ਮੁਸੀਬਤ ਵੇਲੇ ਰੋਣਾ ਨਹੀਂ ਚਾਹੀਦਾ

ਵਿਚਾਰ, ਵਿਸ਼ੇਸ਼ ਲੇਖ

ਮੋਬਾਈਲ ਦੀ ਘੰਟੀ ਵਜਦੀ ਹੈ। ਇਹ ਚੁਕ ਲੈਂਦੇ ਹਨ, ''ਜੀ ਬਿਲਕੁਲ ਠੀਕ ਟਾਪੋ ਟਾਪ, ਏ ਵਨ, ਚੜ੍ਹਦੀ ਕਲਾ।'' ਆਖ ਕੇ ਫ਼ੋਨ ਮੈਨੂੰ ਫੜਾ ਦਿੰਦੇ ਹਨ। ਬਸ ਇਹੋ ਡਾਇਲਾਗ ਸੁਣ ਕੇ ਮੇਰਾ ਵੀ ਮਨੋਬਲ ਵਧਿਆ ਰਹਿੰਦਾ ਹੈ। ਸੋਚਦੀ ਹਾਂ ਇਨ੍ਹਾਂ ਨੂੰ ਤਾਂ ਏਨੀ ਸੱਟ ਲੱਗੀ ਤਾਂ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਕਦੀ ਰੀਂ-ਰੀਂ ਨਹੀਂ ਕੀਤਾ। ਸਾਡੇ ਇਕ ਅਧਿਆਪਕ ਨੇ ਇਕ ਵਾਰ ਦਸਿਆ ਸੀ ਕਿ ਮੁਸੀਬਤ ਵੇਲੇ ਰੋਣਾ ਨਹੀਂ ਚਾਹੀਦਾ, ਰੋਣਾ ਕਿਸੇ ਸਮੱਸਿਆ ਦਾ ਹੱਲ ਨਹੀਂ। ਬਸ ਉਸ ਦਿਨ ਤੋਂ ਬਾਅਦ ਇਹ ਗੱਲ ਪੱਲੇ ਬੰਨ੍ਹ ਲਈ। ਸੋ ਅੱਜ ਮੈਂ ਚੜ੍ਹਦੀ ਕਲਾ ਦੇ ਮਾਲਕ ਨਾਲ ਹੋਈ ਘਟਨਾ ਦੀ ਗੱਲ ਸਾਂਝੀ ਕਰਾਂਗੀ।

ਗੱਲ 13 ਜਨਵਰੀ, 1996 ਦੀ ਹੈ। ਲੋਹੜੀ ਦਾ ਦਿਨ ਸੀ। ਲਗਦਾ ਨਹੀਂ ਕਿ ਏਨੇ ਸਾਲ ਲੰਘ ਗਏ ਨੇ। ਇੰਜ ਲਗਦਾ ਹੈ ਜਿਵੇਂ ਕਲ-ਪਰਸੋਂ ਦੀ ਗੱਲ ਹੋਵੇ। ਅਸੀ ਸਾਰੇ ਤਿਉਹਾਰ ਪਿੰਡ ਇਕੱਠੇ ਹੋ ਕੇ ਮਨਾਉਂਦੇ ਸਾਂ। ਇਸ ਤਰ੍ਹਾਂ ਬਜ਼ੁਰਗਾਂ ਨਾਲ ਅਤੇ ਭਰਾਵਾਂ ਨਾਲ ਸਾਂਝ ਬਣੀ ਰਹਿੰਦੀ। ਸੋ ਮੈਂ ਲੋਹੜੀ ਲਈ ਪਿੰਡ ਨੂੰ ਲੈ ਕੇ ਜਾਣ ਵਾਲਾ ਸਾਮਾਨ ਪੈਕ ਕੀਤਾ। ਸਕੂਲ ਤੋਂ ਛੁੱਟੀ ਜਲਦੀ ਹੋ ਗਈ। ਬਸ ਇਨ੍ਹਾਂ ਦੀ ਉਡੀਕ ਸੀ ਕਿ ਕਦੋਂ ਘਰ ਪਹੁੰਚਣ ਅਤੇ ਪਿੰਡ ਨੂੰ ਚਲੀਏ। ਕਾਫ਼ੀ ਦੇਰ ਹੋ ਗਈ। ਬੱਚੇ ਕਾਹਲੇ ਸਨ ਕਿਉਂਕਿ ਉਨ੍ਹਾਂ ਨੇ ਉਥੇ ਜਾ ਕੇ ਭੈਣਾਂ-ਭਰਾਵਾਂ ਨਾਲ ਮਸਤੀ ਕਰਨੀ ਸੀ, ਖੇਤ ਜਾਣਾ ਸੀ।

ਜਦੋਂ ਉਹ ਨਾ ਆਏ ਤਾਂ ਅਸੀ ਸੋਚਿਆ ਇਹ ਤਾਂ ਅਪਣੇ ਸਕੂਟਰ ਉਤੇ ਆ ਜਾਣਗੇ। ਅਸੀ ਪਿੰਡ ਨੂੰ ਜਾਣ ਵਾਲੀ ਮਿੰਨੀ ਬੱਸ ਲੈ ਲਈ। ਅਖ਼ੀਰਲਾ ਸਮਾਂ ਸੀ। ਇਹ ਬੱਸ ਸਾਡੇ ਪਿੰਡ ਹੀ ਰੁਕਦੀ ਹੈ। ਕੰਡਕਟਰ ਵੀ ਮਸਤੀ ਕਰਦਾ ਆਇਆ। ਬਿਲਕੁਲ ਹਨੇਰਾ ਹੋ ਗਿਆ ਸੀ। ਜਦੋਂ ਬੱਸ ਸਾਡੇ ਦਰਵਾਜ਼ੇ ਅੱਗੇ ਰੁਕੀ, ਇਕ ਚਿੱਟੀ ਮਾਰੂਤੀ ਕਾਰ ਵੇਖ ਕੇ ਮੇਰਾ ਮੱਥਾ ਠਣਕਿਆ। ਰੱਬ ਸੁੱਖ ਰੱਖੇ। ਉਤਰਦੇ ਹੀ ਭਰਾ ਦੇ ਦੋਸਤਾਂ ਨੇ ਕਿਹਾ, ਬੈਠੋ ਗੱਡੀ ਵਿਚ ਪਟਿਆਲੇ ਰਜਿੰਦਰਾ ਹਸਪਤਾਲ ਜਾਣਾ ਹੈ। ਮੇਰੇ ਨਾਲ ਹੋਰ ਕਈ ਜਣੇ ਬੈਠ ਗਏ। ਸੁੱਖਾਂ ਸੁਖਦੀ ਕਿ ਜੋ ਵੀ ਇਸ ਸ੍ਰਿਸ਼ਟੀ ਦਾ ਰਚਨਹਾਰ ਹੈ, ਇਨ੍ਹਾਂ ਦੀ ਉਮਰ ਦੀ ਡੋਰ ਲੰਮੀ ਕਰ ਦੇਵੇ। ਮੈਨੂੰ ਹੋਰ ਕੁੱਝ ਨਹੀਂ ਚਾਹੀਦਾ।

ਪਤਾ ਲੱਗਾ ਕਿ ਸਕੂਲ ਤੋਂ ਵਾਪਸੀ ਤੇ ਹਾਦਸਾ ਹੋਇਆ। ਸੜਕ ਦੇ ਇਕ ਪਾਸੇ ਡਿੱਗ ਗਏ ਅਤੇ ਸਕੂਟਰ ਵੀ ਨੇੜੇ ਹੀ ਪਿਆ ਸੀ। ਲੋਕ ਕੋਲੋਂ ਲੰਘਦੇ ਗਏ। ਤਿਉਹਾਰ ਦਾ ਦਿਨ, ਕੌਣ ਰੁਕੇ? ਤਕਰੀਬਨ ਡੇਢ ਘੰਟੇ ਬਾਅਦ ਕਿਸੇ ਜਾਣਕਾਰ ਨੇ ਗੱਡੀ ਰੋਕੀ। ਉਸ ਵਿਚ ਪਾ ਕੇ ਸੁਨਾਮ ਦੇ ਹਸਪਤਾਲ ਦਾਖ਼ਲ ਕਰਵਾ ਕੇ ਇਨ੍ਹਾਂ ਦੇ ਦੋਸਤਾਂ ਨੂੰ ਸੁਨੇਹਾ ਲਾ ਗਿਆ। ਹਸਪਤਾਲ ਵਿਚ ਕੌਣ ਸੰਭਾਲੇ? ਭਰਾ, ਭਰਜਾਈ ਅਤੇ ਦੋਸਤ ਸਲਾਹ ਕਰ ਕੇ ਗੱਡੀ ਕਰ ਕੇ ਪਟਿਆਲੇ ਲੈ ਗਏ। ਉਧਰੋਂ ਪਿੰਡ ਤੋਂ ਮੈਨੂੰ ਲੈ ਆਏ। ਮੌਸਮ ਨੇ ਵੀ ਸਖ਼ਤ ਮਿਜ਼ਾਜ ਕਰ ਰਖਿਆ ਸੀ। ਠੰਢ ਏਨੀ, ਠੱਕਾ ਚੱਲੇ ਮੀਂਹ ਸ਼ੁਰੂ ਹੋਇਆ। ਉਥੇ ਪਹੁੰਚ ਕੇ ਵੇਖਿਆ, ਕੋਮਾ ਵਿਚ ਸਨ।

ਸਾਰੇ ਅਰਦਾਸ ਕਰ ਰਹੇ ਸਨ। ਸੰਭਾਲੇ ਉਥੇ ਵੀ ਕੋਈ ਨਾ। ਰਾਤ ਮਸਾਂ ਕੱਟੀ। ਸਵੇਰੇ ਦਸ ਕੁ ਵਜੇ ਐਂਬੂਲੈਂਸ 'ਚ ਪਾ ਕੇ ਪੀ.ਜੀ.ਆਈ. ਲੈ ਤੁਰੇ। ਲਉ ਜੀ ਡਿੱਗਣ ਤੋਂ ਬਾਈ ਘੰਟੇ ਬਾਅਦ ਡਾਕਟਰ ਦਾ ਹੱਥ ਲਗਿਆ। ਆਕਸੀਜਨ ਲਾਈ, ਚਾਰ ਪੰਜ ਦਿਨ ਦੇ ਇਲਾਜ ਤੋਂ ਬਾਅਦ ਉਨ੍ਹਾਂ ਕਿਹਾ ਖ਼ਤਰਾ ਟਲ ਗਿਐ, ਹੁਣ ਤੁਸੀ ਲਿਜਾ ਸਕਦੇ ਹੋ। ਹੌਲੀ ਹੌਲੀ ਠੀਕ ਹੁੰਦੇ ਜਾਣਗੇ।ਘਰ ਲੈ ਆਏ। ਅੱਜ ਹੋਰ ਕਲ ਹੋਰ ਠੀਕ ਹੁੰਦੇ ਗਏ। ਹੌਲੀ ਹੌਲੀ ਪਛਾਣਨ ਲੱਗੇ, ਬੋਲਣ ਲੱਗੇ। ਅਧਰੰਗ ਕਰ ਕੇ ਮਸਾਂ ਤੁਰਨ ਲੱਗੇ। ਫਿਰ ਸਕੂਟਰ ਵੀ ਭਜਾਉਣ ਲੱਗੇ। ਸਕੂਲ ਜਾਣ ਲੱਗੇ। ਸ੍ਰੀਰ ਪੂਰਾ ਕਾਮਯਾਬ ਤਾਂ ਨਹੀਂ ਸੀ ਪਰ ਸਟਾਫ਼ ਨੇ ਬਹੁਤ ਮਦਦ ਕੀਤੀ।

ਸੇਵਾਮੁਕਤੀ ਤਕ ਵਧੀਆ ਨਿਭਾਈ। ਰਿਸ਼ਤੇਦਾਰਾਂ ਨੇ ਅਤੇ ਦੋਸਤਾਂ-ਮਿੱਤਰਾਂ ਨੇ ਬੜਾ ਸਾਥ ਦਿਤਾ। ਸਕੂਲ ਦੇ ਬੱਚਿਆਂ ਦੀਆਂ ਦੁਆਵਾਂ ਰੰਗ ਲਿਆਈਆਂ। ਹਾਦਸੇ ਦਾ ਤਾਂ ਨਾਂ ਹੀ ਮਾੜਾ ਹੈ। ਬਸ ਫਿਰ ਹਰ ਕਿਸੇ ਨੇ ਜਦੋਂ ਪੁਛਣਾ ਕਿ 'ਕਿਉਂ ਸ਼ਰਮਾ ਜੀ ਠੀਕ ਹੋ?' ਇਨ੍ਹਾਂ ਨੇ ਟੁਣਕਦੀ ਆਵਾਜ਼ 'ਚ ਕਹਿਣਾ 'ਟਾਪੋ ਟਾਪ, ਚੜ੍ਹਦੀ ਕਲਾ।' ਪਿੰਡਾਂ ਵਾਲੇ ਹੋਣ ਕਾਰਨ ਅੰਦਰ ਤੋਂ ਮਜ਼ਬੂਤ ਹਨ। ਕਦੀ ਨਹੀਂ ਕਿਹਾ ਮੇਰਾ ਸਿਰ ਘੁਟ ਦੇ। ਮੇਰਾ ਆਹ ਕੰਮ ਕਰ ਦੇ। ਮੈਂ ਵੀ ਇਨ੍ਹਾਂ ਦੀ ਮਜ਼ਬੂਤੀ ਵੇਖ ਕੇ ਖ਼ੁਦ ਵੀ ਚੜ੍ਹਦੀ ਕਲਾ ਵਿਚ ਹੀ ਰਹਿੰਦੀ ਹਾਂ। ਹੁਣ ਵੀ ਜਦੋਂ ਬੱਚੇ ਫ਼ੋਨ ਕਰ ਕੇ ਪੁਛਦੇ ਹਨ ਪਾਪਾ ਠੀਕ ਹੋ। ਤਾਂ ਕਹਿਦੇ ਨੇ ਹਾਂ ਪੁੱਤਰ 'ਟਾਪੋ ਟਾਪ, ਏ ਵਨ।' ਸੋ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹਾਂ।
ਸੰਪਰਕ : 82840-20628