ਗੱਦੀਉਂ ਲੱਥੀ ਪਾਰਟੀ ਦੇ ਇਨ੍ਹਾਂ ਚੋਣਾਂ ਵਿਚ ਦੂਜੀ ਵਾਰ ਹਾਰੇ ਨੇਤਾ
ਜੀ ਨੇ ਅਪਣੇ ਦਲ ਦੀ ਸਰਕਾਰ ਹੋਣ ਕਰ ਕੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਵਿਚ ਇਸ ਪਿੰਡ
ਦੀ ਏਨੀ ਅਣਦੇਖੀ ਕੀਤੀ ਕਿ ਇਸ ਦਾ 'ਕਾਗ਼ਜ਼ੀ ਵਿਕਾਸ' ਵੀ ਨਾ ਕਰਵਾਇਆ। ਪਿੰਡ ਵਾਸੀ ਨਿਜੀ
ਤੌਰ ਤੇ ਨੇਤਾ ਨੂੰ ਮਿਲ ਕੇ, ਮੀਡੀਆ ਦੇ ਮਾਧਿਅਮ ਰਾਹੀਂ ਗੰਦੇ ਪਾਣੀ ਦੇ ਨਿਕਾਸ ਲਈ ਪੱਕਾ
ਨਾਲਾ, ਕੰਕਰੀਟ ਦੀਆਂ ਗਲੀਆਂ, ਸ਼ਮਸ਼ਾਨ ਘਾਟ ਦੀ ਹਾਲਤ ਸੁਧਾਰਨ, ਬੱਸ ਅੱਡਾ ਅਤੇ ਸੋਲਰ
ਲਾਈਟਾਂ ਲਗਵਾਉਣ ਲਈ ਤਰਲੇ ਕਰਦੇ ਰਹੇ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਪਿੰਡ ਵਾਲਿਆਂ ਨੇ
ਵੀ ਅਜਿਹਾ ਫ਼ਤਵਾ ਦਿਤਾ ਕਿ ਦੂਜੀ ਵਾਰ ਮੂੰਹ ਭਾਰ ਡਿਗਿਆ। ਅੱਜ ਪਿੰਡ ਦੇ ਦੁਰਕਾਰੇ,
ਅਪਣੀ ਸੱਜੀ ਬਾਂਹ ਸੰਮਤੀ ਮੈਂਬਰ ਦੀ ਅਰਥੀ ਦੇ ਪਿੱਛੇ ਮਸਾਂ ਤਿੰਨ ਕੁ ਫ਼ੁੱਟ ਦੇ ਟੋਇਆਂ
ਤੇ ਚਿੱਕੜ ਵਾਲੇ ਰਾਹੇ ਰਾਹ ਲੰਘਦਾ, ਬਚਦਾ ਬਚਾਉਂਦਾ ਹਫਦਾ ਹਫਦਾ ਸ਼ਮਸ਼ਾਨ ਘਾਟ ਪਹੁੰਚਿਆ।
ਹਾੜ
ਮਹੀਨੇ ਦੀ ਤਿੱਖੀ ਧੁੱਪ ਦਾ ਝੰਬਿਆ, ਮੜ੍ਹੀਆਂ ਦੇ ਸਰਕੜੇ ਅਤੇ ਕੰਡਿਆਲੀਆਂ ਝਾੜੀਆਂ ਤੇ
ਟੋਇਆਂ ਦੇ ਸੜੇ, ਪ੍ਰਦੂਸ਼ਤ ਪਾਣੀ ਦੀ ਹੁੰਮਸ ਕਰ ਕੇ ਨੇਤਾ ਜੀ ਨੀਮ ਬੇਹੋਸ਼ ਜਿਹੇ ਹੋ ਗਏ।
ਗੰਨਮੈਨ ਨੇ ਸਹਾਰਾ ਦੇ ਕੇ ਪਰ੍ਹਾਂ ਕਿਸੇ ਕਾਮੇ ਦੀ ਮੰਜੀ ਉਤੇ ਜਾ ਬਿਠਾਇਆ। ਡਰਾਈਵਰ
ਮਿਨਰਲ ਵਾਟਰ ਦੀ ਕੁੱਪੀ ਜਿਹੀ ਲੈ ਆਇਆ ਜਿਸ ਨੂੰ ਨੇਤਾ ਜੀ ਨੇ ਅਪਣੇ ਜਾਣੇ ਪਛਾਣੇ ਅੰਦਾਜ਼
'ਚ ਡੇਲੇ ਟੱਡਦਿਆਂ ਕਿਹਾ, ''ਮਾਂ ਨੂੰ ਖੋਹਲੇਂਗਾ ਕਿ...।'' ਪਾਣੀ ਪੀ ਕੇ ਕੁੱਝ ਰਾਹਤ
ਜਿਹੀ ਮਹਿਸੂਸ ਕੀਤੀ। ਹਾਰ ਕਰ ਕੇ ਐਨੀ ਕੁ ਹੋਈ ਬੂਥੀ, ਕੁੱਬ ਜਿਹਾ ਨਿਕਲਿਆ ਅਤੇ ਗਰਮੀ
ਕਰ ਕੇ ਸੱਤ ਸਾਹ ਸੱਤ ਹੀਣ ਬੰਦੇ ਨੂੰ ਪੁਛਿਆ, ''ਐਮ.ਐਲ.ਏ. ਜੀ, ਬਲਦੇ ਸਿਵੇ ਵਲ ਵੇਖ
ਅੰਤਰ ਧਿਆਨ ਕਰ ਕੇ ਜ਼ਰਾ ਸੋਚੋ ਗ਼ਰੀਬ ਵਿਧਵਾਵਾਂ ਅਤੇ ਮਰਨ ਕੰਢੇ ਬੈਠੇ ਬੁੱਢਿਆਂ ਦੀਆਂ
ਬੁਢਾਪਾ ਪੈਨਸ਼ਨਾਂ, ਪੈਨਸ਼ਨਾਂ ਉਡੀਕਦੇ ਮਰ ਖੱਪ ਗਏ। ਬੁੱਢਿਆਂ ਦੀਆਂ ਬਦ-ਦੁਆਵਾਂ, ਸ਼ਗਨ
ਸਕੀਮਾਂ ਦਾ ਪੈਸਾ ਧੀਆਂ ਤਕ ਅੱਧਾ ਵੀ ਨਾ ਪਹੁੰਚਣ ਕਰ ਕੇ ਸਹੁਰੇ ਘਰ ਉਨ੍ਹਾਂ ਨੂੰ ਪੈਂਦੀ
ਕੁੱਟ ਅਤੇ ਰੋਣ ਦੀਆਂ ਆਵਾਜ਼ਾਂ ਨੇ ਕਦੀ ਤੁਹਾਡੀ ਜ਼ਮੀਰ ਨੂੰ ਟੁੰਬਿਆ ਨਹੀਂ? ਹਰ ਗ੍ਰਾਂਟ
'ਚੋਂ ਹਿੱਸਾ ਪੱਤੀ ਲੈਂਦਿਆਂ ਅਤੇ ਗ਼ਰੀਬਾਂ ਦਾ ਹੱਕ ਖਾਂਦਿਆਂ ਤੁਹਾਡੀ ਰੂਹ ਕਦੇ ਕੰਬੀ
ਨਹੀਂ? ਪਾਰਟੀ ਦੀ ਪ੍ਰਧਾਨਗੀ, ਚੇਅਰਮੈਨੀ (ਖ਼ੁਦ) ਡਾਇਰੈਕਟਰ (ਭਰਾ) ਮੈਂਬਰ ਜ਼ਿਲ੍ਹਾ
ਪ੍ਰੀਸ਼ਦ (ਪੁੱਤਰ), ਸਰਪੰਚੀ (ਭਰਜਾਈ) ਆਦਿ ਸਾਰੇ ਥਿੰਦੇ ਅਹੁਦੇ ਘਰ 'ਚ ਰੱਖਣ ਦੇ ਬਾਵਜੂਦ
ਜਦੋਂ ਤੁਸੀ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਅਪਣੀ ਜਿੱਤ ਲਈ ਅਰਦਾਸ ਕਰਦੇ ਸੀ ਤਾਂ
ਵਿਧਵਾਵਾਂ ਦੇ ਵੈਣ, ਬਿਨਾਂ ਦਵਾ-ਦਾਰੂ ਦੇ ਬੁੱਢਿਆਂ ਦੀ ਮੌਤ, ਧੀਆਂ ਦੀ ਵਿਲਕਣੀ ਆਦਿ
ਤੁਹਾਡੀ ਬਿਰਤੀ ਭੰਗ ਨਹੀਂ ਸੀ ਕਰਦੇ?''
ਅੱਗੋਂ ਜਵਾਬ ਆਇਆ, ''ਜ਼ਮੀਰ ਦੀ ਛੱਡ, ਮੈਂ
ਬੱਸਾਂ, ਗੈਸ ਏਜੰਸੀ, ਪਟਰੌਲ ਪੰਪ, ਇੰਜੀਨੀਅਰਿੰਗ ਕਾਲਜ, ਜ਼ਮੀਨ ਅਤੇ ਜਾਇਦਾਦ 'ਚ
ਬੇਤਹਾਸ਼ਾ ਵਾਧਾ ਕਰ ਕੇ ਪ੍ਰਵਾਰ ਦਾ ਅੱਗਾ ਸਵਾਰਿਐ। ਅਗਲੀਆਂ ਪੀੜ੍ਹੀਆਂ ਵਿਹਲੀਆਂ ਬੈਠ ਕੇ
ਖਾ ਸਕਣਗੀਆਂ। ਮੈਂ ਤਾਂ ਪ੍ਰਵਾਰ ਪਾਲਕ ਹਾਂ।''
ਸੰਪਰਕ : 98140-82217