ਲੀਡਰਾਂ ਵਲੋਂ ਜਨਤਾ ਨਾਲ ਕੀਤਾ ਜਾ ਰਿਹਾ ਧੋਖਾ

ਵਿਚਾਰ, ਵਿਸ਼ੇਸ਼ ਲੇਖ


ਸਾਡੇ ਦੇਸ਼ ਦੇ ਲੀਡਰਾਂ ਵਲੋਂ ਜਿਸ ਤਰ੍ਹਾਂ ਅਪਣੀ ਕੁਰਸੀ ਲਈ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਸ ਨੂੰ ਵੇਖ ਕੇ ਆਦਮੀ ਹੈਰਾਨ ਹੋ ਜਾਂਦਾ ਹੈ। ਇਕ ਉਹ ਲੀਡਰ ਜਿਸ ਨੂੰ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਵਜੋਂ ਵੇਖ ਰਹੀ ਸੀ ਉਹ ਕੁੱਝ ਸਾਲਾਂ ਦੀ ਕੁਰਸੀ ਲਈ ਏਨਾ ਡਿਗ ਪਵੇਗਾ, ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਜੋ ਕੁੱਝ ਨਿਤੀਸ਼ ਕੁਮਾਰ ਨੇ ਕੀਤਾ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਜਦੋਂ 2014 ਵਿਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਸ ਵੇਲੇ ਬਿਹਾਰ ਵਿਚ ਭਾਜਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਅਤੇ ਅਪਣੇ ਇਕ ਸਾਥੀ ਜੀਤਨ ਰਾਮ ਮਾਂਝੀ ਨੂੰ ਵੀ ਬਿਹਾਰ ਦਾ ਮੁੱਖ ਮੰਤਰੀ ਬਣਾ ਦਿਤਾ ਸੀ। ਮਾਂਝੀ ਦੀਆਂ ਗ਼ਲਤੀਆਂ ਕਰ ਕੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਿਸ ਕਰ ਕੇ ਨਿਤੀਸ਼ ਕੁਮਾਰ ਦੂਜੀਆਂ ਪਾਰਟੀਆਂ ਦੇ ਸਹਿਯੋਗ ਨਾਲ ਮੁੜ ਬਿਹਾਰ ਦਾ ਮੁੱਖ ਮੰਤਰੀ ਬਣ ਗਿਆ।
ਜਿਉਂ ਹੀ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣੀ, ਹਿੰਦੂ ਕੱਟੜਵਾਦੀਆਂ ਵਲੋਂ ਦੇਸ਼ ਭਰ ਵਿਚ ਮੁਸਲਮਾਨਾਂ, ਦਲਿਤਾਂ ਅਤੇ ਹੋਰ ਘੱਟ ਗਿਣਤੀਆਂ ਵਿਰੁਧ ਅਤਿਆਚਾਰ ਸ਼ੁਰੂ ਕਰ ਦਿਤਾ ਗਿਆ, ਜਿਸ ਕਰ ਕੇ ਦਿੱਲੀ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਦਿੱਲੀ ਦੀ ਹਾਰ ਤੋਂ ਬਾਅਦ ਕੇਂਦਰ ਸਰਕਾਰ ਵਿਰੁਧ ਲੋਕਾਂ ਦਾ ਗੁੱਸਾ ਹੋਰ ਵੱਧ ਗਿਆ ਜਿਸ ਨੂੰ ਪ੍ਰਗਟ ਕਰਨ ਲਈ ਲੋਕ 5 ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਦੀ ਉਡੀਕ ਕਰਨ ਲੱਗੇ। ਜਿਉਂ ਹੀ ਬਿਹਾਰ, ਪਛਮੀ ਬੰਗਾਲ, ਆਸਾਮ, ਤਾਮਿਲਨਾਡੂ ਅਤੇ ਕੇਰਲ ਦੀਆਂ ਚੋਣਾਂ ਦਾ ਐਲਾਨ ਹੋਇਆ ਤਾਂ ਵੱਖ ਵੱਖ ਰਾਜਾਂ ਵਿਚ ਵੱਖ ਵੱਖ ਪਾਰਟੀਆਂ ਨੇ ਅਪਣੇ ਗਠਜੋੜ ਬਣਾਉਣੇ ਸ਼ੁਰੂ ਕਰ ਦਿਤੇ ਤਾਕਿ ਭਾਜਪਾ ਨੂੰ ਹਰਾਇਆ ਜਾ ਸਕੇ। ਬਿਹਾਰ ਵਿਚ ਵੀ ਆਰ.ਜੇ.ਡੀ.-ਜੇ.ਡੀ.ਯੂ. ਅਤੇ ਕਾਂਗਰਸ ਦਾ ਗਠਜੋੜ ਹੋ ਗਿਆ। ਇਸ ਗਠਜੋੜ ਨੇ ਭਾਰੀ ਜਿੱਤ ਪ੍ਰਾਪਤ ਕੀਤੀ। ਸਿਰਫ਼ ਆਸਾਮ ਨੂੰ ਛੱਡ ਕੇ ਬਾਕੀ ਚਾਰ ਥਾਂ ਤੇ ਭਾਜਪਾ ਹਾਰ ਗਈ।
ਬਿਹਾਰ ਵਿਚ ਨਿਤੀਸ਼ ਕੁਮਾਰ ਲਗਾਤਾਰ ਤੀਜੀ ਵਾਰ ਜਿੱਤ ਕੇ ਮੁੱਖ ਮੰਤਰੀ ਬਣੇ, ਜਿਸ ਕਾਰਨ ਦੇਸ਼ ਦੇ ਲੋਕ ਸਮਝਣ ਲੱਗ ਪਏ ਕਿ ਨਿਤੀਸ਼ ਕੁਮਾਰ ਹੀ ਮੋਦੀ ਦਾ ਮੁਕਾਬਲਾ ਕਰ ਸਕਦੇ ਹਨ। ਬਿਹਾਰ ਵਰਗੇ ਰਾਜ ਦਾ ਤੀਜੀ ਵਾਰ ਲਗਾਤਾਰ ਮੁੱਖ ਮੰਤਰੀ ਬਣਨਾ ਕੋਈ ਸੌਖਾ ਕੰਮ ਨਹੀਂ ਹੈ। ਜਿਸ ਤਰ੍ਹਾਂ ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਸ਼ਰਾਬਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਉਸ ਦੀ ਲੋਕ ਸਿਫ਼ਤ ਕਰਨ ਲੱਗੇ। ਇਥੇ ਹੀ ਬਸ ਨਹੀਂ ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮਦਿਨ ਜਿਸ ਸ਼ਾਨੋ-ਸ਼ੌਕਤ ਨਾਲ ਮਨਾਇਆ ਉਸ ਨੇ ਨਿਤੀਸ਼ ਕੁਮਾਰ ਦਾ ਕੱਦ ਹੋਰ ਉੱਚਾ ਕਰ ਦਿਤਾ। ਜਿਸ ਤਰ੍ਹਾਂ ਮੁੱਖ ਮੰਤਰੀ ਨੇ ਜਨਮਦਿਨ ਮਨਾਉਣ ਲਈ ਵੱਡੇ ਪ੍ਰਬੰਧ ਕੀਤੇ ਉਸ ਨੇ ਅਕਾਲੀ ਪਾਰਟੀ ਅਤੇ ਅਕਾਲੀ ਸਰਕਾਰ ਨੂੰ ਸਿੱਖ ਕੌਮ ਸਾਹਮਣੇ ਅੱਖਾਂ ਨੀਵੀਆਂ ਕਰਨ ਲਈ ਮਜਬੂਰ ਕਰ ਦਿਤਾ। ਸਿੱਟੇ ਵਜੋਂ ਸਿੱਖਾਂ ਅਤੇ ਬਾਕੀ ਘੱਟ ਗਿਣਤੀਆਂ ਦੀਆਂ ਨਜ਼ਰਾਂ ਵਿਚ ਵੀ ਨਿਤੀਸ਼ ਕੁਮਾਰ ਦਾ ਸਤਿਕਾਰ ਵੱਧ ਗਿਆ। ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਇੰਜ ਜਾਪਣ ਲੱਗਾ ਕਿ ਉਹ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ। ਦੂਜੇ ਪਾਸੇ ਭਾਜਪਾ ਦੀ ਅੱਖ ਵੀ ਨਿਤੀਸ਼ ਕੁਮਾਰ ਉਤੇ ਸੀ ਕਿਉਂਕਿ ਬਾਕੀ ਤਿੰਨਾਂ ਸੂਬਿਆਂ ਵਿਚ ਭਾਜਪਾ ਦਾ ਜ਼ੋਰ ਨਹੀਂ ਸੀ ਚਲ ਸਕਦਾ। ਇਸ ਵਾਸਤੇ ਭਾਜਪਾ ਹਰ ਹਾਲਤ ਵਿਚ ਨਿਤੀਸ਼ ਕੁਮਾਰ ਨੂੰ ਅਪਣੇ ਹੱਕ ਵਿਚ ਕਰਨਾ ਚਾਹੁੰਦੀ ਸੀ।
ਦੂਜੇ ਪਾਸੇ ਨਿਤੀਸ਼ ਕੁਮਾਰ ਨੂੰ ਡਰ ਸੀ ਕਿ ਲਾਲੂ ਪ੍ਰਸਾਦ ਉਸ ਨੂੰ ਕਦੀ ਵੀ ਠਿੱਬੀ ਲਾ ਸਕਦਾ ਹੈ ਕਿਉਂਕਿ ਲਾਲੂ ਪ੍ਰਸਾਦ ਕੋਲ ਐਮ.ਐਲ.ਏ. ਜ਼ਿਆਦਾ ਸਨ। ਅੰਦਰੋਂ-ਅੰਦਰ ਭਾਜਪਾ ਅਤੇ ਨਿਤੀਸ਼ ਕੁਮਾਰ ਦੀ ਕੜ੍ਹੀ ਪੱਕ ਰਹੀ ਸੀ। ਇਸ ਕੜ੍ਹੀ ਨੂੰ ਛੇਤੀ ਪਕਾਉਣ ਲਈ ਭਾਜਪਾ ਦੇ ਸੀਨੀਅਰ ਆਗੂ ਮੋਦੀ ਨੇ ਲਾਲੂ ਪ੍ਰਸਾਦ ਦੇ ਘਪਲਿਆਂ ਨੂੰ ਨੰਗਾ ਕਰਨਾ ਸ਼ੁਰੂ ਕਰ ਦਿਤਾ ਅਤੇ ਉਹ ਆਏ ਦਿਨ ਨਵੇਂ ਤੋਂ ਨਵੇਂ ਘਪਲਿਆਂ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਨ ਲੱਗ ਪਿਆ। ਅਸਲ ਵਿਚ ਇਹ ਘਪਲੇ ਕੋਈ ਨਵੇਂ ਨਹੀਂ ਸਨ। ਇਹ ਸਾਰੇ ਘਪਲੇ ਉਦੋਂ ਦੇ ਸਨ ਜਦੋਂ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਸਨ। ਇਸ ਬਾਰੇ ਸੱਭ ਕੁੱਝ ਪਹਿਲਾਂ ਹੀ ਪਤਾ ਸੀ। ਨਾਲੇ ਲਾਲੂ ਪ੍ਰਸਾਦ ਨੂੰ ਤਾਂ ਚਾਰਾ ਘਪਲੇ ਵਿਚ ਸਜ਼ਾ ਵੀ ਹੋ ਚੁੱਕੀ ਹੈ। ਜਿਉਂ ਹੀ ਬਿਹਾਰ ਭਾਜਪਾ ਆਗੂ ਸੁਸ਼ੀਲ ਮੋਦੀ ਨੇ ਘਪਲਿਆਂ ਬਾਰੇ ਬਿਆਨ ਦਾਗਣੇ ਸ਼ੁਰੂ ਕੀਤੇ ਤਾਂ ਲੋਕ ਕਿਆਸੇ ਲਾਉਣ ਲੱਗ ਪਏ ਸਨ ਕਿ ਲਾਲੂ ਪ੍ਰਸਾਦ ਅਤੇ ਨਿਤੀਸ਼ ਕੁਮਾਰ ਦਾ ਗਠਜੋੜ ਬਹੁਤੀ ਦੇਰ ਚੱਲਣ ਵਾਲਾ ਨਹੀਂ।
ਪਰ ਇਹ ਸ਼ੱਕ ਉਦੋਂ ਹੋਰ ਸੱਚ ਹੋ ਗਿਆ ਜਦੋਂ ਨਿਤੀਸ਼ ਕੁਮਾਰ ਨੇ ਰਾਸ਼ਟਰਪਤੀ ਦੀ ਚੋਣ ਵਿਚ ਭਾਜਪਾ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕਰ ਦਿਤਾ। ਆਖ਼ਰ ਵਿਚ ਬਿੱਲੀ ਥੈਲਿਉਂ ਬਾਹਰ ਆ ਗਈ ਅਤੇ ਨਿਤੀਸ਼ ਕੁਮਾਰ ਨੇ ਅਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਹ ਕਹਿ ਕੇ ਅਸਤੀਫ਼ਾ ਦੇ ਦਿਤਾ ਕਿ ਉਹ ਲਾਲੂ ਪ੍ਰਸਾਦ ਨਾਲ ਨਹੀਂ ਚਲ ਸਕਦਾ ਕਿਉਂਕਿ ਉਸ ਦੇ ਪੁੱਤਰ, ਜੋ ਕਿ ਬਿਹਾਰ ਦਾ ਉਪ ਮੁੱਖ ਮੰਤਰੀ ਵੀ ਸੀ, ਵਿਰੁਧ ਅਤੇ ਲਾਲੂ ਪ੍ਰਸਾਦ ਉਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋ ਚੁੱਕਾ ਹੈ। ਅਸਤੀਫ਼ਾ ਦੇਣ ਤੋਂ ਪੰਜ ਘੰਟਿਆਂ ਬਾਅਦ ਹੀ ਭਾਜਪਾ ਦੀ ਮਦਦ ਨਾਲ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਉਤੇ ਸਹੁੰ ਚੁੱਕ ਲਈ। ਕੀ ਮੁੱਖ ਮੰਤਰੀ ਜੀ ਇਹ ਦਸਣਗੇ ਕਿ ਜਦੋਂ ਚੋਣਾਂ ਤੋਂ ਪਹਿਲਾਂ ਲਾਲੂ ਪ੍ਰਸਾਦ ਨਾਲ ਗਠਜੋੜ ਕੀਤਾ ਗਿਆ ਸੀ ਉਦੋਂ ਇਨ੍ਹਾਂ ਨੂੰ ਨਹੀਂ ਪਤਾ ਸੀ ਕਿ ਲਾਲੂ ਜੀ ਭ੍ਰਿਸ਼ਟਾਚਾਰੀ ਹਨ? ਅਸਲ ਵਿਚ ਸਾਡੇ ਲੀਡਰ ਅਪਣੀ ਕੁਰਸੀ ਲਈ ਧੋਖਾ ਕਰਨ ਦੇ ਆਦੀ ਹੋ ਗਏ ਹਨ।
ਕੀ ਇਹ ਮੌਕਾਪ੍ਰਸਤੀ ਉਨ੍ਹਾਂ ਬਿਹਾਰ ਦੇ ਕਰੋੜਾਂ ਲੋਕਾਂ ਨਾਲ ਧੋਖਾ ਨਹੀਂ ਜਿਨ੍ਹਾਂ ਨੇ ਆਮ ਚੋਣਾਂ ਵੇਲੇ ਭਾਜਪਾ ਨੂੰ ਰੱਦ ਕਰ ਦਿਤਾ ਸੀ? ਪਰ ਅੱਜ ਉਹ ਲੀਡਰ ਹੀ ਉਨ੍ਹਾਂ ਨੂੰ ਧੋਖਾ ਦੇ ਗਏ ਜਿਨ੍ਹਾਂ ਉਤੇ ਲੋਕਾਂ ਨੇ ਭਰੋਸਾ ਕੀਤਾ। ਕੀ ਇਹ ਉਨ੍ਹਾਂ ਲੋਕਾਂ ਨਾਲ ਧੋਖਾ ਨਹੀਂ ਜਿਨ੍ਹਾਂ ਨੇ ਅਪਣੀ ਜ਼ਮੀਰ ਦੀ ਗੱਲ ਸੁਣ ਕੇ ਤੁਹਾਨੂੰ ਵੋਟਾਂ ਪਾਈਆਂ ਤਾਕਿ ਭਾਜਪਾ ਦੀ ਸਰਕਾਰ ਨਾ ਬਣੇ? ਕੀ ਅੱਜ ਤੁਸੀ ਅਪਣੀ ਜ਼ਮੀਰ ਵੇਚ ਕੇ ਉਨ੍ਹਾਂ ਕਰੋੜਾਂ ਲੋਕਾਂ ਦੀ ਜ਼ਮੀਰ ਦਾ ਘਾਣ ਨਹੀਂ ਕਰ ਦਿਤਾ? ਅੱਜ ਤੁਸੀ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਸਿਰ ਉਤੇ ਰਾਜੇ ਬਣਾ ਕੇ ਬਿਠਾ ਦਿਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਰੱਦ ਕੀਤਾ ਸੀ।
ਅਸਲ ਵਿਚ ਇਹ ਲੀਡਰ ਲੋਕਾਂ ਨਾਲ ਸ਼ੁਰੂ ਤੋਂ ਹੀ ਧੋਖਾ ਕਰਦੇ ਆਏ ਹਨ। ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ, ਉਸ ਵੇਲੇ ਦੇ ਕਾਂਗਰਸੀ ਲੀਡਰਾਂ ਨੇ ਸਿੱਖਾਂ ਨਾਲ ਕਈ ਵਾਅਦੇ ਕੀਤੇ ਕਿ ਆਜ਼ਾਦੀ ਤੋਂ ਬਾਅਦ ਤੁਹਾਨੂੰ ਇਕ ਵਖਰਾ ਖ਼ਿੱਤਾ ਦਿਤਾ ਜਾਵੇਗਾ ਤਾਕਿ ਤੁਸੀ ਵੀ ਆਜ਼ਾਦੀ ਦਾ ਨਿੱਘ ਮਾਣ ਸਕੋ। ਪਰ ਇਨ੍ਹਾਂ ਲੀਡਰਾਂ ਨੇ ਇਕ ਨਹੀਂ ਅਨੇਕਾਂ ਧੋਖੇ ਕੀਤੇ, ਜਿਸ ਦਾ ਖ਼ਮਿਆਜ਼ਾ ਸਿੱਖ ਕੌਮ ਭੁਗਤ ਰਹੀ ਹੈ। ਲੀਡਰ ਭਾਵੇਂ ਕਿਸੇ ਪਾਰਟੀ ਦਾ ਹੋਵੇ, ਉਹ ਅਪਣੀ ਗੱਦੀ ਲਈ ਲੋਕਾਂ ਨਾਲ ਧੋਖਾ ਕਰਨਾ ਅਪਣਾ ਹੱਕ ਸਮਝਦਾ ਹੈ। 1966 ਵਿਚ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਪਹਿਲੀ ਵਾਰ 1967 ਵਿਚ ਅਕਾਲੀ ਦਲ ਨੇ ਜਨਸੰਘ ਅਤੇ ਹੋਰ ਪਾਰਟੀਆਂ ਨਾਲ ਰਲ ਕੇ ਸਾਂਝੀ ਸਰਕਾਰ ਬਣਾਈ ਜਿਸ ਦੇ ਮੁੱਖ ਮੰਤਰੀ ਸਵਰਗਵਾਸੀ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ। ਪਰ ਇਹ ਸਰਕਾਰ ਬਹੁਤਾ ਸਮਾਂ ਚਲ ਨਾ ਸਕੀ। ਅਕਾਲੀ ਦਲ ਦੇ ਇਕ ਧੜੇ ਨੇ ਕਾਂਗਰਸ ਨਾਲ ਰਲ ਕੇ ਸ. ਲਛਮਣ ਸਿੰਘ ਗਿੱਲ ਦੀ ਅਗਵਾਈ ਹੇਠ ਨਵੀਂ ਸਰਕਾਰ ਬਣਾ ਲਈ ਪਰ ਇਹ ਵੀ ਚਲ ਨਾ ਸਕੀ। ਜਿਹੜੀ ਕਾਂਗਰਸ ਨੂੰ ਅਕਾਲੀ ਦਲ ਵਾਲੇ ਗਾਲਾਂ ਕਢਦੇ ਰਹੇ ਉਨ੍ਹਾਂ ਨਾਲ ਰਲ ਕੇ ਸਰਕਾਰ ਬਣਾ ਕੇ ਬੈਠ ਗਏ।
1984 ਵਿਚ ਜੋ ਕੁੱਝ ਸਿੱਖਾਂ ਨਾਲ ਹੋਇਆ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਦੋਂ 1985 ਵਿਚ ਪੰਜਾਬ ਵਿਚ ਚੋਣਾਂ ਹੋਈਆਂ ਤਾਂ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਸ. ਸੁਰਜੀਤ ਸਿੰਘ ਬਰਨਾਲਾ ਨੇ ਸਿੱਖਾਂ ਨਾਲ ਅਨੇਕਾਂ ਤਰ੍ਹਾਂ ਦੇ ਵਾਅਦੇ ਕੀਤੇ, ਜਿਸ ਦਾ ਸਿੱਟਾ ਇਹ ਹੋਇਆ ਕਿ ਅਕਾਲੀ ਦਲ ਨੇ ਇਕੱਲਿਆਂ ਚੋਣ ਲੜ ਕੇ 75 ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ। ਜਿਹੜਾ ਅਕਾਲੀ ਦਲ ਦਾ ਕੇਂਦਰ ਸਰਕਾਰ ਨਾਲ ਸਮਝੌਤਾ ਹੋਇਆ ਸੀ, ਉਸ ਵਿਚ 26 ਜਨਵਰੀ, 1986 ਨੂੰ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਿਆ ਜਾਣਾ ਸੀ ਜਿਸ ਦਾ ਪੂਰਾ ਪ੍ਰਬੰਧ ਵੀ ਕਰ ਲਿਆ ਗਿਆ ਸੀ। ਪਰ ਰਾਜੀਵ ਗਾਂਧੀ ਅਪਣੇ ਸਮਝੌਤੇ ਤੋਂ ਮੁਕਰ ਗਿਆ। ਚਾਹੀਦਾ ਤਾਂ ਇਹ ਸੀ ਕਿ ਸੁਰਜੀਤ ਸਿੰਘ ਬਰਨਾਲਾ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਂਦਾ। ਪਰ ਹੋਇਆ ਬਿਲਕੁਲ ਉਸ ਦੇ ਉਲਟ। ਉਹ ਅਸਤੀਫ਼ਾ ਦੇਣ ਦੀ ਬਜਾਏ ਪੰਜਾਬ ਅਤੇ ਕੌਮ ਨਾਲ ਧੋਖਾ ਕਰ ਕੇ ਕੁਰਸੀ ਨੂੰ ਚਿੰਬੜ ਗਏ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀਆਂ ਨੇ ਅਪਣੀ ਕੁਰਸੀ ਛੱਡ ਕੇ ਪੰਜਾਬ ਦੇ ਹਿਤਾਂ ਦੀ ਬਲੀ ਤਾਂ ਦੇ ਦਿਤੀ ਪਰ ਅਪਣੀ ਕੁਰਸੀ ਜ਼ਰੂਰ ਬਚਾ ਲਈ।
ਪੰਜਾਬ ਦੇ ਪਾਣੀਆਂ ਦੀ ਬਲੀ ਦੇ ਕੇ ਕੈਰੋਂ ਜੀ, ਗਿਆਨੀ ਜ਼ੈਲ ਸਿੰਘ, ਬਾਦਲ, ਦਰਬਾਰਾ ਸਿੰਘ, ਬਰਨਾਲਾ ਅਪਣੀ ਕੁਰਸੀ ਤਾਂ ਬਚਾ ਗਏ ਪਰ ਪੰਜਾਬ ਦੀ ਬਰਬਾਦੀ ਦਾ ਮੁੱਢ ਜ਼ਰੂਰ ਬੰਨ੍ਹ ਗਏ। ਜਦੋਂ 1977 ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਸ ਵੇਲੇ ਅਕਾਲੀ ਦਲ ਨੇ ਹਾਈ ਕੋਰਟ ਵਿਚ ਪਾਣੀਆਂ ਸਬੰਧੀ ਕੇਸ ਪਾ ਦਿਤਾ। ਉਸ ਵੇਲੇ ਸ. ਸੁਰਜੀਤ ਸਿੰਘ ਸੰਧਾਵਾਲੀਆ ਮੁੱਖ ਜੱਜ ਸਨ, ਜਿਨ੍ਹਾਂ ਨੇ ਇਸ ਕੇਸ ਨੂੰ ਸੁਣਨ ਲਈ ਮਨਜ਼ੂਰ ਕਰ ਲਿਆ। ਜਿਸ ਕਾਰਨ ਸੰਧਾਵਾਲੀਆ ਕੇਂਦਰ ਦੀਆਂ ਨਜ਼ਰਾਂ ਵਿਚ ਰੜਕਣ ਲੱਗ ਪਿਆ ਕਿਉਂਕਿ ਕੇਂਦਰ ਨੂੰ ਇਹ ਪਤਾ ਸੀ ਕਿ ਇਸ ਦਾ ਫ਼ੈਸਲਾ ਪੰਜਾਬ ਦੇ ਹੱਕ ਵਿਚ ਜਾਣਾ ਹੈ। ਇਸ ਵਾਸਤੇ ਇੰਦਰਾ ਗਾਂਧੀ ਨੇ ਸ. ਦਰਬਾਰਾ ਸਿੰਘ ਉਤੇ ਜ਼ੋਰ ਪਵਾ ਕੇ ਕੇਸ ਵਾਪਸ ਕਰਵਾ ਲਿਆ। ਸ. ਦਰਬਾਰਾ ਸਿੰਘ ਪੰਜਾਬ ਨਾਲ ਧੋਖਾ ਕਰ ਕੇ ਅਪਣੀ ਕੁਰਸੀ ਬਚਾ ਗਏ ਅਤੇ ਸ. ਸੰਧਾਵਾਲੀਆ ਨੂੰ ਪਟਨਾ ਹਾਈ ਕੋਰਟ ਵਿਚ ਤਬਦੀਲ ਕਰ ਦਿਤਾ ਗਿਆ।
ਗੱਲ ਕਾਹਦੀ ਕਿ ਸਾਡੇ ਲੀਡਰ ਅਪਣੀ ਕੁਰਸੀ ਲਈ ਸਮੇਂ ਸਮੇਂ ਤੇ ਵੋਟਰਾਂ ਨਾਲ ਹੀ ਨਹੀਂ ਅਪਣੀ ਕੌਮ ਅਤੇ ਰਾਜ ਦੇ ਹਿਤਾਂ ਨਾਲ ਧੋਖਾ ਕਰਨ ਨੂੰ ਵੀ ਗ਼ਲਤ ਨਹੀਂ ਸਮਝਦੇ। 1977 ਵਿਚ ਜਦੋਂ ਚੋਣਾਂ ਹੋਈਆਂ ਤਾਂ ਉਸ ਵੇਲੇ ਜਨਤਾ ਪਾਰਟੀ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਵਿਚ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਪਰ ਇਹ ਸਰਕਾਰ ਅਜੇ ਥੋੜਾ ਸਮਾਂ ਹੀ ਚਲੀ ਸੀ ਕਿ ਇਸ ਵਿਚ ਫੁੱਟ ਪੈ ਗਈ, ਜਿਸ ਕਾਰਨ ਸਰਕਾਰ ਟੁਟ ਗਈ। ਪਰ ਜਿਹੜੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਿਤੀ ਸੀ, ਇਥੋਂ ਤਕ ਕਿ ਇੰਦਰਾ ਗਾਂਧੀ ਵੀ ਹਾਰ ਗਈ ਸੀ, ਉਸੇ ਕਾਂਗਰਸ ਤੋਂ ਮਦਦ ਲੈ ਕੇ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣ ਬੈਠੇ। ਕਾਂਗਰਸ ਨੇ ਥੋੜ੍ਹੇ ਮਹੀਨਿਆਂ ਬਾਅਦ ਹੀ ਅਪਣੀ ਮਦਦ ਵਾਪਸ ਲੈ ਲਈ ਅਤੇ ਸਰਕਾਰ ਡਿਗ ਗਈ। ਬਾਅਦ ਵਿਚ ਫਿਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ।
ਹਰਿਆਣੇ ਵਿਚ ਵੀ ਚੌਧਰੀ ਭਜਨ ਲਾਲ ਹਰਿਆਣੇ ਦੇ ਲੋਕਾਂ ਨੂੰ ਧੋਖਾ ਦੇ ਕੇ ਅਪਣੇ ਐਮ.ਐਲ.ਏ. ਨਾਲ ਲੈ ਕੇ ਕਾਂਗਰਸ ਵਿਚ ਰਲ ਗਿਆ ਅਤੇ ਹਰਿਆਣਾ ਦਾ ਮੁੱਖ ਮੰਤਰੀ ਬਣ ਬੈਠਾ। ਚੌਧਰੀ ਦੇਵੀ ਲਾਲ ਹੱਥ ਮਲਦਾ ਰਹਿ ਗਿਆ। ਦੂਜੀ ਵਾਰ ਚੌਧਰੀ ਭਜਨ ਲਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਆਜ਼ਾਦ ਐਮ.ਐਲ.ਏ. ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਿਆ। ਭਾਵੇਂ ਕਿ ਚੌਧਰੀ ਦੇਵੀ ਲਾਲ ਨੇ ਅਪਣਾ ਗੁੱਸਾ ਕੱਢਣ ਲਈ ਉਸ ਵੇਲੇ ਦੇ ਹਰਿਆਣੇ ਦੇ ਗਵਰਨਰ ਜੀ.ਡੀ. ਤਾਪਸੀ ਨੂੰ ਚਪੇੜ ਮਾਰ ਦਿਤੀ ਸੀ। ਜੰਮੂ-ਕਸ਼ਮੀਰ ਵਿਚ ਵੀ ਜਿਹੜੀ ਪੀ.ਡੀ.ਪੀ. ਚੋਣਾਂ ਵੇਲੇ ਭਾਜਪਾ ਨੂੰ ਗਾਲਾਂ ਕਢਦੀ ਨਹੀਂ ਸੀ ਥਕਦੀ, ਚੋਣਾਂ ਜਿੱਤਣ ਤੋਂ ਬਾਅਦ ਉਸੇ ਭਾਜਪਾ ਨਾਲ ਸਰਕਾਰ ਬਣਾ ਕੇ ਬੈਠ ਗਈ। ਇਸ ਨੂੰ ਕਸ਼ਮੀਰ ਦੇ ਲੋਕ ਅਪਣੇ ਨਾਲ ਹੋਇਆ ਧੋਖਾ ਸਮਝਦੇ ਹਨ, ਜਿਸ ਕਰ ਕੇ ਅੱਜ ਕਸ਼ਮੀਰ ਸੜ ਰਿਹਾ ਹੈ।
ਅਸਲ ਵਿਚ ਜੋ ਕੁੱਝ ਬਿਹਾਰ ਵਿਚ ਹੋਇਆ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਹ ਕੇਂਦਰ ਅਤੇ ਕਈ ਰਾਜਾਂ ਵਿਚ ਵਾਪਰ ਚੁੱਕਾ ਹੈ। ਪਰ ਇਹੋ ਜਿਹਾ ਡਰਾਮਾ ਕੋਈ ਆਮ ਲੀਡਰ ਕਰੇ ਤਾਂ ਸਮਝ ਵਿਚ ਪੈਂਦਾ ਹੈ ਪਰ ਜਦੋਂ ਇਹੋ ਜਿਹਾ ਡਰਾਮਾ ਨਿਤੀਸ਼ ਕੁਮਾਰ ਵਰਗਾ ਲੀਡਰ ਕਰਦਾ ਹੈ ਤਾਂ ਲੋਕਾਂ ਦਾ ਲੀਡਰਾਂ ਉਪਰੋਂ ਭਰੋਸਾ ਉਠ ਜਾਂਦਾ ਹੈ। ਜਿਹੜਾ ਨਿਤੀਸ਼ ਕੁਮਾਰ ਕਲ ਤਕ ਮੋਦੀ ਨੂੰ ਹਿਟਲਰ, ਤਾਨਾਸ਼ਾਹ ਅਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਪੁਕਾਰਦਾ ਸੀ, ਉਹੀ ਨਿਤੀਸ਼ ਕੁਮਾਰ ਅੱਜ ਉਸ ਦੇ ਕਸੀਦੇ ਕੱਢ ਰਿਹਾ ਹੈ ਅਤੇ 2019 ਵਿਚ ਮੋਦੀ ਦੇ ਮੁੜ ਚੋਣ ਜਿੱਤਣ ਦੇ ਦਾਅਵੇ ਕਰ ਰਿਹਾ ਹੈ, ਤਾਂ ਇਸ ਨੂੰ ਮੌਕਾਪ੍ਰਸਤੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ? ਜਿਹੜਾ ਬੀ.ਜੇ.ਪੀ. ਦਾ ਪ੍ਰਧਾਨ ਅਮਿਤ ਸ਼ਾਹ ਚੋਣਾਂ ਵੇਲੇ ਇਹ ਕਹਿੰਦਾ ਨਹੀਂ ਥਕਦਾ ਸੀ ਕਿ ਜੇਕਰ ਨਿਤੀਸ਼ ਕੁਮਾਰ ਚੋਣ ਜਿੱਤ ਗਿਆ ਤਾਂ ਪਾਕਿਸਤਾਨ ਵਿਚ ਪਟਾਕੇ ਚਲਾਏ ਜਾਣਗੇ, ਅੱਜ ਉਹ ਦਸੇਗਾ ਕਿ ਅੱਜ ਹੁਣ ਪਟਾਕੇ ਕਿਸ ਨੇ ਚਲਾਏ ਹਨ?
ਅੱਜ ਦੇ ਨੌਜਵਾਨ ਜਦੋਂ ਇਹੋ ਜਿਹੇ ਲੀਡਰਾਂ ਨੂੰ ਵੇਖਦੇ ਹਨ, ਜਿਹੜੇ ਸਲੇਡੇ ਵਾਂਗ ਰੰਗ ਬਦਲਦੇ ਹਨ, ਤਾਂ ਉਨ੍ਹਾਂ ਦਾ ਇਨ੍ਹਾਂ ਲੀਡਰਾਂ ਤੋਂ ਭਰੋਸਾ ਉਠਣਾ ਕੁਦਰਤੀ ਹੈ। ਅਸਲ ਵਿਚ ਪਹਿਲਾਂ ਸਿਆਸਤ ਸੇਵਾ ਹੁੰਦੀ ਸੀ ਪਰ ਅੱਜ ਸਿਆਸਤ ਇਕ ਕਿੱਤਾ ਬਣ ਗਈ ਹੈ ਜਿਸ ਵਿਚ ਖ਼ਰਚਾ ਕੋਈ ਵੀ ਨਹੀਂ ਪਰ ਆਮਦਨ ਬੇਹਿਸਾਬੀ ਹੈ। ਇਹੋ ਕਾਰਨ ਹੈ ਕਿ ਸਿਆਸੀ ਲੀਡਰ ਅਪਣੀ ਕੁਰਸੀ ਲਈ ਜਨਤਾ ਨਾਲ ਧੋਖਾ ਕਰਨਾ ਕੋਈ ਪਾਪ ਨਹੀਂ ਸਮਝਦੇ। ਝੂਠੇ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਲੈਣੀਆਂ ਵੀ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਲੀਡਰਾਂ ਵਲੋਂ ਜਨਤਾ ਨਾਲ ਧੋਖੇ ਕਰਨ ਦੀ ਲੜੀ ਬਹੁਤ ਵੱਡੀ ਹੈ ਜਿਹੜੀ ਕਿਤੇ ਵੀ ਖ਼ਤਮ ਨਹੀਂ ਹੋ ਸਕਦੀ। ਪਰ ਹੁਣ ਜਨਤਾ ਸਮਝਣ ਲੱਗ ਪਈ ਹੈ ਉਹ ਸਮਾਂ ਦੂਰ ਨਹੀਂ ਜਦੋਂ ਜਨਤਾ ਇਨ੍ਹਾਂ ਲੀਡਰਾਂ ਨੂੰ ਇਸ ਦਾ ਜਵਾਬ ਜ਼ਰੂਰ ਦੇਵੇਗੀ।
ਸੰਪਰਕ : 94646-96083