ਸਿੱਖ ਅੱਜ ਪੂਰੀ ਦੁਨੀਆਂ ਵਿਚ ਮੁਸ਼ਕਲ ਨਾਲ ਦੋ ਫ਼ੀ ਸਦੀ ਹਨ। ਇਹ ਮਿਲਾਪੜੇ ਸੁਭਾਅ ਦੇ ਤਾਂ ਹਨ ਹੀ, ਮਿਹਨਤੀ ਵੀ, ਨਾਲ ਹੀ ਜੁਝਾਰੂ ਵੀ। ਦੇਸ਼ ਵਿਚ ਸੱਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਵੀ ਤੇ ਉੱਚੀਆਂ ਬਰਫ਼ੀਲੀਆਂ ਚੋਟੀਆਂ ਉਤੇ ਪਹਿਰਾ ਦੇਣ ਵਾਲੇ ਵੀ। ਹਿੰਦੁਸਤਾਨ ਉਤੇ ਜਿੰਨੇ ਵੀ ਹਮਲੇ ਹੋਏ ਸੱਭ ਪੱਛਮ ਵਾਲੇ ਪਾਸਿਉਂ ਤੇ ਦੁਸ਼ਮਣ ਅੱਗੇ ਇਨ੍ਹਾਂ ਨੂੰ ਹੀ ਸੱਭ ਤੋਂ ਪਹਿਲਾਂ ਹਿੱਕਾਂ ਡਾਹੁਣੀਆਂ ਪਈਆਂ। ਵਧਦੀਆਂ ਫ਼ੌਜਾਂ ਦੇ ਘੋੜਿਆਂ ਦੇ ਪੈਰ ਵੀ ਇਨ੍ਹਾਂ ਨੇ ਹੀ ਰੋਕੇ ਤੇ ਟੈਂਕਾਂ ਦੇ ਰੁਖ਼ ਵੀ ਮੋੜੇ।ਦੁਨੀਆਂ ਇਨ੍ਹਾਂ ਦੀ ਬਹਾਦਰੀ ਤੇ ਕੁਰਬਾਨੀਆਂ ਦਾ ਸਿੱਕਾ ਮੰਨਦੀ ਹੈ। ਸ਼ਾਇਦ ਇਹੀ ਕਾਰਨ ਹੈ ਅਪਣੇ ਕੁੱਝ ਵਿਲੱਖਣ ਗੁਣਾਂ ਕਰ ਕੇ ਦੁਨੀਆਂ ਦੇ ਹਰ ਵੱਡੇ ਤੇ ਛੋਟੇ ਤੋਂ ਛੋਟੇ ਮੁਲਕ ਵਿਚ ਵੀ ਵਸੇ ਹੋਏ ਹਨ। ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿਚ ਮਿਹਨਤ ਮਜ਼ਦੂਰੀ ਕਰਨ ਗਏ ਇਹ ਲੋਕ ਹੁਣ ਉਨ੍ਹਾਂ ਦੇਸ਼ਾਂ ਦੇ ਕਿਸਮਤਘਾੜੇ ਬਣਨ ਲੱਗ ਪਏ ਹਨ। ਕੈਨੇਡਾ ਤੇ ਇੰਗਲੈਂਡ ਦੋ ਅਹਿਮ ਮਿਸਾਲਾਂ ਹਨ ਜਿਥੇ ਸਿੱਖ ਵੱਡੀ ਗਿਣਤੀ ਵਿਚ ਸੰਸਦ ਦੀਆਂ ਸੀਟਾਂ ਉਤੇ ਬਿਰਾਜਮਾਨ ਹਨ। ਕੈਨੇਡਾ ਵਿਚ ਤਾਂ ਇਸ ਵੇਲੇ ਘੱਟੋ ਘੱਟ ਛੇ ਸਿੱਖ ਵਜ਼ੀਰ ਹਨ। ਇਥੋਂ ਤਕ ਕਿ ਉਥੋਂ ਦਾ ਰਖਿਆ-ਮੰਤਰੀ ਹਰਜੀਤ ਸਿੰਘ ਸੱਜਣ ਪੂਰਾ ਗੁਰਸਿੱਖ ਹੈ। ਕਹਿ ਸਕਦੇ ਹਾਂ ਕਿ ਸਿੱਖਾਂ ਨੇ ਸ਼ੁਰੂ ਤੋਂ ਹੀ ਅਪਣੇ ਅਜਿਹੇ ਵਿਸ਼ੇਸ਼ ਕਾਰਨਾਮਿਆਂ ਨਾਲ ਇਤਿਹਾਸ ਸਿਰਜਿਆ ਹੈ।ਅਫ਼ਸੋਸ ਪਰ ਇਹ ਹੈ ਕਿ ਇਨ੍ਹਾਂ ਨੂੰ ਠੀਕ ਢੰਗ ਨਾਲ ਸੰਭਾਲਣ ਤੇ ਇਨ੍ਹਾਂ ਦੇ ਵੱਡੇ ਕਾਰਨਾਮਿਆਂ ਵਾਲੇ ਇਤਿਹਾਸ ਨੂੰ ਦੂਜੇ ਲੋਕਾਂ ਤਕ ਪਹੁੰਚਾਉਣ ਲਈ ਯੋਗ ਸਿੱਖ ਲੀਡਰਸ਼ਿਪ ਨੇ ਅਪਣੀ ਬਣਦੀ-ਸਰਦੀ ਭੂਮਿਕਾ ਨਹੀਂ ਨਿਭਾਈ। ਹਾਂ ਜੇ ਕਦੇ ਕੋਈ ਸੂਝਵਾਨ ਸਿੱਖ ਲੀਡਰ ਅੱਗੇ ਆਇਆ ਵੀ ਤਾਂ ਉਸ ਦੀਆਂ ਅਜਿਹੀਆਂ ਲੱਤਾਂ ਖਿੱਚੀਆਂ ਗਈਆਂ ਕਿ ਉਸ ਨੂੰ ਮਜਬੂਰਨ ਪਿੱਛੇ ਹੋਣਾ ਪਿਆ ਜਾਂ ਫਿਰ ਅਜਿਹੇ ਹਾਲਾਤ ਪੈਦਾ ਕਰ ਕੇ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਇਸ ਨੂੰ ਜੇ ਸਿੱਖਾਂ ਦੀ ਬਦਕਿਸਮਤੀ ਨਾ ਕਹੀਏ ਤਾਂ ਹੋਰ ਕੀ ਆਖੀਏ?
ਬਹੁਤਾ ਦੂਰ ਕੀ ਜਾਣਾ ਹੈ? ਪਿਛਲੇ ਦੋ ਚਾਰ ਸਾਲਾਂ ਦਾ ਇਨ੍ਹਾਂ ਸਿੱਖ ਸੰਸਥਾਵਾਂ ਦਾ ਇਤਿਹਾਸ ਹੀ ਘੋਖ ਲੈਂਦੇ ਹਾਂ ਜਿਨ੍ਹਾਂ ਵਿਚ ਦੁਨੀਆਂ ਵਿਚ ਵਸਦੇ ਸਿੱਖਾਂ ਉਤੇ ਭਰੋਸਾ ਨਾ ਕੀਤਾ ਗਿਆ। ਇਨ੍ਹਾਂ ਸਿੱਖਾਂ ਦੀ ਇਨ੍ਹਾਂ ਸੰਸਥਾਵਾਂ ਵਿਚ ਡੂੰਘੀ ਆਸਥਾ ਹੈ। ਉਹ ਇਸ ਧਰਤੀ ਜਾਂ ਬੇਗਾਨੀ ਧਰਤੀ ਉਤੇ ਰਹਿੰਦੇ ਹੋਏ ਵੀ ਹਰ ਦੁੱਖ-ਸੁੱਖ ਵੇਲੇ ਇਨ੍ਹਾਂ ਸੰਸਥਾਵਾਂ ਵਲ ਵੇਖਦੇ ਹਨ। ਉਹ ਮੋਟੇ ਤੌਰ ਤੇ ਸੇਧ ਵੀ ਇਨ੍ਹਾਂ ਤੋਂ ਹੀ ਲੈਂਦੇ ਹਨ। ਵੈਸੇ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਜਾਂ ਉਨ੍ਹਾਂ ਨੂੰ ਚਲਾਉਣ ਵਾਲਿਆਂ ਸਦਕਾ ਇਨ੍ਹਾਂ ਦੀ ਏਨੀ ਦੁਰਗਤ ਹੋਈ ਹੈ ਕਿ ਸਿੱਖਾਂ ਦਾ ਵੀ ਇਨ੍ਹਾਂ ਵਿਚਲਾ ਵਿਸ਼ਵਾਸ ਤਿੜਕਣ ਲੱਗ ਪਿਆ ਹੈ। ਸਿੱਖ ਸੰਸਥਾਵਾਂ ਵਿਚ ਕਈ ਛੋਟੀਆਂ ਛੋਟੀਆਂ ਸੰਸਥਾਵਾਂ ਤੋਂ ਇਲਾਵਾ ਪ੍ਰ੍ਰਮੁੱਖ ਤੌਰ ਤੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਆਉਂਦੇ ਹਨ। ਅੱਜ ਵੱਡਾ ਅਫ਼ਸੋਸ ਇਹ ਹੈ ਕਿ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਪਿਛਲੇ ਕੁੱਝ ਸਾਲਾਂ ਤੋਂ ਲਏ ਜਾ ਰਹੇ ਹਾਸੋਹੀਣੇ ਫ਼ੈਸਲਿਆਂ ਕਾਰਨ ਇਸ ਦੀ ਮਹਾਨਤਾ ਨੂੰ ਖੋਰਾ ਲਾ ਦਿਤਾ ਹੈ। ਸਪੱਸ਼ਟ ਹੈ ਕਿ ਸਿੱਖ ਪੰਥ ਦੇ ਕੁੱਝ ਲੋਕਾਂ ਨੇ ਇਸ ਦੇ ਬਾਵਜੂਦ ਇਸ ਨੂੰ ਪਿੱਠ ਵਿਖਾ ਕੇ ਇਸ ਦੀ ਸਰਬਉੱਚਤਾ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿਤਾ ਹੈ। ਦੂਜੇ ਪਾਸੇ ਸਿੱਖ ਹੱਕਾਂ ਲਈ ਪਹਿਰਾ ਦੇ ਰਹੇ ਸਪੋਕਸਮੈਨ ਵਰਗੇ ਅਖ਼ਬਾਰ ਦੇ ਬਾਨੀ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਬਿਨਾਂ ਕਿਸੇ ਕਸੂਰ ਦੇ ਪਿਛਲੇ ਕਈ ਸਾਲਾਂ ਤੋਂ ਸਜ਼ਾ ਦਿਤੀ ਹੋਈ ਹੈ। ਅਕਾਲ ਤਖ਼ਤ ਸਿੱਖ ਪੰਥ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਹੈ ਨਾਕਿ ਬੇਕਸੂਰਾਂ ਨੂੰ। ਜੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ਼ੇਰ-ਏ-ਪੰਜਾਬ ਦੀ ਤਾਕਤ ਦਾ ਲੋਹਾ ਮੰਨਦਿਆਂ ਉਨ੍ਹਾਂ ਨੂੰ ਸਜ਼ਾ ਸੁਣਾਈ ਤਾਂ ਅੱਜ ਸਾਡੇ ਜਥੇਦਾਰਾਂ ਨੂੰ ਕੀ ਹੋ ਗਿਆ ਹੈ? ਸਵਾਲ ਇਹ ਹੈ ਕਿ ਉਨ੍ਹਾਂ ਵਲੋਂ ਲਏ ਜਾਂਦੇ ਫ਼ੈਸਲੇ ਠੋਸ ਦਲੀਲਾਂ ਤੇ ਸਪੱਸ਼ਟੀਕਰਨ ਦੇ ਅਧਾਰ ਉਤੇ ਹੁੰਦੇ ਹਨ ਜਾਂ ਫਿਰ ਇਨ੍ਹਾਂ ਦੇ ਫ਼ੈਸਲਿਆਂ ਪਿੱਛੇ ਕਿਸੇ ਹੋਰ ਦਾ ਹੱਥ ਕੰਮ ਕਰਦਾ ਹੈ?
ਇਕ ਮਿਸਾਲ ਬੜੀ ਵਾਜਬ ਹੋਵੇਗੀ ਕਿ ਸੌਦਾ ਸਾਧ ਨੂੰ ਦੋ-ਢਾਈ ਵਰ੍ਹੇ ਪਹਿਲਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਦੋਸ਼ ਵਿਚ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਗਈ। ਬਿਨਾਂ ਸ਼ੱਕ ਇਹ ਉਸ ਦੀ ਬੜੀ ਬਜਰ ਗ਼ਲਤੀ ਸੀ। ਫਿਰ ਇਸੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਮੇਂ ਦੇ ਹਾਕਮ ਨੇ ਚੰਡੀਗੜ੍ਹ ਅਪਣੇ ਘਰ ਬੁਲਾ ਕੇ ਹੁਕਮ ਚਾੜ੍ਹ ਦਿਤਾ ਕਿ ਉਸ ਨੂੰ ਮਾਫ਼ ਕਰ ਦਿਤਾ ਜਾਵੇ। ਅੱਗੋਂ ਸਿਤਮਜ਼ਰੀਫ਼ੀ ਇਹ ਕਿ ਇਸ ਜਥੇਦਾਰ ਨੇ ਅਕਾਲ ਤਖ਼ਤ ਦੀ ਮਹਾਨਤਾ ਨੂੰ ਛੁਟਿਆਉਂਦਿਆਂ ਤੇ ਇਕ ਦੁਨਿਆਵੀ ਵਿਅਕਤੀ ਨੂੰ ਮਹੱਤਤਾ ਦਿੰਦਿਆਂ ਉਸ ਨੂੰ ਮਾਫ਼ ਕਰ ਦਿਤਾ।ਸਿੱਖ ਪੰਥ ਲਈ ਸੱਚੀ-ਮੁੱਚੀ ਇਹ ਬੜਾ ਅਫ਼ਸੋਸ ਵਾਲਾ ਫ਼ੈਸਲਾ ਸੀ ਅਤੇ ਇਸ ਦਾ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਵਿਚ ਤਿੱਖਾ ਪ੍ਰਤੀਕਰਮ ਹੋਇਆ। ਇਨ੍ਹਾਂ ਜਥੇਦਾਰਾਂ ਦੇ ਹੀ ਹੋਰ ਫ਼ੈਸਲੇ ਵੇਖੋ। ਇਸ ਮਾਫ਼ੀ ਦਾ ਨਾ ਕੇਵਲ ਸਖ਼ਤ ਵਿਰੋਧ ਹੋਇਆ ਸਗੋਂ ਇਸ ਨਾਲ ਉਥਲ-ਪੁਥਲ ਵੀ ਹੋਈ ਜਿਹੜੀ ਕੁੱਝ ਹੋਰ ਪੰਥਕ ਜਥੇਬੰਦੀਆਂ ਵਲੋਂ ਮੁਤਵਾਜ਼ੀ ਜਥੇਦਾਰ ਥਾਪੇ ਜਾਣ ਤਕ ਜਾ ਪਹੁੰਚੀ। ਸਿੱਟਾ ਇਹ ਸੀ ਕਿ ਸਿੱਖ ਪੰਥ ਦੇ ਜਿਹੜੇ ਤਖ਼ਤ ਹਨ ਉਨ੍ਹਾਂ ਦੇ ਪੱਖਪਾਤ ਵਾਲੇ ਕੰਮ ਕਰਨ ਤੋਂ ਪ੍ਰ੍ਰਭਾਵਤ ਹੋ ਕੇ ਵਖਰੇ ਜਥੇਦਾਰ ਥਾਪ ਲਏ ਗਏ। ਬਿਨਾਂ ਸ਼ੱਕ ਇਸ ਕਾਰਵਾਈ ਨੇ ਉਹ ਸਵਾਲ ਖੜੇ ਕਰ ਦਿਤੇ ਜਿਨ੍ਹਾਂ ਕਰ ਕੇ ਇਹ ਸੱਭ ਕੁੱਝ ਹੋਇਆ। ਜੇ ਜਥੇਦਾਰ ਪਹਿਲਾਂ ਹੀ ਸਨ ਤਾਂ ਨਵਿਆਂ ਦੀ ਲੋੜ ਕਿਉਂ ਪਈ? ਇਹ ਸ਼ਾਇਦ ਇਸ ਲਈ ਕਿ ਉਨ੍ਹਾਂ ਨੂੰ ਚਲਾਉਣ ਵਾਲਿਆਂ ਦੇ ਨਿਜੀ ਮਨਸੂਬੇ ਸਨ ਜੋ ਸਿੱਖ ਪੰਥ ਦੇ ਹਿੱਤ ਵਿਚ ਨਹੀਂ ਸਨ।
ਇਥੇ ਇਕ ਗੱਲ ਸਪੱਸ਼ਟ ਕਰਨੀ ਹੋਵੇਗੀ ਕਿ ਕੁੱਝ ਸਮਾਂ ਪਹਿਲਾਂ ਅਕਾਲ ਤਖ਼ਤ ਦਾ ਜਥੇਦਾਰ ਅਤੇ ਦੂਜੇ ਤਖ਼ਤਾਂ ਦੇ ਜਥੇਦਾਰ ਵੀ ਸਰਬੱਤ ਖ਼ਾਲਸਾ ਰਾਹੀਂ ਚੁਣੇ ਜਾਂਦੇ ਸਨ ਪਰ ਹੁਣ ਉਨ੍ਹਾਂ ਤੇ ਸਿੱਧਾ ਗ਼ਲਬਾ ਉਸ ਸ਼੍ਰੋਮਣੀ ਅਕਾਲੀ ਦਲ ਦਾ ਹੈ ਜਿਸ ਦਾ ਪੰਜਾਬ ਵਿਚ ਦਬਦਬਾ ਹੋਵੇ। ਜੇ ਇਸੇ ਦਲ ਦੀ ਹਕੂਮਤ ਵੀ ਹੋਵੇ ਫਿਰ ਤਾਂ ਕਹਿਣੇ ਕੀ ਹਨ? ਪਿਛਲੇ ਦਸ ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਦਬਦਬਾ ਰਿਹਾ। ਵਜ੍ਹਾ ਇਹ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ ਵਰਗੇ ਧੜੱਲੇਦਾਰ ਨੇਤਾ ਸਾਥੋਂ ਵਿਛੜ ਚੁੱਕੇ ਸਨ। ਫਿਰ ਸ. ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਅਪਣੇ ਪੁੱਤਰ ਨੂੰ ਸੰਭਾਲ ਦਿਤੀ ਅਤੇ ਹਕੂਮਤ ਦੀ ਵਾਗਡੋਰ ਉਸ ਨੇ ਖ਼ੁਦ ਸੰਭਾਲ ਲਈ। ਲਗਭਗ ਇਕ ਸਦੀ ਪਹਿਲਾਂ ਹੋਂਦ ਵਿਚ ਆਏ ਅਕਾਲੀ ਦਲ ਨੇ ਏਨੀ ਪੁਰਾਣੀ ਸਿੱਖਾਂ ਦੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਿਛਲੇ ਕੁੱਝ ਸਾਲਾਂ ਤੋਂ ਮਨਮਰਜ਼ੀ ਨਾਲ ਚਲਾਇਆ ਹੈ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੋਵੇਂ ਹਾਲਾਂਕਿ ਨਿਯਮਾਂ ਮੁਤਾਬਕ ਸਿਆਸੀ ਦਖ਼ਲ ਤੋਂ ਬਾਹਰ ਮੰਨੇ ਜਾਂਦੇ ਹਨ।ਸੱਚ ਇਹ ਹੈ ਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਦੋਹਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਨੇ ਸੱਭ ਹੱਦਾਂ ਬੰਨੇ ਪਾਰ ਕਰ ਲਏ ਸਨ। ਦੋਵੇਂ ਧਾਰਮਕ ਸੰਸਥਾਵਾਂ ਹਨ। ਸ਼੍ਰੋਮਣੀ ਕਮੇਟੀ ਬਕਾਇਦਾ ਚੁਣੀ ਹੋਈ ਜਥੇਬੰਦੀ ਹੈ ਪਰ ਜਿਸ ਕਦਰ ਇਸ ਦਾ ਪ੍ਰਧਾਨ ਵਾਹਵਾ ਸਮਾਂ ਲਿਫ਼ਾਫੇ ਵਿਚੋਂ ਨਿਕਲਦਾ ਰਿਹਾ ਹੈ ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਿਆਸੀ ਦਖ਼ਲਅੰਦਾਜ਼ੀ ਹੈ। ਅਸਲ ਗੱਲ ਇਹ ਹੈ ਕਿ ਜਿਸ ਅਕਾਲੀ ਦਲ ਦੇ ਸੱਭ ਤੋਂ ਵੱਧ ਮੈਂਬਰ ਕਮੇਟੀ ਚੁਣੇ ਜਾਂਦੇ ਸਨ, ਸਿੱਕਾ ਬਹੁਤਾ ਕਰ ਕੇ ਉਸੇ ਦਾ ਹੀ ਚਲਦਾ ਹੈ। ਇਕ ਸਮਾਂ ਸੀ ਕਿ ਸਿੱਖਾਂ ਦੇ ਹੀ ਲਗਭਗ ਦਰਜਨ ਤੋਂ ਵੱਧ ਅਕਾਲੀ ਦਲ ਸਨ। ਅੱਜ ਮੁਸ਼ਕਲ ਨਾਲ ਇਕ ਦੋ ਹਨ। ਇਸ ਵੇਲੇ ਹਾਵੀ ਬਾਦਲ ਦਲ ਹੈ। ਇਸ ਲਈ ਸ਼ਾਇਦ ਖ਼ੁਦ ਇਕ ਪਾਸੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਦੂਜੇ ਪਾਸੇ ਅਕਾਲ ਤਖ਼ਤ ਦਾ ਜਥੇਦਾਰ ਆਜ਼ਾਦ ਫ਼ੈਸਲਾ ਲੈਣ ਦੀ ਥਾਂ ਦਲ ਦੇ ਪ੍ਰਧਾਨ ਦੇ ਮੂੰਹ ਵਲ ਵੇਖਦੇ ਰਹਿੰਦੇ ਹਨ। ਜੇ ਪਿਛਲੇ ਵਰ੍ਹਿਆਂ ਵਿਚ ਇਨ੍ਹਾਂ ਸੰਸਥਾਵਾਂ ਦੀ ਰੱਜ ਕੇ ਬਦਨਾਮੀ ਹੋਈ ਤਾਂ ਇਸ ਦਾ ਸਾਫ਼ ਕਾਰਨ ਇਨ੍ਹਾਂ ਦੇ ਮੁਖੀਆਂ ਵਲੋਂ ਅਪਣੇ ਸਿਆਸੀ ਪ੍ਰਭੂਆਂ ਦੇ ਦਬਾਅ ਹੇਠਾਂ ਕੰਮ ਕਰਨਾ ਹੈ।ਵੱਡੀ ਸਮੱਸਿਆ ਇਹ ਵੀ ਹੈ ਕਿ ਇਹ ਮੁਖੀ ਉਸ ਤਰ੍ਹਾਂ ਦੀਆਂ ਉੱਚ ਯੋਗਤਾਵਾਂ ਵਾਲੇ ਨਹੀਂ ਹੁੰਦੇ ਜਿਹੋ ਜਿਹੇ ਕਿ ਦੂਜੇ ਧਰਮਾਂ ਦੇ ਮੁਖੀ ਹੁੰਦੇ ਹਨ ਤਾਂ ਵੀ ਸਿੱਖ ਪੰਥ ਵਿਚ ਜੋ ਵਿਗਾੜ ਆਇਆ ਹੈ ਸ਼ਾਇਦ ਉਸੇ ਤੋਂ ਸਬਕ ਸਿਖ ਕੇ ਬਿਨਾਂ ਸ਼ੱਕ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਥਾਪ ਦਿਤਾ ਗਿਆ ਹੈ। ਇਹ ਵੇਖਣਾ ਅਹਿਮ ਹੋਵੇਗਾ ਕਿ ਉਹ ਆਉਣ ਵਾਲੇ ਸਮੇਂ ਵਿਚ ਨਿਰਪੱਖ ਜਾਂ ਧਰਮ ਦੀ ਮਹੱਤਤਾ ਮੁਤਾਬਕ ਫ਼ੈਸਲੇ ਲੈਂਦੇ ਹਨ ਜਾਂ ਫਿਰ ਉਹ ਵੀ ਪਿਛਲੇ ਕਮੇਟੀ ਪ੍ਰਧਾਨਾਂ ਤੇ ਤਖ਼ਤਾਂ ਦੇ ਜਥੇਦਾਰਾਂ ਵਾਂਗ ਅਪਣੇ ਮਾਲਕਾਂ ਦੇ ਹਰ ਹੁਕਮ ਉਤੇ ਫੁੱਲ ਚੜ੍ਹਾਉਂਦੇ ਹਨ। ਅਕਾਲ ਤਖ਼ਤ ਦੇ ਜਥੇਦਾਰ ਫਿਲਹਾਲ ਪਹਿਲਾਂ ਵਾਲੇ ਹੀ ਹਨ ਤੇ ਅਕਸਰ ਚਰਚਾ ਵਿਚ ਰਹਿੰਦੇ ਹਨ। ਅਕਾਲ ਤਖ਼ਤ ਵਰਗੀ ਪਵਿੱਤਰ ਸੰਸਥਾ ਦਾ ਮੁਖੀ ਬਹੁਤ ਸਾਫ਼, ਸੁਥਰੀ, ਉੱਚੀ-ਸੁੱਚੀ ਸ਼ਖ਼ਸੀਅਤ ਦਾ ਮਾਲਕ ਅਤੇ ਵਿਵਾਦਾਂ ਤੋਂ ਕਿਤੇ ਉਪਰ ਰਹਿਣਾ ਚਾਹੀਦਾ ਹੈ। ਇਹ ਵੀ ਸਮਾਂ ਹੀ ਦਸੇਗਾ ਕਿ ਪਿਛਲੇ ਸਾਲਾਂ ਵਿਚ ਇਨ੍ਹਾਂ ਸਿੱਖ ਸੰਸਥਾਵਾਂ ਦਾ ਜੋ ਬੇਬਹਾ ਨੁਕਸਾਨ ਹੋ ਚੁੱਕਾ ਹੈ, ਉਸ ਦੀ ਪੂਰਤੀ ਕਦੋਂ ਤੇ ਕਿਵੇਂ ਹੋ ਸਕੇਗੀ?