ਕਿਸਾਨ ਖ਼ੁਦਕੁਸ਼ੀਆਂ ਉਤੇ ਚੁੱਪ ਕਿਉਂ ਹੈ ਪੰਜਾਬ ਦਾ ਸੰਤ ਸਮਾਜ?

ਵਿਚਾਰ, ਵਿਸ਼ੇਸ਼ ਲੇਖ



ਪੰਜਾਬ ਵਿਚ ਅਜਕਲ ਕਹਿਰ ਵਾਪਰ ਰਿਹਾ ਹੈ। ਜਿਹੜੇ ਲੋਕ ਧਰਮੀ ਪੁਰਸ਼ਾਂ ਤੋਂ ਅਗਵਾਈ ਲੈ ਕੇ ਸਮਾਜ ਦੀਆਂ ਕੁਰੀਤੀਆਂ ਵਿਰੁਧ ਲੜਦੇ ਰਹੇ ਹਨ, ਅੱਜ ਉਹ ਹੋਣੀ ਅੱਗੇ ਹਾਰ ਗਏ ਲਗਦੇ ਹਨ। ਪੰਜਾਬ ਦੀ ਧਰਤੀ ਉਤੇ ਦੇਸ਼ ਦਾ ਅੰਨਦਾਤਾ ਰੋਜ਼ ਖ਼ੁਦਕੁਸ਼ੀ ਕਰ ਰਿਹਾ ਹੈ। ਹਰ ਰੋਜ਼ ਅਖ਼ਬਾਰ ਵਿਚ ਦੋ ਜਾਂ ਤਿੰਨ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਖ਼ਬਰ ਹੁੰਦੀ ਹੈ। ਇਹ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਵਾਪਰ ਰਿਹਾ ਹੈ। ਆਤਮਹਤਿਆ ਦੇ ਵਰਤਾਰੇ ਨੇ ਇਨਸਾਨੀਅਤ ਪਸੰਦ ਹਰ ਮਨੁੱਖ ਨੂੰ ਝੰਜੋੜਿਆ ਹੋਇਆ ਹੈ। ਪਰ ਸੰਤ ਸਮਾਜ ਘੇਸਲ ਮਾਰ ਕੇ ਸੁੱਤਾ ਪਿਆ ਹੈ। ਸਾਨੂੰ ਸੱਭ ਨੂੰ ਇਹ ਗੱਲ ਯਾਦ ਰਖਣੀ ਚਾਹੀਦੀ ਹੈ ਕਿ ਜੇ ਕਿਸਾਨ ਦੀ ਖ਼ੁਦਕੁਸ਼ੀ ਲਈ ਸਰਕਾਰਾਂ ਜ਼ਿੰਮੇਵਾਰ ਹਨ ਤਾਂ ਸਮਾਜ ਵੀ ਜ਼ਿੰਮੇਵਾਰ ਹੈ। ਸਮਾਜ ਨੂੰ ਨੈਤਿਕਤਾ ਅਤੇ ਧਰਮ ਦਾ ਪਾਠ ਪੜ੍ਹਾਉਣ ਵਾਲੇ ਸੰਤਾਂ-ਸਾਧਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਸਮਾਜ ਵਿਚ ਵਾਪਰ ਰਹੇ ਇਸ ਕਿਸਾਨ ਹਤਿਆ ਰੂਪੀ ਕਹਿਰ ਨੂੰ ਠੱਲ੍ਹਣ ਲਈ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਉਲੀਕਦੇ, ਪਰ ਇਸ ਤਰ੍ਹਾਂ ਦਾ ਕੁੱਝ ਵੀ ਨਜ਼ਰ ਨਹੀਂ ਆਇਆ। ਮੇਰਾ ਮਕਸਦ ਸੰਤ ਸਮਾਜ ਦੀ ਆਲੋਚਨਾ ਕਰਨਾ ਨਹੀਂ, ਪਰ ਹਕੀਕਤ ਸੱਭ ਦੇ ਸਾਹਮਣੇ ਹੈ। ਸੰਤ ਸਮਾਜ ਨੇ ਕੋਈ ਹਾਅ ਦਾ ਨਾਅਰਾ ਦੇਸ਼ ਦੇ ਅੰਨਦਾਤਿਆਂ ਲਈ ਨਹੀਂ ਮਾਰਿਆ।

ਕਿਸਾਨ ਦੀ ਖ਼ੁਦਕੁਸ਼ੀ ਲਈ ਜਿਥੇ ਉਸ ਦੀ ਜਿਨਸ ਦਾ ਵਾਜਬ ਮੁੱਲ ਨਾ ਮਿਲਣਾ ਜ਼ਿੰਮੇਵਾਰ ਹੈ, ਉਥੇ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਕਰਜ਼ਾ ਮੁਕਤੀ ਬਾਰੇ ਦੋਗਲੀਆਂ ਨੀਤੀਆਂ ਵੀ ਜ਼ਿੰਮੇਵਾਰ ਹਨ। ਭਾਰਤ ਦੇਸ਼ ਦੀ ਸਰਕਾਰ ਕਾਰਪੋਰੇਟ ਜਗਤ ਦਾ 8 ਲੱਖ ਕਰੋੜ ਦਾ ਕਰਜ਼ਾ ਤਾਂ ਮਾਫ਼ ਕਰ ਦਿੰਦੀ ਹੈ ਪਰ ਜਦੋਂ ਗੱਲ ਕਿਸਾਨਾਂ ਦੀ ਕਰਜ਼ਾਮਾਫ਼ੀ ਤੇ ਆਉਂਦੀ ਹੈ ਤਾਂ ਇਹੋ ਸਰਕਾਰ ਮੁਕਰ ਜਾਂਦੀ ਹੈ। ਕਿਸਾਨੀ ਕਰਜ਼ਾ ਸਿਰਫ਼ ਇਕ ਲੱਖ ਕਰੋੜ ਬਣਦਾ ਹੈ। ਇਸ ਦੋਹਰੀ ਨੀਤੀ ਨੇ ਕਿਸਾਨ ਨੂੰ ਮੌਤ ਵਲ ਧਕਿਆ ਹੈ। ਕਰਜ਼ੇ ਕਾਰਨ ਕਿਸਾਨ ਮੌਤ ਨੂੰ ਗਲ ਲਾ ਲੈਂਦਾ ਹੈ। ਕਰਜ਼ਾ ਕਿਸਾਨ ਤੇ ਚੜ੍ਹਿਆ ਕਿਵੇਂ ਤੇ ਕਦੋਂ, ਇਸ ਵਲ ਨਾ ਤਾਂ ਮੀਡੀਆ ਧਿਆਨ ਦਿੰਦਾ ਹੈ ਅਤੇ ਨਾ ਹੀ ਟੀ.ਵੀ. ਉਤੇ ਬੈਠ ਕੇ ਵਿਚਾਰ ਕਰਨ ਵਾਲੇ ਲੋਕ ਸੋਚਦੇ ਹਨ। ਕਰਜ਼ਾ ਚੜ੍ਹਨ ਦਾ ਕਾਰਨ ਕਿਸਾਨ ਦੀ ਫ਼ਜ਼ੂਲਖ਼ਰਚੀ ਨੂੰ ਦਸਿਆ ਜਾਂਦਾ ਹੈ ਅਤੇ ਨਾਲ ਹੀ ਇਹ ਪ੍ਰਚਾਰ ਜ਼ੋਰਾਂ ਨਾਲ ਕੀਤਾ ਜਾਂਦਾ ਹੈ ਕਿ ਕਿਸਾਨ ਹੁਣ ਖੇਤਾਂ ਵਿਚ ਕੰਮ ਨਹੀਂ ਕਰਦਾ। ਇਹੋ ਕੰਮ ਨਾ ਕਰਨ ਵਾਲੇ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿਚ ਚਾਵਲ ਤੇ ਕਣਕ ਦਾ ਤਕਰੀਬਨ 60% ਹਿੱਸਾ ਪਾਉਂਦੇ ਹਨ।

ਸਮਾਜ ਦਾ ਕੋਈ ਵੀ ਵਰਗ ਹੋਵੇ, ਉਸ ਵਿਚ ਕੁੱਝ ਲੋਕ ਫ਼ਜ਼ੂਲਖ਼ਰਚੀ ਕਰਨ ਵਾਲੇ ਮਿਲ ਹੀ ਜਾਂਦੇ ਹਨ। ਹੋ ਸਕਦਾ ਹੈ ਕਿਸਾਨਾਂ ਵਿਚ ਵੀ ਫ਼ਜ਼ੂਲਖ਼ਰਚੀ ਵਾਲੇ ਕੁੱਝ ਲੋਕ ਹੋਣ ਪਰ ਕਿਸਾਨ ਦੇ ਸਿਰ ਕਰਜ਼ਾ ਉਦੋਂ ਚੜ੍ਹਦਾ ਹੈ ਜਦੋਂ ਘਰ ਦਾ ਕੋਈ ਜੀਅ ਬਿਮਾਰ ਹੋਵੇ ਜਾਂ ਵਿਆਹ ਕਰਨਾ ਹੋਵੇ। ਇਨ੍ਹਾਂ ਦੋ ਸਮਾਜਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਕਿਸਾਨ ਨੂੰ ਕਰਜ਼ਾ ਚੁਕਣਾ ਪੈਂਦਾ ਹੈ। ਜਿਹੜੀ ਆਮਦਨ ਕਿਸਾਨ ਨੂੰ ਹੁੰਦੀ ਹੈ, ਉਸ ਵਿਚ ਉਹ ਅਪਣਾ ਰੋਜ਼ਾਨਾ ਦਾ ਖ਼ਰਚਾ ਤੋਰੀ ਜਾਂਦਾ ਹੈ। ਪੰਜਾਬ ਦੇ ਕਿਸਾਨ ਨੂੰ ਜੇਕਰ ਵਿਆਹ ਅਤੇ ਬਿਮਾਰੀ ਲਈ ਵਿਆਜਮੁਕਤ ਕਰਜ਼ਾ ਦਿਤਾ ਜਾਵੇ ਤਾਂ ਪੰਜਾਬ ਦਾ ਕਿਸਾਨ ਕਦੇ ਵੀ ਕਰਜ਼ੇ ਦੇ ਭਾਰ ਹੇਠ ਨਹੀਂ ਦੱਬ ਸਕਦਾ। ਪੰਜਾਬ ਦੇ ਕਿਸਾਨ ਮਿਹਨਤੀ ਹਨ, ਉਨ੍ਹਾਂ ਤੇ ਲੱਗ ਰਿਹਾ ਇਹ ਦੋਸ਼ ਕਿ ਅਜਕਲ ਦੇ ਕਿਸਾਨ ਮਿਹਨਤ ਕਰਨੋਂ ਹੱਟ ਗਏ ਹਨ, ਉੱਚ ਵਰਗ ਵਲੋਂ ਬਣਾਈ ਗਈ ਸਰਾਸਰ ਝੂਠੀ ਕਹਾਣੀ ਹੈ। ਇਹ ਵਿਚਾਰ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਪ੍ਰਚਾਰੇ ਗਏ ਹਨ ਤਾਂ ਜੋ ਪੰਜਾਬ ਦੇ ਕਿਸਾਨ ਨੂੰ ਨਕਾਰਾ ਸਿੱਧ ਕਰ ਕੇ ਕੀਤੀਆਂ ਜਾਂ ਰਹੀਆਂ ਖ਼ੁਦਕੁਸ਼ੀਆਂ ਨੂੰ ਕਿਸਾਨਾਂ ਦੇ ਸਿਰ ਹੀ ਮੜ੍ਹਿਆ ਜਾ ਸਕੇ। ਮਿਹਨਤ ਕਰਨ ਦੇ ਢੰਗ ਵਿਚ ਬਦਲਾਅ ਜ਼ਰੂਰ ਆ ਗਿਆ ਹੈ। ਅਜਕਲ ਦੇ ਨੌਜਵਾਨ ਮੁੰਡੇ ਅਪਣੇ ਬਾਪੂ ਵਾਂਗ ਸਾਰਾ-ਸਾਰਾ ਦਿਨ ਖੇਤ ਵਿਚ ਨਹੀਂ ਲਾਉਂਦੇ ਸਗੋਂ ਸਮੇਂ ਸਿਰ ਜਾ ਕੇ ਕੰਮ ਨਿਬੇੜ ਕੇ ਸਮੇਂ ਸਿਰ ਘਰ ਵਾਪਸ ਆ ਜਾਂਦੇ ਹਨ। ਕਿਸਾਨ ਦੇ ਪੁੱਤਰ ਵਲੋਂ ਪਾਇਆ ਚਿੱਟਾ ਕੁੜਤਾ ਪਜਾਮਾ ਸਮੇਂ ਦੀ ਸਰਕਾਰ ਤੇ ਕਿਸਾਨ ਵਿਰੋਧੀ ਸੋਚ ਦੇ ਲੋਕਾਂ ਨੂੰ ਪਸੰਦ ਨਹੀਂ ਆਉਂਦਾ। ਇਹੋ ਜਿਹੇ ਲੋਕ ਚਾਹੁੰਦੇ ਹਨ ਕਿ ਕਿਸਾਨ ਸਾਰਾ ਦਿਨ ਲਿਬੜਿਆ ਹੀ ਰਹੇ ਤਾਂ ਹੀ ਉਹ ਮਿਹਨਤੀ ਮੰਨਿਆ ਜਾਵੇਗਾ। ਕਹਿਣ ਦਾ ਭਾਵ ਪੰਜਾਬ ਦਾ ਕਿਸਾਨ ਮਿਹਨਤੀ ਵੀ ਹੈ ਤੇ ਹੱਥੀਂ ਕੰਮ ਕਰਨ ਵਾਲਾ ਵੀ।

ਪੰਜਾਬ ਦੇ ਕਿਸਾਨ ਨੂੰ ਟੀ.ਵੀ. ਉਤੇ ਬੈਠ ਕੇ ਸਿਆਣੇ ਖੇਤੀ ਮਾਹਰ ਸਲਾਹਾਂ ਦਿੰਦੇ ਹਨ ਕਿ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉ ਜਾਂ ਬਦਲਵੀਂ ਖੇਤੀ ਕਰੋ। ਪੰਜਾਬ ਵਿਚ ਸਬਜ਼ੀਆਂ ਅਤੇ ਹੋਰ ਬਦਲਵੀਆਂ ਫ਼ਸਲਾਂ ਤਕਰੀਬਨ 3%  ਲੋਕ ਬੀਜਦੇ ਹਨ। ਏਨੇ ਕੁ ਲੋਕ ਹੀ ਸਹਾਇਕ ਧੰਦਿਆਂ ਵਿਚ ਲੱਗੇ ਹੋਏ ਹਨ ਜੇ ਇਹ ਫ਼ੀ ਸਦੀ 3 ਤੋਂ 5 ਹੋ ਜਾਵੇ ਤਾਂ ਇਨ੍ਹਾਂ ਸਹਾਇਕ ਧੰਦਿਆਂ ਦੇ ਉਤਪਾਦਨ ਨੂੰ ਚੁੱਕਣ ਵਾਲਾ ਵੀ ਕੋਈ ਨਹੀਂ ਲਭਣਾ। ਇਸ ਕਰ ਕੇ ਇਹ ਸਲਾਹ ਵੀ ਕੋਈ ਵਾਜਬ ਨਹੀਂ ਹੈ। ਜਿੰਨੇ ਕੁ ਲੋਕ ਇਨ੍ਹਾਂ ਸਹਾਇਕ ਕੰਮਾਂ ਵਿਚ ਲੱਗੇ ਹੋਏ ਹਨ ਓਨੇ ਹੀ ਠੀਕ ਹਨ। ਸਰਕਾਰਾਂ ਨੇ ਜੇ ਬਦਲਵੀਆਂ ਫ਼ਸਲਾਂ ਉਗਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਇਨ੍ਹਾਂ ਫ਼ਸਲਾਂ ਦਾ ਸਮਰਥਨ ਮੁੱਲ ਦੇਣਾ ਸ਼ੁਰੂ ਕਰ ਦਿਤਾ ਜਾਵੇ। ਅਪਣੇ ਆਪ ਹੀ ਸਮੱਸਿਆ ਹੱਲ ਹੋ ਸਕਦੀ ਹੈ।
ਆਜ਼ਾਦੀ ਤੋਂ ਬਾਅਦ ਹੁਣ ਤਕ ਸਰਕਾਰਾਂ ਦੀ ਨਾਲਾਇਕੀ ਕਾਰਨ ਕਿਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਨਿਘਰਦੀ ਜਾ ਰਹੀ ਹੈ ਅਤੇ ਅੱਜ ਪੰਜਾਬ ਦਾ ਕਿਸਾਨ ਮੌਤ ਨੂੰ ਗਲੇ ਲਾ ਰਿਹਾ ਹੈ। ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਡੁਬਦੀ ਕਿਰਸਾਨੀ ਦੀ ਬਾਂਹ ਫੜੇ। ਲਾਰਿਆਂ ਨੇ ਕਿਸਾਨ ਦੇ ਨਾਲ ਨਾਲ ਸਰਕਾਰ ਦੀ ਕਿਸ਼ਤੀ ਵੀ ਡੋਬ ਦੇਣੀ ਹੈ। ਖ਼ੁਦਕੁਸ਼ੀ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਪਰ ਇਹ ਸਿਰੇ ਦੀ ਨਮੋਸ਼ੀ ਤੋਂ ਉਪਜਿਆ ਹੋਇਆ ਵਰਤਾਰਾ ਹੈ ਜੋ ਨਵੀਂ ਸਰਕਾਰ ਵੇਲੇ ਹੋਰ ਵੀ ਵੱਧ ਗਿਆ ਹੈ। ਸਰਕਾਰਾਂ ਨੂੰ ਕਿਸਾਨ ਵਿਰੋਧੀ ਨੀਤੀਆਂ ਲਈ ਜਿੰਨਾ ਕੋਸਿਆ ਜਾਵੇ ਓਨਾ ਘੱਟ ਹੈ। ਸਰਕਾਰ ਨੇ ਕਿਸਾਨ ਦੀ ਕਦੀ ਬਾਂਹ ਨਹੀਂ ਫੜੀ। ਸਰਕਾਰ ਦੀ ਆਲੋਚਨਾ ਅਤੇ ਵਿਰੋਧ ਚਲਦਾ ਰਹੇਗਾ। ਹੋ ਸਕਦਾ ਹੈ ਇਕ ਦਿਨ ਉਹ ਆ ਜਾਵੇ ਜਦੋਂ ਕਿਸਾਨ ਸੰਘਰਸ਼ ਕਰ ਕੇ ਇਨ੍ਹਾਂ ਸਰਕਾਰਾਂ ਨੂੰ ਝੁਕਾ ਦੇਣ। ਉਦੋਂ ਤਕ ਸਰਕਾਰਾਂ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਅਪਣੀ ਜ਼ਿੰਮੇਵਾਰੀ ਨਿਭਾਵੇ। ਪਿੰਡ ਵਿਚ ਜਦੋਂ ਕੋਈ ਕਿਸਾਨ ਦਾ ਸਾਥੀ ਕਿਸਾਨ ਮਾੜੀ ਆਰਥਕ ਹਾਲਤ ਵਿਚੋਂ ਲੰਘ ਰਿਹਾ ਹੁੰਦਾ ਹੈ, ਤਾਂ ਸੱਭ ਨੂੰ ਉਸ ਦੀ ਹਾਲਤ ਦਾ ਪਤਾ ਹੁੰਦਾ ਹੈ। ਉਸ ਸਮੇਂ ਸਾਰੇ ਪਿੰਡ ਵਾਸੀਆਂ ਦਾ ਉਸ ਆਰਥਕ ਤੌਰ ਤੇ ਟੁੱਟੇ ਮਨੁੱਖ ਲਈ ਸਹਾਰਾ ਬਣਨ ਦਾ ਸਮਾਂ ਹੁੰਦਾ ਹੈ। ਪਰ ਸਹੀ ਸੋਚ ਅਤੇ ਸਹੀ ਅਗਵਾਈ ਨਾ ਹੋਣ ਕਾਰਨ ਅਸੀ ਉਸ ਕਿਸਾਨ ਦਾ ਸਹਾਰਾ ਬਣਨੋਂ ਖੁੰਝ ਜਾਂਦੇ ਹਾਂ, ਜੋ ਇਕ ਸਿਹਤਮੰਦ ਸਮਾਜ ਦੀ ਨਿਸ਼ਾਨੀ ਨਹੀਂ। ਸਾਨੂੰ ਸਾਡੇ ਗੁਰੂਆਂ ਨੇ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿਤਾ ਸੀ। ਅਸੀ ਉਸ ਨੂੰ ਭੁਲ ਕੇ ਸਿਰਫ਼ ਅਪਣਾ ਭਲਾ ਸੋਚ ਰਹੇ ਹਾਂ, ਇਸੇ ਕਾਰਨ ਇਹ ਪੰਜ, ਸੱਤ ਜਾਂ ਦਸ ਲੱਖ ਲਈ ਸਾਡੇ ਸਾਹਮਣੇ ਹੀ ਸਾਡੇ ਸਾਥੀ ਦਮ ਤੋੜ ਰਹੇ ਹਨ ਤੇ ਅਸੀ ਵੇਖ ਰਹੇ ਹਾਂ।

ਆਮ ਲੋਕਾਂ ਨੂੰ ਛੱਡ ਕੇ ਜੇ ਗੱਲ ਪੰਜਾਬ ਦੇ ਲੋਕਾਂ ਨੂੰ ਅਧਿਆਤਮਕਤਾ ਦਾ ਪਾਠ ਪੜ੍ਹਾਉਣ ਵਾਲੇ ਸੰਤਾਂ ਦੀ ਕਰੀਏ ਤਾਂ ਉਨ੍ਹਾਂ ਨੇ ਅੱਜ ਤਕ ਕਿਸਾਨ ਖ਼ੁਦਕੁਸ਼ੀਆਂ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਥੇ ਹੀ ਸਿੱਖਾਂ ਦੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਸ਼੍ਰੋਮਣੀ ਕਮੇਟੀ ਵੀ ਇਸ ਸਮਾਜਕ ਜ਼ਿੰਮੇਵਾਰੀ ਤੋਂ ਮੁਨਕਰ ਹੋਈ ਨਜ਼ਰ ਆਉਂਦੀ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਗੁਰੂ ਆਸ਼ੇ ਅਨੁਸਾਰ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਲੈਣੀ ਬਣਦੀ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਕਿਸਾਨ ਖ਼ੁਦਕੁਸ਼ੀ ਵਰਗੇ ਗੰਭੀਰ ਮਸਲੇ ਪ੍ਰਤੀ ਸਰਕਾਰ ਨੂੰ ਭੰਡਣਾ ਛੱਡ ਕੇ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਦੇ ਨਾਲ ਨਾਲ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਸਿੱਖ ਧਰਮ ਦੇ ਇਤਿਹਾਸ ਤੋਂ ਜਾਣੂ ਕਰਵਾ ਕੇ ਇਸ ਨੂੰ ਢਹਿੰਦੀ ਕਲਾ ਤੋਂ ਰੋਕਣਾ ਚਾਹੀਦਾ ਹੈ। ਸੰਤ ਸਮਾਜ ਨੂੰ ਅਪਣੇ ਸਾਧਨਾਂ ਰਾਹੀਂ ਕਿਸਾਨਾਂ ਦੀ ਆਰਥਕ ਤੌਰ ਤੇ ਮਦਦ ਦਾ ਐਲਾਨ ਕਰਨਾ ਚਾਹੀਦਾ ਹੈ।

ਸੰਤਾਂ ਸਾਧਾਂ ਨੂੰ ਵੀ ਅਪਣੇ ਉਨ੍ਹਾਂ ਪ੍ਰਵਚਨਾਂ ਤੇ ਚਲਣਾ ਪੈਣਾ ਹੈ, ਜਿਨ੍ਹਾਂ ਰਾਹੀਂ ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਹਨ ਕਿ ਮਾਇਆ ਦਾ ਮੋਹ ਤਿਆਗ ਕੇ ਲੋਕਾਂ ਦੀ ਮਦਦ ਕਰੋ। ਹੁਣ ਸੰਤਾਂ ਨੂੰ ਵੀ ਮਰ ਰਹੇ ਕਿਸਾਨਾਂ ਦੀ ਆਰਥਕ ਮਦਦ ਅਪਣੀ ਇਕੱਠੀ ਕੀਤੀ ਮਾਇਆ ਦਾ ਮੋਹ ਛੱਡ ਕੇ ਕਰਨੀ ਚਾਹੀਦੀ ਹੈ। ਇਨ੍ਹਾਂ ਡੇਰਿਆਂ ਵਿਚ ਜਾਂਦੇ ਵੀ ਇਹ ਵਕਤ ਦੇ ਮਾਰੇ ਕਿਸਾਨ ਹੀ ਹਨ। ਪਰ ਹੈਰਾਨੀ ਦੀ ਹੱਦ ਹੋ ਜਾਂਦੀ ਹੈ ਕਿ ਪੰਜਾਬ ਦਾ ਇਕ ਵੀ ਸੰਤ ਕਿਸੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨ ਦੇ ਘਰ ਨਹੀਂ ਗਿਆ। ਕਿਸੇ ਕਿਸਾਨ ਦੀ ਮਦਦ ਦਾ ਹੋਕਾ ਨਹੀਂ ਦਿਤਾ। ਜੇ ਡੇਰੇਦਾਰ ਅਤੇ ਸੰਤ ਚਾਹੁਣ ਤਾਂ ਅਪਣੇ ਪੈਰੋਕਾਰਾਂ ਨੂੰ ਆਸਾਨੀ ਨਾਲ ਸਮਝਾ ਸਕਦੇ ਹਨ ਕਿ 'ਜੇ ਤੁਹਾਡੇ ਪਿੰਡ ਵਿਚ ਕੋਈ ਕਰਜ਼ਈ ਕਿਸਾਨ ਹੈ ਤਾਂ ਉਸ ਦੀ ਮਦਦ ਕਰੋ, ਮੇਰੇ ਡੇਰੇ ਭਾਵੇਂ ਇਕ ਸਾਲ ਨਾ ਆਇਉ।' ਪਰ ਇਹ ਕਹਿਣ ਦਾ ਜੇਰਾ ਕੇਵਲ ਮਾਇਆ ਤੋਂ ਨਿਰਲੇਪ ਬੰਦਾ ਹੀ ਕਰ ਸਕਦਾ ਹੈ। ਹੁਣ ਪਤਾ ਲਗੇਗਾ ਕਿ ਕਿੰਨੇ ਅਸਲੀ ਸੰਤ ਪੰਜਾਬ ਵਿਚ ਹਨ ਜਿਹੜੇ ਮਰਦੀ ਕਿਸਾਨੀ ਦੀ ਆਰਥਕ ਮਦਦ ਲਈ ਬਹੁੜਦੇ ਹਨ। ਮਰ ਰਹੀ ਕਿਰਸਾਨੀ ਦੀ ਮਦਦ ਲਈ ਸੰਤ ਸਮਾਜ ਇਕੱਠਾ ਹੋ ਕੇ ਅਪਣੇ ਪੈਰੋਕਾਰਾਂ ਦੀ ਮਦਦ ਨਾਲ ਪਿੰਡ-ਪਿੰਡ ਜਥੇਬੰਦੀਆਂ ਬਣਾ ਕੇ ਲੋਕਾਂ ਨੂੰ ਕਰਜ਼ੇ ਥੱਲੇ ਦੱਬੇ ਕਿਸਾਨ ਦੀ ਮਦਦ ਲਈ ਪ੍ਰੇਰ ਸਕਦਾ ਹੈ। ਇਸ ਤਰ੍ਹਾਂ ਲੋਕ ਕਿਸਾਨਾਂ ਦੀ ਮਦਦ ਤੇ ਆ ਸਕਦੇ ਹਨ। ਪਰ ਇਨ੍ਹਾਂ ਡੇਰੇਦਾਰ ਸੰਤਾਂ ਨੂੰ ਫ਼ਿਕਰ ਸਟੇਜਾਂ ਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਹੀ ਲੱਗਾ ਰਹਿੰਦਾ ਹੈ ਅਤੇ ਅਪਣੇ ਆਪ ਨੂੰ ਚੰਗਾ ਤੇ ਦੂਜੇ ਨੂੰ ਮਾੜਾ ਸੰਤ ਦੱਸਣ ਵਿਚ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ।

ਅੱਜ ਲੋੜ ਹੈ ਕਿ ਸੰਤ ਸਮਾਜ ਇਸ ਸਮਾਜਕ ਅਤੇ ਆਰਥਕ ਸਮੱਸਿਆ, ਜੋ ਕਿ ਕਿਸਾਨ ਖ਼ੁਦਕੁਸ਼ੀਆਂ ਦੇ ਰੂਪ ਵਿਚ ਭਿਆਨਕ ਰੂਪ ਧਾਰਨ ਕਰ ਗਈ ਹੈ, ਦੇ ਹੱਲ ਲਈ ਅੱਗੇ ਆਵੇ ਤਾਂ ਜੋ ਇਸ ਸਮੱਸਿਆ ਨੂੰ ਠੱਲ੍ਹ ਪਾਈ ਜਾ ਸਕੇ। ਸੰਤ ਸਮਾਜ ਨੂੰ ਇਸ ਗੰਭੀਰ ਸਮੱਸਿਆ ਬਾਰੇ ਸੋਚਣਾ ਚਾਹੀਦਾ ਹੈ,  ਸਮਾਜ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਧਾਰਮਕ ਪਾਠ ਪੜ੍ਹਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਮਾਨਸਕ ਤੌਰ ਤੇ ਵੀ ਤਕੜਾ ਕਰਨ ਲਈ ਇਕ ਲਹਿਰ ਸੰਤ ਸਮਾਜ ਨੂੰ ਚਲਾਉਣੀ ਚਾਹੀਦੀ ਹੈ। ਸੰਤ ਸਮਾਜ ਲੋਕਾਂ ਨੂੰ ਦੱਸੇ ਕਿ ਤੁਸੀ ਨਲੂਏ ਦੇ ਵਾਰਿਸ ਅਤੇ ਬਾਜਾਂ ਵਾਲੇ ਦੇ ਪੁੱਤਰ ਹੋ। ਇਸ ਤਰ੍ਹਾਂ ਸਮੱਸਿਆਵਾਂ ਤੋਂ ਘਬਰਾ ਕੇ ਮਰਨਾ ਕੋਈ ਹੱਲ ਨਹੀਂ। ਗੁਰਬਾਣੀ ਅਤੇ ਹੋਰ ਧਾਰਮਕ ਗ੍ਰੰਥ ਵੀ ਖ਼ੁਦਕੁਸ਼ੀ ਨੂੰ ਕਾਇਰਤਾ ਭਰਿਆ ਕਦਮ ਦਸਦੇ ਹਨ। ਜੇ ਸੰਤ ਸਮਾਜ ਅਪਣਾ ਅਵੇਸਲਾਪਨ ਛੱਡ ਕੇ ਕਿਸਾਨਾਂ ਨੂੰ ਬਚਾਉਣ ਲਈ ਅੱਗੇ ਆ ਜਾਵੇ ਤਾਂ ਸਰਕਾਰ ਦੇ ਮੂੰਹ ਤੇ ਇਸ ਤੋਂ ਵੱਡੀ ਚਪੇੜ ਕੋਈ ਹੋਰ ਹੋ ਨਹੀਂ ਸਕਦੀ। ਸਿਹਤਮੰਦ ਸਮਾਜ ਵਿਚ ਖ਼ੁਦਕੁਸ਼ੀ ਕਰਨਾ, ਖ਼ਾਸ ਕਰ ਦੇਸ਼ ਦੇ ਅੰਨਦਾਤੇ ਕਿਸਾਨ ਦਾ ਮਰਨਾ, ਬਹੁਤ ਹੀ ਨਿਰਾਸ਼ਾਜਨਕ ਵਰਤਾਰਾ ਹੈ। ਇਸ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਤਾਂ ਕੋਸ਼ਿਸ਼ ਕਰਨੀ ਹੀ ਚਾਹੀਦੀ ਹੈ, ਸਰਕਾਰ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਖ਼ਾਸ ਕਰ ਮਾਇਆ ਦੇ ਢੇਰ ਉਤੇ ਬੈਠੇ ਸੰਤ ਸਮਾਜ ਅਤੇ ਧਾਰਮਕ ਸੰਸਥਾਵਾਂ ਨੂੰ ਵੀ ਸਮਾਜ ਪ੍ਰਤੀ ਅਪਣੀ ਅਸਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸੰਪਰਕ : 98154-24647