ਪਤੀ ਲਈ ਵਰਤ ਰਖਣਾ- ਔਰਤ ਦੀ ਮਾਨਸਿਕ ਗ਼ੁਲਾਮੀ?

ਵਿਚਾਰ, ਵਿਸ਼ੇਸ਼ ਲੇਖ

ਗੱਲ ਅਕਤੂਬਰ 1984 ਦੀ ਹੈ। ਮੇਰੀ ਪਤਨੀ ਤੜਕਸਾਰ ਉੱਠ ਕੇ, ਲੋੜ ਮੁਤਾਬਕ ਖਾਣਾ ਖਾ ਕੇ, ਪਹਿਲੇ ਕਰਵਾ ਚੌਥ ਵਰਤ ਦੀ ਤਿਆਰੀ ਵਿਚ ਗਲਤਾਨ ਸੀ। ਮੈਂ ਪੇਂਡੂ ਖੇਤਰ ਨਾਲ ਸਬੰਧਤ ਹੋਣ ਕਰ ਕੇ ਅਕਸਰ ਹੀ ਤੜਕਸਾਰ ਉਠਦਾ ਹਾਂ, ਪਰ ਉਸ ਦਿਨ ਕਰਵਾ ਚੌਥ ਦੀ ਤਿਆਰੀ ਸਦਕਾ ਪਤਨੀ ਬਾਜ਼ੀ ਮਾਰ ਗਈ ਸੀ। ਉਸ ਸਮੇਂ ਤਕ ਮੀਡੀਆ ਦਾ ਜ਼ਿਆਦਾ ਬੋਲਬਾਲਾ ਨਾ ਹੋਣ ਕਰ ਕੇ, ਸਧਾਰਣ ਪ੍ਰਵਾਰਾਂ ਅਤੇ ਪੇਂਡੂ ਖੇਤਰਾਂ ਵਿਚ ਇਸ ਵਰਤ ਦੀ ਚਰਚਾ ਨਹੀਂ ਸੀ।

ਸਾਡੇ ਵਿਆਹ ਨੂੰ ਛੇ ਕੁ ਮਹੀਨੇ ਹੋ ਚੁੱਕੇ ਸਨ ਅਤੇ ਮੇਰੀ ਪਤਨੀ ਦੇਸ਼ ਵਿਚ ਪ੍ਰਚੱਲਤ ਬ੍ਰਾਹਮਣਵਾਦੀ ਵਿਚਾਰਧਾਰਾ ਪ੍ਰਤੀ ਮੇਰੇ ਵਿਚਾਰਾਂ ਤੋਂ ਕਾਫ਼ੀ ਜਾਣੂੰ ਹੋ ਚੁੱਕੀ ਸੀ। ਪਰ ਫਿਰ ਵੀ ਉਸ ਨੇ ਸਮਾਜਕ ਤਾਣੇ-ਬਾਣੇ ਵਿਚ ਰਹਿੰਦੇ ਹੋਏ ਇਸ ਵਰਤ ਨੂੰ ਤਰਜੀਹ ਦਿਤੀ। ਮੈਂ ਪੇਂਡੂ ਕਾਲਜ ਸ੍ਰੀ ਖਡੂਰ ਸਾਹਿਬ ਤੋਂ ਪੜ੍ਹਾਈ ਕੀਤੀ ਸੀ, ਜਦਕਿ ਮੇਰੀ ਪਤਨੀ ਦਾ ਪਾਲਣ-ਪੋਸਣ ਦਿੱਲੀ ਸ਼ਹਿਰ ਅਤੇ ਗਰੈਜੂਏਸ਼ਨ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਤੋਂ ਹੋਈ ਸੀ। ਪਿੰਡ ਦੀ ਦਲਿਤ ਜਾਤੀ ਵਿਚੋਂ ਪਹਿਲਾ ਪੋਸਟ ਗਰੈਜੂਏਟ ਹੋਣ ਕਰ ਕੇ ਅਤੇ ਸਮੇਂ ਸਿਰ ਸਰਕਾਰੀ ਨੌਕਰੀ ਮਿਲਣ ਕਰ ਕੇ, ਮੇਰਾ ਪਿੰਡ ਵਿਚ ਕਾਫ਼ੀ ਸਨਮਾਨ ਸੀ।

ਦਫ਼ਤਰ ਜਾਣ ਤੋਂ ਪਹਿਲਾਂ ਮੈਂ ਅਪਣੀ ਪਤਨੀ ਨਾਲ ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ, ਦਲੀਲ ਨਾਲ ਦਸਿਆ ਕਿ ਮੈਂ ਏਨੀ ਛੇਤੀ ਮਰਨ ਵਾਲਾ ਨਹੀਂ। ਮੇਰੀ ਸਿਹਤ ਠੀਕ ਹੋਣ ਕਰ ਕੇ ਅਤੇ ਆਸ਼ਾਵਾਦੀ ਵਿਚਾਰਧਾਰਾ ਹੋਣ ਕਰ ਕੇ, ਮੈਂ ਅਪਣੀ ਲੰਮੀ ਉਮਰ ਦਾ ਸਿਹਰਾ ਕਿਸੇ ਮਿਥਿਹਾਸਕ ਦੇਵਤੇ ਨੂੰ ਨਹੀਂ ਦੇਣਾ ਚਾਹੁੰਦਾ ਸੀ। ਇਕ ਦੂਜੇ ਦੀਆਂ ਦਲੀਲਾਂ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਭਵਿੱਖ ਵਿਚ, ਪੂਰੇ ਜੀਵਨ ਲਈ ਇਸ ਪਖੰਡ ਤੋਂ ਤੌਬਾ ਕਰ ਲੈਣ ਦਾ ਫ਼ੈਸਲਾ ਲਿਆ ਗਿਆ। ਪਤਨੀ ਪੂਰੀ ਤਰ੍ਹਾਂ ਸਮਝ ਗਈ ਕਿ ਉਸ ਦਾ ਪੂਰੇ ਦਿਨ ਦਾ ਭੁੱਖੇ ਰਹਿਣਾ, ਇਸ ਪੇਂਡੂ ਪੜ੍ਹੇ ਲਿਖੇ ਪਤੀ ਨੂੰ ਪ੍ਰਭਾਵਤ ਨਹੀਂ ਕਰ ਸਕਦਾ। ਜ਼ਿੰਦਗੀ ਅਪਣੀ ਰਫ਼ਤਾਰ ਚਲਦੀ ਗਈ। ਸਾਡਾ ਘਰ ਸਿਰਫ਼ ਕਰਵਾ ਚੌਥ ਤੋਂ ਹੀ ਨਹੀਂ ਬਲਕਿ ਸਾਰੇ ਵਹਿਮਾਂ-ਭਰਮਾਂ ਤੋਂ ਹੀ ਮੁਕਤ ਹੋ ਗਿਆ।

ਮੈਂ ਖੁੱਲ੍ਹ ਕੇ ਇਸ ਬ੍ਰਾਹਮਣੀਕਲ ਵਿਚਾਰਧਾਰਾ ਵਿਰੁਧ ਬੋਲਦਾ ਰਿਹਾ ਅਤੇ ਮੇਰੀ ਪਤਨੀ ਨੇ ਪੂਰੀ ਜ਼ਿੰਦਗੀ ਮੇਰਾ ਸਾਥ ਦਿਤਾ। ਬੇਟਾ ਸਰਕਾਰੀ ਬੈਂਕ ਅਫ਼ਸਰ ਬਣ ਗਿਆ ਜਦਕਿ ਬੇਟੀ ਨੇ ਡਾਕਟਰ ਬਣਨ ਤੋਂ ਬਾਅਦ ਅਰਧ ਸੈਨਿਕ ਬਲ ਵਿਚ ਅਫ਼ਸਰ ਵਜੋਂ ਜੁਆਇਨ ਕਰ ਲਿਆ। ਇਸ ਸਿਸਟਮ ਦੇ ਢਾਂਚੇ ਤਹਿਤ ਮੈਂ ਜ਼ਿੰਦਗੀ ਦੀਆਂ ਬਹੁਤ ਖ਼ੁਸ਼ੀਆਂ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਜਿਨ੍ਹਾਂ ਤੋਂ ਸ਼ਾਇਦ ਦਲਿਤ ਸਮਾਜ ਦੇ ਹੋਰ ਲੋਕ ਵਾਂਝੇ ਰਹਿ ਗਏ। ਮੈਂ ਸਰਕਾਰੀ ਨੌਕਰੀ ਦਰਮਿਆਨ ਲੋੜ ਮੁਤਾਬਕ, ਲਗਾਤਾਰ ਪੰਦਰਾਂ ਘੰਟੇ ਡਿਊਟੀ ਕਰਨ ਦੇ ਬਾਵਜੂਦ ਵੀ ਕਦੇ ਮਹਿਕਮੇ ਨੂੰ ਨਹੀਂ ਕੋਸਿਆ। ਫ਼ੀਲਡ ਜਾਬ ਹੋਣ ਕਰ ਕੇ ਤਰੱਕੀ ਮਿਲਣਾ ਬਹੁਤ ਮੁਸ਼ਕਲ ਸੀ, ਪਰ ਮਹਿਕਮੇ ਦੇ ਥੋੜ੍ਹੇ ਬਹੁਤ ਜੋੜ-ਤੋੜ ਸਿਖਣ ਕਰ ਕੇ, ਮੈਂ ਇਸ ਵਿਚ ਵੀ ਕਾਮਯਾਬ ਹੋਇਆ। ਜਦਕਿ ਮੇਰੇ ਬਹੁਤ ਸਾਥੀ ਇਸ ਤੋਂ ਸਖਣੇ ਰਹਿ ਗਏ।

ਲਗਭਗ ਪੂਰੇ ਇਕੱਤੀ ਸਾਲ ਬਾਅਦ 31 ਅਕਤੂਬਰ 2015 ਨੂੰ ਮੇਰੀ ਸੇਵਾਮੁਕਤੀ ਤੈਅ ਹੋਣ ਕਰ ਕੇ, ਮਹਿਕਮੇ ਨੇ ਰਵਾਇਤ ਮੁਤਾਬਕ, ਚਾਰ ਦਿਨ ਪਹਿਲਾਂ ਮੈਨੂੰ ਪੰਜ ਚਾਰਜਸ਼ੀਟਾਂ ਫੜਾ ਦਿਤੀਆਂ। ਐਫ਼.ਸੀ.ਆਈ. ਵਿਚੋਂ ਬਤੌਰ ਮੈਨੇਜਰ ਡਿਪੂ (ਜਿਸ ਨੇ ਸਾਰੀ ਨੌਕਰੀ ਫ਼ੀਲਡ ਵਿਚ ਕੀਤੀ ਹੋਵੇ) ਸੇਵਾਮੁਕਤੀ ਦੀ ਆਸ ਰਖਣਾ ਬਹੁਤ ਮੁਸ਼ਕਲ ਹੈ। ਆਸ਼ਾਵਾਦੀ ਸੋਚ ਹੋਣ ਕਰ ਕੇ, ਮੈਂ 27 ਅਕਤੂਬਰ ਤੋਂ ਰੀਜਨਲ ਦਫ਼ਤਰ ਚੰਡੀਗੜ੍ਹ ਦੇ ਗੇੜੇ ਕੱਟ ਰਿਹਾ ਸੀ। ਲਗਾਤਾਰ ਗੇੜੇ ਵੱਜਣ ਕਰ ਕੇ, ਸਬੰਧਤ ਬ੍ਰਾਂਚਾਂ ਦੇ ਸਟਾਫ਼ ਨਾਲ ਥੋੜ੍ਹੀ ਜਾਣ-ਪਛਾਣ ਵੀ ਹੋ ਗਈ ਸੀ। ਇਹ ਇਕ ਸਬੱਬ ਹੀ ਕਿਹਾ ਜਾ ਸਕਦਾ ਹੈ ਕਿ 31 ਤਰੀਕ ਨੂੰ ਵੱਡੇ ਦਫ਼ਤਰਾਂ ਵਿਚ ਸ਼ਨਿਚਰਵਾਰ ਦੀ ਛੁੱਟੀ ਹੋਣ ਕਰ ਕੇ, ਸਾਰੇ ਫ਼ੈਸਲੇ 30 ਅਕਤੂਬਰ ਨੂੰ ਹੀ ਲਏ ਜਾਣੇ ਸਨ।

ਉਸ ਦਿਨ ਮੈਂ ਥੋੜਾ ਹੈਰਾਨ ਜਿਹਾ ਹੋ ਗਿਆ। ਜਦ ਮੈਂ ਲੇਡੀਜ਼ ਸਟਾਫ਼ ਦੇ ਚਿਹਰਿਆਂ ਉਤੇ ਪਹਿਲੇ ਦਿਨਾਂ ਤੋਂ ਜ਼ਿਆਦਾ ਸੁਹੱਪਣ ਵੇਖਿਆ। ਇਸ ਬੁਝਾਰਤ ਦਾ ਅਹਿਸਾਸ ਮੈਨੂੰ ਅੱਧੇ ਦਿਨ ਤੋਂ ਬਾਅਦ ਹੋਇਆ, ਜਦ ਅਪਣੀ ਫ਼ਾਈਲ ਨਾਲ ਸਬੰਧਤ ਮੈਡਮ ਨੂੰ ਕੰਮ ਵਿਚ ਤੇਜ਼ੀ ਲਿਆਉਣ ਦਾ ਕਾਰਨ ਪੁਛਿਆ। ਉਸ ਨੇ ਬੜੇ ਠਰੰਮੇ ਨਾਲ ਦਸਿਆ, ''ਹਰ ਹਾਲਤ ਵਿਚ ਮੈਂ ਤੁਹਾਡੀ ਫ਼ਾਈਲ ਦੁਪਹਿਰ ਦੇ ਖਾਣੇ ਤੋਂ ਪਹਿਲਾਂ-ਪਹਿਲਾਂ ਕਲੀਅਰ ਕਰ ਕੇ ਘਰ ਜਾਣਾ ਹੈ ਕਿਉਂਕਿ ਅੱਜ ਕਰਵਾ ਚੌਥ ਦਾ ਵਰਤ ਹੋਣ ਕਰ ਕੇ ਉਸ ਦੀ ਤਿਆਰੀ ਕਰਨੀ ਹੈ।'' ਮੇਰਾ ਇਕਦਮ ਮੱਥਾ ਠਣਕਿਆ ਅਤੇ ਇਕੱਤੀ ਸਾਲ ਪਹਿਲਾਂ ਪਤਨੀ ਨਾਲ ਹੋਈ ਵਾਰਤਾਲਾਪ ਇਕਦਮ ਤਾਜ਼ਾ ਹੋ ਗਈ।

ਮੈਂ ਪੂਰੇ ਪੇਂਡੂ ਵਿਅੰਗਮਈ ਲਹਿਜੇ ਵਿਚ ਲੇਡੀਜ਼ ਸਟਾਫ਼ ਨੂੰ ਦਸਿਆ, ''ਭੈਣ ਜੀ ਤੁਹਾਨੂੰ ਹਰ ਸਾਲ ਇਸ ਸਖ਼ਤ ਵਰਤ ਦੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ ਅਤੇ ਅਪਣੇ ਪਤੀ ਦੀ ਲੰਮੀ ਉਮਰ ਲਈ, ਇਸ ਦੇਵਤੇ ਪਾਸੋਂ ਏ.ਐਮ.ਸੀ. (ਪੂਰੇ ਸਾਲ ਦੀ ਗਰੰਟੀ) ਰੀਨਿਊ ਕਰਵਾਉਣੀ ਪੈਂਦੀ ਹੈ, ਜਦਕਿ ਤੁਹਾਡੇ ਸਾਹਮਣੇ ਇਹ ਸਾਧਾਰਣ ਆਦਮੀ ਜ਼ਿੰਦਾ ਖੜਾ ਹੈ ਜਿਸ ਨੇ 31 ਸਾਲ ਪਹਿਲਾਂ, ਅਪਣੀ ਪਤਨੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਇਸ ਸਮੇਤ, ਸਾਰੇ ਵਹਿਮਾਂ-ਭਰਮਾਂ ਤੋਂ ਵੀ ਅਪਣੇ ਪ੍ਰਵਾਰ ਨੂੰ ਮੁਕਤ ਕਰਾ ਲਿਆ ਸੀ।'' ਇਸ ਦੇ ਨਾਲ ਹੀ ਮੇਰੇ ਅੰਦਰ ਪੁਰਾਣਾ ਪਾਲਿਆ ਹੋਇਆ ਭੁਲੇਖਾ ਵੀ ਟੁਟਦਾ ਨਜ਼ਰ ਆਇਆ ਕਿ ਚੰਡੀਗੜ੍ਹ ਪੜ੍ਹੇ-ਲਿਖੇ ਬੁੱਧੀਜੀਵੀਆਂ ਦਾ ਸ਼ਹਿਰ ਹੈ ਕਿਉਂਕਿ ਜਿਸ ਚੰਗੀ ਸਿਹਤ ਅਤੇ ਲੰਮੀ ਉਮਰ ਦਾ ਰਾਜ਼, ਇਕ ਅਣਗੋਲੇ ਜਿਹੇ ਪਿੰਡ (ਚੱਕ ਕਰੇਂ ਖਾਂ) ਵਿਚ ਰਹਿਣ ਵਾਲਾ ਆਮ ਪ੍ਰਵਾਰ ਇਕੱਤੀ ਸਾਲ ਪਹਿਲਾਂ ਸਮਝ ਗਿਆ ਸੀ, ਉਥੇ ਚੰਡੀਗੜ੍ਹ ਰਹਿਣ ਵਾਲੇ ਲੋਕ ਸਿਰੇ ਦੀਆਂ ਸਿਹਤ ਅਤੇ ਪੜ੍ਹਾਈ ਸਬੰਧਤ ਸਹੂਲਤਾਂ ਮਾਣਦੇ ਹੋਏ ਵੀ ਇਸ ਨੂੰ ਸਮਝਣ ਵਿਚ ਅਸਫ਼ਲ ਨਜ਼ਰ ਆਏ।

ਉਨ੍ਹਾਂ ਦੀ ਮਾਨਸਕ ਅਵੱਸਥਾ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਕਿਉਂਕਿ ਜਿਸ ਬੁੱਧੀਜੀਵੀ ਵਰਗ ਨੇ ਇਨ੍ਹਾਂ ਪਾਖੰਡਾਂ/ਵਹਿਮਾਂ-ਭਰਮਾਂ ਦਾ ਵਿਰੋਧ ਕਰ ਕੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ ਉਹ ਤਾਂ ਆਪ ਹੀ ਇਸ ਦਲਦਲ ਵਿਚ ਧੱਸੇ ਨਜ਼ਰ ਆਏ। ਦਰਦ ਹੋਰ ਵੀ ਵੱਧ ਗਿਆ ਜਦੋਂ ਗੁਰੂ ਨਾਨਕ ਲੇਵਾ ਸਿੱਖ ਵੀ ਇਸ ਮੱਕੜਜਾਲ ਦੀ ਲਪੇਟ ਵਿਚ ਨਜ਼ਰ ਆਏ ਜਦਕਿ ਗੁਰਬਾਣੀ ਵਿਚ ਇਸ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਹੈ। ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਮਗਰੋਂ ਵੀ ਦੇਸ਼ ਦੀ ਲਗਭਗ ਅੱਧੀ ਆਬਾਦੀ, ਹਜ਼ਾਰਾਂ ਸਾਲ ਪੁਰਾਣੀ ਮਨੂੰ ਵਲੋਂ ਸਥਾਪਤ ਮਾਨਸਿਕ ਗ਼ੁਲਾਮੀ ਦੀ ਪ੍ਰਥਾ ਨੂੰ ਢੋਈ ਜਾ ਰਹੀ ਹੈ। ਪਰ ਇਸ ਘਟਨਾ ਨੇ ਮੈਨੂੰ ਬ੍ਰਾਹਮਣਵਾਦ ਵਲੋਂ ਹੋ ਰਹੀ ਆਰਥਕ ਅਤੇ ਸਮਾਜਕ ਲੁੱਟ-ਖਸੁੱਟ ਵਿਰੁਧ ਜ਼ੋਰਦਾਰ ਹੋਕਾ ਦੇਣ ਲਈ ਉਤਸ਼ਾਹਿਤ ਵੀ ਕੀਤਾ।         ਸੰਪਰਕ : 81465-67317