ਮਾਪੇ ਬੱਚਿਆਂ ਲਈ ਹਰ ਵੇਲੇ ਤੜਪਦੇ ਹਨ ਪਰ ਬੱਚੇ ਸਮਾਨ ਲਈ

ਵਿਚਾਰ, ਵਿਸ਼ੇਸ਼ ਲੇਖ


ਮੇਰੇ ਇਕ ਬਜ਼ੁਰਗ ਮਿੱਤਰ ਦਾ ਫ਼ੋਨ ਆਇਆ। ਉਨ੍ਹਾਂ ਨੇ ਇਕ ਪਾਰਕ ਵਿਚ ਇਕੱਲੇ ਹੀ ਕੋਈ ਜ਼ਰੂਰੀ ਗੱਲ ਕਰਨ ਲਈ ਬੁਲਾਇਆ ਸੀ। ਮੈਂ ਗਿਆ ਤਾਂ ਉਹ ਇਕ ਦਰੱਖ਼ਤ ਹੇਠਾਂ ਸਿਰ ਨੀਵਾਂ ਕਰ ਕੇ ਬੈਠੇ ਸਨ। ਉਨ੍ਹਾਂ ਦੀ ਉਮਰ 70 ਦੇ ਕਰੀਬ ਹੈ ਅਤੇ ਉਨ੍ਹਾਂ ਦੀ ਪਤਨੀ ਦੀ ਉਮਰ 65 ਤੋਂ ਉਪਰ। ਦੋਵੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਕਮਜ਼ੋਰ ਅਤੇ ਡਰੇ ਹੋਏ। ਮੈਂ ਅਪਣੇ ਨਾਲ ਪਨੀਰ ਦੇ ਪਕੌੜੇ ਲੈ ਗਿਆ ਸੀ। ਪਾਰਕ ਦੀ ਕੰਟੀਨ ਤੋਂ ਦੋ ਕੱਪ ਚਾਹ ਲੈ ਕੇ ਮੈਂ ਉਨ੍ਹਾਂ ਕੋਲ ਬੈਠ ਗਿਆ ਤੇ ਇਧਰ ਉਧਰ ਦੀਆਂ ਗੱਲਾਂ ਕਰਦੇ ਹੋਏ ਅਸੀ ਚਾਹ ਤੇ ਪਕੌੜੇ ਖ਼ਤਮ ਕੀਤੇ।

ਮੈਂ ਵਾਰ-ਵਾਰ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਵੇਖ ਰਿਹਾ ਸੀ ਅਤੇ ਉਨ੍ਹਾਂ ਦੇ ਚਿਹਰੇ ਤੇ ਆਉਂਦੇ ਰੰਗ ਮੈਨੂੰ ਦੱਸ ਰਹੇ ਸਨ ਕਿ ਉਹ ਫ਼ੈਸਲਾ ਨਹੀਂ ਕਰ ਰਹੇ ਸਨ ਕਿ ਦਿਲ ਦਾ ਦਰਦ ਖੋਲ੍ਹਿਆ ਜਾਵੇ ਜਾਂ ਅੰਦਰ ਹੀ ਦਰਦ ਬਣਿਆ ਰਹਿਣ ਦਿਤਾ ਜਾਵੇ। ਖ਼ੈਰ ਮੈਂ ਉਨ੍ਹਾਂ ਦਾ ਹੱਥ ਫੜ ਕੇ, ਚਾਹੇ ਮੈਂ ਉਮਰ ਵਿਚ ਛੋਟਾ ਹਾਂ ਪਰ ਵੱਡੇ ਵੀਰ ਵਾਂਗ ਮੈਂ ਉਨ੍ਹਾਂ ਦੀ ਪਿੱਠ ਤੇ ਹੌਸਲਾ ਦਿੰਦੇ ਹੋਏ, ਅਪਣੀ ਗੱਲ ਕਹਿਣ ਲਈ ਬੇਨਤੀ ਕੀਤੀ। ਕਾਫ਼ੀ ਵਾਰ ਕਹਿਣ ਤੇ ਉਹ ਰੋਣ ਲੱਗ ਪਏ। ਫੁੱਟ-ਫੁੱਟ ਕੇ ਰੋਏ ਅਤੇ ਜਦੋਂ ਦਰਦ ਅੱਖਾਂ ਰਾਹੀਂ ਬਾਹਰ ਨਿਕਲ ਗਿਆ ਉਹ ਹੌਸਲਾ ਕਰ ਕੇ ਕਹਿਣ ਲਗੇ, ''ਮੈਂ ਬੇਹੱਦ ਦੁਖੀ ਹਾਂ। ਬਿਮਾਰੀ ਕਰ ਕੇ ਨਹੀਂ ਸਗੋਂ ਬੇਟੇ ਦੇ ਬਹੁਤ ਘਟੀਆ ਸਲੂਕ ਕਰ ਕੇ। ਉਹ ਸਾਨੂੰ ਹਰ ਵੇਲੇ ਗਾਲਾਂ ਕਢਦਾ ਰਹਿੰਦਾ ਹੈ। ਛੋਟੀ ਛੋਟੀ ਗੱਲ ਨੂੰ ਲੈ ਕੇ, ਗ਼ਲਤੀਆਂ ਕੱਢ ਕੇ, ਡਾਂਟਦਾ ਹੈ। ਕਦੇ-ਕਦੇ ਮਾਰਨ ਨੂੰ ਵੀ ਆਉਂਦਾ ਹੈ। ਸਾਨੂੰ ਇਕ ਕਮਰਾ ਦੇ ਰਖਿਆ ਹੈ ਜਿਥੇ ਪੱਖਾ ਲਗਿਆ ਹੈ ਜਦਕਿ ਅਪਣੇ ਕਮਰੇ ਵਿਚ ਉਸ ਨੇ ਏ.ਸੀ. ਲਗਵਾ ਰਖਿਆ ਹੈ। ਸਾਡਾ ਟੀ.ਵੀ. ਕੁਨੈਕਸ਼ਨ ਕਟਵਾ ਦਿਤਾ ਹੈ ਕਿ ਖ਼ਰਚਾ ਵੱਧ ਹੁੰਦਾ ਹੈ। ਸਾਡਾ ਬਾਥਰੂਮ ਛੱਤ ਤੇ ਹੈ ਅਤੇ ਉਸ ਦਾ ਅਪਣੇ ਕਮਰੇ ਵਿਚ ਹੈ। ਜਦੋਂ ਉਸ ਦੇ ਦੋਸਤ-ਮਿੱਤਰ ਜਾਂ ਉਸ ਦੀ ਪਤਨੀ ਦੀਆਂ ਸਹੇਲੀਆਂ ਆਦਿ ਆਉਂਦੇ ਹਨ ਤਾਂ ਉਹ ਸਾਨੂੰ ਉਪਰ ਚੁਬਾਰੇ ਵਿਚ ਇਕ ਕਮਰੇ ਵਿਚ ਬੰਦ ਕਰ ਦਿੰਦਾ ਹੈ। ਜਦੋਂ ਉਨ੍ਹਾਂ ਨੇ ਕਿਤੇ ਜਾਣਾ ਹੁੰਦਾ ਹੈ ਤਾਂ ਉਹ ਅਪਣੇ ਕਮਰੇ, ਅਲਮਾਰੀਆਂ, ਰਸੋਈ ਨੂੰ ਤਾਲਾ ਲਾ ਕੇ ਜਾਂਦੇ ਹਨ। ਜੇਕਰ ਉਹ ਫੱਲ, ਮਠਿਆਈ ਜਾਂ ਕੋਈ ਹੋਰ ਚੀਜ਼ ਬਾਹਰੋਂ ਲਿਆਉਂਦੇ ਹਨ ਤਾਂ ਅਪਣੇ ਕਮਰੇ ਵਿਚ ਬੈਠ ਕੇ, ਦਰਵਾਜ਼ਾ ਬੰਦ ਕਰ ਕੇ, ਹਸਦੇ-ਹਸਦੇ ਆਪ ਹੀ ਖਾਂਦੇ ਹਨ ਅਤੇ ਫਿਰ, ਬਰਤਨ ਤੇ ਕਪੜੇ ਮੇਰੇ ਪਤਨੀ ਤੇ ਅਸੀ ਰਲ ਕੇ ਸਾਫ਼ ਕਰਦੇ ਹਾਂ।''

ਮੈਂ ਉਨ੍ਹਾਂ ਨੂੰ ਕਿਹਾ, ''ਉਹ ਮਕਾਨ ਤਾਂ ਤੁਹਾਡੇ ਨਾਂ ਉਤੇ ਸੀ। ਅਪਣੀ ਨੌਕਰੀ ਸਮੇਂ ਕਰਜ਼ਾ ਲੈ ਕੇ ਬਹੁਤ ਪਿਆਰ ਨਾਲ ਤੁਸੀ ਮਕਾਨ ਬਣਾਇਆ ਸੀ। ਫਿਰ ਤੁਸੀ ਉਨ੍ਹਾਂ ਨੂੰ ਕਹਿ ਦਿਉ ਕਿ ਉਹ ਚਲੇ ਜਾਣ।'' ਉਹ ਅੱਖਾਂ ਵਿਚ ਪਾਣੀ ਭਰ ਕੇ ਕਹਿਣ ਲੱਗੇ, ''ਮੈਨੂੰ ਬਜ਼ੁਰਗਾਂ ਦੇ ਅਧਿਕਾਰ ਦਾ ਪਤਾ ਹੈ। ਅਸੀ 100 ਨੰਬਰ ਤੇ ਫ਼ੋਨ ਕਰ ਕੇ ਪੁਲਿਸ ਦੀ ਮਦਦ ਲੈ ਸਕਦੇ ਹਾਂ, ਅਦਾਲਤ ਵਿਚ ਉਸ ਵਿਰੁਧ ਕੇਸ ਦਰਜ ਕਰਵਾ ਕੇ ਸਜ਼ਾ ਦਿਵਾ ਸਕਦੇ ਹਾਂ, ਉਸ ਨੂੰ ਘਰੋਂ ਕੱਢ ਸਕਦੇ ਹਾਂ, ਜੇਲ ਵੀ ਹੋ ਸਕਦੀ ਹੈ ਪਰ...।'' ਤੇ ਉਹ ਰੋਣ ਲੱਗ ਪਿਆ। ਮੈਂ ਉਸ ਨੂੰ ਹੌਸਲਾ ਦਿਤਾ ਕਿ ਚੱਲੋ ਮੈਂ ਚਲਦਾ ਹਾਂ ਪੁਲਿਸ ਸਟੇਸ਼ਨ ਜਾਂ ਐਸ.ਪੀ. ਕੋਲ ਅਜਿਹੇ ਨਾਲਾਇਕ ਬੇਟੇ ਅਤੇ ਨੂੰਹ ਨੂੰ ਤਾਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।

ਉਸ ਨੇ ਦਸਿਆ ਕਿ ਉਸ ਨੇ ਕਈ ਵਾਰ ਅਰਜ਼ੀ ਲਿਖੀ ਹੈ। ਉਹ ਆਪ ਐਸ.ਐਸ.ਪੀ. ਨੂੰ ਮਿਲਣ ਲਈ ਗਿਆ। ਕਤਾਰ ਵਿਚ ਵੀ ਖੜਾ ਰਿਹਾ ਅਤੇ ਸੋਚਦਾ ਰਿਹਾ ਕਿ ਜੇਕਰ ਘਰ ਪੁਲਿਸ ਆਵੇਗੀ ਤਾਂ ਬੇਟੇ ਅਤੇ ਨੂੰਹ ਦੀ ਬਦਨਾਮੀ ਮੁਹੱਲੇ ਅਤੇ ਉਨ੍ਹਾਂ ਦੇ ਦਫ਼ਤਰ 'ਚ ਹੋਵੇਗੀ। ਫਿਰ ਪੁਲਿਸ ਵਾਲੇ ਉਸ ਨੂੰ ਡਾਂਟਣਗੇ, ਮਾਰਕੁੱਟ ਵੀ ਸਕਦੇ ਹਨ, ਬਜ਼ੁਰਗਾਂ ਨੂੰ ਉਹ ਪ੍ਰੇਸ਼ਾਨ ਕਰਨ, ਮਾਰਕੁੱਟ ਕਰਨ, ਗ਼ੈਰ-ਇਨਸਾਨੀ ਸਲੂਕ ਕਰਨ ਕਰ ਕੇ ਸਜ਼ਾ ਅਤੇ ਜੇਲ ਵੀ ਹੋ ਸਕਦੀ ਹੈ ਤੇ ਜੇਕਰ ਉਸ ਦੇ ਬੇਟੇ ਅਤੇ ਨੂੰਹ ਨੂੰ ਸਜ਼ਾ ਹੋ ਗਈ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ। ਘਰ ਉਨ੍ਹਾਂ ਕੋਲ ਹੈ ਨਹੀਂ। ਉਹ ਅਪਣੇ ਬੱਚਿਆਂ ਨੂੰ ਲੈ ਕੇ ਕਿਥੇ ਧੱਕੇ ਖਾਣਗੇ? ਬਦਨਾਮੀ ਕਰ ਕੇ ਸਮਾਜ ਵਿਚ ਉਨ੍ਹਾਂ ਦੀ ਇੱਜ਼ਤ ਅਤੇ ਮੇਲਜੋਲ ਖ਼ਤਮ ਹੋ ਜਾਵੇਗਾ ਅਤੇ ਸਮਾਜਕ ਤੌਰ ਤੇ ਉਹ ਤਬਾਹ ਹੋ ਜਾਣਗੇ।

ਉਸ ਨੇ ਫਿਰ ਕਿਹਾ ਕਿ ਉਸ ਦੀ ਪਤਨੀ ਵੀ ਨਹੀਂ ਚਾਹੁੰਦੀ ਕਿ ਬੱਚਿਆਂ ਨੂੰ ਸਜ਼ਾ ਦਿਤੀ ਜਾਵੇ ਅਤੇ ਘਰ ਤੋਂ ਬਾਹਰ ਕਢਿਆ ਜਾਵੇ ਪਰ ਅਸੀ ਆਪ ਵੀ ਇਹ ਦਰਦ ਸਹਿਨ ਨਹੀਂ ਕਰ ਸਕਦੇ। ਆਖ਼ਰ ਉਸ ਨੇ ਕਿਹਾ, ''ਇਸ ਲਈ ਸਾਡੀ ਬੇਨਤੀ ਹੈ ਕਿ ਸਾਨੂੰ ਕਿਸੇ ਹੋਰ ਦੂਰ ਦੇ ਸ਼ਹਿਰ ਵਿਖੇ ਬਣੇ ਕਿਸੇ ਬਿਰਧ ਆਸ਼ਰਮ ਵਿਖੇ ਛੱਡ ਆਉ ਤਾਂ ਜੋ ਸਾਡੇ ਬੱਚੇ ਖ਼ੁਸ਼ ਰਹਿਣ ਅਤੇ ਉਨ੍ਹਾਂ ਦਾ ਧਿਆਨ ਰੱਖਿਉ।'' ਮੈਂ ਸੋਚ ਰਿਹਾ ਸੀ ਕਿ ਮਮਤਾ ਨੇ ਇਨਸਾਨ ਨੂੰ ਕਿੰਨਾ ਕਮਜ਼ੋਰ ਅਤੇ ਰਹਿਮਦਿਲ ਬਣਾ ਦਿਤਾ ਹੈ ਕਿ ਉਹ ਆਪ ਤੱਤੀ ਤੱਵੀ ਉਤੇ ਬੈਠ ਕੇ ਅਪਣਿਆਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦਰਦ ਭਰੀ ਸੱਚਾਈ ਵਾਲੇ ਲੇਖ ਰਾਹੀਂ ਮੈਂ ਸਰਕਾਰ, ਪੁਲਿਸ ਅਤੇ ਅਦਾਲਤਾਂ, ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਜਿਥੇ ਵੀ ਬਜ਼ੁਰਗ ਬਿਰਧ ਆਸ਼ਰਮ ਵਿਖੇ ਰਹਿ ਰਹੇ ਹਨ ਉਨ੍ਹਾਂ ਸਾਰਿਆਂ ਦੇ ਬੇਟਿਆਂ ਵਿਰੁਧ ਮੁਕੱਦਮੇ ਦਰਜ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਦਿਤੀਆਂ ਜਾਣ ਜਾਂ ਉਨ੍ਹਾਂ ਦੀ ਆਮਦਨ ਦਾ ਅੱਧਾ ਹਿੱਸਾ ਬਜ਼ੁਰਗਾਂ ਨੂੰ ਹਰ ਮਹੀਨੇ ਦਿਵਾਇਆ ਜਾਵੇ ਕਿਉਂਕਿ ਕੋਈ ਵੀ ਬਜ਼ੁਰਗ ਮਰਜ਼ੀ ਨਾਲ ਬਿਰਧ ਆਸ਼ਰਮ ਵਿਖੇ ਨਹੀਂ ਆਉਂਦਾ ਅਤੇ ਬੱਚੇ ਬਜ਼ੁਰਗਾਂ ਦੇ ਸਾਰੇ ਸਾਮਾਨ ਦੇ ਹੱਕਦਾਰ ਬਣਦੇ ਹਨ ਪਰ ਅਪਣੇ ਮਾਪਿਆਂ ਦੇ ਹੱਕਦਾਰ ਕਿਉਂ ਨਹੀਂ ਬਣਦੇ? ਸੰਪਰਕ : 98786-11620