ਕਿਉਂ ਵੱਧ ਰਹੀ ਹੈ ਕਾਨੂੰਨ ਹੱਥ 'ਚ ਲੈਣ ਦੀ ਪ੍ਰਵਿਰਤੀ?

ਵਿਚਾਰ, ਵਿਸ਼ੇਸ਼ ਲੇਖ



ਜੇ  ਅਸੀ ਅਪਣੇ ਦੇਸ਼ ਦੇ ਅਜੋਕੇ ਸਮਾਜ ਦੀ ਪੜਚੋਲ ਕਰੀਏ ਜਾਂ ਟੀ.ਵੀ., ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਹੀ ਆਧਾਰ ਮੰਨ ਲਈਏ ਤਾਂ ਪਤਾ ਲਗਦਾ ਹੈ ਕਿ ਸਮਾਜ ਕੁੱਝ ਡਾਵਾਂਡੋਲ ਜਿਹਾ ਹੀ ਹੋ ਰਿਹਾ ਹੈ। ਕਈ ਲੋਕ ਤਾਂ ਅਜਕਲ ਮਨੁੱਖਾਂ ਵਿਚ ਵੱਧ ਰਹੇ ਗੁੱਸੇ ਨੂੰ ਇਸ ਦਾ ਕਾਰਨ ਦਸਦੇ ਹਨ। ਕਈ ਸਾਡੀ ਵਿਦਿਆ ਦਾ ਨੈਤਿਕ ਸਿਖਿਆ ਤੋਂ ਦੂਰ ਰਹਿਣਾ ਅਤੇ ਕਈ ਕਾਨੂੰਨ ਅਤੇ ਵਿਵਸਥਾ ਦੀ ਡਾਵਾਂਡੋਲ ਸਥਿਤੀ ਨੂੰ ਕਾਰਨ ਦਸਦੇ ਹਨ।
ਕਾਰਨ ਕੁੱਝ ਵੀ ਹੋਵੇ ਪਰ ਸਮਾਜ, ਲੋਕਤੰਤਰ ਅਤੇ ਪ੍ਰਵਾਰਕ ਖ਼ੁਸ਼ੀਆਂ ਲਈ ਇਹ ਸੱਭ ਕੁੱਝ ਚੰਗਾ ਨਹੀਂ ਹੋਵੇਗਾ। ਅਪਣੇ ਹੱਕਾਂ ਲਈ ਲੜਨਾ, ਸੰਵਿਧਾਨ ਦੇ ਹੱਕਾਂ ਦੇ ਹੁੰਦੇ ਹੋਏ ਧਰਨੇ-ਜਲੂਸ ਕਰਨਾ ਤਾਂ ਸੱਭ ਠੀਕ ਲਗਦੇ ਹਨ ਪਰ ਭੜਕਾਹਟ ਵਿਚ ਆ ਕੇ ਤੋੜਭੰਨ ਕਰਨੀ, ਰਾਹ ਜਾਂਦੀਆਂ ਗੱਡੀਆਂ, ਮੋਟਰਾਂ ਜਾਂ ਕਾਰਾਂ ਨੂੰ ਰੋਕ ਕੇ ਅੱਗ ਲਾ ਦੇਣੀ, ਕਿਸੇ ਵੀ ਸੰਵਿਧਾਨ ਦੇ ਹੱਕੀ ਘੇਰੇ ਵਿਚ ਨਹੀਂ ਆਉਂਦੇ। ਵੇਖਣ ਵਿਚ ਆਇਆ ਹੈ ਕਿ ਕਈ ਵਾਰ ਬਹੁਤ ਛੋਟੀਆਂ-ਛੋਟੀਆਂ ਮੰਗਾਂ ਨੂੰ ਲੈ ਕੇ ਹੀ ਲੋਕ ਪੁਲਿਸ ਉਤੇ ਪੱਥਰਬਾਜ਼ੀ ਕਰਦੇ ਹਨ ਜਾਂ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਕਰ ਕੇ ਉਹ ਲੋਕ ਭਾਵੇਂ ਅਪਣੇ ਹੱਕਾਂ ਦੀ ਰਾਖੀ ਲਈ ਲੜਦੇ ਹਨ ਪਰ ਕਾਨੂੰਨ ਨੂੰ ਵੀ ਹੱਥ ਵਿਚ ਲੈ ਲੈਂਦੇ ਹਨ।
ਆਮ ਖ਼ਬਰਾਂ ਤੋਂ ਪਤਾ ਲਗਦਾ ਹੈ ਕਿ ਕਈ ਵਾਰ ਕਿਸੇ ਹਸਪਤਾਲ ਵਿਚ ਕਿਸੇ ਮਰੀਜ਼ ਦੀ ਮੌਤ ਹੋਣ ਤੇ ਉਸ ਮਰੀਜ਼ ਦੇ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਵਲੋਂ ਹਸਪਤਾਲ ਦੀ ਭੰਨਤੋੜ ਕੀਤੀ ਜਾਂਦੀ ਹੈ ਜਾਂ ਡਾਕਟਰਾਂ ਉਪਰ ਹਮਲੇ ਕੀਤੇ ਜਾਂਦੇ ਹਨ। ਕਿਸੇ ਗੱਲ ਤੇ ਉਨ੍ਹਾਂ ਦਾ ਗੁੱਸਾ ਜਾਇਜ਼ ਹੋ ਸਕਦਾ ਹੈ ਪਰ ਕਾਨੂੰਨ ਨੂੰ ਹੱਥਾਂ ਵਿਚ ਲੈਣਾ ਉਨ੍ਹਾਂ ਲਈ ਵੀ ਗ਼ਲਤ ਹੁੰਦਾ ਹੈ। ਕਾਨੂੰਨ ਦੇ ਘੇਰੇ ਵਿਚ ਰਹਿ ਕੇ ਕੋਈ ਵੀ ਲੜਾਈ ਲੜੀ ਜਾ ਸਕਦੀ ਹੈ।
ਅਜਕਲ ਦੇਸ਼ ਵਿਚ ਇਕ ਨਵੀਂ ਕਿਸਮ ਦੀ ਪ੍ਰਵਿਰਤੀ ਸਾਹਮਣੇ ਆ ਰਹੀ ਹੈ। ਕੁੱਝ ਜਥੇਬੰਦੀਆਂ ਦੇ ਕਾਰਕੁਨ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਭੰਨਤੋੜ ਦੀਆਂ ਕਾਰਵਾਈਆਂ ਕਰਦੇ ਹਨ। ਅਜਿਹਾ ਕਰਨ ਨਾਲ ਭਾਵੇਂ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪੈਂਦਾ ਪਰ ਅਜਿਹਾ ਕਰਨਾ ਸਮਾਜ ਲਈ ਲਾਹਨਤ ਬਣਦਾ ਜਾ ਰਿਹਾ ਹੈ। ਅਜਿਹੇ ਲੋਕ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਖ਼ਰਾਬ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮਾਫ਼ੀ ਦੇ ਪਾਤਰ ਨਹੀਂ ਹਨ। ਇਸ ਤੋਂ ਵੱਧ ਕਈ ਥਾਵਾਂ ਉਤੇ ਧਰਮ ਦੇ ਨਾਂ ਤੇ ਕੁੱਝ ਲੋਕ ਕਾਨੂੰਨ ਨੂੰ ਅਪਣੇ ਹੱਥਾਂ ਵਿਚ ਲੈਂਦੇ ਹਨ। ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਆਮ ਸਾਹਮਣੇ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਸ਼ੂਆਂ ਨੂੰ ਲਿਜਾ ਰਹੇ ਲੋਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਤਾੜਨਾ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਨਹੀਂ ਪੈ ਰਹੀ। ਜੇ ਕਿਸੇ ਨੂੰ ਵੀ ਕੋਈ ਬੁਰਾ ਕਰਨ ਦੀ ਸ਼ਿਕਾਇਤ ਹੈ ਤਾਂ ਉਸ ਲਈ ਸੰਵਿਧਾਨਕ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਕਾਨੂੰਨ ਨੂੰ ਅਪਣੇ ਹੱਥਾਂ ਵਿਚ ਲੈਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ।
ਅਜਕਲ ਕਈ ਥਾਈਂ ਅੰਤਰਜਾਤੀ ਵਿਆਹ ਹੋਣ ਕਾਰਨ ਜਾਂ ਜਾਤਾਂ ਧਰਮਾਂ ਵਿਚ ਝਗੜੇ ਆਮ ਹੁੰਦੇ ਰਹਿੰਦੇ ਹਨ ਤਾਂ ਲੋਕ ਪੁਲਿਸ ਜਾਂ ਕਾਨੂੰਨ ਦੀ ਮਦਦ ਲਏ ਬਗ਼ੈਰ ਹੀ ਅਪਣੇ ਆਪ ਹੀ ਹਿੰਸਾ ਤੇ ਉਤਰ ਆਉਂਦੇ ਹਨ। ਪਰ ਇਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਅਤੇ ਕਾਨੂੰਨ ਵਿਵਸਥਾ ਵਿਗੜ ਜਾਂਦੀ ਹੈ। ਕਿੰਨਾ ਚੰਗਾ ਹੋਵੇ ਜੇ ਅਜਿਹੀ ਸਥਿਤੀ ਵਿਚ ਲੋਕ ਕਾਨੂੰਨ ਦੀ ਮਦਦ ਲੈਣ ਅਤੇ ਖ਼ੁਦ ਹਿੰਸਾ ਤੇ ਉਤਾਰੂ ਨਾ ਹੋਣ।
ਕਈ ਵਾਰ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਜਾਂ ਆਮ ਲੋਕਾਂ ਵਲੋਂ ਦਿਤੇ ਜਾਣ ਵਾਲੇ ਧਰਨਿਆਂ ਨੂੰ ਪੁਲਿਸ ਵੀ ਅਪਣੀ ਨੇਕ ਸਮਝਦਾਰੀ ਵਿਚ ਕਾਬੂ ਹੇਠ ਰੱਖਣ ਵਿਚ ਕਾਮਯਾਬ ਨਹੀਂ ਹੁੰਦੀ ਅਤੇ ਪੁਲਿਸ ਵਲੋਂ ਹੀ ਉਕਸਾਊ ਕਾਰਵਾਈ ਕਰਨ ਨਾਲ ਹਾਲਾਤ ਵਿਗੜ ਜਾਂਦੇ ਹਨ ਅਤੇ ਪ੍ਰਦਰਸ਼ਨਕਾਰੀ ਹਿੰਸਾ ਤੇ ਉਤਰ ਆਉਂਦੇ ਹਨ। ਅਜਿਹੇ ਮੌਕਿਆਂ ਤੇ ਪੁਲਿਸ ਨੂੰ ਕੂਟਨੀਤੀ ਦਾ ਪ੍ਰਯੋਗ ਕਰ ਕੇ ਸਥਿਤੀ ਨੂੰ ਸ਼ਾਂਤਮਈ ਢੰਗ ਨਾਲ ਸੰਭਾਲਣਾ ਚਾਹੀਦਾ ਹੈ ਤਾਕਿ ਹਾਲਾਤ ਕਿਸੇ ਵੀ ਤਰ੍ਹਾਂ ਹਿੰਸਕ ਨਾ ਬਣਨ। ਪਰ ਇਹ ਜ਼ਰੂਰੀ ਹੈ ਕਿ ਕਿਸੇ ਨੂੰ ਵੀ ਕਾਨੂੰਨ ਅਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ। ਹਿੰਸਾ ਨਾਲ ਹਿੰਸਾ ਹੀ ਭੜਕਦੀ ਹੈ ਅਤੇ ਇਸ ਵਿਚੋਂ ਕੋਈ ਲਾਭਕਾਰੀ ਹੱਲ ਨਹੀਂ ਨਿਕਲਦਾ। ਇਸ ਲਈ ਸਮਾਜ ਦੇ ਸੱਭ ਵਰਗਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਸੰਪਰਕ : 98764-52223