ਪੁਲਿਸ ਵਿਚ ਸਿਆਸੀ ਦ.ਖਲ

ਵਿਚਾਰ, ਵਿਸ਼ੇਸ਼ ਲੇਖ



ਮੇਰੇ ਉਤੇ ਇਲਜ਼ਾਮ ਲਗਦਾ ਸੀ ਕਿ ਮੈਂ ਸਮੇਂ ਅਨੁਸਾਰ ਨਹੀਂ ਚਲਦਾ। ਅਤਿਵਾਦ ਵਿਰੁਧ ਬਹੁਤਾ ਸਖ਼ਤ ਨਹੀਂ, ਜ਼ਾਬਤੇ ਅਨੁਸਾਰ ਚਲਦਾ ਹਾਂ। ਸੋ ਜਨਵਰੀ 1994 ਵਿਚ ਪਹਿਲੀ ਵਾਰ ਆਈ.ਆਰ.ਬੀ. 'ਚ ਬਦਲ ਦਿਤਾ ਗਿਆ। ਮੈਂ ਤਿੰਨ ਸਾਲ ਚੰਗੀ ਵਧੀਆ ਨੌਕਰੀ ਕੀਤੀ। ਸਮੇਂ ਸਿਰ ਪਟਿਆਲੇ ਪਹੁੰਚ ਜਾਂਦਾ ਸੀ। ਛੁੱਟੀ ਵਾਲੇ ਦਿਨ ਪੂਰੀ ਛੁੱਟੀ ਸੀ। ਬਿਹਾਰ ਅਤੇ ਜੰਮੂ-ਕਸ਼ਮੀਰ ਵਿਚ ਸਾਡੀ ਬਟਾਲੀਅਨ ਨੇ ਅਮਨ ਨਾਲ ਚੋਣਾਂ ਕਾਰਵਾਈਆਂ। 1997 ਦੀਆਂ ਚੋਣਾਂ ਵਿਚ ਬਾਦਲ ਸਰਕਾਰ ਬੀ.ਜੇ.ਪੀ. ਦੇ ਸਹਿਯੋਗ ਨਾਲ ਬਣੀ। ਮੇਰਾ ਪੁਰਾਣਾ ਮੁੱਢ ਪੰਥਕ ਸੀ। ਇਸ ਕਰ ਕੇ ਆਮ ਖ਼ਿਆਲ ਸੀ ਕਿ ਮੈਨੂੰ ਸੱਭ ਤੋਂ ਪਹਿਲਾਂ ਐਸ.ਐਸ.ਪੀ. ਲਾਇਆ ਜਾਵੇਗਾ। ਮੈਨੂੰ ਸੁਝਾਅ ਮਿਲਿਆ ਕਿ ਇਕ ਉੱਚ ਹਸਤੀ ਦੇ ਗੋਡਿਆਂ ਦੀ ਛੋਹ ਪ੍ਰਾਪਤ ਕਰ ਆਵਾਂ ਜਿਹੜੀ ਇਸ ਤੈਨਾਤੀ ਲਈ ਜ਼ਰੂਰੀ ਹੈ। ਪਰ ਮੈਂ ਅਜਿਹਾ ਨਾ ਕਰ ਸਕਿਆ।

ਮੇਰਾ ਮਨ ਨਾ ਮੰਨਿਆ। ਨਵੇਂ ਜ਼ਿਲ੍ਹਾ ਮੁਖੀਆਂ ਵਿਚ ਮੇਰਾ ਨਾਂ ਨਾ ਆਇਆ। ਜਥੇਦਾਰ ਟੌਹੜਾ ਮੇਰੇ ਉਤੇ ਮਿਹਰਬਾਨ ਸਨ। ਉਨ੍ਹਾਂ ਦੇ ਇਕ ਸਹਾਇਕ ਨੇ ਉਨ੍ਹਾਂ ਨੂੰ ਭੁਲੇਖਾ ਪਾ ਦਿਤਾ ਕਿ 'ਉਸ ਨੂੰ ਤਾਂ ਢੀਂਡਸਾ ਲਗਵਾਉਣਗੇ ਕਿਉਂਕਿ ਉਹ ਉਨ੍ਹਾਂ ਦੇ ਹਲਕੇ ਦਾ ਹੈ।' ਪਰ ਢੀਂਡਸਾ ਜੀ ਨੇ ਮੇਰਾ ਨਾਂ ਪਹਿਲਾਂ ਨਾ ਲਿਆ। ਜਦੋਂ ਡੀ.ਜੀ.ਪੀ. ਜ਼ਿਲ੍ਹਾ ਮੁਖੀ ਲੱਗਣ ਤੋਂ ਪਿਛੇ ਜਾ ਰਹੇ ਸਨ ਤਾਂ ਮੇਰੀ ਸਿਫ਼ਾਰਸ਼ ਕੀਤੀ। ਸਾਰੇ ਹੱਸ ਪਏ।  ਮੈਨੂੰ ਇਕ ਲੀਡਰ ਨੇ ਸਾਰੀ ਗੱਲ ਪਿਛੋਂ ਦੱਸੀ। ਮੈਂ ਗੁੱਸੇ ਵਿਚ ਕਹਿ ਦਿਤਾ ਕਿ ਆਉਂਦੀ ਚੋਣ ਵਿਚ ਮੈਂ ਵੀ 25-30 ਲੱਖ ਲਾ ਦਿਆਂਗਾ। ਉਸ ਸਮੇਂ ਇਹ ਬਹੁਤ ਸਨ। ਮੈਨੂੰ ਸ. ਬਲਵਿੰਦਰ ਸਿੰਘ ਭੂੰਦੜ ਕਹਿਣ ਲੱਗੇ ਕਿ 'ਲੁਧਿਆਣੇ ਐਸ.ਪੀ. ਵਿਜੀਲੈਂਸ ਨੂੰ ਝੰਡੀ ਲਗਦੀ ਹੈ। ਸ. ਮੋਹਕਮ ਸਿੰਘ ਸੇਵਾਮੁਕਤ ਹੋ ਰਹੇ ਹਨ। ਤੂੰ ਦੱਸ?' ਮੈਂ ਹਾਂ ਕਰ ਦਿਤੀ ਤਾਂ ਮੇਰਾ ਹੁਕਮ ਉਸੇ ਦਿਨ ਐਸ.ਪੀ. ਵਿਜੀਲੈਂਸ ਲੁਧਿਆਣਾ ਦਾ ਹੋ ਗਿਆ।

ਮੇਰੀ ਬਦਲੀ ਤਾਂ ਹੋ ਗਈ ਸੀ ਪਰ ਮੈਂ ਅਜੇ ਪਹਿਲੀ ਆਈ.ਆਰ.ਬੀ. ਵਿਚ ਹੀ ਸੀ। ਪੰਜਾਬ ਦੇ ਡੀ.ਜੀ.ਪੀ. ਡੋਗਰਾ ਨੇ ਲੱਡਾ ਕੋਠੀ 6-7 ਜੂਨ ਦੀ ਫੇਰੀ ਰੱਖ ਲਈ। ਉਸ ਵਿਚ ਆਈ.ਆਰ.ਬੀ. ਦੇ ਐਸ.ਪੀ. ਤੋਂ ਆਈ.ਜੀ. ਤਕ ਸਾਰੇ ਅਫ਼ਸਰਾਂ ਨੇ ਹਾਜ਼ਰ ਹੋਣਾ ਸੀ। ਮੈਂ ਲੱਡਾ ਕੋਠੀ ਪਹੁੰਚ ਗਿਆ। ਡੀ.ਜੀ.ਪੀ. ਨੇ ਵਿਹਲੇ ਹੋ ਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਕਮਾਂਡੈਂਟ ਦੇ ਦਫ਼ਤਰ ਵਿਚ ਸਾਰੇ ਅਫ਼ਸਰਾਂ ਦੀ ਮੀਟਿੰਗ ਸੱਦ ਲਈ। ਮੀਟਿੰਗ ਵਿਚ ਮੈਨੂੰ ਆਉਂਦੇ ਹੀ ਵੇਖ ਕੇ ਕਹਿਣ ਲੱਗੇ, ''ਹਰਦੇਵ ਸਿੰਘ ਤੂੰ ਅਜੇ ਲੁਧਿਆਣਾ ਨਹੀਂ ਗਿਆ?'' ਮੈਂ ਕਿਹਾ, ''ਸਰ ਕਲ ਨੂੰ ਰਿਲੀਵ ਹੋ ਜਾਵਾਂਗਾ।'' ਤਾਂ ਉਹ ਕਹਿਣ ਲੱਗੇ ਕਿ ਐਸ.ਪੀ. ਵਿਜੀਲੈਂਸ ਲਈ ਅਜੇ ਸਿਫ਼ਾਰਸ਼ਾਂ ਆ ਰਹੀਆਂ ਹਨ। ਅਸਲ ਵਿਚ ਮੈਂ ਸਮਝਦਾ ਸੀ ਕਿ ਮੇਰਾ ਹੱਕ ਐਸ.ਐਸ.ਪੀ. ਜ਼ਿਲ੍ਹਾ ਦਾ ਹੈ। ਮੀਟਿੰਗ ਖ਼ਤਮ ਹੋਣ ਤੇ ਕਹਿਣ ਲੱਗੇ, ''ਕਿਸੇ ਨੇ ਕੋਈ ਗੱਲ ਕਰਨੀ ਹੈ?'' ਤਾਂ ਮੈਂ ਹੱਥ ਖੜਾ ਕਰ ਦਿਤਾ। ਮੈਨੂੰ ਕਈ ਅਫ਼ਸਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਹਿ ਰਹੇ ਸਨ ਕਿ ਇਸ ਨੇ ਕੁੱਝ ਨਹੀਂ ਕਹਿਣਾ। ਰਜਿੰਦਰ ਸਿੰਘ ਡੀ.ਆਈ.ਜੀ. ਵੀ ਬੈਠੇ ਸਨ। ਉਨ੍ਹਾਂ ਕਿਹਾ, ''ਗੱਲ ਕਰ ਲੈਣ ਦਿਉ, ਕਿਉਂ ਰੋਕਦੇ ਹੋ? ਜ਼ਿੰਮੇਵਾਰ ਅਫ਼ਸਰ ਹੈ।'' ਮੈਂ ਖੜਾ ਹੋ ਕੇ ਗੱਲ ਸ਼ੁਰੂ ਕੀਤੀ ਤੇ ਕਿਹਾ, ''ਸਰ ਮੇਰੀ 33 ਸਾਲ ਦੀ ਨੌਕਰੀ ਪੂਰੀ ਹੋ ਚੁੱਕੀ ਹੈ। 33 ਸਾਲ ਵਿਚ 9 ਸਾਲ ਸਿਖਲਾਈ, ਛੁੱਟੀ, ਵਿਜੀਲੈਂਸ ਤੇ ਆਈ.ਆਰ.ਬੀ. ਦੇ ਹਨ।

24 ਸਾਲ ਦੀ ਮੇਰੀ ਪੁਲਿਸ ਦੀ ਐਕਟਿਵ ਸਰਵਿਸ ਹੈ। ਮੈਂ ਏ.ਐਸ.ਆਈ. ਤੋਂ ਇੰਸਪੈਕਟਰ ਤਕ 14 ਸਾਲ ਮੁੱਖ ਅਫ਼ਸਰ ਰਿਹਾ ਹਾਂ। ਇਨ੍ਹਾਂ ਥਾਣਿਆਂ ਵਿਚ ਬੋਹਾ, ਮਾਨਸਾ, ਸਦਰ, ਫ਼ਰੀਦਕੋਟ ਆਦਿ ਹਨ। ਬਤੌਰ ਡੀ.ਐਸ.ਪੀ. ਮੈਂ 5 ਸਾਲ ਤੋਂ ਵੱਧ ਸਬ-ਡਿਵੀਜ਼ਨ ਦਾ ਡੀ.ਐਸ.ਪੀ. ਰਿਹਾ ਹਾਂ। ਜ਼ਿਲ੍ਹੇ ਵਿਚੋਂ ਦੋ ਮਾਨਸਾ ਤੇ ਬਰਨਾਲਾ ਜ਼ਿਲ੍ਹਾ ਬਣ ਚੁੱਕੇ ਹਨ। ਇਸ ਤੋਂ ਇਲਾਵਾ ਮੈਂ ਐਸ.ਪੀ., ਡੀ.ਐਸ.ਪੀ. (ਐਚ) ਤੇ ਤਕਰੀਬਨ ਡੇਢ ਸਾਲ ਐਸ.ਪੀ. ਤਫ਼ਤੀਸ਼ ਰਿਹਾ। ਮੇਰੇ ਕੋਲ 125 ਤੋਂ ਵੱਧ ਪ੍ਰਸ਼ੰਸਾ ਪੱਤਰ ਹਨ ਜਿਨ੍ਹਾਂ ਵਿਚ 100 ਤੋਂ ਵੱਧ ਕੇਸ ਰਿਵਾਰਡ ਹੋਣਗੇ, ਜਿਹੜੇ ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਵੀ ਹਨ। ਗਜ਼ਟਡ ਅਫ਼ਸਰ ਸਮੇਂ 25 ਤੋਂ ਵੱਧ ਪ੍ਰਸ਼ੰਸਾ ਪੱਤਰ ਹਨ। ਮੇਰੇ ਵਿਰੁਧ ਕੋਈ ਭੈੜਾ ਰਿਮਾਰਕ ਨਹੀਂ। ਪੰਜਾਬ ਦੇ 25 ਤੋਂ ਵੱਧ ਆਈ.ਪੀ.ਐਸ. ਮੇਰੇ ਤੋਂ ਜੂਨੀਅਰ ਹਨ। ਪਰ ਆਪ ਨੇ ਸ. ਸੁਖਦੇਵ ਸਿੰਘ ਢੀਂਡਸਾ ਨੂੰ ਕਹਿ ਦਿਤਾ ਕਿ ਮੈਂ ਐਸ.ਐਸ.ਪੀ. ਲੱਗਣ ਦੇ ਫ਼ਿਟ ਨਹੀਂ। ਕ੍ਰਿਪਾ ਕਰ ਕੇ ਮੈਨੂੰ ਦੱਸੋ ਕਿ ਮੇਰੇ ਵਿਚ ਕੀ ਔਗੁਣ ਹੈ?'' ਕਈ ਅਫ਼ਸਰਾਂ ਨੇ ਮੈਨੂੰ ਬੋਲਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਗੱਲ ਕਰ ਕੇ ਹੀ ਹਟਿਆ। ਉਹ ਕਹਿਣ ਲੱਗੇ, ''ਹਰਦੇਵ ਸਿੰਘ ਮੈਂ ਸ. ਸੁਖਦੇਵ ਸਿੰਘ ਢੀਂਡਸਾ ਨੂੰ ਇਹ ਨਹੀਂ ਕਿਹਾ। ਮੈਂ ਤਾਂ ਇਹ ਹੀ ਕਿਹਾ ਸੀ ਕਿ ਇਹ ਕੰਮ ਮੁੱਖ ਮੰਤਰੀ ਹੀ ਕਰ ਸਕਦੇ ਹਨ। ਮੇਰੀ ਮਰਜ਼ੀ ਜਾਂ ਮੇਰੇ ਕਹਿਣ ਤੇ ਤਾਂ ਡੀ.ਐਸ.ਪੀ. ਵੀ ਨਹੀਂ ਲਾਇਆ ਜਾਂਦਾ। ਮੈਂ ਐਸ.ਐਸ.ਪੀ. ਲਗਵਾਉਣ ਵਾਲਾ ਕੌਣ ਹਾਂ?'' ਮੈਂ ਕਿਹਾ, ''ਫਿਰ ਠੀਕ ਹੈ।''

ਜੇਕਰ ਵੇਖੀਏ ਤਾਂ ਇਹ ਗੱਲ ਇਕ ਡੀ.ਜੀ.ਪੀ. ਕਹਿੰਦਾ ਹੈ ਕਿ ਉਸ ਨੂੰ ਐਸ.ਐਸ.ਪੀ. ਲਾਉਣ ਵੇਲੇ ਪੁਛਿਆ ਨਹੀਂ ਜਾਂਦਾ ਤਾਂ ਉਸ ਦੀ ਕੀ ਪੁਜ਼ੀਸ਼ਨ ਹੈ? ਇਹ ਸੱਚਾਈ ਹੈ ਕਿ ਵੱਡੇ ਅਫ਼ਸਰ ਲਾਉਣ ਵਿਚ ਕਿਸੇ ਦਾ ਨਾਂ ਜਾਂ ਸੁਝਾਅ ਦੇ ਸਕਦੇ ਹਨ। ਬਦਲੀ ਕਰਨ ਦਾ ਹੱਕ ਉਨ੍ਹਾਂ ਨੂੰ ਹੀ ਹੈ।

ਪੁਲਿਸ ਅਫ਼ਸਰਾਂ ਦੇ ਕੰਮ ਬਾਰੇ ਸਿਆਸੀ ਆਦਮੀਆਂ ਤੋਂ ਪੁਛਿਆ ਜਾਂਦਾ ਹੈ। ਅਜਕਲ ਬਹੁਤੇ ਆਈ.ਪੀ.ਐਸ. ਅਫ਼ਸਰਾਂ ਨੇ ਹੇਠਲੇ ਰੈਂਕਾਂ ਵਿਚ ਥੋੜ੍ਹਾ ਸਮਾਂ ਕੰਮ ਕੀਤਾ ਹੁੰਦਾ ਹੈ। ਮਿਹਨਤੀ ਪੁਲਿਸ ਅਫ਼ਸਰ ਤਾਂ ਜੁਰਮ ਦੇ ਮੁਲਾਹਜ਼ੇ ਮੌਕੇ ਤੋਂ ਹੀ ਅਸਲ ਦੋਸ਼ੀ ਅਤੇ ਜੁਰਮ ਦਾ ਕਾਰਨ ਭਾਲ ਲੈਂਦੇ ਹਨ। ਪੁਲਿਸ ਵਿਚ ਵੱਡੇ ਅਫ਼ਸਰਾਂ ਦੀ ਭਰਮਾਰ ਹੈ। ਆਈ.ਪੀ.ਐਸ. ਤੇ ਆਈ.ਏ.ਐਸ. ਲੋੜ ਤੋਂ ਵੱਧ ਪੰਜਾਬ ਕੋਲ ਹਨ। ਇਹ ਪ੍ਰਦੇਸ਼ ਦੇ ਖ਼ਜ਼ਾਨੇ ਅਤੇ ਪੁਲਿਸ ਦੀ ਸਿਪਾਹ ਤੇ ਵੱਡਾ ਭਾਰ ਹਨ। ਲੋੜ ਹੈ ਹੇਠਲੇ ਰੈਂਕਾਂ ਦੀ ਗਿਣਤੀ ਵਧਾਉਣ ਦੀ। ਪੁਲਿਸ ਦੀ ਸਿਖਲਾਈ ਹੁਣ ਪਹਿਲਾਂ ਵਰਗੀ ਨਹੀਂ ਰਹੀ। ਪਹਿਲਾਂ ਪੁਲਿਸ ਲਾਈਨ ਵਿਚ ਹਰ ਰੋਜ਼ ਪਰੇਡ ਹੁੰਦੀ ਸੀ। ਹਰ ਸੋਮਵਾਰ ਨੂੰ ਥਾਣੇ ਵਿਚ ਪਰੇਡ ਜ਼ਰੂਰੀ ਸੀ। ਪੁਲਿਸ ਲਾਈਨ ਵਿਚ ਸਿਪਾਹੀਆਂ ਲਈ ਮਹੀਨੇ ਦੇ ਕੋਰਸ ਚਲਦੇ ਸਨ। ਬਹੁਤੇ ਪੁਲਿਸ ਅਫ਼ਸਰਾਂ ਨੇ ਕਈ ਸਾਲ ਤੋਂ ਫ਼ਾਈਰਿੰਗ ਹੀ ਨਹੀਂ ਕੀਤੀ ਜਦਕਿ ਉਨ੍ਹਾਂ ਕੋਲ ਵਧੀਆ ਅਸਲਾ ਹੁੰਦਾ ਹੈ। ਦੋਸ਼ੀ ਪੜ੍ਹੇ ਲਿਖੇ ਅਤੇ ਸਿਆਣੇ ਬਣਦੇ ਜਾ ਰਹੇ ਹਨ। ਮੈਂ ਕਦੇ ਕਿਸੇ ਥਾਣੇ ਵਿਚ ਅਸਲ ਸਫ਼ਾਈ ਹੁੰਦੀ ਨਹੀਂ ਵੇਖੀ। ਸਫ਼ਾਈ ਤੋਂ ਬਿਨਾਂ ਅਸਲਾ ਕੰਮ ਹੀ ਨਹੀਂ ਕਰਦਾ। ਹਫ਼ਤੇ ਵਿਚ ਇਕ ਵਾਰੀ ਇਹ ਜ਼ਰੂਰੀ ਹੈ। ਕਈ ਅਜਿਹੇ ਐਸ.ਐਸ.ਪੀ. ਲੱਗੇ ਹੋਏ ਹਨ ਜਿਨ੍ਹਾਂ ਨੇ ਮੁਢਲੇ ਕੋਰਸ ਹੀ ਨਹੀਂ ਕੀਤੇ। ਪਿਛਲੀ ਸਰਕਾਰ ਸਮੇਂ ਵੀ ਚੰਗੀ ਤਾਇਨਾਤੀ ਕੱਟੀ, ਹੁਣ ਵੀ ਅੱਗੇ ਹਨ।
ਮੁੱਖ ਮੰਤਰੀ ਦੀ ਅਪਣੀ ਸ਼ੋਹਰਤ ਚੰਗੀ ਅਤੇ ਵਧੀਆ ਹੈ। ਪੰਜਾਬ ਵਿਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਕਰ ਕੇ ਹੀ ਜਿੱਤੀ ਹੈ। ਉਨ੍ਹਾਂ ਨੂੰ ਅਪਣੇ ਸਰੋਤ ਵੀ ਬਦਲ ਲੈਣੇ ਚਾਹੀਦੇ ਹਨ। ਕਈ ਮੁਖ਼ਬਰ ਟੇਢੇ ਢੰਗ ਨਾਲ ਅਪਣਾ ਕੰਮ ਕੱਢ ਜਾਂਦੇ ਹਨ। ਲੋੜ ਹੈ, ਪੁਲਿਸ ਵਿਚ ਸਿਆਸੀ ਦਖ਼ਲ ਦੂਰ ਕੀਤਾ ਜਾਵੇ। ਮੁੱਖ ਮੰਤਰੀ ਅਸਲੀਅਤ ਦੀ ਪਰਖ ਆਪ ਜਾਂ ਈਮਾਨਦਾਰ ਕੋਲੋਂ ਹੀ ਕਰਵਾਉਣ।
ਸੰਪਰਕ : 98150-37279