ਮੈਡੀਕਲ ਸਿਖਿਆ ਦਾ ਆਧਾਰ ਕੀ ਹੋਵੇ?

ਵਿਚਾਰ, ਵਿਸ਼ੇਸ਼ ਲੇਖ

ਜਦੋਂ ਵੀ ਕੋਈ ਬਿਲਡਿੰਗ ਜਾਂ ਪ੍ਰਾਜੈਕਟ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਦੀ ਨੀਂਹ ਰੱਖੀ ਜਾਂਦੀ ਹੈ। ਉਸ ਦਾ ਆਧਾਰ ਬਣਾਇਆ ਜਾਂਦਾ ਹੈ। ਜੇਕਰ ਬਿਲਡਿੰਗ ਦਾ ਆਧਾਰ ਕਮਜ਼ੋਰ ਹੋਵੇ ਤਾਂ ਬਿਲਡਿੰਗ ਇਕ ਵਾਰ ਖੜੀ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਬਾਅਦ ਵਿਚ ਡਿੱਗ ਕੇ ਅਪਣਾ ਨੁਕਸਾਨ ਤਾਂ ਕਰਦੀ ਹੀ ਹੈ, ਕਈ ਵਾਰ ਆਸੇ ਪਾਸੇ ਨੁਕਸਾਨ ਵੱਧ ਕਰ ਜਾਂਦੀ ਹੈ। ਅੱਜ ਸੰਸਾਰ ਭਰ ਵਿਚ ਮਾਰੂ ਬਿਮਾਰੀਆਂ ਜਿਵੇਂ ਕਿ ਪੋਲੀਉ, ਬਰਡ ਫ਼ਲੂ, ਸਵਾਈਨ ਫ਼ਲੂ ਅਤੇ ਹੋਰ ਕਈ ਨਾਮੁਰਾਦ ਬਿਮਾਰੀਆਂ ਘਾਤ ਲਾਈ ਬੈਠੀਆਂ ਹਨ ਤਾਂ ਇਨ੍ਹਾਂ ਹਾਲਾਤ ਵਿਚ ਮੈਡੀਕਲ ਸਿਖਿਆ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ।
ਅਸਲ ਗੱਲ ਇਹ ਹੈ ਕਿ ਇਸ ਸਿਖਿਆ ਦਾ ਆਧਾਰ ਕੀ ਹੋਵੇ ਅਤੇ ਅਸੀ ਕਿਸ ਤਰ੍ਹਾਂ ਸੇਵਾ ਭਾਵਨਾ ਵਾਲੇ ਅਤੇ ਮਾਹਰ ਡਾਕਟਰ ਪੈਦਾ ਕਰ ਸਕੀਏ। ਕਿਸੇ ਵੀ ਸਿਖਿਆ ਦਾ ਆਧਾਰ ਸ਼ੁਰੂ ਹੁੰਦਾ ਹੈ ਸਕੂਲ ਤੋਂ। ਸ਼ੁਰੂ ਤੋਂ ਹੀ ਬੱਚਿਆਂ ਦੀ ਦਿਲਚਸਪੀ ਦਾ ਧਿਆਨ ਰਖਣਾ ਜ਼ਰੂਰੀ ਹੈ ਨਾਕਿ ਮਾਪਿਆਂ ਦੀ ਇੱਛਾ ਦਾ। ਕੁੱਝ ਸਮਾਂ ਪਹਿਲਾਂ ਵਿਸ਼ਿਆਂ ਦੀ ਚੋਣ ਨੌਵੀਂ ਜਮਾਤ ਵਿਚ ਹੋ ਜਾਂਦੀ ਸੀ। ਮਤਲਬ ਕਿ ਮਿਡਲ ਤੋਂ ਬਾਅਦ ਮੈਡੀਕਲ, ਨਾਨ-ਮੈਡੀਕਲ, ਆਰਟਸ ਗਰੁੱਪ ਵੱਖ ਹੋ ਜਾਂਦੇ ਸਨ। ਉਹ ਸਿਸਟਮ ਬਿਲਕੁਲ ਠੀਕ ਸੀ। ਜੇਕਰ ਇਸ ਪੱਧਰ ਤੇ ਵਿਸ਼ਿਆਂ ਦੀ ਚੋਣ ਹੋ ਜਾਵੇ ਤਾਂ ਵਾਧੂ ਮਜ਼ਮੂਨਾਂ ਦਾ ਬੋਝ ਵਿਦਿਆਰਥੀ ਉਤੇ ਨਹੀਂ ਪੈਂਦਾ ਅਤੇ ਅਪਣੇ ਲੋੜੀਂਦੇ ਮਜ਼ਮੂਨ ਵਧੀਆ ਤਰੀਕੇ ਨਾਲ ਅਤੇ ਦਿਲਚਸਪੀ ਨਾਲ ਪੜ੍ਹ ਸਕਦਾ ਹੈ।
ਪਤਾ ਨਹੀਂ ਕਿਹੜੇ ਕਾਰਨਾਂ ਕਰ ਕੇ ਵਿਸ਼ਿਆਂ ਦੀ ਚੋਣ 11ਵੀਂ ਅਤੇ 12ਵੀਂ ਤਕ ਅੱਗੇ ਪਾ ਦੇਣ ਦਾ ਫ਼ੈਸਲਾ ਕੀਤਾ ਗਿਆ ਅਤੇ ਮੁੜ ਕਦੀ ਨਜ਼ਰਸਾਨੀ ਕਰਨ ਦੀ ਲੋੜ ਹੀ ਨਹੀਂ ਸਮਝੀ। ਜਿਸ ਬੱਚੇ ਨੇ ਮੈਡੀਕਲ ਲੈਣਾ ਹੈ ਉਸ ਨੂੰ ਉਨ੍ਹਾਂ ਵਿਸ਼ਿਆਂ ਵਿਚ ਮੁਹਾਰਤ ਹਾਸਲ ਕਰਨ ਦਿਉ। ਜੇਕਰ ਬਾਕੀ ਕੁੱਝ ਵਿਸ਼ਿਆਂ ਦੀ ਲੋੜ ਮਹਿਸੂਸ ਹੁੰਦੀ ਹੈ ਜਿਵੇਂ ਕਿ ਖੇਤਰੀ ਭਾਸ਼ਾ ਦੀ ਤਾਂ ਉਸ ਨੂੰ ਲੋੜੀਂਦੀ ਮਾਤਰਾ ਵਿਚ ਪੜ੍ਹਾਇਆ ਜਾ ਸਕਦਾ ਹੈ ਤਾਕਿ ਬੱਚੇ ਉਪਰ ਬੇਲੋੜਾ ਬੋਝ ਨਾ ਪਵੇ। ਮੇਰਾ ਕਹਿਣ ਤੋਂ ਭਾਵ ਹੈ ਕਿ ਉਸ ਕਤਾਰ ਤੋਂ ਬੇਲੋੜੇ ਵਿਸ਼ੇ ਪਾਸੇ ਕਰ ਦੇਣੇ ਚਾਹੀਦੇ ਹਨ।
ਮੈਡੀਕਲ ਸਿਖਿਆ ਲਈ ਇਸ ਪੱਧਰ ਉਤੇ ਇਕ ਹੋਰ ਸਿਖਿਆ ਦੀ ਲੋੜ ਹੁੰਦੀ ਹੈ। ਉਹ ਹੈ ਮਨੁੱਖੀ ਕਦਰਾਂ-ਕੀਮਤਾਂ ਅਤੇ ਸੇਵਾ ਭਾਵ ਜੋ ਇਸੇ ਉਮਰ 'ਚ ਹੀ ਪੈਦਾ ਕੀਤਾ ਜਾ ਸਕਦਾ ਹੈ। ਵਿਕਸਤ ਦੇਸ਼ਾਂ ਵਿਚ ਇਸ ਦਾ ਬਹੁਤ ਖ਼ਿਆਲ ਰਖਿਆ ਜਾਂਦਾ ਹੈ। ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਜੇਕਰ ਕਿਸੇ ਨੇ ਐਮ.ਬੀ.ਬੀ.ਐਸ./ਐਮ.ਡੀ. ਕਰਨੀ ਹੈ ਤਾਂ ਉਸ ਦੇ ਦਾਖ਼ਲੇ ਵੇਲੇ ਇਹ ਖ਼ਿਆਲ ਰਖਿਆ ਜਾਂਦਾ ਹੈ ਕਿ ਇਸ ਨੂੰ ਮਨੁੱਖੀ ਜੀਵਨ ਦੀ ਕਦਰ ਦਾ ਪਤਾ ਹੈ ਜਾਂ ਇਸ ਨੇ ਕਦੀ ਕਿਸੇ ਮਨੁੱਖੀ ਸੇਵਾ ਵਾਲੀ ਸੰਸਥਾ ਵਿਚ ਸੇਵਾ ਦਾ ਕੰਮ ਕੀਤਾ ਹੈ। ਜੇਕਰ ਉਸ ਨੇ ਕੰਮ ਕੀਤਾ ਹੈ, ਉਸ ਕੋਲ ਸਰਟੀਫ਼ੀਕੇਟ ਹੈ ਤਾਂ ਉਸ ਨੂੰ ਦਾਖ਼ਲੇ ਵੇਲੇ ਵਾਧੂ ਅੰਕ ਦਿਤੇ ਜਾਂਦੇ ਹਨ। ਸਾਡੇ ਐਨ.ਆਰ.ਆਈ. ਭਰਾਵਾਂ ਦੇ ਬੱਚੇ ਭਾਰਤ ਵਿਚ ਇਸ ਸੇਵਾ ਲਈ ਆਉਂਦੇ ਹਨ ਤਾਕਿ ਦਾਖ਼ਲਾ ਸੌਖਾ ਮਿਲ ਸਕੇ। ਅੰਮ੍ਰਿਤਸਰ ਵਿਚ ਵੀ ਭਗਤ ਪੂਰਨ ਸਿੰਘ ਵਲੋਂ ਚਲਾਏ ਜਾਂਦੇ ਪਿੰਗਲਵਾੜੇ ਵਲੋਂ ਜਾਰੀ ਕੀਤੇ ਸਰਟੀਫ਼ੀਕੇਟ ਨੂੰ ਬਹੁਤ ਸਾਰੇ ਦੇਸ਼ ਮਾਨਤਾ ਦਿੰਦੇ ਹਨ। ਹੋਰ ਵੀ ਕਈ ਸਵੈਸੇਵੀ ਜਥੇਬੰਦੀਆਂ ਹਨ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ।
ਜੇਕਰ ਉਪਰੋਕਤ ਨੁਕਤੇ ਵਲ ਧਿਆਨ ਦਿਤਾ ਜਾਵੇ ਤਾਂ ਵਿਦਿਆਰਥੀਆਂ ਨੂੰ ਇਨਸਾਨੀ ਕਦਰਾਂ-ਕੀਮਤਾਂ ਤੇ ਇਨਸਾਨੀ ਭਾਈਚਾਰੇ ਦਾ ਪਾਠ ਪੜ੍ਹਾਇਆ ਜਾਵੇ ਤਾਂ ਅਜਿਹੇ ਬੱਚੇ ਡਾਕਟਰ ਬਣ ਕੇ ਡਾਕਟਰੀ ਕਿੱਤੇ ਅਤੇ ਸਮਾਜ ਦਾ ਚਿਹਰਾ ਮੁਹਰਾ ਹੀ ਬਦਲ ਦੇਣਗੇ। ਜਿਵੇਂ ਕਿ ਮੈਂ ਪਹਿਲਾਂ ਦਸ ਚੁੱਕਾ ਹਾਂ, ਉਨ੍ਹਾਂ ਦੇਸ਼ਾਂ ਵਿਚ ਜਿਨ੍ਹਾਂ ਵਿਦਿਆਰਥੀਆਂ ਨੇ ਡਾਕਟਰ ਬਣਨਾ ਹੁੰਦਾ ਹੈ ਜਾਂ ਡਾਕਟਰ ਬਣਨ ਦੀ ਜਿਨ੍ਹਾਂ ਦੀ ਇੱਛਾ ਹੁੰਦੀ ਹੈ, ਉਨ੍ਹਾਂ ਕੋਲੋਂ ਪਹਿਲਾਂ ਹੀ ਹਸਪਤਾਲਾਂ ਆਦਿ ਵਿਚ ਸੇਵਾ ਭਾਵਨਾ ਵਾਲਾ ਕੰਮ ਲਿਆ ਜਾਂਦਾ ਹੈ। ਉਨ੍ਹਾਂ ਨੂੰ ਦਸਿਆ ਜਾਂਦਾ ਹੈ ਕਿ ਤੁਸੀ ਦਸ ਮਰੀਜ਼ਾਂ ਨੂੰ ਅਖ਼ਬਾਰ ਦੇ ਕੇ ਆਉ, ਉਨ੍ਹਾਂ ਨਾਲ ਗੱਲ ਕਰੋ। ਕਈ ਵਾਰ ਤਾਂ ਮਰੀਜ਼ ਦੀ ਸਾਫ਼ ਸਫ਼ਾਈ ਵੀ ਕਰਵਾਈ ਜਾਂਦੀ ਹੈ।
ਮੈਨੂੰ ਕੈਨੇਡਾ ਵਿਚ ਇਕ ਹਸਪਤਾਲ ਵੇਖਣ ਦਾ ਮੌਕਾ ਮਿਲਿਆ ਤਾਂ ਉਥੋਂ ਦੇ ਸੂਚਨਾ ਅਫ਼ਸਰ ਨੇ ਦਸਿਆ ਕਿ ਇਸ ਵੱਡੇ ਹਸਪਤਾਲ ਦਾ ਜੋ ਅੱਜ ਡਾਇਰੈਕਟਰ ਹੈ ਉਸ ਨੇ ਕਿਸੇ ਵੇਲੇ (ਵਿਦਿਆਰਥੀ ਜੀਵਨ ਸਮੇਂ) ਇਸੇ ਹਸਪਤਾਲ ਵਿਚ ਮਰੀਜ਼ਾਂ ਨੂੰ ਅਖ਼ਬਾਰਾਂ ਵੀ ਵੰਡੀਆਂ ਸਨ ਅਤੇ ਚਾਹ/ਕੌਫ਼ੀ ਵੀ ਵਰਤਾਂਦਾ ਸੀ। ਉਸ ਨੇ ਇਹ ਕਹਿਣ ਤੇ ਵੀ ਮਾਣ ਮਹਿਸੂਸ ਕੀਤਾ ਕਿ ਕਈ ਮਰੀਜ਼ਾਂ ਦੀਆਂ ਉਲਟੀਆਂ ਵੀ ਸਾਫ਼ ਕੀਤੀਆਂ ਹੋਣਗੀਆਂ। ਜ਼ਰਾ ਸੋਚੋ ਜਿਸ ਹਸਪਤਾਲ ਦਾ ਡਾਇਰੈਕਟਰ ਇਸ ਸੋਚ ਦਾ ਧਾਰਨੀ ਰਿਹਾ ਹੋਵੇ, ਉਸ ਹਸਪਤਾਲ ਵਿਚ ਕਦੀ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਆ ਸਕਦੀ ਹੈ? ਸੋ ਇਸ ਵਿਸ਼ੇ ਬਾਰੇ ਸਿਖਿਆ ਦਾਨੀਆਂ ਅਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜੇਕਰ ਇਸ ਪਾਸੇ ਧਿਆਨ ਦਿਤਾ ਜਾਵੇ ਤਾਂ ਨਿੱਤ ਦਿਨ ਹੁੰਦੀ ਹਸਪਤਾਲਾਂ ਦੀ ਤੋੜਭੰਨ ਅਤੇ ਮਰੀਜ਼ਾਂ ਦੇ ਗਿਲੇ ਖ਼ੁਦ ਹੀ ਬੰਦ ਹੋ ਜਾਣਗੇ। ਕਈ ਵਾਰ ਮਰੀਜ਼ ਵੀ ਠੀਕ ਹੁੰਦਾ ਹੈ, ਬਿਲ ਵਿਚ ਵੀ ਕੋਈ ਸਮੱਸਿਆ ਨਹੀਂ ਹੁੰਦੀ ਪਰ ਮਰੀਜ਼ ਅਤੇ ਡਾਕਟਰ ਵਿਚ ਸੰਚਾਰ ਦੀ ਕਮੀ ਹੀ ਸਾਰੇ ਕੁੱਝ ਲਈ ਜ਼ਿੰਮੇਵਾਰ ਬਣ ਜਾਂਦਾ ਹੈ।
11ਵੀਂ ਅਤੇ 12ਵੀਂ ਦੀ ਸਿਖਿਆ ਦਾ ਤੌਰ ਤਰੀਕਾ ਬਦਲਣ ਦੀ ਲੋੜ ਹੈ। ਪ੍ਰੈਕਟੀਕਲ ਤੋਂ ਬਗ਼ੈਰ ਟਿਊਸ਼ਨ ਕੇਂਦਰਾਂ ਵਿਚ ਦਿਤੀ ਸਿਖਿਆ ਅੱਗੇ ਜਾ ਕੇ ਵਿਦਿਆਰਥੀ ਨੂੰ ਜੀਵਨ ਦੇ ਪ੍ਰੈਕਟੀਕਲ ਵਿਚ ਫ਼ੇਲ੍ਹ ਕਰ ਦਿੰਦੀ ਹੈ, ਬੇਸ਼ੱਕ ਇਕ ਵਾਰੀ ਉਸ ਦੀ ਮੈਰਿਟ ਬਣ ਵੀ ਕਿਉਂ ਨਾ ਜਾਵੇ। ਐਮ.ਬੀ.ਬੀ.ਐਸ. ਦੇ ਡਿਗਰੀ ਕੋਰਸ ਵਿਚ ਵੀ ਉਥੋਂ ਦੀ ਖੇਤਰੀ ਭਾਸ਼ਾ ਅਤੇ ਅਧਿਆਤਮਕ ਸਿਖਿਆ ਦਾ ਖ਼ਿਆਲ ਰਖਣਾ ਚਾਹੀਦਾ ਹੈ ਤਾਕਿ ਡਾਕਟਰਾਂ ਵਿਚ ਨਿਮਰਤਾ ਅਤੇ ਸਹਿਣਸ਼ੀਲਤਾ ਪੈਦਾ ਹੋਵੇ ਜਿਸ ਦੀ ਉਨ੍ਹਾਂ ਨੂੰ ਇਸ ਪਵਿੱਤਰ ਪੇਸ਼ੇ ਵਿਚ ਰਹਿਣ ਕਰ ਕੇ ਸਦਾ ਲੋੜ ਰਹਿੰਦੀ ਹੈ।
ਜੇ ਉਪਰੋਕਤ ਗੱਲਾਂ ਵਲ ਡਾਕਟਰੀ ਦੇ ਨਾਲ ਨਾਲ ਧਿਆਨ ਦਿਤਾ ਜਾਵੇ ਤਾਂ ਡਾਕਟਰਾਂ ਦੀ ਸਮਾਜ ਵਿਚ ਇਕ ਵਖਰੀ ਦਿਖ ਬਣ ਜਾਵੇਗੀ ਅਤੇ ਸਹੀ ਸ਼ਬਦਾਂ ਵਿਚ ਡਾਕਟਰ ਰੱਬ ਦਾ ਦੂਜਾ ਰੂਪ ਕਹਾਉਣ ਦੇ ਹੱਕਦਾਰ ਹੋ ਜਾਣਗੇ।
ਮੋਬਾਈਲ : 94173-57156