ਬੜੇ ਚਿਰ ਬਾਅਦ ਕੁੱਝ ਦਿਨ ਪਹਿਲਾਂ ਦੁਪਹਿਰ ਵੇਲੇ ਮਾਲ ਰੋਡ ਤੇ ਇਕ ਅੱਖਾਂ ਵਾਲੇ ਹਸਪਤਾਲ ਦੇ ਬਾਹਰ ਉਹ ਬਜ਼ੁਰਗ ਬੀਬੀ ਮਿਲੀ ਜਿਸ ਦਾ ਜਵਾਨ ਪੁੱਤਰ ਨਸ਼ੇ ਕਰਨ ਕਰ ਕੇ ਮੌਤ ਦੇ ਮੂੰਹ ਵਿਚ ਜਾ ਪਿਆ ਸੀ। ਮੈਨੂੰ ਉਥੇ ਵੇਖ ਕੇ ਉਹ ਸਿੱਧੀ ਮੇਰੇ ਕੋਲ ਆ ਗਈ ਅਤੇ ਬੜੇ ਹੀ ਪਿਆਰ ਨਾਲ ਮਿਲੀ। ਮੇਰੇ ਵਲੋਂ ਇਹ ਪੁੱਛਣ ਤੇ ਕਿ ਕੀ ਇਕੱਲੇ ਹੀ ਆਏ ਹੋ? ਉਹ ਕਹਿੰਦੀ, ''ਭਾਅ ਤੇਰਾ ਦਿਹਾੜੀ ਗਿਆ ਸੀ, ਇਸ ਕਰ ਕੇ 'ਕੱਲੀ ਆਈ ਹਾਂ। ਚੱਲ ਮੈਨੂੰ ਬੱਸ ਅੱਡੇ ਛੱਡ ਆ।'' ਕਹਿ ਕੇ ਉਹ ਮੇਰੇ ਰਿਕਸ਼ੇ ਤੇ ਬੈਠ ਗਈ। ਰਾਹ ਵਿਚ ਜਾਂਦਿਆਂ ਉਹ ਮਾਂ ਅਪਣੇ ਮਰੇ ਹੋਏ ਜਵਾਨ ਪੁੱਤਰ ਨੂੰ ਯਾਦ ਕਰਦਿਆਂ ਉਸ ਦੀਆਂ ਗੱਲਾਂ ਰਹੀ ਜਾ ਰਹੀ ਸੀ। ਕਰਦੀ ਵੀ ਕਿਉਂ ਨਾ, ਗ਼ਰੀਬ ਮਾਂ ਨੇ ਕਿੰਨੇ ਵਖਤਾਂ ਨਾਲ ਪਾਲਿਆ ਹੋਣੈ ਉਸ ਨੂੰ ਅਤੇ ਕਿੰਨੀਆਂ ਆਸਾਂ ਲਾਈਆਂ ਹੋਣਗੀਆਂ ਉਸ ਉਤੇ। ਪਰ ਕਾਲਾ, ਚਿੱਟਾ, ਮੈਡੀਕਲ ਨਸ਼ਾ, ਗੋਲੀਆਂ, ਕੈਪਸੂਲ ਟੀਕੇ ਅਤੇ ਹੋਰ ਕਈ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਤੋਂ ਇਲਾਵਾ ਸਰਕਾਰੀ ਮਨਜ਼ੂਰਸ਼ੁਦਾ ਨਸ਼ਾ 'ਸ਼ਰਾਬ' ਵੇਚਣ ਵਾਲੇ ਨਸ਼ੇ ਦੇ ਵਪਾਰੀਆਂ ਨੇ ਰਾਤੋ-ਰਾਤ ਅਮੀਰ ਤੋਂ ਅਮੀਰ ਬਣਨ ਲਈ ਪਤਾ ਨਹੀਂ ਕਿੰਨਿਆਂ ਦੇ ਘਰ 'ਕੰਗਾਲ' ਕਰ ਦਿਤੇ ਹਨ। ਬੱਸ ਅੱਡੇ ਪਹੁੰਚ ਕੇ ਜਦੋਂ ਉਹ ਬਜ਼ੁਰਗ ਬੀਬੀ ਮੇਰੇ ਰਿਕਸ਼ੇ ਤੋਂ ਉਤਰ ਕੇ ਮੈਨੂੰ ਕਿਰਾਇਆ ਦੇਣ ਲੱਗੀ ਤਾਂ ਮੈਂ ਉਹ ਪੈਸੇ ਲੈਣ ਤੋਂ ਨਾਂਹ ਕਰ ਦਿਤੀ। ਉਸ ਦੀ ਹਾਲਤ ਵੇਖਦਿਆਂ ਰਿਕਸ਼ੇ ਵਿਚ ਰੱਖੀ ਹੋਈ ਗੋਲਕ ਵਿਚੋਂ ਕੁੱਝ ਪੈਸੇ ਦੇਂਦਿਆਂ ਕਿਹਾ, ''ਲੈ ਮਾਂ ਇਹ ਰੱਖ ਲੈ, ਤੁਹਾਡੇ ਕੰਮ ਆਉਣਗੇ।''
ਉਹ ਮੈਨੂੰ ਕਹਿੰਦੀ, ''ਵੇ ਪੁੱਤਰ, ਤੂੰ ਮੇਰੇ ਕੋਲੋਂ ਕਿਰਾਇਆ ਵੀ ਨਹੀਂ ਲੈਂਦਾ ਸਗੋਂ ਅਪਣੇ ਕੋਲੋਂ ਮੈਨੂੰ ਪੈਸੇ ਦੇ ਦੇਂਦੈਂ। ਤੈਨੂੰ ਵੀ ਤਾਂ ਚਾਹੀਦੇ ਹੁੰਦੇ ਨੇ ਪੈਸੇ ਅਪਣੇ ਘਰ ਦੀ ਕੋਈ ਚੀਜ਼ ਵਸਤ ਲਿਆਉਣ ਲਈ।'' ਇਹ ਸੁਣ ਕੇ ਮੈਂ ਉਸ ਨੂੰ ਕਿਹਾ, ''ਮਾਂ ਇਹ ਜਿਹੜੀ ਗੋਲਕ ਏ ਨਾ ਇਸ 'ਚ ਤੇਰੇ ਕਈ ਧੀਆਂ-ਪੁੱਤਰ ਪੈਸੇ ਪਾਉਂਦੇ ਨੇ। ਉਹੀ ਤੈਨੂੰ ਦੇ ਰਿਹਾਂ।'' ਪੈਸੇ ਲੈ ਕੇ 'ਜਿਊਂਦੇ ਵਸਦੇ ਰਹੋ' ਕਹਿ ਕੇ ਉਹ ਅੱਡੇ ਦੇ ਅੰਦਰ ਵਲ ਨੂੰ ਤੁਰ ਪਈ।
ਜਿਨ੍ਹਾਂ ਮਾਪਿਆਂ ਦੇ ਜਵਾਨ ਪੁੱਤਰ ਨਸ਼ੇ ਕਰਨ ਕਰ ਕੇ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਇਸ ਦੁਨੀਆਂ ਤੋਂ ਚਲੇ ਗਏ ਹਨ ਉਨ੍ਹਾਂ ਦੇ ਦੁੱਖਾਂ ਨੂੰ ਸਮਝਣਾ ਬੜਾ ਔਖਾ ਹੈ ਅਤੇ ਜਿਨ੍ਹਾਂ ਗ਼ਰੀਬ ਮਾਪਿਆਂ ਦੀ ਪਹਿਲਾਂ ਦੀਆਂ ਸਰਕਾਰਾਂ ਵਲੋਂ ਕੀਤੀ ਅੱਤ ਦੀ ਮਹਿੰਗਾਈ ਵਿਚ ਡੰਗੋ-ਡੰਗ ਰੋਟੀ ਪਕਦੀ ਹੋਵੇ ਅਤੇ ਬੁਢਾਪੇ ਵਿਚ ਵੀ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਪਵੇ ਤਾਂ ਉਨ੍ਹਾਂ ਲਈ ਸਮਾਂ ਕਟਣਾ ਬੜਾ ਔਖਾ ਹੁੰਦਾ ਹੈ। ਬੱਸ ਅੱਡੇ ਦੇ ਅੰਦਰ ਵਲ ਨੂੰ ਤੁਰੀ ਜਾਂਦੀ ਉਸ ਗ਼ਰੀਬ ਦੁਖਿਆਰੀ ਬਜ਼ੁਰਗ ਮਾਂ ਵਲ ਵੇਖ ਕੇ ਮੇਰੇ ਮੂੰਹ ਤੋਂ ਆਪ ਮੁਹਾਰੇ ਇਹ ਬੋਲ ਨਿਕਲ ਆਏ:
ਰੱਬ ਨਾ ਕਰੇ ਕਿ ਐਸੀ ਬਿਪਤਾ ਆਏ।
ਢਿੱਡੋਂ ਜੰਮਿਆ ਪਹਿਲਾਂ ਹੀ ਨਾ ਮਰ ਜਾਏ।
ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਚੋਣ ਰੈਲੀ ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਹੱਥ ਵਿਚ ਗੁਰਬਾਣੀ ਦਾ ਗੁਟਕਾ ਫੜ ਕੇ ਇਹ ਸਹੁੰ ਖਾਧੀ ਸੀ ਕਿ ਸਾਡੀ ਸਰਕਾਰ ਬਣਨ ਤੇ ਚਾਰ ਹਫ਼ਤਿਆਂ ਵਿਚ ਪੰਜਾਬ 'ਚੋਂ ਨਸ਼ਾ ਖ਼ਤਮ ਕਰ ਦਿਤਾ ਜਾਏਗਾ ਅਤੇ ਨਸ਼ੇ ਦੇ ਵਪਾਰੀ ਜੇਲਾਂ ਵਿਚ ਹੋਣਗੇ। ਪਰ ਹੁਣ ਤਾਂ ਕਈ ਮਹੀਨੇ ਹੋ ਗਏ ਨੇ ਇਨ੍ਹਾਂ ਦੀ ਸਰਕਾਰ ਬਣੀ ਨੂੰ। ਹੁਣ ਤਕ ਕਿੰਨੇ ਕੁ ਨਸ਼ੇ ਦੇ ਵਪਾਰੀ ਇਨ੍ਹਾਂ ਜੇਲਾਂ ਵਿਚ ਡੱਕੇ ਹਨ? ਕੀ ਪੰਜਾਬ ਨਸ਼ਾਮੁਕਤ ਹੋ ਗਿਆ ਹੈ? ਪੰਜਾਬੀ ਵਾਸੀਆਂ ਨਾਲ ਹੋਰ ਕਈ ਤਰ੍ਹਾਂ ਦੇ ਕੀਤੇ ਵਾਅਦਿਆਂ ਵਾਂਗ ਇਹ ਵਾਅਦਾ ਵੀ ਅਜੇ ਤਕ ਵਫ਼ਾ ਨਹੀਂ ਹੋਇਆ। ਪੰਜਾਬ ਦੀ ਇਹ ਬਦਕਿਸਮਤੀ ਹੀ ਹੈ ਕਿ ਇਥੇ ਰਾਜ ਬਦਲਿਆ, ਤਾਜ ਬਦਲਿਆ ਪਰ ਕਾਜ ਉਹੀ ਪਹਿਲਾਂ ਵਾਲੇ ਹੀ ਹਨ।ਇਕ ਦਿਨ ਲਾਰੈਂਸ ਰੋਡ ਚੌਕ ਵਿਚ ਰਿਕਸ਼ਾ ਲਾ ਕੇ ਸਵਾਰੀ ਦੀ ਉਡੀਕ ਵਿਚ ਖੜਾ ਸੀ। ਸੜਕ ਪਾਰ ਕਰਦੀ ਹੋਈ ਇਕ ਕੁੜੀ ਸਿੱਧੀ ਮੇਰੇ ਕੋਲ ਆ ਕੇ ਮੈਨੂੰ ਕਹਿੰਦੀ, ''ਵੀਰ ਜੀ, ਤੁਸੀ ਉਹੀ ਰਿਕਸ਼ੇ ਵਾਲੇ ਜੇ ਜਿਹੜੇ ਸਪੋਕਸਮੈਨ ਵਿਚ ਲੇਖ ਲਿਖਦੇ ਹੋ?''
ਮੈਂ ਕਿਹਾ, ''ਹਾਂਜੀ ਭੈਣ ਜੀ।''
''ਚਲੋ ਫਿਰ ਮੈਨੂੰ ਕਚਹਿਰੀ ਛੱਡ ਕੇ ਆਉ।''
''ਬੈਠੋ ਭੈਣ ਜੀ।'' ਕਹਿ ਕੇ ਮੈਂ ਰਿਕਸ਼ਾ ਚਲਾਉਣ ਲੱਗ ਪਿਆ। ਰਾਹ ਵਿਚ ਜਾਂਦਿਆਂ ਉਹ ਕਹਿੰਦੀ, ''ਮੈਂ ਇਧਰ ਪ੍ਰਾਈਵੇਟ ਜੌਬ ਕਰਦੀ ਕਰਦੀ ਆਂ! ਮੈਂ ਕਈ ਦਿਨਾਂ ਤੋਂ ਤੁਹਾਡੇ ਬਾਰੇ ਸੋਚ ਰਹੀ ਸੀ। ਚੰਗਾ ਹੋਇਆ ਅੱਜ ਤੁਸੀ ਮਿਲ ਪਏ।'' ਕਚਹਿਰੀ ਚੌਕ ਕੋਲ ਰਿਕਸ਼ੇ ਤੋਂ ਉਤਰ ਕੇ ਕਹਿੰਦੀ, ''ਕੁਦਰਤੀ ਸਬੱਬ ਵੇਖੋ ਕਿ ਅੱਜ ਮੈਨੂੰ ਤਨਖ਼ਾਹ ਮਿਲੀ ਹੈ ਤੇ ਤੁਸੀ ਵੀ ਅੱਜ ਮਿਲ ਗਏ ਜੇ। ਮੈਂ ਅਪਣੀ ਤਨਖ਼ਾਹ 'ਚੋਂ ਦਸਵੰਧ ਕਢਿਆ ਹੈ। ਅਪਣੇ ਰਿਕਸ਼ੇ ਵਿਚੋਂ ਗੋਲਕ ਕੱਢੋ ਇਹ ਪੈਸੇ ਉਸ ਵਿਚ ਪਾਉਣੇ ਨੇ।'' ਮੈਂ ਰਿਕਸ਼ੇ ਦੀ ਸੀਟ ਚੁੱਕ ਕੇ ਗੋਲਕ ਕੱਢੀ ਤਾਂ ਉਹ ਪੈਸੇ ਪਾ ਕੇ ਕਹਿੰਦੀ, ''ਜਿਸ ਤਰ੍ਹਾਂ ਤੁਸੀ ਜ਼ਰੂਰਤਮੰਦਾਂ ਦੀ ਮਦਦ ਕਰਦੇ ਹੋ, ਇਹ ਪੈਸੇ ਵੀ ਤੁਸੀ ਜਿਥੇ ਤੁਹਾਨੂੰ ਠੀਕ ਲੱਗਣ ਉਥੇ ਹੀ ਕਿਸੇ ਦੀ ਮਦਦ ਕਰ ਦਿਉ। ਚੰਗਾ ਵੀਰ ਜੀ ਫਿਰ ਕਿਤੇ ਦੁਬਾਰਾ ਮੁਲਾਕਾਤ ਹੋਈ ਤਾਂ ਮਿਲਾਂਗੇ।'' ਕਹਿ ਕੇ ਉਹ ਚਲੀ ਗਈ। ਬੜੀ ਚੰਗੀ ਗੱਲ ਹੈ ਕਿ ਸਪੋਕਸਮੈਨ ਪ੍ਰਵਾਰ ਦੇ ਮੈਂਬਰ ਗੁਰੂ ਨਮਿਤ ਕਢਿਆ ਹੋਇਆ ਦਸਵੰਧ ਧਾਰਮਕ ਅਸਥਾਨਾਂ ਤੇ ਨਹੀਂ ਚੜ੍ਹਾਉਂਦੇ। ਗੁਰੂ ਸਾਹਿਬਾਨ ਦੇ ਕਹੇ ਅਨੁਸਾਰ ਗ਼ਰੀਬ ਲੋੜਵੰਦ ਦੀ ਸਿੱਧੀ ਮਦਦ ਕਰਦੇ ਹਨ।
ਰਿਕਸ਼ੇ ਵਿਚ ਰੱਖੀ ਹੋਈ ਗੁਰੂ ਦੀ ਗੋਲਕ ਵਿਚੋਂ ਇਕ ਗ਼ਰੀਬ ਗੁਰਸਿੱਖ ਪ੍ਰਵਾਰ ਦੇ 14 ਸਾਲ ਦੇ ਬੱਚੇ ਦੀ ਸਿਰ ਦੀ ਰਸੌਲੀ ਦਾ ਆਪਰੇਸ਼ਨ ਕਰਵਾਉਣ ਲਈ ਉਨ੍ਹਾਂ ਦੀ ਮਦਦ ਕੀਤੀ। ਜੀਰੇ ਵਾਲੇ ਜ਼ਰੂਰਤਮੰਦ ਪ੍ਰਵਾਰ ਦੇ ਘਰ ਦਾ ਕਿਰਾਇਆ ਦਿਤਾ ਅਤੇ ਨਾਲ ਹੀ ਖਾਣ ਲਈ ਰਾਸ਼ਨ ਪਾ ਕੇ ਦਿਤਾ। ਇਕ ਰਿਕਸ਼ੇ ਵਾਲੇ ਨੂੰ ਦਵਾਈਆਂ ਲੈ ਕੇ ਦਿਤੀਆਂ। ਸਪੋਕਸਮੈਨ ਦੇ ਇਕ ਲੋੜਵੰਦ ਪਾਠਕ ਨੂੰ ਅੱਖ ਦਾ ਆਪਰੇਸ਼ਨ ਕਰਵਾਉਣ ਲਈ ਪੈਸੇ ਦਿਤੇ। ਇਕ ਅੰਗਹੀਣ ਨੌਜੁਆਨ ਦਾ ਕਿਰਾਏ ਦਾ ਰਿਕਸ਼ਾ ਛੁਡਵਾ ਕੇ ਉਸ ਨੂੰ ਨਵਾਂ ਰਿਕਸ਼ਾ ਲੈ ਕੇ ਦਿਤਾ। ਇਕ ਲੋੜਵੰਦ ਰਿਕਸ਼ੇ ਵਾਲੇ ਸਿੱਖ ਨੂੰ ਰਿਕਸ਼ੇ ਦੀ ਨਵੀਂ ਬਾਡੀ ਬਣਵਾ ਕੇ ਦਿਤੀ। ਇਕ ਬੱਚੀ, ਜਿਸ ਦੇ ਮਾਂ-ਪਿਉ ਉਸ ਨੂੰ ਛੱਡ ਕੇ ਸਦਾ ਲਈ ਇਸ ਦੁਨੀਆਂ ਤੋਂ ਚਲੇ ਗਏ ਹਨ, ਉਸ ਬੱਚੀ ਦੀ ਪੜ੍ਹਾਈ ਦਾ ਖ਼ਰਚਾ ਕੀਤਾ। ਸਪੋਕਸਮੈਨ ਦੇ ਦੋ ਗ਼ਰੀਬ, ਲੋੜਵੰਦ ਪਾਠਕਾਂ ਨੂੰ ਦਵਾਈਆਂ ਲਈ ਪੈਸੇ ਭੇਜੇ।ਇਨ੍ਹਾਂ ਸਾਰੇ ਪਰਉਪਕਾਰੀ ਕੰਮਾਂ ਵਿਚ ਅਪਣੀ ਨੇਕ-ਕਮਾਈ 'ਚੋਂ ਤਿਲ-ਫੁਲ ਦੇਣ ਵਾਲੇ ਹਨ ਲੁਧਿਆਣਾ ਤੋਂ ਸੂਬੇਦਾਰ ਮੇਜਰ ਗੁਰਦੀਪ ਸਿੰਘ ਅਤੇ ਜਸਬੀਰ ਕੌਰ, ਅਸ਼ੋਕ ਸਿੰਘ ਖਾਸਾ ਕੈਂਟ, ਜਲੰਧਰ ਤੋਂ ਇਕ ਬਜ਼ੁਰਗ ਗੁਰਸਿੱਖ ਅਤੇ ਐਸ.ਡੀ.ਓ. ਗੁਰਸ਼ਰਨ ਸਿੰਘ, ਜਰਮਨੀ ਤੋਂ ਹਰਭਜਨ ਸਿੰਘ ਕੈਰੋਂ, ਜਸਵਿੰਦਰ ਸਿੰਘ, ਕੰਵਰ ਸ਼ੇਰਪਾਲ ਸਿੰਘ, ਮਨਿੰਦਰਬੀਰ ਕੌਰ ਅਤੇ ਅਰਸ਼ਪ੍ਰੀਤ ਕੌਰ, ਯੂ.ਕੇ. ਤੋਂ ਸਤਵਿੰਦਰ ਸਿੰਘ, ਜਸਬੀਰ ਕੌਰ ਅਤੇ ਸਰਬਜੀਤ ਸਿੰਘ, ਦਿੱਲੀ ਤੋਂ ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਲੇਖਕ ਜਸਵੀਰ ਭਲੂਰੀਆ, ਬੰਤ ਸਿੰਘ ਮੋਹਾਲੀ, ਹਰਭਜਨ ਸਿੰਘ ਦਸੂਹਾ, ਡੀ.ਪੀ. ਸਿੰਘ ਚੰਡੀਗੜ੍ਹ, ਸੁਰਜੀਤ ਕੌਰ ਫ਼ਿਰੋਜ਼ਪੁਰ ਅਤੇ ਸੁਖਜਿੰਦਰ ਕੌਰ ਸਰਾਹਾਲੀ, ਅੰਮ੍ਰਿਤਸਰ ਤੋਂ ਕੈਪਟਨ ਰਵੇਲ ਸਿੰਘ, ਬਚਿੱਤਰ ਸਿੰਘ, ਕੁਲਬੀਰ ਸਿੰਘ, ਜਗਜੀਤ ਸਿੰਘ ਨੰਗਲੀ, ਨਰਿੰਦਰ ਕੌਰ ਅਤੇ ਕਈ ਹੋਰ ਪਰਉਪਕਾਰੀ ਪਾਠਕ।ਇਕ ਦਿਨ ਸ਼ਾਮ ਵੇਲੇ ਕੰਮ ਤੋਂ ਅਪਣੇ ਘਰ ਵਲ ਜਾ ਰਿਹਾ ਸਾਂ। ਰਾਹ ਵਿਚ ਇਕ ਹੋਰ ਰਿਕਸ਼ੇ ਵਾਲਾ ਨੌਜੁਆਨ ਮੇਰੇ ਤੋਂ ਅੱਗੇ ਇਕ ਪੁਰਾਣਾ ਜਿਹਾ ਰਿਕਸ਼ਾ ਚਲਾਈ ਜਾ ਰਿਹਾ ਸੀ। ਉਸ ਦੇ ਰਿਕਸ਼ੇ ਦੀ ਵਾਰ ਵਾਰ ਚੈਨ ਲੱਥ ਰਹੀ ਸੀ। ਚੈਨ ਚੜ੍ਹਾਉਣ ਲਈ ਉਹ ਬੜੇ ਹੀ ਵਖਰੇ ਢੰਗ ਨਾਲ ਰਿਕਸ਼ੇ ਤੋਂ ਉਤਰ ਕੇ ਰਿਕਸ਼ੇ ਦੇ ਪਿੱਛੇ ਆਇਆ ਤਾਂ ਮੈਂ ਉਸ ਵਲ ਵੇਖ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ ਕਿਉਂਕਿ ਉਸ ਦੀਆਂ ਦੋਵੇਂ ਲੱਤਾਂ ਖ਼ਰਾਬ ਹੋਣ ਕਾਰਨ ਉਸ ਕੋਲੋਂ ਤੁਰਿਆ ਨਹੀਂ ਸੀ ਜਾਂਦਾ ਅਤੇ ਉਹ ਸੜਕ ਤੇ ਰਿੜ੍ਹ ਰਿੜ੍ਹ ਕੇ ਅੱਗੇ ਗਿਆ। ਇਹ ਵੇਖ ਕੇ ਮੈਂ ਉਸ ਨੂੰ ਕਿਹਾ, ''ਵੀਰੇ ਤੂੰ ਅਪਣਾ ਇਹ ਰਿਕਸ਼ਾ ਠੀਕ ਕਿਉਂ ਨਹੀਂ ਕਰਵਾਉਂਦਾ?'' ਰਿਕਸ਼ੇ ਦੇ ਹੈਂਡਲ ਨਾਲ ਟੰਗੇ ਹੋਏ ਪਰਨੇ ਨਾਲ ਅਪਣੇ ਹੱਥ ਸਾਫ਼ ਕਰਦਾ ਹੋਇਆ ਕਹਿੰਦਾ, ''ਭਾਜੀ, ਇਹ ਰਿਕਸ਼ਾ ਮੇਰਾ ਅਪਣਾ ਨਹੀਂ ਕਿਰਾਏ ਦਾ ਹੈ। ਕਈ ਵਾਰ ਦੁਕਾਨ ਵਾਲੇ ਨੂੰ ਕਿਹੈ ਨਵਾਂ ਸਮਾਨ ਪਾ ਕੇ ਦੇਣ ਨੂੰ ਪਰ ਉਹ ਸਮਾਨ ਨਹੀਂ ਪਾ ਕੇ ਦੇਂਦਾ। ਪਰ ਕਿਰਾਇਆ ਪੂਰਾ ਲਈ ਜਾਂਦਾ ਹੈ। ਮਜਬੂਰੀ ਕਰ ਕੇ ਅਪਣਾ ਰਿਕਸ਼ਾ ਵੀ ਨਹੀਂ ਲਿਆ ਜਾਂਦਾ।''ਉਸ ਦੀ ਹਾਲਤ ਵੇਖ ਕੇ ਮੈਂ ਉਸ ਨੂੰ ਕਿਹਾ, ''ਜੇ ਤੈਨੂੰ ਨਵਾਂ ਰਿਕਸ਼ਾ ਲੈ ਦਈਏ ਤਾਂ?'' ਵਾਰ ਵਾਰ ਲੱਥ ਰਹੀ ਰਿਕਸ਼ੇ ਦੀ ਚੇਨ ਚੜ੍ਹਾ ਕੇ ਪ੍ਰੇਸ਼ਾਨ ਹੋਏ ਉਸ ਦੇ ਚਿਹਰੇ ਤੇ ਇਹ ਸੁਣ ਕੇ ਇਕਦਮ ਖ਼ੁਸ਼ੀ ਆ ਗਈ ਅਤੇ ਉਹ ਹੱਥ ਜੋੜ ਕੇ ਕਹਿੰਦਾ, ''ਤੁਹਾਡਾ ਮੈਂ ਕਦੇ ਵੀ ਅਹਿਸਾਨ ਨਹੀਂ ਭੁੱਲਾਂਗਾ। ਜੇ ਤੁਸੀ ਇਸ ਕਿਰਾਏ ਵਾਲੇ ਰਿਕਸ਼ੇ ਤੋਂ ਮੇਰਾ ਖਹਿੜਾ ਛੁਡਾ ਕੇ ਮੈਨੂੰ ਅਪਣਾ ਰਿਕਸ਼ਾ ਲੈ ਦਿਉਗੇ ਤਾਂ।'' ਅਗਲੇ ਦਿਨ ਉਸ ਜ਼ਰੂਰਤਮੰਦ ਅੰਗਹੀਣ ਕਿਰਤੀ ਨੂੰ ਉਸ ਦੁਕਾਨ ਤੇ ਲੈ ਗਿਆ ਜਿਥੋਂ ਨਵੇਂ ਰਿਕਸ਼ੇ ਮਿਲਦੇ ਹਨ। ਉਥੋਂ ਉਸ ਨੂੰ ਨਵਾਂ ਰਿਕਸ਼ਾ ਲੈ ਕੇ ਦਿਤਾ ਅਤੇ ਪਹਿਲਾਂ ਵਾਂਗ ਹੀ ਉਸ ਦੇ ਰਿਕਸ਼ੇ ਦੇ ਪਿੱਛੇ ਲਿਖਵਾਇਆ ਹੈ 'ਉੱਚਾ ਦਰ ਬਾਬੇ ਨਾਨਕ ਦਾ'। ਹੁਣ ਉਹ ਅੰਗਹੀਣ ਕਿਰਤੀ ਖ਼ੁਸ਼ੀ ਖ਼ੁਸ਼ੀ ਅਪਣਾ ਨਵਾਂ ਰਿਕਸ਼ਾ ਚਲਾਉਂਦਾ ਹੈ।ਇਹੋ ਜਿਹੇ ਕਿਰਤੀਆਂ ਨੂੰ ਸਲਾਮ ਹੈ ਕਿਉਂਕਿ ਇਹ ਕਿਸੇ ਕੋਲੋਂ ਭੀਖੀ ਨਹੀਂ ਮੰਗਦੇ ਅਤੇ ਨਾ ਹੀ ਸਰਕਾਰ ਦੀ ਨਿਗੁਣੀ ਦੋ-ਚਾਰ ਸੌ ਰੁਪਏ ਪੈਨਸ਼ਨ ਦੇ ਸਹਾਰੇ ਰਹਿੰਦੇ ਹਨ। ਹਿੰਮਤ ਅਤੇ ਉੱਦਮ ਕਰ ਕੇ ਅੱਤ ਦੀ ਗਰਮੀ ਵਿਚ ਰਿਕਸ਼ੇ ਉਤੇ ਸਵਾਰੀਆਂ ਦੇ ਨਾਲ ਨਾਲ ਭਾਰਾ ਸਮਾਨ ਵੀ ਢੋਂਹਦੇ ਹਨ। ਚੰਗੇ ਭਲੇ ਸਰੀਰ ਹੋਣ ਦੇ ਬਾਵਜੂਦ ਭੀਖ ਮੰਗ ਕੇ ਖਾਣ ਵਾਲੇ ਮੰਗਤਿਆਂ ਲਈ ਇਹੋ ਜਿਹੇ ਅੰਗਹੀਣ ਕਿਰਤੀ ਇਕ ਮਿਸਾਲ ਹਨ। ਬਾਬਾ ਨਾਨਕ ਜੀ ਵਲੋਂ ਬਖਸ਼ੇ ਹੋਏ ਕਿਰਤ ਕਰ ਕੇ ਖਾਣ ਵਾਲੇ ਸਿਧਾਂਤ ਤੋਂ ਭਗੌੜੇ ਹੋਏ ਵੱਡਿਆਂ ਢਿੱਡਾਂ ਵਾਲੇ ਵਿਹਲੜ ਬਾਬਿਆਂ ਨਾਲੋਂ ਅਜਿਹੇ ਕਿਰਤੀ ਲੱਖ ਗੁਣਾਂ ਚੰਗੇ ਹਨ। ਸਰਕਾਰੀ ਕੁਰਸੀਆਂ ਤੇ ਬੈਠ ਕੇ ਮੋਟੀਆਂ ਤਨਖ਼ਾਹਾਂ ਲੈਣ ਦੇ ਬਾਵਜੂਦ ਰਿਸ਼ਵਤਾਂ ਲੈਣ ਵਾਲਿਆਂ ਅਤੇ ਨਸ਼ੇ ਵੇਚ ਕੇ ਲੋਕਾਂ ਦੇ ਘਰ ਬਰਬਾਦ ਕਰ ਕੇ ਮਹਿੰਗੀਆਂ ਗੱਡੀਆਂ ਵਿਚ ਘੁੰਮਣ ਵਾਲਿਆਂ ਤੋਂ 40-45 ਡਿਗਰੀ ਵਿਚਲੇ ਤਾਪਮਾਨ ਵਿਚ ਅੱਧਾ ਅੱਧਾ ਪੈਡਲ ਮਾਰ ਕੇ ਹੱਕ-ਸੱਚ ਦੀ ਕਮਾਈ ਕਰ ਕੇ ਅਪਣਾ ਘਰ-ਪ੍ਰਵਾਰ ਚਲਾਉਣ ਵਾਲੇ ਇਹ ਕਿਰਤੀ 'ਕਰਤਾਰ' ਦੀਆਂ ਨਜ਼ਰਾਂ ਵਿਚ ਪ੍ਰਵਾਨ ਹਨ। ਸਮਾਜ ਭਾਵੇਂ ਇਨ੍ਹਾਂ ਗ਼ਰੀਬ ਕਿਰਤੀਆਂ ਨੂੰ ਅਣਗੌਲਿਆਂ ਹੀ ਕਰ ਛਡਦਾ ਹੈ। ਅਪਣੇ ਸ਼ਹਿਰ ਅੰਮ੍ਰਿਤਸਰ ਵਿਚ ਇਹੋ-ਜਿਹੇ ਕਈ ਅੰਗਹੀਣ ਰਿਕਸ਼ੇ ਵਾਲਿਆਂ ਨੂੰ ਵੇਖਦਾ ਹਾਂ, ਜਿਹੜੇ ਜੇਠ-ਹਾੜ ਦੀਆਂ ਧੁੱਪਾਂ, ਪੋਹ-ਮਾਘ ਦੀ ਠੰਢ ਵਿਚ ਵੀ ਬਿਨਾਂ ਰੁਕੇ ਸਵਾਰੀਆਂ ਬਿਠਾ ਕੇ ਅਤੇ ਭਾਰਾ ਸਾਮਾਨ ਰਿਕਸ਼ੇ ਉਤੇ ਲੱਦ ਕੇ ਘੋੜਿਆਂ-ਖੱਚਰਾਂ ਵਾਂਗ ਖਿੱਚਦੇ ਹਨ। ਇਨ੍ਹਾਂ ਅੰਗਹੀਣ ਰਿਕਸ਼ੇ ਵਾਲਿਆਂ ਨੂੰ ਬੈਟਰੀ ਤੇ ਚੱਲਣ ਵਾਲੇ ਈ-ਰਿਕਸ਼ਾ ਦੀ ਲੋੜ ਹੈ, ਜਿਸ ਨੂੰ ਚਲਾਉਣ ਨਾਲ ਕੋਈ ਜ਼ੋਰ ਨਹੀਂ ਲਗਦਾ। ਪਰ ਇਨ੍ਹਾਂ ਅੰਗਹੀਣ ਕਿਰਤੀਆਂ ਵਲ ਹੁਣ ਤਕ ਕਿਸੇ ਧਾਰਮਕ ਸੰਸਥਾ, ਸ਼੍ਰੋਮਣੀ ਕਮੇਟੀ, ਐਨ.ਜੀ.ਓ., ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ ਅਤੇ ਥਾਂ ਥਾਂ ਤੇ ਲੰਗਰ-ਛਬੀਲਾਂ ਲਾਉਣ ਵਾਲਿਆਂ ਦਾ ਕਦੇ ਧਿਆਨ ਨਹੀਂ ਗਿਆ। ਹੁਣ ਵੱਡੀ ਉਮੀਦ ਲੋੜਵੰਦਾਂ ਲਈ ਪੱਕੀ ਠਾਹਰ ਬਣ ਰਹੇ 'ਉੱਚਾ ਦਰ ਬਾਬੇ ਨਾਨਕ ਦਾ' ਤੋਂ ਹੀ ਹੈ, ਜਿਹੜਾ ਛੇਤੀ ਸ਼ੁਰੂ ਹੋ ਕੇ ਹੋਰ ਕਈ ਤਰ੍ਹਾਂ ਦੇ ਜ਼ਰੂਰਤਮੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਅੱਧਾ ਅੱਧਾ ਪੈਡਲ ਮਾਰ ਕੇ ਰਿਕਸ਼ਾ ਚਲਾਉਣ ਵਾਲੇ ਇਨ੍ਹਾਂ ਅੰਗਹੀਣ ਰਿਕਸ਼ੇ ਵਾਲਿਆਂ ਦਾ ਦਰਦ ਮਹਿਸੂਸ ਕਰਦੇ ਹੋਏ ਇਨ੍ਹਾਂ ਦੇ ਸਾਈਕਲ ਰਿਕਸ਼ੇ ਛੁਡਵਾ ਕੇ ਇਨ੍ਹਾਂ ਨੂੰ ਬੈਟਰੀ ਵਾਲੇ ਈ-ਰਿਕਸ਼ਾ ਲੈ ਕੇ ਦੇਣਗੇ ਅਤੇ ਇਨ੍ਹਾਂ ਦੀ ਜਾਨ ਸੌਖੀ ਕਰਨਗੇ।