ਮੈਂ 1977 ਤੋਂ ਲੈ ਕੇ 1997 ਤਕ ਕਰੀਬ 20 ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸਅਲ ਖਾਈਮਾ, ਦੁਬਈ, ਸ਼ਾਰਜਾਹ, ਅਲਾਇਨ, ਅਜਮਾਨ, ਆਬੂ ਧਾਬੀ ਅਤੇ ਉਮ ਅਲ ਕੁਈਨ, ਸੱਤੇ ਸਟੇਟਾਂ ਵਿਚ ਰਿਹਾ ਹਾਂ। ਪਹਿਲੇ 15 ਸਾਲ ਜ਼ਿੰਦਗੀ ਦਾ ਜ਼ਬਰਦਸਤ ਸੰਘਰਸ਼ ਕੀਤਾ। ਹਰ ਕਿਸਮ ਦਾ ਦੁੱਖ ਝਲਿਆ। ਪਹਿਲਾਂ ਪਹਿਲ ਇਕ ਠੇਕੇਦਾਰ ਦੇ ਵੀਜ਼ੇ ਉਤੇ ਗਿਆ ਸੀ। ਉਸ ਦਾ ਪਾਈਪ ਫ਼ਿਟਿੰਗ ਅਤੇ ਪਲੰਬਿੰਗ ਦਾ ਕੰਮ ਸੀ। ਸਾਨੂੰ ਪੰਜ ਬੰਦਿਆਂ ਨੂੰ ਪਹਾੜੀ ਤੇ ਬੀਆਬਾਨ ਇਲਾਕੇ ਵਿਚ ਭੇਜ ਦਿਤਾ ਜਿਥੇ ਉਥੋਂ ਦੇ ਆਦਿਵਾਸੀਆਂ ਲਈ 40 ਬੰਗਲੇ ਬਣਾਏ ਗਏ ਸਨ। ਉਨ੍ਹਾਂ ਵਿਚ ਪਾਣੀ ਸਪਲਾਈ ਅਤੇ ਨਿਕਾਸੀ ਦਾ ਕੰਮ, ਬਾਥਰੂਮਾਂ ਵਿਚ ਫ਼ਿਟਿੰਗ ਦਾ ਕੰਮ ਅਤੇ ਗੰਦੇ ਪਾਣੀ ਨੂੰ ਸੈਪਟਿਕ ਟੈਂਕਾਂ ਵਿਚ ਪਾਉਣ ਦਾ ਕੰਮ ਅਸੀ ਕਰਨਾ ਸੀ। ਡਰੇਨ ਤੇ ਪਾਣੀ ਸਪਲਾਈ ਦਾ ਸਾਰਾ ਕੰਮ ਜ਼ਮੀਨਦੋਜ਼ ਕਰਨਾ ਸੀ। ਇਸ ਲਈ ਇਕ ਮੀਟਰ ਡੂੰਘੀਆਂ ਖਾਲਾਂ ਵੀ ਅਸੀ ਬੇਲਚਿਆਂ ਤੇ ਗੈਂਤਰੀਆਂ ਨਾਲ ਪੁਟਣੀਆਂ ਸਨ। ਪੱਥਰਾਂ ਵਾਲੀ ਧਰਤੀ ਖੋਦਣੀ ਟੇਢੀ ਖੀਰ ਲਗਦੀ ਸੀ। ਠੇਕੇਦਾਰ ਵਲੋਂ ਇਹ ਹੁਕਮ ਸੀ ਕਿ 30-35 ਮੀਟਰ ਖਾਲ ਪੁੱਟ ਕੇ ਉਸ ਵਿਚ ਪਾਈਪਲਾਈਨ ਫਿੱਟ ਕਰ ਕੇ ਦੋ ਜਣੇ ਇਕ ਦਿਹਾੜੀ ਵਿਚ ਕੰਮ ਪੂਰਾ ਕਰਨ। ਜੇਕਰ ਕੰਮ ਪੂਰਾ ਨਾ ਹੋਵੇ ਤਾਂ ਤਨਖ਼ਾਹ ਵਿਚ ਕਟੌਤੀ ਹੋਵੇਗੀ।
ਮੇਰੇ ਨਾਲ ਪੂਰਨ ਸਿੰਘ ਨਾਂ ਦਾ ਨੌਜੁਆਨ ਕੰਮ ਕਰਦਾ ਸੀ ਜਿਸ ਦੀ ਉਮਰ ਕਰੀਬ 20 ਸਾਲ ਸੀ। ਪਹਿਲੇ ਦਿਨ ਅਸੀ ਪੂਰਾ ਜ਼ੋਰ ਲਾਇਆ। ਦੁਪਿਹਰ ਦੇ ਖਾਣੇ ਦੀ ਛੁੱਟੀ ਵੀ ਨਹੀਂ ਕੀਤੀ ਸਿਰਫ਼ 10-15 ਮਿੰਟ ਵਿਚ ਰੋਟੀ ਖਾ ਕੇ ਫਿਰ ਕੰਮ ਤੇ ਲੱਗ ਗਏ। ਫਿਰ ਵੀ ਕੰਮ ਸਮੇਂ ਸਿਰ ਪੂਰਾ ਨਾ ਹੋ ਸਕਿਆ। ਦੋ ਘੰਟੇ ਡਿਊਟੀ ਤੋਂ ਪਿੱਛੋਂ ਹੋਰ ਲਗਾਉਣੇ ਪਏ। ਜਦੋਂ ਅਸੀ ਕੈਬਿਨ ਵਿਚ ਪੁੱਜੇ ਤਾਂ ਏਨੇ ਥੱਕ ਗਏ ਕਿ ਰਾਤ ਦੀ ਰੋਟੀ ਤਿਆਰ ਕਰਨ ਦੀ ਘੌਲ ਕਰ ਗਏ ਤੇ ਉਸੇ ਤਰ੍ਹਾਂ ਭੁੱਖੇ ਭਾਣੇ ਸੌਂ ਗਏ। ਦੂਜੇ ਦਿਨ ਉੱਠਣ ਨੂੰ ਜੀਅ ਨਾ ਕਰੇ। ਖ਼ੈਰ ਉਠਣਾ ਤਾਂ ਜ਼ਰੂਰੀ ਸੀ, ਕਿਹੜਾ ਮਾਂ ਦੇ ਦੁਆਰੇ ਬੈਠੇ ਸਾਂ ਜੋ ਕਹਿ ਦਿੰਦੀ, ''ਬੇਟਾ ਜੇਕਰ ਜ਼ਿਆਦਾ ਥੱਕ ਗਏ ਓ ਤਾਂ ਘਰ ਆਰਾਮ ਕਰੋ।'' ਡਿਊਟੀ ਤਾਂ ਡਿਊਟੀ ਹੁੰਦੀ ਹੈ, ਇਹ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਕੋਈ ਥਕਿਆ ਹੈ ਜਾਂ ਬਿਸਮਿਆ, ਇਨ੍ਹਾਂ ਗੱਲਾਂ ਦਾ ਕੋਈ ਮਤਲਬ ਨਹੀਂ। ਮਜਬੂਰੀ ਵੱਸ ਉਠਣਾ ਪਿਆ। ਚਾਹ-ਪਾਣੀ ਪੀਤਾ ਅਤੇ ਰੋਟੀ ਬਣਾਈ। ਰਾਤ ਨੂੰ ਸਾਨੂੰ ਬਹੁਤਾ ਦਰਦ ਮਹਿਸੂਸ ਨਾ ਹੋਇਆ। ਸਵੇਰੇ ਸਾਡੇ ਹੱਥ ਬਹੁਤ ਦਰਦ ਕਰਦੇ ਸਨ ਕਿਉਂਕਿ ਹੱਥਾਂ ਉਪਰ ਛਾਲੇ ਘੁੰਗਰੂਆਂ ਵਾਂਗ ਪੈ ਗਏ ਸਨ।
ਦੂਜੇ ਬੰਗਲੇ ਦਾ ਅੱਧਾ ਕੰਮ ਹੀ ਨਿਬੜ ਸਕਿਆ। ਠੇਕੇਦਾਰ ਸਾਡੇ ਪਾਸ ਪੁਜਿਆ ਤਾਂ ਅਸੀ ਖੁਦਾਈ ਦਾ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਕਿਉਂਕਿ ਸਾਡਾ ਖ਼ਿਆਲ ਸੀ ਕਿ ਜੇਕਰ ਇਸ ਨੇ ਕੰਮ ਤੋਂ ਜਵਾਬ ਦੇ ਦਿਤਾ ਤਾਂ ਹੋਰ ਕੰਮ ਭਾਲ ਲਵਾਂਗੇ। ਪਰ ਜਦੋਂ ਕੰਪਨੀ ਦੇ ਪਹਿਲਾਂ ਆਏ ਬੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ, ਜਦ ਤੁਸੀ ਇਸ ਦੇਸ਼ ਵਿਚ ਆ ਗਏ ਤਾਂ ਸਮਝ ਲਉ, ਗ਼ੁਲਾਮਾਂ ਦੇ ਕੈਂਪ ਵਿਚ ਸ਼ਾਮਲ ਹੋ ਗਏ। ਤੁਸੀ ਹੁਣ ਹੋਰ ਕਿਤੇ ਨਹੀਂ ਜਾ ਸਕਦੇ। ਸਿਰਫ਼ ਇਹ ਹੋ ਸਕਦਾ ਹੈ ਕਿ ਵਾਪਸ ਚਲੇ ਜਾਉ, ਪਰ ਥੱਬਾ ਨੋਟਾਂ ਦਾ ਖ਼ਰਚ ਕੇ ਆਏ ਹੋਵੋਗੇ। ਵਾਪਸ ਜਾਣ ਲਈ ਵੀ ਤੁਹਾਡੀ ਸਿਹਤ ਠੀਕ ਨਹੀਂ। ਇਸ ਲਈ ਠੀਕ ਇਹੋ ਹੈ ਜਿੰਨਾ ਕੰਮ ਕਰ ਸਕਦੇ ਹੋ ਕਰੀ ਜਾਉ, ਕੰਮ ਤੋਂ ਜਵਾਬ ਨਾ ਦਿਉ। ਇਥੇ ਹੜਤਾਲ ਕਰਨੀ ਜਾਂ ਕੰਮ ਤੋਂ ਜਵਾਬ ਦੇਣਾ ਜੁਰਮ ਹੈ। ਇਹ ਸਾਰੇ ਅਰਬ ਮੁਲਕ ਤਾਂ ਦੂਜੇ ਮੁਲਕਾਂ ਤੋਂ ਭਰਤੀ ਕਰ ਕੇ ਲਿਆਂਦੇ ਹੋਏ ਗ਼ੁਲਾਮਾਂ ਦੀਆਂ ਬਸਤੀਆਂ ਹਨ। ਸਾਰੇ ਗ਼ੁਲਾਮਾਂ ਦੇ ਪਾਸਪੋਰਟ ਠੇਕੇਦਾਰਾਂ ਜਾਂ ਕੰਪਨੀਆਂ ਏਅਰਪੋਰਟ ਤੋਂ ਫੜ ਕੇ ਅਪਣੇ ਪਾਸ ਜਮ੍ਹਾਂ ਕਰ ਲੈਂਦੀਆਂ ਹਨ ਤਾਕਿ ਗ਼ੁਲਾਮ ਭੱਜ ਨਾ ਜਾਣ। ਜੇਕਰ ਤੁਸੀ ਮੁਲਕ ਵਾਪਸ ਜਾਣਾ ਚਾਹੋ ਤਾਂ ਵੀ ਮਾਲਕਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਜਾ ਸਕਦੇ।
ਤੀਜੇ ਅਤੇ ਚੌਥੇ ਦਿਨ ਖੁਦਾਈ ਕਰਨ ਦੀ ਮਸ਼ੀਨ ਆ ਗਈ ਤੇ ਅਸੀ ਕੰਮ ਥੋੜ੍ਹੇ ਦਿਨਾਂ ਵਿਚ ਹੀ ਖ਼ਤਮ ਕਰ ਦਿਤਾ। ਕੰਮ ਏਨਾ ਸਖ਼ਤ ਸੀ ਕਿ ਮੇਰੇ ਨਾਲ ਕੰਮ ਕਰਦਾ ਪੂਰਨ ਸਿੰਘ ਤਾਂ ਥਕੇਵੇਂ ਦਾ ਮਾਰਿਆ ਰਾਤ ਨੂੰ ਉੱਚੀ-ਉੱਚੀ ਰੋਇਆ ਕਰੇ, ''ਹਾਏ ਨੀ ਬੀਬੀ ਮੈਂ ਇਥੇ ਕਿਉਂ ਆਉਣਾ ਸੀ। ਹਾਏ ਨੀ ਬੀਬੀ ਮੈਂ ਤਾਂ ਮਰ ਚਲਿਆ ਨੀ।” ਇਸ ਤਰ੍ਹਾਂ ਜਿਥੇ ਅਸੀ ਦੂਜੇ ਮੁਲਕਾਂ ਵਿਚ ਸਰੀਰਕ ਸੰਤਾਪ ਭੋਗਦੇ ਹਾਂ, ਉਥੇ ਮਾਨਸਿਕ ਸੰਤਾਪ ਵੀ ਭੋਗਦੇ ਹਾਂ। ਦੁੱਖ ਵਿਚ ਸੱਭ ਤੋਂ ਪਹਿਲਾਂ ਮਾਂ ਯਾਦ ਆਉਂਦੀ ਹੈ। ਭੈਣ, ਭਰਾ, ਬੀਵੀ, ਬੱਚੇ, ਰਿਸ਼ਤੇਦਾਰ ਅਤੇ ਹਮਦਰਦ ਬਹੁਤ ਯਾਦ ਆਉਂਦੇ ਹਨ। ਸੰਤਾਪਾਂ ਦੀ ਤੀਬਰਤਾ ਬਾਰੇ ਉਹੀ ਜਾਣ ਸਕਦਾ ਹੈ ਜੋ ਇਨ੍ਹਾਂ ਹਾਲਾਤ ਵਿਚੋਂ ਦੀ ਲੰਘਿਆ ਹੋਵੇ। ਉਸ ਸਮੇਂ ਦਿਲ ਕਹਿੰਦਾ ਹੈ ਕਿ ਸੱਭ ਕੁੱਝ ਛੱਡ ਕੇ ਵਾਪਸ ਚਲੇ ਜਾਈਏ। ਪਰ ਘਰਾਂ ਦੀਆਂ ਆਰਥਕ ਹਾਲਤਾਂ ਅਤੇ ਮਜਬੂਰੀਆਂ ਕਰ ਕੇ ਮਨ ਕਹਿੰਦਾ ਹੈ ਨਹੀਂ ਜਾ ਸਕਦੇ। ਇਸ ਦਿਮਾਗ਼ ਅਤੇ ਮਨ ਦੀ ਲੜਾਈ ਵਿਚ ਜਿੱਤ ਆਖ਼ਰ ਮਨ ਦੀ ਹੁੰਦੀ ਹੈ। ਬੰਦਾ ਮਜਬੂਰੀਵਸ ਹਰ ਕਿਸਮ ਦੇ ਹਾਲਾਤ ਨਾਲ ਸਮਝੌਤਾ ਕਰ ਲੈਂਦਾ ਹੈ।
ਜ਼ਿਆਦਾ ਮਾਨਸਕ ਤਕਲੀਫ਼ ਵਾਲੀ ਗੱਲ ਇਹ ਹੈ ਕਿ ਉਥੇ ਚਾਰ ਕਿਸਮ ਦੇ ਸ਼ਹਿਰੀ ਰਹਿੰਦੇ ਹਨ। ਇਕ ਨੰਬਰ ਦੇ ਸ਼ਹਿਰੀ ਉਥੋਂ ਦੇ ਆਦਿਵਾਸੀ, ਦੋ ਨੰਬਰ ਤੇ ਦੂਜੇ ਅਰਬ ਮੁਲਕਾਂ ਤੋਂ ਪਹੁੰਚੇ ਲੋਕ, ਤਿੰਨ ਨੰਬਰ ਤੇ ਗ਼ੈਰਅਰਬੀ ਮੁਸਲਿਮ ਲੋਕ, ਅਸੀ ਗ਼ੈਰਅਰਬੀ ਅਤੇ ਗ਼ੈਰਮੁਸਲਿਮ ਚੌਥੇ ਨੰਬਰ ਤੇ ਆਉਂਦੇ ਹਾਂ। ਅਸੀ ਅਰਬ ਮੁਲਕਾਂ ਦੇ ਸ਼ਹਿਰੀ ਬਣ ਹੀ ਨਹੀਂ ਸਕਦੇ। ਇਸ ਤੋਂ ਇਲਾਵਾ ਜਗ੍ਹਾ ਜਗ੍ਹਾ ਤੇ ਬੇਇੱਜ਼ਤੀ, ਹਰ ਜਗ੍ਹਾ ਨਮੋਸ਼ੀ। ਕੰਮ ਜਿੰਨਾ ਵੀ ਜਾਨ ਹੂਲਵਾਂ ਹੋਵੇ ਬੰਦਾ ਪ੍ਰਵਾਹ ਨਹੀਂ ਕਰਦਾ ਪਰ ਜੇ ਬੰਦੇ ਦੀ ਬੇਇੱਜ਼ਤੀ ਹੋਵੇ ਤਾਂ ਅਸਹਿ ਹੋ ਜਾਂਦਾ ਹੈ ਅਤੇ ਇਹ ਮਨ ਨੂੰ ਤਸੀਹੇ ਦਿੰਦਾ ਹੈ। ਜੋ ਲੋਕ ਬੇਇੱਜ਼ਤੀ ਨਹੀਂ ਸਹਿਣਾ ਚਾਹੁੰਦੇ ਉਨ੍ਹਾਂ ਨੂੰ ਹਰ ਥਾਂ ਲੜਾਈ ਲੜਨੀ ਪੈਂਦੀ ਹੈ। ਕਈ ਵਾਰੀ ਹੱਥ ਵੀ ਚਲਾਉਣਾ ਪੈਂਦਾ ਹੈ। ਆਮ ਵੇਖਣ ਵਿਚ ਆਇਆ ਹੈ ਕਿ ਉਥੋਂ ਦੇ ਆਦਿਵਾਸੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੇ। ਦੋ ਨੰਬਰ ਦੇ 25 ਬੰਦਿਆਂ ਨਾਲ ਮੈਨੂੰ ਲੜਾਈ ਕਰਨੀ ਪਈ। ਮਿਸਾਲ ਵਜੋਂ ਇਕ ਮਿਸਰੀ ਮੂਲ ਦੇ ਵਿਅਕਤੀ ਨੇ ਮੈਨੂੰ ਗਾਲ੍ਹ ਕੱਢ ਦਿਤੀ। ਉਸ ਦੇ ਜਵਾਬ ਵਿਚ ਮੈਂ ਅਪਣਾ ਹੱਥ ਚਲਾ ਦਿਤਾ। ਗੱਲ ਪੁਲਿਸ ਤੋਂ ਅੱਗੇ ਅਦਾਲਤ ਤਕ ਪੁੱਜ ਗਈ। ਕਾਜ਼ੀ ਨੇ ਮੈਨੂੰ ਪੁਛਿਆ, ''ਤੂੰ ਮੁਹੰਮਦ ਸ਼ਕੀਲ ਨੂੰ ਦੋ ਘਸੁੰਨ ਮਾਰੇ?'' ਮੈਂ ਕਿਹਾ, ''ਮਾਰੇ। ਉਸ ਨੇ ਮੈਨੂੰ ਗੰਦੀ ਗਾਲ ਕੱਢੀ ਸੀ।'' ਕਾਜ਼ੀ ਨੇ ਕਿਹਾ, ''ਤੂੰ ਪੁਲਿਸ ਨੂੰ ਕਿਉਂ ਨਹੀਂ ਦਸਿਆ, ਸ਼ਿਕਾਇਤ ਕਿਉਂ ਨਹੀਂ ਕੀਤੀ?'' ਖ਼ੈਰ ਉਸ ਨੇ ਮੈਨੂੰ 2000 ਰੁਪਏ ਜੁਰਮਾਨਾ ਕਰ ਦਿਤਾ।
ਅਸੀ ਅਪਣੇ ਆਪ ਵਿਚ ਕੁੱਝ ਵੀ ਹੋਈਏ ਕਿੰਨੇ ਵੀ ਤੀਸ ਮਾਰ ਖਾਂ ਜਾਂ ਨਾਢੂ ਖਾਂ ਹੋਈਏ ਪਰ ਦੂਜੇ ਮੁਲਕ ਵਿਚ ਅਸੀ ਕੱਖਾਂ ਤੋਂ ਵੀ ਹਲਕੇ ਬਣ ਜਾਂਦੇ ਹਾਂ। ਅਸੀ ਅਪਣੇ ਮੁਲਕ ਵਿਚ ਜਿਹੋ ਜਿਹੇ ਵੀ ਹਾਂ 100 ਮਣ ਦੇ ਹਾਂ। ਇਹ ਧਾਰਨਾ ਵੀ ਹਰ ਪੱਖੋਂ ਢੁਕਵੀਂ ਹੈ ਕਿ 'ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ਼ ਨਾ ਬੁਖ਼ਾਰੇ।' ਇਕ ਗੱਲ ਹੋਰ। ਜੇਕਰ ਤੁਸੀ ਮੋਟੇ ਦਿਮਾਗ਼ ਦੇ (ਸੰਵੇਦਨਸ਼ੀਲ) ਨਹੀਂ ਹੋ ਤੇ ਮੋਟੀ ਚਮੜੀ ਦੇ ਹੋ ਤਾਂ ਹੀ ਦੂਜੇ ਮੁਲਕ ਜਾਉ ਨਹੀਂ ਤਾਂ ਸਰੀਰਕ ਤੇ ਮਾਨਸਕ ਤਸੀਹੇ ਤੁਹਾਨੂੰ ਚੈਨ ਨਾਲ ਜਿਉਣ ਨਹੀਂ ਦੇਣਗੇ ਜਾਂ ਫਿਰ ਹਰ ਸੂਰਜ ਚੜ੍ਹੇ ਲੜਾਈ ਲਈ ਅਪਣੇ ਆਪ ਨੂੰ ਤਿਆਰ ਰੱਖੋ।
ਇਸ ਤੋਂ ਇਲਾਵਾ ਅਪਣੇ ਮੁਲਕ ਤੇ ਸਮਾਜ ਦੀ ਕਸਕ ਹਮੇਸ਼ਾ ਟੁੰਬਦੀ ਰਹਿੰਦੀ ਹੈ। ਅਮਰੀਕਾ, ਕੈਨੇਡਾ, ਜਾਂ ਯੌਰਪ ਵਿਚ ਰਹਿੰਦੇ ਪ੍ਰਵਾਸੀ ਵੀਰ ਅਪਣੇ ਆਪ ਨੂੰ ਜੇਲ ਵਿਚ ਹੀ ਮਹਿਸੂਸ ਕਰਦੇ ਹਨ। ਮੰਨਿਆ ਉਥੇ ਆਰਥਕ ਸਹੂਲਤਾਂ ਇਥੇ ਨਾਲੋਂ ਵੱਧ ਹਨ, ਇਸ ਲਈ ਉਥੇ ਜੇਲ ਵਿਚ ਦੂਜੀਆਂ ਜੇਲਾਂ ਨਾਲੋਂ ਵੱਧ ਮਿਠਾਸ ਹੈ। ਇਹ ਮਿਠਾਸ ਹੀ ਬੰਦੇ ਨੂੰ ਨਾ ਚਾਹੁੰਦਿਆਂ ਬੰਨ੍ਹ ਕੇ ਰਖਦੀ ਹੈ।
ਪੈਸੇ ਦੀ ਮ੍ਰਿਗਤ੍ਰਿਸ਼ਨਾ ਪਿਛੇ ਦੂਜੇ ਮੁਲਕਾਂ ਨੂੰ ਭੱਜ ਗਏ ਜਾਂ ਭੱਜ ਰਹੇ ਨੌਜੁਆਨੋ ਮੈਂ ਤਾਂ ਅਪਣੇ ਹੱਡਾਂ ਨਾਲ ਉਹ ਸੱਭ ਹੰਢਾ ਆਇਆ ਹਾਂ। ਤੁਸੀ ਵੀ ਉਹੋ ਕੁੱਝ ਕਰਨ ਜਾ ਰਹੇ ਹੋ। ਓ ਭੋਲਿਉ ਸਾਡੇ ਮੁਲਕ ਵਿਚ ਕਿਸੇ ਚੀਜ਼ ਦੀ ਕਮੀ ਹੈ? ਅਸੀ ਅਪਣੇ ਮੁਲਕ (ਜਿਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ) ਨੂੰ ਅਮਰੀਕਾ, ਕੈਨੇਡਾ ਤੇ ਚੀਨ ਤੋਂ ਵੀ ਵਧੀਆ ਕਿਉਂ ਨਹੀਂ ਬਣਾ ਸਕਦੇ? ਸਾਡੇ ਮੁਲਕ ਵਿਚ ਖਣਿਜ ਪਦਾਰਥਾਂ ਦੀ ਕਮੀ ਨਹੀਂ, ਪਾਣੀ ਦੀ ਕਮੀ ਨਹੀਂ, ਅਸੀ ਸਾਰੀ ਦੁਨੀਆਂ ਤੋਂ ਵੱਧ ਮਿਹਨਤੀ ਹਾਂ। ਸਾਲ ਵਿਚ ਛੇ ਮੌਸਮ ਕਿਸੇ ਵੀ ਮੁਲਕ ਵਿਚ ਨਹੀਂ, ਸਾਡੇ ਵਿਚ ਹਨ। ਕੱਚਾ ਮਾਲ ਬਥੇਰਾ ਹੈ। ਖੇਤੀਬਾੜੀ ਲਈ ਉਪਜਾਊ ਜ਼ਮੀਨ। ਜੰਗਲਾਂ ਦੀ ਕਮੀ ਨਹੀਂ ਹੈ। ਜੇਕਰ ਕਮੀ ਹੈ ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਨੇਤਾਵਾਂ ਦੀ ਹੈ ਜੋ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਤੇ ਕਿਰਤੀਆਂ ਦੇ ਹੱਕ ਦੀਆਂ ਨੀਤੀਆਂ ਬਣਾਉਣ। ਮੌਜੂਦਾ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਪਰੇ ਕਰ ਕੇ ਉਪਰੋਕਤ ਨੇਤਾਵਾਂ ਨੂੰ ਲਿਆਉਣਾ ਪਵੇਗਾ, ਜਿਸ ਲਈ ਤਕੜੇ ਤੇ ਜਾਨ ਹੂਲਵੇਂ ਸੰਘਰਸ਼ ਕਰਨੇ ਪੈਣਗੇ। ਇਨ੍ਹਾਂ ਸੰਘਰਸ਼ਾਂ ਤੋਂ ਡਰ ਕੇ ਭਗੌੜੇ ਹੋ ਰਹੇ ਹੋ?
ਉਥੇ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਵਾਪਰਨੀ ਹੈ। ਬਗਾਨੇ ਸਾਫ਼-ਸੁਥਰੇ ਘਰ ਵਿਚ ਜਾ ਕੇ ਵੱਸਣ ਦੀ ਥਾਂ ਅਪਣੇ ਘਰ ਨੂੰ ਸਾਫ਼-ਸੁਥਰਾ ਕਿਉਂ ਨਹੀਂ ਬਣਾਉਂਦੇ? ਵਿਦੇਸ਼ਾਂ ਵਿਚ ਵੱਸੇ ਭਾਰਤੀ ਨੌਜੁਆਨੋ ਵਾਪਸ ਆ ਜਾਉ ਤਾਕਿ ਅਸੀ ਅਪਣੇ ਘਰ ਦਾ ਬਦਬੂ ਮਾਰ ਰਿਹਾ ਕਚਰਾ ਸਮੁੰਦਰ ਵਿਚ ਸੁੱਟ ਦਈਏ ਅਤੇ ਇਸ ਨੂੰ ਸਾਰੀ ਦੁਨੀਆਂ ਤੋਂ ਸਾਫ਼-ਸੁਥਰਾ ਬਣਾ ਕੇ ਇਸ ਵਿਚ ਰਹੀਏ। ਜਿਵੇਂ ਅਮਰੀਕਾ, ਕੈਨੇਡਾ, ਯੌਰਪ ਵਿਚ ਰਹਿੰਦੇ ਭਾਰਤੀਆਂ ਨੇ ਗ਼ਦਰ ਪਾਰਟੀ ਬਣਾ ਕੇ ਗ਼ਦਰ ਕਰਨ ਭਾਰਤ ਨੂੰ ਵਹੀਰਾਂ ਪਾਈਆਂ ਸਨ। ਅੱਜ ਦੇ ਹਾਲਾਤ ਉਸ ਵੇਲੇ ਤੋਂ ਬਹੁਤੇ ਵਖਰੇ ਨਹੀਂ ਹਨ। ਉਸ ਵੇਲੇ ਵੀ ਕਿਸਾਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕੰਗਾਲ ਹੋ ਗਏ ਸਨ। ਅੱਜ ਵੀ ਕਿਸਾਨ ਤੇ ਮਜ਼ਦੂਰ ਕੰਗਾਲੀ ਦਾ ਜੀਵਨ ਜੀਅ ਰਹੇ ਹਨ। ਬੇਰੁਜ਼ਗਾਰੀ ਦਾ ਭੂਤ ਦਨਦਨਾਉਂਦਾ ਫਿਰ ਰਿਹਾ ਹੈ। ਗ਼ਰੀਬ ਰੋਟੀ ਅਤੇ ਇਲਾਜ ਤੋਂ ਬਗ਼ੈਰ ਮਰ ਰਹੇ ਹਨ। ਗ਼ਰੀਬਾਂ ਦੇ ਬੱਚੇ ਅਨਪੜ੍ਹ ਰਹਿਣ ਲਈ ਮਜਬੂਰ ਹਨ। ਫ਼ਰਕ ਸਿਰਫ਼ ਇਹ ਹੈ ਕਿ ਉਸ ਸਮੇਂ ਗੋਰੇ ਅੰਗਰੇਜ਼ ਸਨ ਤੇ ਹੁਣ ਕਾਲੇ ਹਨ। ਨੀਤੀਆਂ ਵਿਚ ਕੋਈ ਬਹੁਤਾ ਫ਼ਰਕ ਨਹੀਂ।
ਅੱਜ ਹਾਲਾਤ ਮੰਗ ਕਰਦੇ ਹਨ ਕਿ ਵਿਦੇਸ਼ਾਂ ਵਿਚ ਵਸਦੇ ਸਾਰੇ ਭਾਰਤੀ ਦੇਸ਼ਭਗਤ ਵੀਰੋ ਤੇ ਬਹਾਦਰ ਬੱਚਿਉ ਵਹੀਰਾਂ ਘੱਤ ਕੇ ਵਾਪਸ ਆ ਜਾਉ ਤਾਕਿ ਅਸਲੀ ਆਜ਼ਾਦੀ ਦੀ ਲੜਾਈ ਲੜੀਏ ਤੇ ਕਾਲੇ ਅੰਗਰੇਜ਼ ਨੂੰ ਅਪਣੇ ਭਾਰਤ ਵਿਚੋਂ ਕੱਢ ਕੇ ਉਨ੍ਹਾਂ ਦੇ ਮਾਂ-ਬਾਪ ਕੋਲ ਜਾਣ ਲਈ ਮਜਬੂਰ ਕਰ ਦਈਏ ਜਿਨ੍ਹਾਂ ਦੇ ਉਹੋ 65 ਸਾਲ ਤੋਂ ਹਿੱਤ ਪੂਰਦੇ ਆਏ ਹਨ ਤਾਕਿ ਭਾਰਤ ਮਾਤਾ ਨੂੰ ਗ਼ੁਲਾਮੀ ਦੇ ਸੰਗਲ ਤੋੜ ਕੇ ਆਜ਼ਾਦ ਕੀਤਾ ਜਾ ਸਕੇ।