ਮਾਂ-ਬੋਲੀ ਪੰਜਾਬੀ ਪ੍ਰਤੀ ਸਾਡੀ ਬੇਰੁਖੀ

ਵਿਚਾਰ, ਵਿਸ਼ੇਸ਼ ਲੇਖ

ਪਤਾ ਨਹੀਂ ਕਿਉਂ ਅੱਜ ਦੇ ਉਤਪਾਦਕ ਯੁੱਗ ਵਿਚ ਸਾਡੀ ਮਾਂ-ਬੋਲੀ ਪੰਜਾਬੀ ਮੈਨੂੰ ਕਿਤੇ ਗੁਆਚਦੀ ਨਜ਼ਰ ਆ ਰਹੀ ਹੈ। ਸਾਡੀ ਮਾਂ-ਬੋਲੀ ਦਾ ਦਰਜਾ ਦੂਜੀਆਂ ਭਾਸ਼ਾਵਾਂ ਨੇ ਲੈ ਲਿਆ ਹੈ, ਜਿਨ੍ਹਾਂ ਵਿਚੋਂ ਇੰਗਲਿਸ਼ ਪ੍ਰਮੁੱਖ ਹੈ। ਵੱਖ-ਵੱਖ ਭਾਸ਼ਾ ਸ਼ੈਲੀਆਂ ਦਾ ਅਧਿਐਨ ਕਰਨਾ ਇਕ ਬਹੁਤ ਵਧੀਆ ਅਤੇ ਸਾਂਝਵਧਾਊ ਕਦਮ ਹੈ। ਪਰ ਇਸ ਖੇਡ ਵਿਚ ਮਾਂ ਨੂੰ ਹੀ ਭੁੱਲ ਜਾਣਾ ਜਾਂ ਮਾਂ-ਬੋਲੀ ਵਿਚ ਬੋਲਣ ਤੇ ਝਿਜਕ ਮਹਿਸੂਸ ਕਰਨਾ ਬਹੁਤ ਮਾੜਾ ਅਤੇ ਦੁਖਾਂਤ ਪੂਰਕ ਹੈ।
ਸਕੂਲਾਂ-ਕਾਲਜਾਂ ਵਿਚ ਜ਼ਿਆਦਾਤਰ ਡਿਗਰੀਆਂ ਦੀ ਭਾਸ਼ਾ ਸ਼ੈਲੀ ਇੰਗਲਿਸ਼ ਹੋਣ ਕਾਰਨ ਸਾਡੀ ਮਾਂ-ਬੋਲੀ ਨੂੰ ਪਿੱਛੇ ਧੱਕ ਕੇ ਪਛਮੀ ਸਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਤੇ ਜ਼ੋਰ ਦੇ ਰਿਹਾ ਹੈ ਅਤੇ ਪੰਜਾਬ ਵਿਚੋਂ ਪੰਜਾਬੀ ਸਭਿਆਚਾਰ ਨੂੰ ਖ਼ਤਮ ਕਰਦਾ ਜਾ ਰਿਹਾ ਹੈ। ਇਹ ਸਾਨੂੰ ਕਿਤੇ ਨਾ ਕਿਤੇ ਆਰਥਕ, ਸਰੀਰਕ ਸੁੰਦਰਤਾ ਅਤੇ ਕੁੱਝ ਹੱਦ ਤਕ ਪ੍ਰਭਾਵਸ਼ਾਲੀ ਦਿੱਖ ਵਾਲਾ ਤਾਂ ਜ਼ਰੂਰ ਬਣਾਉਂਦਾ ਹੈ ਪਰ ਸਾਡੀ ਆਤਮਾ ਨੂੰ ਮੂਲ ਨਾਲੋਂ ਤੋੜ ਕੇ ਪਤਨ ਵਲ ਲੈ ਕੇ ਜਾ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਸਾਡੀ ਨਿਪੁੰਨਤਾ ਨਾ ਤਾਂ ਅਪਣੀ ਭਾਸ਼ਾ ਵਿਚ ਹੋ ਪਾਉਂਦੀ ਹੈ ਅਤੇ ਨਾ ਹੀ ਕਿਸੇ ਦੂਜੀ ਭਾਸ਼ਾ ਵਿਚ। ਅਸੀ ਅਪਣੇ ਬੋਲ-ਚਾਲ ਵਿਚ ਦੂਜੀਆਂ ਬੋਲੀਆਂ ਦਾ ਜ਼ਿਕਰ ਕਰ ਕੇ ਸੁਣਨ ਵਾਲੇ ਨੂੰ ਅਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਨਤੀਜੇ ਵਜੋਂ ਅਸੀ ਅਸਫ਼ਲ ਹੋ ਜਾਂਦੇ ਹਾਂ ਕਿਉਂਕਿ ਇਹ ਜ਼ਰੂਰੀ ਤਾਂ ਨਹੀਂ ਕਿ ਸੁਣਨ ਵਾਲਾ ਵੀ ਉਨ੍ਹਾਂ ਸਾਰੀਆਂ ਭਾਸ਼ਾਵਾਂ ਤੋਂ ਜਾਣੂ ਹੋਵੇ ਜਾਂ ਉਸ ਦੀ ਮੁਹਾਰਤ ਰਖਦਾ ਹੋਵੇ, ਜਿਸ ਕਾਰਨ ਅਸੀ ਅਪਣੇ ਵਲੋਂ ਕਹੀ ਜਾ ਰਹੀ ਗੱਲ ਨੂੰ ਪੇਸ਼ ਕਰਨ ਵਿਚ ਅਸਫ਼ਲ ਰਹਿੰਦੇ ਹਾਂ ਜਾਂ ਅਧੂਰੇ ਰੂਪ ਵਿਚ ਹੋਈ ਗੱਲਬਾਤ ਕਾਰਨ ਆਲੇ-ਦੁਆਲੇ ਵਿਚ ਢੀਠ ਜਾਂ ਹਾਰੇ ਹੋਏ ਬਣਦੇ ਹਾਂ ਅਤੇ ਨਿਰਾਸ਼ ਹੋ ਕੇ ਬੈਠ ਜਾਂਦੇ ਹਾਂ।
ਮਾਂ-ਬੋਲੀ ਦੇ ਅਲੋਪ ਹੋਣ ਦੇ ਕਈ ਕਾਰਨ ਮਾਹਰਾਂ ਵਲੋਂ ਦੱਸੇ ਜਾਂਦੇ ਹਨ। ਉਧਰ ਕਈ ਮਾਹਰਾਂ ਅਨੁਸਾਰ ਸਾਡੀ ਮਾਂ-ਬੋਲੀ ਅਪਣੇ ਰੂਪ ਨੂੰ ਵੀ ਬਦਲ ਰਹੀ ਹੈ। ਜਿਵੇਂ ਅਸੀ ਸੰਚਾਰ ਦਾ ਸਾਧਨ ਕਹਿਣ ਦੀ ਬਜਾਏ 'ਕਮਿਊਨੀਕੇਸ਼ਨ' ਕਹਿਣਾ ਪਸੰਦ ਕਰਦੇ ਹਾਂ। ਪਰ ਮੇਰੇ ਅਨੁਸਾਰ ਇਸ ਦਾ ਇਕ ਹੋਰ ਵੀ ਕਾਰਨ ਹੈ। ਉਹ ਹੈ ਸਾਡੀ ਪੜ੍ਹਾਈ ਦਾ ਅੱਧ ਤੋਂ ਵੱਧ ਭਾਗ ਦੋਸ਼ਪੂਰਨ ਮਾਧਿਅਮ ਵਿਚ ਹੋਣਾ। ਨਿਜੀ ਸਕੂਲਾਂ ਵਿਚ ਜ਼ਿਆਦਾਤਰ ਬੱਚੇ ਪੜ੍ਹਦੇ ਹਨ ਅਤੇ ਉਨ੍ਹਾਂ ਦੀ ਸਾਰੀ ਪੜ੍ਹਾਈ ਅੰਗਰੇਜ਼ੀ ਵਿਚ ਹੁੰਦੀ ਹੈ। ਪਰ ਘਰ ਦਾ ਮਾਹੌਲ ਪੰਜਾਬੀ ਵਿਚ ਹੋਣ ਜਾਂ ਸਕੂਲ ਵਿਚ ਅਧਿਆਪਕ ਦੀ ਭਾਸ਼ਾ ਸ਼ੈਲੀ ਹਿੰਦੀ ਜਾਂ ਰਲਵੀਂ ਹੋਣ ਕਾਰਨ ਬੱਚੇ ਨੂੰ ਸਹੀ ਮਾਹੌਲ ਨਹੀਂ ਮਿਲ ਪਾਉਂਦਾ, ਜੋ ਉਸ ਦੀ ਸ਼ਖ਼ਸੀਅਤ ਦੇ ਸੰਪੂਰਨ ਨਿਰਮਾਣ ਵਿਚ ਰੁਕਾਵਟ ਦਾ ਕਾਰਨ ਬਣਦਾ ਹੈ ਭਾਵ ਬੱਚੇ ਨੂੰ ਛੋਟੀ ਉਮਰ ਵਿਚ ਹੀ ਅਲੱਗ-ਅਲੱਗ ਭਾਸ਼ਾ ਸ਼ੈਲੀਆਂ ਵਿਚੋਂ ਲੰਘਦਾ ਪੈਂਦਾ ਹੈ। ਜਦੋਂ ਤਕ ਬੱਚੇ ਨੂੰ ਅਲੱਗ-ਅਲੱਗ ਭਾਸ਼ਾਵਾਂ ਦਾ ਗਿਆਨ ਹੋਣਾ ਸ਼ੁਰੂ ਨਹੀਂ ਹੁੰਦਾ, ਉਦੋਂ ਤਕ ਉਸ ਦਾ ਬੋਝ ਹੇਠਾਂ ਦਬਿਆ ਰਹਿੰਦਾ ਹੈ। ਸ਼ਾਇਦ ਅਜਿਹੀ ਹਾਲਤ ਵਿਚ ਮਾਂ-ਬਾਪ ਦਾ ਬੱਚੇ ਲਈ ਸਰਬਪੱਖੀ ਵਿਕਾਸ ਦੀ ਆਸ ਰਖਣਾ ਬੇਕਾਰ ਅਤੇ ਫ਼ਜ਼ੂਲ ਹੈ ਕਿਉਂਕਿ ਸਾਡੀ ਸ਼ੁਰੂਆਤ ਹੀ ਸਹੀ ਨਹੀਂ ਹੈ, ਤਾਂ ਉਜਵਲ ਅਤੇ ਸਰਬਪੱਖੀ ਵਿਕਾਸ ਦੀ ਆਸ ਕਿਥੋਂ ਪੂਰੀ ਹੋ ਸਕਦੀ ਹੈ? ਬੱਚਾ ਉਹੀ ਸਿਖਦਾ ਹੈ ਜੋ ਅਧਿਆਪਕ ਜਾਂ ਮਾਂ-ਬਾਪ ਉਸ ਨੂੰ ਸਿਖਾਉਂਦਾ ਹੈ। ਪਰ ਇਕ ਹੀ ਗਿਆਨ ਨੂੰ ਵੱਖ-ਵੱਖ ਭਾਸ਼ਾ ਸ਼ੈਲੀਆਂ ਵਿਚ ਸਿਖ ਕੇ ਅੱਗੇ ਵਧਣਾ ਕੀ ਸਹੀ ਹੈ ਜਾਂ ਗ਼ਲਤ?
ਸ਼ਾਇਦ ਇਸੇ ਕਾਰਨ ਸਾਡਾ ਬੱਚਾ ਅੱਜ ਅਪਣੇ ਬਚਪਨ ਤੋਂ ਹੀ ਗਿਆਨ ਰਾਹੀਂ ਵੱਖ-ਵੱਖ ਭਾਸ਼ਾ ਸ਼ੈਲੀਆਂ ਸਿਖਣ ਦੇ ਬੋਝ ਨੂੰ ਚੁੱਕ ਕੇ ਦੁਨੀਆਂ ਵਿਚ ਵਿਚਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸੰਸਾਰ ਵਿਚ ਗਿਆਨ ਦੀ ਦੌੜ ਵਿਚ ਅੱਗੇ ਨਿਕਲਣ ਦੀ ਥਾਂ ਕਿਤੇ ਅੱਧ ਵਿਚ ਹੀ ਰਹਿ ਜਾਂਦਾ ਹੈ। ਸਾਡੇ ਜੀਵਨ ਵਿਚ ਇਕੱਲਾ ਭਾਸ਼ਾ ਦਾ ਹੀ ਗਿਆਨ ਮਹੱਤਵਪੂਰਨ ਨਹੀਂ ਸਗੋਂ ਵਿਗਿਆਨ, ਕੰਪਿਊਟਰ ਆਦਿ ਦਾ ਗਿਆਨ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਨ੍ਹਾਂ ਦੀ ਜ਼ਿਆਦਾਤਰ ਭਾਸ਼ਾ ਸ਼ੈਲੀ ਮਾਂ-ਬੋਲੀ ਵਿਚ ਨਾ ਹੋਣ ਕਾਰਨ ਅਤੇ ਇਕ ਸ਼ਬਦ ਦੇ ਬਹੁਤ ਸਾਰੇ ਮਤਲਬ ਹੋਣ ਕਾਰਨ ਬੱਚਾ ਉਨ੍ਹਾਂ ਨੂੰ ਰੱਟਾ ਲਾ ਕੇ ਕੰਮ ਚਲਾ ਲੈਂਦਾ ਹੈ ਜੋ ਕਿ ਫ਼ਜ਼ੂਲ ਅਤੇ ਅਗਿਆਨਤਾ ਵਲ ਕਦਮ ਹੈ।
ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਕਈ ਦੇਸ਼ਾਂ ਵਿਚ ਡਾਕਟਰੀ ਤਕ ਦੀ ਪੜ੍ਹਾਈ ਉਨ੍ਹਾਂ ਦੀ ਅਪਣੀ ਮਾਤਭਾਸ਼ਾ ਵਿਚ ਹੈ। ਇਸ ਕਾਰਨ ਮੈਂ ਸਮਝਦਾ ਹਾਂ ਕਿ ਦੂਜੇ ਦੇਸ਼ਾਂ ਵਾਂਗ ਸਾਡੀ ਪੜ੍ਹਾਈ ਦੀ ਵੀ ਭਾਸ਼ਾਸ਼ੈਲੀ ਅਪਣੀ ਮਾਂ-ਬੋਲੀ ਪੰਜਾਬੀ ਵਿਚ ਹੋਣੀ ਚਾਹੀਦੀ ਹੈ। ਇਸ ਦਾ ਇਕ ਫ਼ਾਇਦਾ ਤਾਂ ਇਹ ਹੈ ਕਿ ਸਾਨੂੰ ਸ਼ਬਦ ਕਿਸ ਪੱਧਰ ਤੇ ਅਤੇ ਕਿਉਂ ਲਿਖਿਆ ਗਿਆ ਹੈ ਦਾ ਪਤਾ ਲੱਗੇਗਾ, ਨਾਲ ਹੀ ਸਾਡੇ ਗਿਆਨ ਵਿਚ ਵਾਧਾ ਵੀ ਹੋਵੇਗਾ। ਇਸ ਦਾ ਦੂਜਾ ਫ਼ਾਇਦਾ ਇਹ ਹੈ ਕਿ ਬੱਚਿਆਂ ਨੂੰ ਮਾਂ-ਬੋਲੀ ਸਿਖਣ ਤੇ ਜ਼ੋਰ ਨਹੀਂ ਦੇਣਾ ਪੈਂਦਾ ਕਿਉਂਕਿ ਉਹ ਉਨ੍ਹਾਂ ਦੀ ਅਪਣੀ ਮਾਂ ਦੀ ਬੋਲੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਬਚਪਨ ਨੂੰ ਖੁੱਲ੍ਹ, ਬੋਝਰਹਿਤ ਅਤੇ ਗਿਆਨ ਵਲ ਇਕ ਨਵੀਂ ਦਿਸ਼ਾ ਮਿਲੇਗੀ।
ਇਸ ਦਾ ਤੀਜਾ ਫ਼ਾਇਦਾ ਇਹ ਹੈ ਕਿ ਸਾਡੀ ਮਾਂ-ਬੋਲੀ ਦੇ ਅਲੋਪ ਹੋਣ ਦਾ ਕੋਈ ਕਾਰਨ ਹੀ ਨਹੀਂ ਬਚੇਗਾ। ਅੰਤ ਵਿਚ ਮੈਂ ਆਪ ਸੱਭ ਨੂੰ ਇਹ ਪ੍ਰਸ਼ਨ ਪੁਛਣਾ ਚਾਹੁੰਦਾ ਹਾਂ ਕਿ ਸਾਡਾ ਅਪਣੀ ਮਾਂ-ਬੋਲੀ ਤੋਂ ਦੂਰ ਹੋਣਾ ਸਾਨੂੰ ਇਹ ਚੰਗੇ ਅਤੇ ਉਜਵਲ ਭਵਿੱਖ ਵਲ ਲੈ ਕੇ ਜਾ ਰਿਹਾ ਹੈ ਜਾਂ ਪਤਨ ਵਲ? ਸੰਪਰਕ : 81980-23574