ਨੌਜੁਆਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜੁਆਨਾਂ ਉਤੇ ਹੀ ਨਿਰਭਰ ਕਰਦਾ ਹੈ। ਨੌਜੁਆਨ ਹੀ ਚੰਗੇ ਸਮਾਜ ਦੇ ਸਿਰਜਣਹਾਰ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਦਾ ਮੁੱਢ ਬੰਨ੍ਹਦੇ ਹਨ। ਪਰ ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਮਹਿੰਗੀ ਪੜ੍ਹਾਈ ਕਰਨ ਤੋਂ ਬਾਅਦ ਵੀ ਨੌਜੁਆਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਹਰ ਸਾਲ ਲੱਖਾਂ ਨੌਜੁਆਨ ਪੜ੍ਹਨ-ਲਿਖਣ ਤੋਂ ਬਾਅਦ ਰੁਜ਼ਗਾਰ ਬਾਜ਼ਾਰ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਦੇਸ਼ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਪੜ੍ਹਨ-ਲਿਖਣ ਤੋਂ ਬਾਅਦ ਵੀ ਨੌਜੁਆਨਾਂ ਨੂੰ ਰੁਜ਼ਗਾਰ ਨਾ ਮਿਲਣ ਕਰ ਕੇ ਉਨ੍ਹਾਂ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਹੈ। ਉਨ੍ਹਾਂ ਵਿਚ ਅਨੁਸ਼ਾਸਨਹੀਣਤਾ ਅਤੇ ਸਹਿਣਸ਼ੀਲਤਾ ਦੀ ਕਮੀ ਆਮ ਵੇਖਣ ਨੂੰ ਮਿਲਦੀ ਹੈ। ਦੇਸ਼ ਦੀ ਗੰਧਲੀ ਹੋ ਰਹੀ ਰਾਜਨੀਤੀ, ਪ੍ਰਦੂਸ਼ਿਤ ਹੋ ਰਿਹਾ ਵਾਤਾਵਾਰਣ ਅਤੇ ਭ੍ਰਿਸ਼ਟ ਹੋ ਰਹੇ ਨਿਜ਼ਾਮ ਦਾ ਬੋਲਬਾਲਾ ਚਾਰੇ ਪਾਸੇ ਹੈ। ਦੇਸ਼ ਵਿਚ ਸਿਸਟਮ ਦੀ ਬਹੁਤ ਵੱਡੀ ਘਾਟ ਹੈ। ਅਫ਼ਸੋਸ ਦੀ ਗੱਲ ਹੈ ਕਿ ਅਸੀ ਅਪਣੇ ਦੇਸ਼ ਦੇ ਸਿਸਟਮ ਨੂੰ ਨੌਜੁਆਨ ਵਰਗ ਦੇ ਅਨੁਕੂਲ ਨਹੀਂ ਰੱਖ ਸਕੇ। ਪੜ੍ਹੇ-ਲਿਖੇ ਨੌਜੁਆਨ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੂੰ ਦੇਸ਼ ਵਿਚ ਅਪਣਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ ਕਿਉਂਕਿ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਰਹੇ ਹਨ। ਪੜ੍ਹਨ-ਲਿਖਣ ਤੋਂ ਬਾਅਦ ਹਰ ਨੌਜੁਆਨ ਨੌਕਰੀ ਚਾਹੁੰਦਾ ਹੈ, ਪਰ ਹਰ ਨੌਜੁਆਨ ਨੂੰ ਨੌਕਰੀ ਮਿਲਣਾ ਸੰਭਵ ਨਹੀਂ। ਦੂਜਾ ਨਵੀਆਂ ਤਕਨੀਕਾਂ ਨੇ ਇਨਸਾਨੀ ਮਿਹਨਤ ਦੀ ਕਦਰ ਘਟਾ ਦਿਤੀ ਹੈ। ਦੇਸ਼ ਵਿਚ ਅਪਣਾ ਕੁੱਝ ਨਾ ਬਣਦਾ ਵੇਖ ਕੇ ਨੌਜੁਆਨਾਂ ਨੇ ਵਿਦੇਸ਼ਾਂ ਵਿਚ ਚਲੇ ਜਾਣ ਦਾ ਮਨ ਬਣਾਇਆ ਹੋਇਆ ਹੈ। ਅੱਜ ਪੜ੍ਹਿਆ-ਲਿਖਿਆ ਨੌਜੁਆਨ ਵਰਗ ਵਿਦੇਸ਼ ਜਾਣ ਨੂੰ ਅਪਣਾ ਸੁਪਨਾ ਬਣਾ ਚੁੱਕਾ ਹੈ।
ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਜਾਣ ਵਾਲੇ ਇਹ ਨੌਜੁਆਨ ਅਪਣੇ ਦੇਸ਼ ਤੋਂ ਬਾਰਾਂ ਜਮਾਤਾਂ ਪਾਸ ਕਰਦੇ ਹੀ ਅੰਡਰ ਗਰੈਜੂਏਟ ਕੋਰਸਾਂ ਲਈ ਉਡਾਰੀ ਮਾਰ ਜਾਂਦੇ ਹਨ। ਇਸ ਤੋਂ ਇਲਾਵਾ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਉਪਰੰਤ ਮਾਸਟਰ ਡਿਗਰੀਆਂ ਲਈ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਜਾਂਦੇ ਹਨ। ਨੌਜੁਆਨਾਂ ਦਾ ਬਾਹਰਲੇ ਦੇਸ਼ਾਂ ਨੂੰ ਕੂਚ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ਵਿਚ ਕੰਮ ਕਰਨ ਵਾਲਿਆਂ ਦੀ ਪੂਰੀ ਕਦਰ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਨੂੰ ਮਿਲਦਾ ਹੈ, ਜਦਕਿ ਸਾਡੇ ਦੇਸ਼ ਵਿਚ ਕੰਮ ਵੱਧ ਅਤੇ ਉਸ ਦੇ ਬਦਲੇ ਮਿਹਨਤਾਨਾ ਘੱਟ ਦਿਤਾ ਜਾਂਦਾ ਹੈ। ਬਾਹਰਲੇ ਦੇਸ਼ਾਂ ਵਿਚ ਰੁਜ਼ਗਾਰ ਨਾ ਹੋਣ ਦੀ ਹਾਲਤ ਵਿਚ ਸਮਾਜਕ ਸੁਰੱਖਿਆ ਇਕ ਵੱਡਾ ਥੰਮ ਹੈ। ਪਰ ਸਾਡੇ ਦੇਸ਼ ਵਿਚ ਅਜਿਹੀ ਵਿਵਸਥਾ ਨਾਂਮਾਤਰ ਹੈ। ਭਾਰਤ ਦੇ ਪੜ੍ਹੇ-ਲਿਖੇ ਵਿਗਿਆਨੀ, ਇੰਜੀਨੀਅਰ ਧੜਾਧੜ ਦੇਸ਼ ਛੱਡ ਰਹੇ ਹਨ। ਇਕੱਲੇ ਅਮਰੀਕਾ ਵਿਚ 9.5 ਲੱਖ ਭਾਰਤੀ ਵਿਗਿਆਨੀ ਅਤੇ ਇੰਜੀਨੀਅਰ ਗਏ ਹਨ। ਇਕ ਰੀਪੋਰਟ ਮੁਤਾਬਕ 2003 ਤੋਂ 2013 ਤਕ ਭਾਰਤ ਤੋਂ ਜਾਣ ਵਾਲੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਵਿਚ 8.5 ਫ਼ੀ ਸਦੀ ਦਾ ਵਾਧਾ ਹੋਇਆ ਹੈ। ਆਸਟਰੇਲੀਆ ਵਿਚ 9 ਫ਼ੀ ਸਦੀ ਲੋਕ ਭਾਰਤੀ ਹਨ। 2006 ਵਿਚ ਆਸਟ੍ਰੇਲੀਆ ਅੰਦਰ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 15,300 ਸੀ ਜੋ 2016 ਵਿਚ ਵੱਧ ਕੇ 40,145 ਹੋ ਗਈ।
ਪੰਜਾਬ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਿਸਾਨ ਖ਼ੁਦਕੁਸ਼ੀਆਂ ਅਤੇ ਵਿੱਤੀ ਸੰਕਟ ਦੀ ਮਾਰ ਝੱਲ ਰਿਹਾ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿÀੁਂ ਹੀ ਰਹਿੰਦੇ ਹਨ।
ਸੂਬੇ ਭਰ ਵਿਚ ਨਸ਼ੇ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਮਾਂ-ਬਾਪ ਅਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ਵਿਚ ਮਾਪੇ ਅਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣਾ ਚਾਹੁੰਦੇ ਹਨ। ਮਾਪਿਆਂ ਅਤੇ ਨੌਜੁਆਨਾਂ ਦੀ ਵਿਦੇਸ਼ਾਂ ਵਿਚ ਵਸਣ ਦੀ ਲਾਲਸਾ ਦਾ ਫ਼ਾਇਦਾ ਕਥਿਤ ਟਰੈਵਲ ਏਜੰਟ ਵੀ ਲੈ ਰਹੇ ਹਨ। ਅੱਜ ਪੰਜਾਬ ਦੀ 25 ਲੱਖ ਅਬਾਦੀ ਵਿਦੇਸ਼ਾਂ ਵਿਚ ਰਹਿ ਰਹੀ ਹੈ। ਕੈਨੇਡਾ ਦੀ 3.6 ਕਰੋੜ ਦੀ ਅਬਾਦੀ ਵਿਚ ਪੰਜਾਬੀਆਂ ਦੀ ਵਸੋਂ 1.3 ਫ਼ੀ ਸਦੀ ਹੈ।ਪੰਜਾਬ ਵਿਚ ਨੌਜੁਆਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਏਨੀ ਜ਼ਿਆਦਾ ਵੱਧ ਰਹੀ ਹੈ ਕਿ ਹਰ ਕੋਈ ਵਿਦੇਸ਼ ਜਾਣ ਦੀ ਚਾਹਤ ਵਿਚ ਚੰਗੇ-ਮਾੜੇ ਢੰਗ-ਤਰੀਕੇ ਅਪਣਾ ਰਿਹਾ ਹੈ। ਅਪਣੇ ਹੀ ਦੇਸ਼ ਵਿਚ ਰਹਿ ਕੇ ਲੋਕ ਇਥੋਂ ਦੀਆਂ ਸਰਕਾਰਾਂ ਅਤੇ ਸਿਸਟਮ ਨੂੰ ਕੋਸਦੇ ਹਨ ਅਤੇ ਬਾਹਰਲੇ ਮੁਲਕਾਂ ਦੇ ਸਿਸਟਮ ਨੂੰ ਸਲਾਹੁੰਦੇ ਨਹੀਂ ਥਕਦੇ। ਲੋਕਾਂ ਦੀ ਚਾਹਤ ਵਿਦੇਸ਼ਾਂ ਪ੍ਰਤੀ ਏਨੀ ਵਧਣ ਕਰ ਕੇ ਜਿਵੇਂ-ਕਿਵੇਂ ਮੁਲਕਾਂ ਦਾ ਵੀਜ਼ਾ ਲਗਵਾਉਣ ਲਈ ਭੱਜੇ ਫਿਰਦੇ ਹਨ ਅਤੇ ਡਾਲਰਾਂ, ਪਾਊਂਡਾਂ ਦੇ ਸੁਪਨੇ ਅਤੇ ਸੁਨਿਹਰੀ ਭਵਿੱਖ ਉਨ੍ਹਾਂ ਨੂੰ ਆਵਾਜ਼ਾਂ ਮਾਰ ਰਹੇ ਹਨ। ਉਹ ਲੋਕ ਵੀ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾਣ ਦੀ ਚਾਹਤ ਰਖਦੇ ਹਨ ਜੋ ਇਥੇ ਚੰਗੇ ਅਹੁਦਿਆਂ ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਥੋਂ ਨਾਲੋਂ ਉਥੇ ਅਪਣੀ ਸੁਰੱਖਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਿਹਤਰ ਨਜ਼ਰ ਆ ਰਿਹਾ ਹੈ। ਪੰਜਾਬੀ ਨੌਜੁਆਨਾਂ ਦਾ ਵਿਦੇਸ਼ਾਂ ਨਾਲ ਨਹੁੰ-ਮਾਸ ਦਾ ਰਿਸ਼ਤਾ ਬਣਦਾ ਜਾ ਰਿਹਾ ਹੈ। ਨੌਜੁਆਨ ਬਾਹਰਲੇ ਮੁਲਕਾਂ ਵਿਚ ਅਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ।
ਵਿਦੇਸ਼ ਜਾਣ ਲਈ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਪੁਆਇੰਟ ਅਧਾਰਤ ਵੀਜ਼ਾ ਆਦਿ ਬਹੁਤ ਸਾਰੇ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕੇ ਹਨ। ਕਾਨੂੰਨੀ ਤੌਰ ਤੇ ਵਿਦੇਸ਼ ਜਾਣ ਲਈ ਆਈਲੈੱਟਸ ਦਾ ਪਹਿਲਾ ਨੰਬਰ ਆਉਂਦਾ ਹੈ। ਆਈਲੈੱਟਸ ਨਾਮਕ ਅੰਗਰੇਜ਼ੀ 'ਚ ਮੁਹਾਰਤ ਦਾ ਇਮਤਿਹਾਨ ਭਾਰਤ ਵਿਚ ਦੋ ਵਿਦੇਸ਼ੀ ਏਜੰਸੀਆਂ ਆਈ.ਡੀ.ਪੀ. ਅਤੇ ਬ੍ਰਿਟਿਸ਼ ਕੌਂਸਲ ਲੈਂਦੀਆਂ ਹਨ ਜੋ ਕਿ ਭਾਰਤ ਵਿਚੋਂ ਹਰ ਸਾਲ ਅਰਬਾਂ ਰੁਪਏ ਬਟੋਰਦੀਆਂ ਹਨ। ਅੰਗਰੇਜ਼ੀ ਭਾਸ਼ਾ ਦੀ ਯੋਗਤਾ ਮਾਪਣ ਵਾਲੇ ਇਸ ਟੈਸਟ ਨਾਲ ਵਿਦੇਸ਼ ਦਾ ਸਟੱਡੀ ਵੀਜ਼ਾ ਮਿਲ ਜਾਂਦਾ ਹੈ। ਕੋਰਸ ਦੇ ਨਾਲ ਨਾਲ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ। ਬਾਅਦ ਵਿਚ ਇਕ ਜਾਂ ਦੋ ਸਾਲ ਕੰਮ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈ ਜਿਸ ਦੇ ਚਲਦੇ ਵਿਦਿਆਰਥੀ ਪੱਕੇ ਤੌਰ ਤੇ ਅਪਣੀ ਅਰਜ਼ੀ ਲਗਾ ਕੇ ਉਸ ਦੇਸ਼ ਦੀ ਨਾਗਰਿਕਤਾ ਹਾਸਲ ਕਰ ਸਕਦਾ ਹੈ। ਵਿਦੇਸ਼ ਜਾਣ ਦਾ ਮੰਤਵ ਕੰਮ ਕਰਨਾ ਅਤੇ ਨਾਗਰਿਕਤਾ ਹਾਸਲ ਕਰਨਾ ਹੀ ਹੁੰਦਾ ਹੈ। ਪੰਜਾਬ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਹਰ ਸਾਲ ਆਈਲੈੱਟਸ ਦਾ ਇਮਤਿਹਾਨ ਦਿੰਦੇ ਹਨ।
ਆਸਟ੍ਰੇਲੀਆ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀ ਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਵਿਚ ਵਿਦਿਆਰਥੀਆਂ ਦੀ ਗਿਣਤੀ 'ਚ 27 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜਦਕਿ ਕੈਨੇਡਾ ਵਿਚ ਕੁੱਝ ਯੂਨੀਵਰਸਟੀਆਂ ਅੰਦਰ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 75 ਫ਼ੀ ਸਦੀ ਤੋਂ ਵੀ ਜ਼ਿਆਦਾ ਹੈ।ਵਰਕ ਵੀਜ਼ਾ ਤੇ ਵਿਦੇਸ਼ ਜਾਣਾ ਮੁਸ਼ਕਲ ਹੈ। ਕੰਮ ਵਿਚ ਨਿਪੁੰਨ ਵਿਅਕਤੀ ਹੀ ਵਰਕ ਵੀਜ਼ਾ ਲੈਣ ਵਿਚ ਸਫ਼ਲ ਹੋ ਸਕਦਾ ਹੈ। ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਦਾਖ਼ਲ ਹੋਣਾ ਅਪਣੀ ਜਾਨ ਗਵਾਉਣ ਦੇ ਬਰਾਬਰ ਹੈ। ਯੂਨਾਈਟਡ ਨੇਸ਼ਨਜ਼ ਆਫ਼ਿਸ ਆਨ ਡਰੱਗਜ਼ ਐਂਡ ਕਰਾਈਮ (ਯੂ.ਐਨ.ਓ.ਡੀ.ਸੀ.) ਦੀ ਰੀਪੋਰਟ ਅਨੁਸਾਰ ਪੰਜਾਬ ਵਿਚੋਂ ਹਰ ਸਾਲ 20 ਹਜ਼ਾਰ ਤੋਂ ਵੱਧ ਲੋਕ ਗ਼ੈਰਕਾਨੂੰਨੀ ਢੰਗ ਨਾਲ ਪ੍ਰਵਾਸ ਕਰਦੇ ਹਨ। ਵਿਦੇਸ਼ ਜਾਣ ਲਈ ਏਜੰਟਾਂ ਵਲੋਂ ਉਨ੍ਹਾਂ ਪਾਸੋਂ ਅੱਠ-ਦਸ ਲੱਖ ਤੋਂ ਲੈ ਕੇ ਪੱਚੀ-ਤੀਹ ਲੱਖ ਰੁਪਏ ਤਕ ਲੈ ਲਏ ਜਾਂਦੇ ਹਨ। ਹਰ ਸਾਲ ਵਿਦੇਸ਼ੀ ਸਰਕਾਰਾਂ ਵੀਜ਼ਾ ਨਿਯਮਾਂ ਵਿਚ ਤਬਦੀਲੀ ਕਰਦੀਆਂ ਹਨ। ਨਿਊਜ਼ੀਲੈਂਡ ਵੀ ਅਪਣੇ ਨਿਯਮਾਂ ਨੂੰ ਸਖ਼ਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕਾ ਨੇ ਨਵੀਂ ਨੀਤੀ ਤਹਿਤ ਐਚ-1ਬੀ ਵੀਜ਼ਾ ਰੱਦ ਕਰ ਕੇ ਅਮਰੀਕਾ ਦੇ ਵਸਨੀਕਾਂ ਨੂੰ ਰੁਜ਼ਗਾਰ ਵਿਚ ਪਹਿਲ ਦਿਤੀ ਹੈ।ਕਿਸ਼ਤੀਆਂ ਰਾਹੀਂ ਗ਼ੈਰਕਾਨੂੰਨੀ ਪ੍ਰਵਾਸ ਵੇਲੇ ਪੰਜਾਬੀਆਂ ਸਮੇਤ ਲਗਭਗ 34 ਹਜ਼ਾਰ ਪ੍ਰਵਾਸੀ ਡੁੱਬ ਕੇ ਮਰੇ ਹਨ। ਭਾਰਤ ਵਿਚ ਕਿਸ਼ਤੀਆਂ ਰਾਹੀਂ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਢੋਆ-ਢੁਆਈ ਅੱਜ ਵੀ ਹਾਲੀਆ ਤੌਰ ਤੇ ਪੰਜਾਬ ਅਤੇ ਦਿੱਲੀ ਦੇ ਭਾਰਤੀ ਦਲਾਲਾਂ ਦੇ ਸਹਿਯੋਗ ਅਤੇ ਉਨ੍ਹਾਂ ਦੀਆਂ ਸਾਜ਼ਸ਼ਾਂ ਰਾਹੀਂ ਜਾਰੀ ਹੈ। ਪਿਛਲੇ ਸਾਲ ਪੰਜਾਬ ਤੋਂ ਅਮਰੀਕਾ ਪਹੁੰਚਾਉਣ ਲਈ ਦਖਣੀ ਅਮਰੀਕਾ ਦੇ ਪਨਾਮਾ ਦਰਿਆ ਵਿਚ ਲਗਭਗ 25 ਨੌਜੁਆਨਾਂ ਵਾਲੀ ਕਿਸ਼ਤੀ ਡੁੱਬ ਜਾਣ ਕਾਰਨ ਲਗਭਗ 20 ਨੌਜੁਆਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਵੇਖੀਆਂ ਗਈਆਂ ਸਨ ਜਿਨ੍ਹਾਂ ਵਿਚ ਪੰਜਾਬ ਦੇ ਰਾਜਨੀਤਕ ਆਗੂਆਂ ਵਲੋਂ ਬਿਆਨਬਾਜ਼ੀ ਅਤੇ ਹਮਦਰਦੀ ਦੇ ਹੰਝੂ ਵਹਾਉਣ ਨਾਲ ਪੰਜਾਬ ਅਤੇ ਦਿੱਲੀ ਦੇ ਚਾਰ ਦਲਾਲ ਵੀ ਗ੍ਰਿਫ਼ਤਾਰ ਕੀਤੇ ਗਏ ਸਨ। ਇਰਾਕ ਅਤੇ ਸਾਊਦੀ ਅਰਬ ਵਿਚ ਫਸੇ ਹਜ਼ਾਰਾਂ ਭਾਰਤੀ ਅੱਜ ਵੀ ਵਤਨ ਵਾਪਸੀ ਦੀ ਗੁਹਾਰ ਲਗਾ ਰਹੇ ਹਨ। ਲੋਕ ਬੇਟੀ ਦੇ ਚੰਗੇ ਭਵਿੱਖ ਲਈ ਉਸ ਦਾ ਵਿਆਹ ਐਨ.ਆਰ.ਆਈ. ਨਾਲ ਕਰਦੇ ਹਨ। ਪਰ ਕਈ ਵਾਰ ਵਿਦੇਸ਼ ਦੀ ਇਹ ਚਮਕ-ਦਮਕ ਜ਼ਿੰਦਗੀ ਵਿਚ ਹਨੇਰਾ ਵੀ ਕਰ ਸਕਦੀ ਹੈ। ਕਿਸੇ ਐਨ.ਆਰ.ਆਈ. ਨਾਲ ਬੇਟੀ ਦਾ ਵਿਆਹ ਕਰਨ ਤੋਂ ਪਹਿਲਾਂ ਭਾਰਤ ਵਿਚ ਉਸ ਦਾ ਪਿਛੋਕੜ ਅਤੇ ਵਿਦੇਸ਼ ਵਿਚ ਉਸ ਦੀ ਪ੍ਰਵਾਰਕ ਸਥਿਤੀ ਬਾਰੇ ਕਿਸੇ ਤੋਂ ਚੰਗੀ ਤਰ੍ਹਾਂ ਪੁੱਛ-ਪੜਤਾਲ ਕਰ ਲੈਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਵਿਚ ਐਨ.ਆਰ.ਆਈ. ਵਿੰਗ ਕੋਲ ਵਿਦੇਸ਼ੀ ਲਾੜਿਆਂ ਨੂੰ ਭਾਰਤ ਨਾ ਬੁਲਾ ਸਕਣ ਦੀ ਸ਼ਕਤੀ ਨਾ ਹੋਣ ਕਾਰਨ ਸੂਬੇ ਵਿਚ ਤਿੰਨ ਹਜ਼ਾਰ ਤੋਂ ਵੱਧ ਕੇਸ ਲਟਕ ਰਹੇ ਹਨ।ਦੇਸ਼ ਵਿਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ ਅਤੇ ਸਮਾਜਕ ਅਸੁਰੱਖਿਆ ਦੀ ਭਾਵਨਾ ਨੇ ਨੌਜੁਆਨ ਪੀੜ੍ਹੀ ਅੰਦਰ ਅਪਣੇ ਦੇਸ਼ ਨਾਲ ਪਿਆਰ ਘਟਾ ਦਿਤਾ ਹੈ। ਜੇ ਆਉਣ ਵਾਲੀ ਪੀੜ੍ਹੀ ਨੂੰ ਅਪਣੇ ਦੇਸ਼ ਅਤੇ ਸੂਬੇ ਵਿਚ ਹੀ ਬਿਹਤਰ ਭਵਿੱਖ ਦੀ ਆਸ ਹੋਵੇਗੀ ਤਾਂ ਸ਼ਾਇਦ ਹੀ ਕੋਈ ਮਾਂ ਅਪਣੇ ਬੱਚੇ ਨੂੰ ਵਿਦੇਸ਼ ਲਈ ਜਹਾਜ਼ ਚੜ੍ਹਾਉਣ ਦਾ ਸੁਪਨਾ ਲਵੇਗੀ। ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਨੌਜੁਆਨਾਂ ਨੂੰ ਦੇਸ਼ ਅੰਦਰ ਹੀ ਚੰਗੇ ਭਵਿੱਖ ਦੀ ਗਾਰੰਟੀ ਦੇਵੇ ਤਾਂ ਜੋ ਨੌਜੁਆਨ ਅਪਣੀ ਜਨਮ ਭੂਮੀ ਨੂੰ ਹੀ ਅਪਣੀ ਕਰਮਭੂਮੀ ਬਣਾ ਸਕਣ। ਨੌਜੁਆਨ ਦੇਸ਼ ਦਾ ਭਵਿੱਖ ਹੁੰਦੇ ਹਨ। ਇਸ ਭਵਿੱਖ ਨੂੰ ਸਵਾਰਨਾ ਅਤੇ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰਾਂ ਨੂੰ ਇਸ ਵੱਧ ਰਹੇ ਰੁਝਾਨ ਵਲ ਧਿਆਨ ਦੇਣਾ ਚਾਹੀਦਾ ਹੈ। ਨੌਜੁਆਨਾਂ ਵਾਸਤੇ ਸਰਕਾਰਾਂ ਨੂੰ ਰੁਜ਼ਗਾਰ ਦੇ ਵਿਸ਼ੇਸ਼ ਮੌਕੇ ਉਜਾਗਰ ਕਰਨ ਦੀ ਲੋੜ ਹੈ। ਏਜੰਟਾਂ ਦੀ ਲੁੱਟ-ਖਸੁੱਟ ਰੋਕਣ ਲਈ ਵਿਸ਼ੇਸ਼ ਕਾਨੂੰਨ ਬਣਾਏ ਜਾਣ ਦੀ ਲੋੜ ਹੈ ਤਾਕਿ ਏਜੰਟਾਂ ਵਲੋਂ ਕੀਤੇ ਜਾਂਦੇ ਸ਼ੋਸ਼ਣ ਅਤੇ ਝੂਠੇ ਲਾਰਿਆਂ ਤੋਂ ਬਚਿਆ ਜਾ ਸਕੇ।ਪੰਜਾਬੀ ਨੌਜੁਆਨਾਂ ਵਿਚ ਚੰਗਾ ਖਾਣ ਅਤੇ ਪਹਿਨਣ ਤੋਂ ਇਲਾਵਾ ਛੇਤੀ ਅੱਗੇ ਵਧਣ ਦੀ ਚਾਹਤ ਹੈ। ਪੜ੍ਹਨ-ਲਿਖਣ ਤੋਂ ਬਾਅਦ ਨੌਜੁਆਨਾਂ ਵਿਚ ਨੌਕਰੀ ਬਾਰੇ ਬੇਭਰੋਸਗੀ ਹੈ। ਭਾਰਤੀ ਕਰੰਸੀ ਦੇ ਮੁਕਾਬਲੇ ਵਿਦੇਸ਼ੀ ਕਰੰਸੀ ਦਾ ਵੱਧ ਮੁੱਲ ਆਦਿ ਵੀ ਪੰਜਾਬੀ ਨੌਜੁਆਨਾਂ ਨੂੰ ਬਾਹਰਲੇ ਮੁਲਕਾਂ ਵਲ ਖਿੱਚ ਕਰ ਰਹੇ ਹਨ। ਭਾਰਤ ਦੇ ਮੁਕਾਬਲੇ ਵਿਦੇਸ਼ਾਂ ਵਿਚ ਸਮਾਜਕ ਸੁਰੱਖਿਆ ਯਕੀਨੀ ਹੁੰਦੀ ਹੈ। ਨਿਰਾਸ਼ਾ ਦੇ ਆਲਮ ਵਿਚ ਕਈ ਵਾਰ ਪੜ੍ਹੇ-ਲਿਖੇ ਨੌਜੁਆਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦੇ ਹਨ। ਕਈ ਪੜ੍ਹੇ-ਲਿਖੇ ਨੌਜੁਆਨ ਗੈਂਗਸਟਰਾਂ ਵਿਚ ਵੀ ਰਲ ਜਾਂਦੇ ਹਨ।