ ਬਾਜ਼ਾਰ ਤੋਂ ਲੈਣੀਆਂ ਪੈਂਦੀਆਂ ਹਨ। ਡਾਕਟਰ ਇਕ ਸਾਲਟ ਵਾਲੀ ਮਹਿੰਗੀ ਦਵਾਈ ਲਿਖਦਾ ਹੈ। ਕੈਮਿਸਟ ਦੀ ਦੁਕਾਨ ਵੀ ਦਸ ਦਿੰਦਾ ਹੈ। ਦਵਾਈ ਵਿਖਾਉਣ ਦੀ ਹਦਾਇਤ ਵੀ ਕਰ ਦਿੰਦਾ ਹੈ। ਦਵਾਈ ਨਿਰਮਾਤਾ ਕੰਪਨੀਆਂ ਵੱਡੇ ਡਾਕਟਰਾਂ ਨੂੰ ਮਹਿੰਗੀਆਂ ਕਾਰਾਂ ਤੋਹਫ਼ੇ ਵਜੋਂ ਦਿੰਦੀਆਂ ਹਨ। ਵਿਦੇਸ਼ਾਂ ਦੀ ਸੈਰ ਵੀ ਕਰਵਾਉਂਦੀਆਂ ਹਨ।

ਦਿਲ ਦੇ ਦੌਰੇ ਦਾ streptokinase ਦਾ ਟੀਕਾ ਜਿਸ ਦਾ ਪ੍ਰਿੰਟ ਰੇਟ 9 ਹਜ਼ਾਰ ਰੁਪਏ ਹੈ, ਉਸ ਦੀ ਅਸਲ ਕੀਮਤ ਸਿਰਫ਼ 900 ਰੁਪਏ ਹੈ। ਟਾਈਫ਼ਾਈਡ ਲਈ ਮੋਟੋਕੋਫ਼ ਦੀ ਥੋਕ ਕੀਮਤ ਸਿਰਫ਼ 25 ਰੁਪਏ ਹੈ। ਡਾਕਟਰ ਜਾਂ ਦੁਕਾਨ ਤੋਂ 53 ਰੁਪਏ ਵਿਚ ਮਿਲਦੀ ਹੈ। ਕਿਡਨੀ ਦੇ ਡਾਇਲੇਸਿਸ ਮਗਰੋਂ ਲੱਗਣ ਵਾਲੇ ਟੀਕੇ ਦਾ ਪਿੰ੍ਰਟ ਰੇਟ 1800 ਰੁਪਏ ਹੈ। ਇਹ ਟੀਕਾ ਕਪਨੀਆਂ ਸਿਰਫ਼ ਡਾਕਟਰਾਂ ਨੂੰ ਹੀ ਦਿੰਦੀਆਂ ਹਨ। ਇਸ ਦੀ ਅਸਲ ਕੀਮਤ ਸਿਰਫ਼ 500 ਰੁਪਏ ਹੈ। ਡਾਕਟਰ ਮਨਮਰਜ਼ੀ ਦਾ ਰੇਟ ਲਾਉਂਦਾ ਹੈ। ਇਨਫ਼ੈਕਸ਼ਨ ਲਈ ਐਂਟੀਬਾਇਉਟਿਕ ਗੋਲੀਆਂ ਦੇ ਪੱਤੇ ਦਾ ਪਿੰ੍ਰਟ ਰੇਟ 540 ਰੁਪਏ ਹੈ। ਇਸੇ ਸਾਲਟ ਦਾ ਦੂਜੀ ਕੰਪਨੀ ਦਾ ਪੱਤਾ 150 ਰੁਪਏ ਦਾ ਹੈ। ਜੈਨੇਰਿਕ ਦਾ ਸਿਰਫ਼ 45 ਰੁਪਏ ਦਾ ਹੈ ਪਰ ਦੁਕਾਨਦਾਰ, ਡਾਕਟਰ ਦਾ ਲਿਖਿਆ ਹੋਇਆ 540 ਰੁਪਏ ਵਾਲਾ ਪੱਤਾ ਹੀ ਦੇਵੇਗਾ।

ਹੁਣ ਸੁਨਿਆਰੇ ਦੀ ਗੱਲ ਸੁਣੋ, ਜਿਹੜਾ ਅਪਣੀ ਮਾਂ ਦੇ ਗਹਿਣਿਆਂ ਵਿਚ ਵੀ ਖੋਟ ਪਾਉਣ ਲਈ ਬਦਨਾਮ ਹੈ। ਤੁਸੀ 10 ਗ੍ਰਾਮ ਸੋਨਾ 30 ਹਜ਼ਾਰ ਦਾ ਮੁੱਲ ਲੈ ਕੇ ਸੁਨਿਆਰੇ ਨੂੰ ਗਹਿਣਾ ਬਣਾਉਣ ਲਈ ਦਿੰਦੇ ਹੋ। ਉਹ ਦੋ ਹਜ਼ਾਰ ਰੁਪਏ ਤਾਂ ਲੇਬਰ ਲੈਂਦਾ ਹੈ। ਉਹ 1 ਗ੍ਰਾਮ 3 ਹਜ਼ਾਰ ਰੁਪਏ ਦਾ ਸੋਨਾ ਕੱਢ ਕੇ, 1 ਗ੍ਰਾਮ ਤਾਂਬੇ ਦਾ ਟਾਂਕਾ ਲਾ ਕੇ ਤੁਹਾਡਾ ਵਜ਼ਨ 10 ਗ੍ਰਾਮ ਪੂਰਾ ਕਰ ਦਿੰਦਾ ਹੈ। ਹੁਣ ਤੁਹਾਡਾ ਸੋਨਾ 27 ਹਜ਼ਾਰ ਰੁਪਏ ਦਾ 9 ਗ੍ਰਾਮ ਰਹਿ ਗਿਆ। ਸੁਨਿਆਰਾ 5 ਹਜ਼ਾਰ ਰੁਪਏ ਕਮਾ ਗਿਆ। ਜੇ ਤੁਸੀ ਉਹੀ ਗਹਿਣਾ ਵੇਚਣ ਜਾਂਦੇ ਹੋ ਤਾਂ ਸੁਨਿਆਰਾ ਇਕ ਗ੍ਰਾਮ ਤਾਂਬੇ ਦੇ ਟਾਂਕੇ ਦੀ ਕੀਮਤ, ਸੋਨੇ ਦੇ ਇਕ ਗ੍ਰਾਮ ਦੇ ਰੂਪ ਵਿਚ ਤਿੰਨ ਹਜ਼ਾਰ ਕੱਟ ਲੈਂਦਾ ਹੈ। ਹੁਣ ਤੁਹਾਡਾ ਸੋਨਾ 8 ਗ੍ਰਾਮ 24 ਹਜ਼ਾਰ ਰੁਪਏ ਦਾ ਰਹਿ ਗਿਆ। ਉਤਲੀ ਕਮਾਈ ਸੁਨਿਆਰੇ ਦਾ ਕਾਲਾ ਧਨ ਹੈ। ਸੁਨਿਆਰਾ ਪੱਕਾ ਬਿਲ ਨਹੀਂ ਕਟਦਾ, ਸਿਰਫ਼ ਸਾਦੇ ਕਾਗ਼ਜ਼ ਉਤੇ ਕੀਮਤ ਲਿਖ ਦਿੰਦਾ ਹੈ। ਅਪਣੇ ਦਸਤਖ਼ਤ ਵੀ ਨਹੀਂ ਕਰਦਾ।

ਹੁਣ ਥੁੜਾਂ ਮਾਰੇ ਕਿਸਾਨ ਦੀ ਗੱਲ ਲਉ ਜਿਹੜਾ ਅਪਣੀ ਫ਼ਸਲ ਦਾ ਮੁੱਲ ਆਪ ਨਹੀਂ ਪਾ ਸਕਦਾ, 24 ਘੰਟੇ ਮਿੱਟੀ ਨਾਲ ਮਿੱਟੀ ਹੋ ਕੇ ਵੀ ਕਰਜ਼ੇ ਹੇਠ ਦਬਿਆ ਰਹਿੰਦਾ ਹੈ। ਕਿਸੇ ਬਾਣੀਏ ਨੇ ਕਿਹਾ ਸੀ ਕਿ ਜੇ ਕਿਸਾਨ ਨਾ ਹੁੰਦੇ ਤਾਂ ਬੰਦਿਆਂ ਨੂੰ ਹੱਲ ਵਹੁਣੇ ਪੈਂਦੇ। ਸ਼ੱਕ ਮੇਰਾ ਵੀ ਪੱਕਾ ਹੋ ਰਿਹਾ ਹੈ। ਅਮੀਰਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਬੰਦੇ ਬਣਨ ਹੀ ਨਹੀਂ ਦੇਣਾ। ਬਹੁਤੇ ਕਿਸਾਨਾਂ ਨੂੰ ਉਧਾਰ ਚੁਕਣਾ ਹੀ ਪੈਂਦਾ ਹੈ। ਯੂਰੀਆ, ਡੀ.ਏ.ਪੀ. ਖਾਦ ਅਤੇ ਕੀਟਨਾਸ਼ਕ ਦਵਾਈਆਂ ਲਈ ਆੜ੍ਹਤੀਏ ਪੈਸੇ ਨਹੀਂ ਦਿੰਦੇ। ਡੀਲਰ ਕੋਲ ਭੇਜ ਦਿੰਦਾ ਹੈ। ਅੱਗੋਂ ਡੀਲਰ ਕਹਿੰਦਾ ''ਭਾਈ ਕੀ ਕਰਾਂ, ਕੰਪਨੀ ਵਾਲੇ ਬੋਰੀ ਪਿਛੇ 10 ਰੁਪਏ ਬਲੈਕ ਮੰਗਦੇ ਹਨ। ਖਾਦ ਤਾਂ ਮਿਲਦੀ ਨਹੀਂ। ਅਸੀ ਕੀ ਕਰੀਏ?''

ਕਿਸਾਨ ਕਹਿੰਦੈ, ''ਸੇਠ ਜੀ 10 ਰੁਪਏ ਕੋਈ ਚੀਜ਼ ਨਹੀਂ, ਪੈਸਾ ਹੱਥਾਂ ਦੀ ਮੈਲ ਹੈ। ਮੇਰੀ ਫ਼ਸਲ ਖ਼ਰਾਬ ਹੁੰਦੀ ਹੈ। ਮੇਰੀ ਮਿਹਨਤ ਵਾਲੀ ਗੱਲ ਹੈ, ਤੂੰ 10 ਰੁਪਏ ਵੱਧ ਲਾ ਲੈ, ਮੈਨੂੰ 50 ਬੋਰੀਆਂ ਜ਼ਰੂਰ ਦੇ ਦੇ। ਇਧਰ ਡੀਲਰ 10 ਰੁਪਏ ਵੱਧ ਲਾ ਲੈਂਦਾ ਹੈ। ਉਧਰ ਆੜ੍ਹਤੀਆ ਵਿਆਜ ਲਾ ਲੈਂਦਾ ਹੈ। ਜਦ ਕਿਸਾਨ ਸਟੋਰ ਵਿਚੋਂ ਖਾਦ ਚੁਕਦਾ ਹੈ ਤਾਂ ਉਥੇ ਬੋਰੀਆਂ ਦੇ ਅੰਬਾਰ ਲੱਗੇ ਪਏ ਹੁੰਦੇ ਹਨ। ਜੇ ਇਕ ਡੀਲਰ ਮਹੀਨੇ ਵਿਚ ਇਕ ਲੱਖ ਬੋਰੀ ਵੇਚਦਾ ਹੈ ਤਾਂ 10 ਲੱਖ ਸਿੱਧਾ ਹੀ ਕਾਲਾ ਧਨ ਬਣ ਜਾਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚੀ ਹਵਾ ਵਿਚ ਹੈ, ਨਿੱਤ ਦਾ ਮੁਸਾਫ਼ਰ ਹੈ। ਜਹਾਜ਼ ਤੋਂ ਹੇਠਾਂ ਨਹੀਂ ਉਤਰਦਾ। ਵੱਡਿਆਂ ਨੂੰ ਸਹੂਲਤਾਂ ਦਿੰਦਾ ਹੈ। ਗ਼ਰੀਬਾਂ ਨੂੰ 'ਮਨ ਕੀ ਬਾਤ' ਸੁਣਾਉਂਦਾ ਰਹਿੰਦਾ ਹੈ। ਨੋਟਬੰਦੀ ਅਤੇ ਜੀ.ਐਸ.ਟੀ. ਦੀ ਬਜਾਏ ਚੰਗਾ ਹੁੰਦਾ ਜੇ ਅਮੀਰਾਂ ਨੂੰ ਹੱਥ ਪਾ ਕੇ ਗ਼ਰੀਬਾਂ ਲਈ ਕੁੱਝ ਕੀਤਾ ਹੁੰਦਾ।
ਸੰਪਰਕ : 94639-80156