ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਿਹਾਸਿਕ ਗੁਰਦਵਾਰੇ

ਵਿਚਾਰ, ਵਿਸ਼ੇਸ਼ ਲੇਖ

ਪੂਰੇ ਸੰਸਾਰ ਵਿਚ ਪਾਉਂਟਾ ਸਾਹਿਬ ਦੀ ਮਹੱਤਤਾ ਵਿਲੱਖਣ ਹੈ ਕਿਉਕਿ ਪਾਉਂਟਾ ਸਾਹਿਬ ਹੀ ਇਕੋ ਇਕ ਅਜਿਹਾ ਸ਼ਹਿਰ ਹੈ ਜਿਸ ਦਾ ਨੀਂਹ ਪੱਥਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਖਿਆ ਸੀ ਅਤੇ ਇਸ ਦਾ ਨਾਂ ਪਾਉਂਟਾ ਸਾਹਿਬ ਉਨ੍ਹਾਂ ਹੀ ਨਿਸ਼ਚਿਤ ਕੀਤਾ ਸੀ। ਪੁਰਾਣੀ ਨਾਹਨ ਰਿਆਸਤ ਵਿਚ ਸਥਿਤ ਹਿਮਾਚਲ ਪ੍ਰਦੇਸ਼ ਵਿਚ ਯਮੁਨਾ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਜੀ ਚਾਰ ਸਾਲ ਤੋਂ ਵੀ ਵੱਧ ਸਮਾਂ ਰਹੇ। ਸਿੱਖ ਇਤਿਹਾਸ ਅਨੁਸਾਰ ਦਸਮੇਸ਼ ਜੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ 1685 ਵਿਚ ਨਾਹਨ ਪਹੁੰਚੇ ਸਨ ਅਤੇ ਬਹੁਤ ਹੀ ਸੁੰਦਰ ਕੁਦਰਤੀ ਨਜ਼ਾਰਿਆਂ ਅਤੇ ਪ੍ਰਭਾਵਸ਼ਾਲੀ ਵਾਤਾਵਰਣ ਨੂੰ ਮੁੱਖ ਰੱਖ ਕੇ ਦਸਮੇਸ਼ ਨੇ ਇਹ ਸ਼ਹਿਰ ਵਸਾਇਆ ਸੀ। ਬਹੁਤ ਥੋੜੀ ਦੇਰ ਵਿਚ ਹੀ ਇਥੇ ਜੰਗਲ ਵਿਚ ਮੰਗਲ ਲੱਗ ਗਿਆ ਅਤੇ ਇਹ ਇਕ ਅਨੰਦਮਈ ਨਗਰ ਬਣ ਗਿਆ। ਗੁਰੂ ਜੀ ਦੇ ਇਥੇ ਰਹਿਣ ਸਮੇਂ ਦੇ ਜੀਵਨ ਨੂੰ ਦਰਸਾਉਂਦੀਆਂ ਅਨੇਕਾਂ ਯਾਦਗਾਰਾਂ ਹਨ ਜਿੱਥੇ ਅਜਕਲ ਸ਼ਾਨਦਾਰ ਗੁਰਦਵਾਰੇ ਸੁਸ਼ੋਭਿਤ ਹਨ। ਇਨ੍ਹਾਂ ਵਿਚ ਪ੍ਰਮੁੱਖ ਇਸ ਤਰ੍ਹਾਂ ਹਨ।
1) ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ:- ਯਮੁਨਾ ਨਦੀ ਦੇ ਕੰਢੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਜੀ ਨੇ ਆ ਕੇ  ਅਪਣੇ ਠਹਿਰਨ ਲਈ ਪਹਿਲਾਂ ਕੈਂਪ ਲਾਇਆ। ਬਹੁਤ ਹੀ ਰਮਣੀਕ, ਸੁੰਦਰ ਕੁਦਰਤੀ ਅਸਥਾਨ ਤੇ ਗੁਰੂ ਜੀ ਨੇ ਕਿਲ੍ਹੇ ਵਰਗੀ ਇਮਾਰਤ ਉਸਾਰੀ ਅਤੇ ਇਥੇ ਹੀ ਪਾਉਂਟਾ ਨਗਰ ਦਾ ਨੀਂਹ ਪੱਥਰ ਰਖਿਆ। ਇਸ ਅਸਥਾਨ ਤੇ ਅਜਕਲ ਬਹੁਤ ਹੀ ਸ਼ਾਨਦਾਰ ਗੁਰਦਵਾਰਾ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਇਥੇ ਗੁਰੂ ਜੀ ਚਾਰ ਸਾਲ ਤੋਂ ਵੀ ਵੱਧ ਸਮੇਂ ਲਈ ਅਧਿਆਤਮਕ ਗਿਆਨ ਦੀ ਪੂੰਜੀ ਪ੍ਰਦਾਨ ਕਰਦੇ ਰਹੇ। ਗੁਰੂ ਜੀ ਦੇ ਜੀਵਨ ਨਾਲ ਸਬੰਧਤ ਕੁੱਝ ਨਿਸ਼ਾਨੀਆਂ ਵੀ ਇਥੇ ਸੰਭਾਲੀਆਂ ਗਈਆਂ ਹਨ। ਇਸ ਸਥਾਨ ਤੇ ਸਦਾ ਸੰਗਤਾਂ ਦੀ ਚਹਿਲ ਪਹਿਲ ਰਹਿੰਦੀ ਹੈ।
2) ਗੁਰਦਵਾਰਾ ਸ੍ਰੀ ਦਸਤਾਰ ਅਸਥਾਨ ਸਾਹਿਬ:- ਇਹ ਉਹ ਪਵਿੱਤਰ ਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ  ਸਿੰਘ ਜੀ ਸੁੰਦਰ ਦਸਤਾਰਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ ਅਤੇ ਇਨਾਮ ਵੰਡਿਆ ਕਰਦੇ ਸਨ। ਇਸ ਸਥਾਨ ਤੇ ਹੀ ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਸੀ ਅਤੇ ਸਿਰੋਪਾਉ ਬਖ਼ਸ਼ਿਆ ਸੀ ਅਤੇ ਪੀਰ ਬੁੱਧੂ ਸ਼ਾਹ ਜੀ ਦੀ ਬੇਨਤੀ ਤੇ ਉਨ੍ਹਾਂ ਨੂੰ ਇਕ ਕੰਘਾ, ਪਵਿੱਤਰ ਕੇਸਾਂ ਸਮੇਤ, ਯਾਦ ਨਿਸ਼ਾਨੀ ਦੇ ਤੌਰ ਤੇ ਦਿਤਾ ਸੀ। ਇਹ ਸਦੀਆਂ ਤੋਂ ਪੀਰ ਜੀ ਦੀ ਸੰਤਾਨ ਪਾਸ ਸੰਭਾਲਿਆ ਰਿਹਾ।
3) ਕਵੀ ਦਰਬਾਰ ਅਸਥਾਨ: ਗੁਰਦਵਾਰਾ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਪਹਾੜੀ ਦੀ ਢਲਾਣ, ਯਮੁਨਾ ਨਦੀ ਦੇ ਬਿਲਕੁਲ ਕੰਢੇ ਤੇ ਗੁਰੂ ਜੀ ਦੇ ਅਪਣੇ 52 ਪ੍ਰਸਿੱਧ ਕਵੀਆਂ ਨਾਲ ਕਵੀ ਦਰਬਾਰ ਸਜਾਉਣ ਵਾਲੀ ਪਵਿੱਤਰ ਥਾਂ ਕਵੀ ਦਰਬਾਰ ਅਸਥਾਨ ਵਜੋਂ ਪ੍ਰਸਿੱਧ ਹੈ। ਗੁਰੂ ਜੀ ਨੇ ਕਈ ਬਾਣੀਆਂ ਜਿਨ੍ਹਾਂ ਵਿਚ ਜਪੁ ਸਾਹਿਬ, ਸਵੱਯੇ ਪਾਤਸ਼ਾਹੀ ਦਸਵੀ, ਅਕਾਲ ਉਸਤਤ, ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਦੇ ਬਹੁਤ ਹਿੱਸੇ ਦੀ ਰਚਨਾ ਇਸ ਅਸਥਾਨ ਤੇ ਹੀ ਕੀਤੀ ਸੀ।
ਇਸ ਅਸਥਾਨ ਤੇ ਹੀ ਬਹੁਮੁੱਲੇ ਸਾਹਿਤ ਦੀ ਰਚਨਾ ਹੋਈ। ਅਜਕਲ ਇਸ ਸਥਾਨ ਨੂੰ ਵਧੀਆ ਦਿਖ ਦਿਤੀ ਜਾ ਚੁੱਕੀ ਹੈ ਅਤੇ ਪ੍ਰਬੰਧਕਾਂ ਵਲੋਂ ਹਰ ਪੂਰਨਮਾਸ਼ੀ ਦੀ ਰਾਤ ਕਵੀ ਦਰਬਾਰ ਦੀ ਪ੍ਰੰਪਰਾ ਉਸੇ ਤਰ੍ਹਾਂ ਜਾਰੀ ਹੈ। ਇਥੇ ਹੀ ਗੁਰੂ ਜੀ ਨੇ ਅਪਣੇ 52 ਕਵੀਆਂ ਵਿਚੋਂ ਚੰਦਨ ਕਵੀ ਦਾ ਹੰਕਾਰ ਵੀ ਧੰਨਾ ਘਾਹੀਆ ਜੀ ਰਾਹੀਂ ਤੋੜਿਆ ਸੀ।
4) ਗੁਰਦਵਾਰਾ ਸ਼ੇਰਗਾਹ ਸਾਹਿਬ:- ਗੁਰਦਵਾਰਾ ਪਾਉਂਟਾ ਸਾਹਿਬ ਤੋਂ ਭੰਗਾਣੀ ਸਾਹਿਬ ਨੂੰ ਜਾਣ ਵਾਲੇ ਰਸਤੇ ਉਪਰ ਪਿੰਡ ਨਿਹਾਲਗੜ੍ਹ ਵਿਖੇ ਗੁਰਦਵਾਰਾ ਸ਼ੇਰਗਾਹ ਸਾਹਿਬ ਸੁਸ਼ੋਭਿਤ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਜਾ ਨਾਹਨ ਮੇਦਨੀ ਪ੍ਰਕਾਸ਼ ਅਤੇ ਮਹਾਰਾਜਾ ਫ਼ਤਹਿ ਚੰਦ ਗੜ੍ਹਵਾਲ ਦੇ ਸਾਹਮਣੇ ਭਿਆਨਕ ਸ਼ੇਰ ਨੂੰ ਮਾਰਨ ਦੀ ਯਾਦ ਵਿਚ ਬਣਿਆ ਹੈ। ਗੁਰੂ ਜੀ ਨੇ ਅਪਣੀ ਅਥਾਹ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ। ਗੁਰਦਵਾਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਤਿਆਰ ਹੋ ਚੁੱਕੀ ਹੈ। ਸਦਾ ਗੁਰੂ  ਦੇ ਲੰਗਰ ਅਤੁੱਟ ਵਰਤਦੇ ਹਨ। ਗੁਰਦਵਾਰਾ ਭੰਗਾਣੀ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਦੀਆਂ ਹਨ।