ਕਿਹਾ ਜਾਂਦਾ ਹੈ ਕਿ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ ਅਤੇ ਗੁਰਬਾਣੀ ਨੇ ਵੀ ਇਸ ਗੱਲ ਤੇ ਮੋਹਰ ਲਾ ਕੇ ਕਹਿ ਦਿਤਾ ਹੈ ਕਿ 'ਭੁੱਲਣ ਅੰਦਰਿ ਸਭ ਕੋ ਅਭੁਲ ਗੁਰੂ ਕਰਤਾਰ।।' ਇਸ ਲਈ ਸਿੱਖ ਧਰਮ ਦੀ ਪੰਥਕ ਰਹਿਤ ਮਰਿਆਦਾ ਨੂੰ ਬਣਾਉਣ ਵਾਲੇ ਵਿਦਵਾਨ ਤਾਂ ਹੋ ਸਕਦੇ ਹਨ ਪਰ ਅਭੁੱਲ ਨਹੀਂ ਹੋ ਸਕਦੇ ਕਿਉਂਕਿ ਜੇ ਉਹ ਅਭੁੱਲ ਹੋ ਗਏ ਤਾਂ ਗੁਰੂ ਕਰਤਾਰ ਬਣ ਗਏ। ਸੋ ਉਨ੍ਹਾਂ ਤੋਂ ਵੀ ਰਹਿਤ ਮਰਿਆਦਾ ਤਿਆਰ ਕਰਨ ਸਮੇਂ ਕੋਈ ਭੁੱਲ ਹੋ ਸਕਦੀ ਹੈ ਜਾਂ ਫਿਰ ਸਮੇਂ ਨਾਲ ਕੁੱਝ ਗੱਲਾਂ ਵਿਚ ਤਬਦੀਲੀ ਕਰਨ ਦੀ ਲੋੜ ਪੈ ਸਕਦੀ ਹੈ। ਮੇਰੇ ਵਰਗੇ ਕਿਸੇ ਤੁੱਛ ਬੁੱਧੀ ਵਾਲੇ ਨੂੰ ਸ਼ੱਕ ਹੋ ਸਕਦਾ ਹੈ ਕਿ ਰਹਿਤ ਮਰਿਆਦਾ ਵਿਚ ਕਿਤੇ ਨਾ ਕਿਤੇ ਘਾਟ ਹੈ ਅਤੇ ਇਸ ਨੂੰ ਬਦਲ ਕੇ ਤੇ ਸੋਧ ਕੇ ਦੁਬਾਰਾ ਫਿਰ ਤਿਆਰ ਕਰਨਾ ਚਾਹੀਦਾ ਹੈ। ਤਾਂ ਇਸ ਗੱਲ ਤੇ ਐਨਾ ਵਿਵਾਦ ਖੜਾ ਕਰਨ ਅਤੇ ਬਿਆਨ ਤੇ ਬਿਆਨ ਦੇਣ ਦੀ ਬਜਾਏ ਉਸ ਨੂੰ ਸਮਝਾਇਆ ਵੀ ਜਾ ਸਕਦਾ ਹੈ ਤਾਕਿ ਉਸ ਬੰਦੇ ਦੇ ਸ਼ੰਕੇ ਦੂਰ ਹੋ ਸਕਣ। ਮੈਨੂੰ ਵੀ ਰਹਿਤ ਮਰਿਆਦਾ ਵਿਚ ਕੁੱਝ ਕਮੀਆਂ ਜਾਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ ਪਰ ਕਿਸੇ ਵਿਦਵਾਨ ਦੇ ਸਮਝਾਉਣ ਤੋਂ ਬਿਨਾਂ ਮੇਰੇ ਮਨ ਦੇ ਸ਼ੰਕੇ ਦੂਰ ਕਿਵੇਂ ਹੋ ਸਕਦੇ ਹਨ? ਸਿੱਖ ਪੰਥ ਨੂੰ 'ਰੋਸ ਨ ਕੀਜੈ ਉਤਰ ਦੀਜੈ।।' ਵਾਲਾ ਫ਼ਾਰਮੂਲਾ ਅਪਨਾਉਣਾ ਚਾਹੀਦਾ ਹੈ। ਮੇਰੇ ਸ਼ੰਕੇ ਜਾਂ ਜੋ ਮੈਨੂੰ ਘਾਟ ਦਿਸੀ ਹੈ, ਉਹ ਇਸ ਤਰ੍ਹਾਂ ਹੈ:ਸ੍ਰੀ ਗੁਰੂ ਨਾਨਕ ਜੀ ਸਿੱਖ ਧਰਮ ਦੇ ਬਾਨੀ ਹਨ ਅਤੇ ਉਨ੍ਹਾਂ ਤੋਂ ਪਹਿਲਾਂ ਜੇ ਕਿਸੇ ਨੂੰ ਸਿਮਰਨ ਜਾਂ ਧਿਆਉਣ ਦੀ ਵਾਰੀ ਹੈ ਤਾਂ ਉਹ ਸਿਰਫ਼ ਅਕਾਲ ਪੁਰਖ ਦੀ ਹੀ ਹੋ ਸਕਦੀ ਹੈ। ਭਗਉਤੀ ਦੇ ਅਰਥ ਕੋਈ ਦੇਵੀ ਕਰਦਾ ਹੈ ਤੇ ਕੋਈ ਤਲਵਾਰ। ਪਰ ਸਿੱਖ ਨਾ ਤਾਂ ਕਿਸੇ ਦੇਵੀ ਦਾ ਪੁਜਾਰੀ ਹੈ ਅਤੇ ਨਾ ਹੀ ਤਲਵਾਰ (ਇਕ ਸ਼ਸਤਰ) ਦਾ ਕਿਉਂਕਿ ਤਲਵਾਰ ਇਕ ਹਥਿਆਰ ਹੈ ਨਾਕਿ ਕੋਈ ਪੂਜਾ ਕਰਨ ਜਾਂ ਸਿਮਰਨ ਕਰਨ ਵਾਲੀ ਚੀਜ਼। ਉਸ ਤੋਂ ਬਾਅਦ ਗੁਰੂ ਸਾਹਿਬਾਨ ਨੂੰ ਸਹਾਈ ਹੋਣ ਲਈ ਗੁਰੂ ਹਰਿਰਾਏ ਜੀ ਨੂੰ ਸਿਮਰਨ ਲਈ, ਗੁਰ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਨਾਲ ਸੱਭ ਦੁਖ ਜਾਣ ਦਾ ਸੰਦੇਸ਼ ਹੈ। ਗੁਰੂ ਤੇਗ਼ ਬਹਾਦਰ ਜੀ ਨੂੰ ਸਿਮਰ ਕੇ ਘਰ ਵਿਚ ਨੌਂ ਨਿਧਾਂ ਆ ਜਾਂਦੀਆਂ ਹਨ ਤੇ ਦਸਵੇਂ ਪਾਤਸ਼ਾਹ ਜੀ ਨੂੰ ਸੱਭ ਥਾਈਂ ਸਹਾਈ ਹੋਣ ਲਈ ਕਿਹਾ ਗਿਆ ਹੈ। ਇਸ ਵਿਚ ਗੁਰੂ ਸਾਹਿਬਾਨ ਦੇ ਨਾਂ ਵੀ ਸਤਿਕਾਰ ਨਾਲ ਨਹੀਂ ਲਿਖੇ। ਸਿਰਫ਼ ਅੰਗਦ, ਅਮਰਦਾਸ, ਰਾਮਦਾਸ, ਅਰਜਨ, ਹਰਗੋਬਿੰਦ, ਤੇਗ਼ ਬਹਾਦਰ ਆਦਿ ਆਮ ਬੰਦਿਆਂ ਵਾਂਗ ਨਾਂ ਲਿਖੇ ਹਨ। ਜੇਕਰ ਦਸ ਗੁਰੂ ਸਾਹਿਬਾਨ ਨੂੰ ਸਿਮਰਨ, ਧਿਆਉਣ ਜਾਂ ਦਰਸ਼ਨ ਕਰਨ ਨਾਲ ਵੱਖ ਵੱਖ ਫਲ ਮਿਲਦੇ ਹਨ, ਇਨ੍ਹਾਂ ਪੰਗਤੀਆਂ 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।' ਜਾਂ 'ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।'' ਦੇ ਕੀ ਅਰਥ ਹਨ?
ਫਿਰ ਰਹਿਤ ਮਰਿਆਦਾ ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ (ਸਰੂਪ) ਕਿਤੇ ਲਿਜਾਣ ਸਮੇਂ ਜਿਸ ਬੰਦੇ ਨੇ ਸਰੂਪ ਸਿਰ ਤੇ ਚੁਕਿਆ ਹੋਵੇ, ਉਹ ਨੰਗੇ ਪੈਰੀਂ ਚੱਲੇ। ਕੀ ਇਹ ਗੱਲ ਗੁਰਮਤਿ ਅਨੁਸਾਰ ਹੈ? ਮ੍ਰਿਤਕ ਸੰਸਕਾਰ ਵਿਚ ਲਿਖਿਆ ਹੈ ਕਿ ਮ੍ਰਿਤਕ ਪ੍ਰਾਣੀ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਹਿਨਾਏ ਜਾਣ। ਕੀ ਇਹ ਗੱਲ ਵੀ ਗੁਰਬਾਣੀ ਅਨੁਸਾਰ ਸਹੀ ਹੈ? ਜਦਕਿ ਗੁਰਬਾਣੀ ਤਾਂ ਕਹਿੰਦੀ ਹੈ ਕਿ ਮ੍ਰਿਤਕ ਦੇਹ ਨੂੰ ਭਾਵੇਂ ਚੰਦਨ ਵਿਚ ਰੱਖੋ ਤੇ ਭਾਵੇਂ ਗੰਦਗੀ ਵਿਚ ਸੁੱਟੋ, ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਰਹਿਤ ਮਰਿਆਦਾ ਵਿਚ ਅੱਗੇ ਲਿਖਿਆ ਹੈ ਕਿ ਪ੍ਰਾਣੀ ਦਾ ਸਸਕਾਰ ਕਰ ਕੇ ਆਉਣ ਤੋਂ ਬਾਅਦ ਘਰ ਜਾਂ ਗੁਰੂ ਘਰ ਵਿਖੇ ਮ੍ਰਿਤਕ ਪ੍ਰਾਣੀ ਨਮਿਤ ਗੁਰਬਾਣੀ ਦਾ ਪਾਠ ਰਖਿਆ ਜਾਵੇ। ਇਹ ਗੱਲ ਵੀ ਸਰਾਸਰ ਗੁਰਮਤਿ ਦੇ ਉਲਟ ਹੈ ਕਿਉਂਕਿ ਗੁਰਬਾਣੀ ਇਕ ਜੀਵਨ ਜਾਚ ਹੈ ਜੋ ਕਿ ਜਿਊਂਦੇ ਮਨੁੱਖਾਂ ਲਈ ਹੈ, ਮਰਿਆਂ ਲਈ ਨਹੀਂ। ਉਪਰੋਕਤ ਗੱਲਾਂ ਜੇਕਰ ਰਹਿਤ ਮਰਿਆਦਾ ਵਿਚ ਗੁਰਮਤਿ ਦੇ ਉਲਟ ਹਨ ਤਾਂ ਇਨ੍ਹਾਂ ਉਤੇ ਕਿੰਤੂ ਕਰਨ ਵਾਲੇ ਤੇ ਗੁੱਸਾ ਕਰ ਕੇ ਵਿਵਾਦ ਖੜਾ ਕਿਉਂ ਹੁੰਦਾ ਹੈ? ਜੇ ਇਹ ਗੱਲਾਂ ਗੁਰਬਾਣੀ/ਗੁਰਮਤ ਅਨੁਸਾਰ ਸਹੀ ਹਨ ਤਾਂ ਸਮਝਾਇਆ ਜਾਵੇ ਕਿ ਕਿਵੇਂ ਸਹੀ ਹਨ? ਇਸ ਤੋਂ ਇਲਾਵਾ ਪੂਰੀ ਰਹਿਤ ਮਰਿਆਦਾ ਦੀ ਕਾਪੀ ਵਿਚ ਜੋ ਵੀ ਗੱਲਾਂ ਹਨ, ਜੇਕਰ ਉਹ ਗ਼ਲਤ ਹਨ ਤਾਂ ਕਿੰਤੂ ਕਰਨ ਵਾਲੇ ਨਾਲ ਨਫ਼ਰਤ ਕਿਉਂ ਅਤੇ ਜੇ ਸਾਰੀ ਰਹਿਤ ਮਰਿਆਦਾ ਸਹੀ ਹੈ ਤਾਂ ਫਿਰ ਅੱਜ ਤਕ (ਹਜ਼ਾਰਾਂ 'ਚੋਂ ਇਕ ਅੱਧੇ ਨੂੰ ਛੱਡ ਕੇ) ਕਿਸੇ ਵੀ ਗੁਰੂਘਰ ਵਿਚ ਲਾਗੂ ਕਿਉਂ ਨਹੀਂ ਕਰਵਾਈ ਗਈ? ਹਰ ਸਿੱਖ ਨੂੰ ਸਖ਼ਤੀ ਨਾਲ ਹਦਾਇਤ ਕਿਉਂ ਨਹੀਂ ਕੀਤੀ ਗਈ ਕਿ ਉਹ ਸਾਰੇ ਸੰਸਕਾਰ ਰਹਿਤ ਮਰਿਆਦਾ ਅਨੁਸਾਰ ਹੀ ਕਰੇ ਅਤੇ ਨਾ ਮੰਨਣ ਵਾਲੇ ਵਿਰੁਧ ਸਖ਼ਤ ਕਾਰਵਾਈ ਕਰ ਕੇ ਪੰਥ ਵਿਚੋਂ ਛੇਕਿਆ ਜਾਵੇ। ਪਰ ਇਹ ਛੇਕਣ ਵਾਲਾ ਕੁਹਾੜਾ ਤਾਂ ਸੱਚੇ ਵਿਦਵਾਨਾਂ ਤੇ ਹੀ ਚਲਦਾ ਹੈ।ਸੱਭ ਤੋਂ ਪਹਿਲੀ ਗੱਲ ਰਹਿਤ ਮਰਿਆਦਾ ਦੇ ਪੰਨਾ ਨੰ. 10 ਉਤੇ ਨਿਤਨੇਮ ਦੀਆਂ ਬਾਣੀਆਂ ਬਾਰੇ ਦਸਿਆ ਗਿਆ ਹੈ ਕਿ ਕਦੋਂ ਕਿਹੜੀ ਬਾਣੀ ਦਾ ਪਾਠ ਕਰਨਾ ਹੈ। ਪਰ 99% ਗੁਰਦਵਾਰਿਆਂ ਵਿਚ ਇਸ ਹੁਕਮ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ। ਰਹਿਰਾਸ ਦਾ ਪਾਠ 'ਸੋ ਦਰੁ' ਤੋਂ ਸ਼ੁਰੂ ਕਰਨ ਦੀ ਬਜਾਏ 'ਹਰਿ ਜੁਗ ਜੁਗ ਭਗਤ ਉਪਾਇਆ।।' ਤੋਂ ਸ਼ੁਰੂ ਕਰਦੇ ਹਨ ਅਤੇ ਚੌਪਈ ਵਿਚ ਪਤਾ ਨਹੀਂ ਕੀ ਕੀ ਪੜ੍ਹੀ ਜਾਂਦੇ ਹਨ। ਰਹਿਤ ਮਰਿਆਦਾ ਦੇ ਪੰਨਾ ਨੰ. 12 ਤੇ ਚੈਪਟਰ 'ਗੁਰਦਵਾਰੇ' ਦੇ ਭਾਗ ਨੰ. ਸ, ਕ, ਜ ਤੇ ਝ ਵਿਚ ਲਿਖੀਆਂ ਗੱਲਾਂ ਉਤੇ ਕਿੰਨਾ ਕੁ ਅਮਲ ਹੋ ਰਿਹਾ ਹੈ? ਇਸੇ ਚੈਪਟਰ ਦੇ ਭਾਗ 'ਡ' ਵਿਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ। ਇਸ ਗੱਲ ਤੇ ਕਿੰਨੇ ਕੁ ਗੁਰੂ ਘਰਾਂ ਵਿਚ ਅਮਲ ਹੋ ਰਿਹਾ ਹੈ? ਮੈਂ ਤਾਂ ਅੱਜ ਤਕ ਕਿਸੇ ਵੀ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਨਹੀਂ ਵੇਖਿਆ। ਪੰਨਾ ਨੰ. 15 ਉਤੇ ਚੈਪਟਰ 'ਕੀਰਤਨ' ਦੇ ਭਾਗ 'ਸ' ਵਿਚ ਲਿਖਿਆ ਹੈ ਕਿ ਕੀਰਤਨ ਕਰਦੇ ਸਮੇਂ ਬਾਹਰ ਦੀਆਂ ਮਨਘੜਤ ਅਤੇ ਵਾਧੂ ਤੁਕਾਂ ਨਹੀਂ ਵਰਤਣੀਆਂ। ਕੀ ਇਸ ਉਤੇ ਵੀ ਪੂਰਾ ਅਮਲ ਹੋ ਰਿਹਾ ਹੈ? ਇਸ ਪੰਨੇ ਉਤੇ ਚੈਪਟਰ 'ਹੁਕਮ ਲੈਣਾ' ਦੇ ਭਾਗ 'ਹ' ਵਿਚ ਲਿਖਿਆ ਹੈ ਕਿ ਹੁਕਮਨਾਮਾ ਕਿਵੇਂ ਤੇ ਕਿਥੋਂ ਲੈਣਾ ਹੈ। ਕੀ ਸਾਰੇ ਗ੍ਰੰਥੀ ਸਿੰਘ ਇਸ ਹੁਕਮ ਨੂੰ ਮੰਨਦੇ ਹੁਕਮਨਾਮਾ ਲੈਂਦੇ ਹਨ ਜਾਂ ਮਨਮਰਜ਼ੀ ਦੇ ਹੁਕਮਨਾਮੇ ਲੈ ਰਹੇ ਹਨ? ਪੰਨਾ ਨੰ. 19 ਉਤੇ ਚੈਪਟਰ 'ਗੁਰਬਾਣੀ ਦੀ ਕਥਾ' ਦਾ ਭਾਗ 'Â' ਵਿਚ ਲਿਖਿਆ ਹੈ ਕਿ ਕਥਾ ਸਿਰਫ਼ ਗੁਰੂਆਂ ਦੀ ਬਾਣੀ ਜਾਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਜਾਂ ਕਿਸੇ ਹੋਰ ਗੁਰਮਤ ਅਨੁਕੂਲ ਪੁਸਤਕ ਵਿਚੋਂ ਹੀ ਹੋ ਸਕਦੀ ਹੈ। ਪਰ 99% ਕਥਾਵਾਚਕ ਇਸ ਗੱਲ ਦੀਆਂ ਧੱਜੀਆਂ ਉਡਾ ਕੇ ਪਤਾ ਨਹੀਂ ਕੀ ਕੀ ਸੰਗਤ ਅੱਗੇ ਪਰੋਸੀ ਜਾ ਰਹੇ ਹਨ। ਇਸ ਪੰਨੇ ਉਤੇ ਗੁਰਮਤਿ ਦੀ ਰਹਿਣੀ ਦੇ ਭਾਗ 'À' ਵਿਚ ਲਿਖਿਆ ਹੈ ਕਿ ਸਿੱਖ ਨੇ ਅਕਾਲ ਪੁਰਖ ਤੋਂ ਬਗ਼ੈਰ ਕਿਸੇ ਵੀ ਹੋਰ ਦੇਵੀ/ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਪਰ ਅੱਜ 99% ਸਿੱਖ ਇਸ ਗੱਲ ਤੋਂ ਬਾਗ਼ੀ ਹਨ। ਭਾਗ 'ਸ' ਵਿਚ ਲਿਖੀਆਂ ਸਾਰੀਆਂ ਹੀ ਗੱਲਾਂ ਸਿੱਖ ਬੜੇ ਸ਼ੌਕ ਨਾਲ ਬੇਖੌਫ਼ ਹੋ ਕੇ ਕਰ ਰਹੇ ਹਨ। ਭਾਗ 'ਙ' ਵਿਚ ਲਿਖਿਆ ਹੈ ਕਿ ਸਿੱਖ ਭੰਗ, ਅਫ਼ੀਮ, ਸ਼ਰਾਬ, ਤਮਾਕੂ ਆਦਿ ਨਾ ਵਰਤੇ ਪਰ ਬਹੁਤ ਜ਼ਿਆਦਾ ਗਿਣਤੀ ਦੇ ਸਿੱਖ ਭੰਗ ਪੀ ਰਹੇ ਹਨ ਅਤੇ ਬਹੁਤ ਸਾਰੇ ਸ਼ਰਾਬ ਪੀਂਦੇ ਵੀ ਵੇਖੇ ਜਾਂਦੇ ਹਨ। ਭਾਗ 'ਚ' ਵਿਚ ਲਿਖਿਆ ਹੈ ਕਿ ਸਿੱਖ ਮਰਦ/ਔਰਤ ਨੂੰ ਨੱਕ, ਕੰਨ ਆਦਿ ਛੇਕਣਾ ਮਨ੍ਹਾਂ ਹੈ। ਪਰ ਅੱਜ ਘੱਟੋ-ਘੱਟ 80% ਅੰਮ੍ਰਿਤਧਾਰੀ ਔਰਤਾਂ ਨੇ ਨੱਕ, ਕੰਨ ਛੇਕ ਕੇ ਗਹਿਣੇ ਪਾਏ ਹੋਏ ਹਨ ਤੇ ਕੁੱਝ ਤਾਂ ਭਰਵੱਟੇ ਵੀ ਪੁੱਟੀ ਫਿਰਦੀਆਂ ਹਨ। ਭਾਗ 'ਝ' ਵਿਚ ਲਿਖਿਆ ਹੈ ਕਿ ਹਰ ਸਿੱਖ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਸਮਝੇ। ਪਰ ਕਿੰਨੇ ਕੁ ਸਿੱਖ ਹਨ ਜੋ ਇਸ ਗੱਲ ਤੇ ਅਮਲ ਕਰ ਰਹੇ ਹਨ? ਪੰਨਾ ਨੰ. 22 ਤੇ ਅਨੰਦ ਸੰਸਕਾਰ ਦੇ ਭਾਗ 'ਖ' ਵਿਚ ਲਿਖਿਆ ਹੈ ਕਿ ਅਨੰਦ ਦਾ ਦਿਨ ਮੁਕਰਰ ਕਰਨ ਵੇਲੇ ਥਿਤ ਵਾਰ ਜਾਂ ਚੰਗੇ ਮਾੜੇ ਦਿਨ ਦੀ ਖੋਜ ਲਈ ਪਤਰੀ ਨਹੀਂ ਵਾਚਣੀ, ਪਰ ਗੁਰੂ ਤੋਂ ਆਕੀ ਸਿੱਖਾਂ ਨੇ ਸਿਰਫ਼ ਥੋੜ੍ਹੀ ਜਿਹੀ ਤਬਦੀਲੀ ਹੀ ਕੀਤੀ ਹੈ ਜੋ ਕਿ ਪੰਡਤ ਕੋਲ ਜਾਣ ਦੀ ਬਜਾਏ ਗੁਰਦਵਾਰੇ ਦੇ ਗ੍ਰੰਥੀ ਤੋਂ ਦਿਨ ਕਢਵਾ ਲੈਂਦੇ ਹਨ ਅਤੇ ਗ੍ਰੰਥੀ ਸਿੰਘ ਵੀ (ਕਿਸੇ ਵਿਰਲੇ ਨੂੰ ਛੱਡ ਕੇ) ਬੇਸ਼ਰਮੀ ਦੀਆਂ ਹੱਦਾਂ ਟੱਪ ਕੇ ਤੇ ਗੁਰੂ ਦਾ ਭੈਅ ਮਨ 'ਚੋਂ ਕੱਢ ਕੇ ਬ੍ਰਾਹਮਣ ਬਣੇ ਬੈਠੇ ਹਨ। ਭਾਗ 'ਛ' ਵਿਚ ਲਿਖਿਆ ਹੈ ਕਿ ਸਿੱਖ ਲੜਕੇ/ਲੜਕੀ ਦਾ ਸੰਗ ਜੋ ਪੈਸਾ ਲੈ ਕੇ ਜਾਂ ਦੇ ਕੇ ਨਾ ਕਰੇ, ਪਰ ਬਹੁਤ ਸਾਰੇ ਦਾਜ ਦੇ ਲੋਭੀ ਸਿੱਖ ਅਜਗਰ ਵਾਂਗ ਮੂੰਹ ਅੱਡੀ ਬੈਠੇ ਹਨ। ਮ੍ਰਿਤਕ ਸੰਸਕਾਰ ਦੇ ਭਾਗ 'ਖ' ਵਿਚ ਜੋ ਕੁੱਝ ਲਿਖਿਆ ਹੈ, ਉਸ ਨੂੰ ਤਾਂ ਕੋਈ ਵਿਰਲਾ ਗੁਰੂ ਦਾ ਪਿਆਰਾ ਹੀ ਮੰਨ ਰਿਹਾ ਹੈ ਵਰਨਾ ਸਾਰੇ ਸਿੱਖ (ਸਮੇਤ ਵੱਡੇ ਵੱਡੇ ਆਗੂਆਂ ਤੇ ਸੰਤ ਬਾਬਿਆਂ ਦੇ) ਸ਼ਰੇਆਮ ਇਸ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਨੂੰ ਨਾ ਗੁਰੂ ਦਾ ਡਰ ਹੈ ਨਾ ਕਿਸੇ ਕਾਨੂੰਨ ਅਤੇ ਨਾ ਹੀ ਧਰਮ ਦੇ ਨਿਯਮਾਂ ਦਾ।
ਪੰਨਾ ਨੰ. 30 ਉਤੇ ਬਜਰ ਕੁਰਹਿਤਾਂ ਵਿਚ ਇਕ ਕੁਰਹਿਤ ਹੈ 'ਕੁੱਠਾ ਖਾਣਾ' ਤੇ ਹੇਠਾਂ 'ਕੁੱਠਾ' ਦੇ ਅਰਥ ਦਿਤੇ ਗਏ ਹਨ ਕਿ 'ਉਹ ਮਾਸ ਜੋ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਜਾਵੇ।' ਪਰ ਇਸ ਦੇ ਬਾਵਜੂਦ ਵੀ ਅੱਜ ਦੇ ਸਿੱਖ ਜਾਂ ਗ਼ੈਰਸਿੱਖ ਕਿਸੇ ਸਿੱਖ ਨੂੰ ਮੀਟ ਜਾਂ ਆਂਡਿਆਂ ਦੀ ਦੁਕਾਨ ਦੇ ਸਾਹਮਣੇ ਖੜਾ ਵੀ ਵੇਖ ਲੈਣ ਤਾਂ ਹੱਦ ਤੋਂ ਵੱਧ ਨਫ਼ਰਤ ਕਰਦੇ ਹਨ ਤੇ ਉਸ ਨੂੰ ਸਿੱਖ ਹੀ ਨਹੀਂ ਸਮਝਦੇ। ਸਮਾਜਕ ਸਬੰਧ ਤੋੜ ਲੈਂਦੇ ਹਨ ਅਤੇ ਬਦਨਾਮੀ ਕਰਦੇ ਹਨ ਪਰ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਵੱਡੇ ਵੱਡੇ ਇਤਿਹਾਸਕ ਗੁਰਦਵਾਰਿਆਂ (ਜੋ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਹਨ) ਵਿਚ ਸ਼ਰੇਆਮ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦਾ ਹਾਲ ਕਿਸੇ ਤੋਂ ਲੁਕਿਆ ਹੋਇਆ ਨਹੀਂ। ਦਿੱਲੀ ਵਿਚ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਇਮਾਰਤ ਦੇ ਬਾਹਰ ਜਿਥੇ ਲਿਖਿਆ ਹੈ 'ਰੋਗੀ ਕਾ ਪ੍ਰਭ ਖੰਡਹੁ ਰੋਗ।।' ਉਥੇ ਜੋ ਜਲ ਛਕਾਇਆ ਜਾਂਦਾ ਹੈ, ਕੀ ਉਸ ਜਲ ਨਾਲ ਰੋਗ ਖੰਡੇ ਜਾਂਦੇ ਹਨ? ਕੀ ਇਹ ਗੱਲ ਗੁਰਬਾਣੀ/ਗੁਰਮਤਿ ਅਨੁਸਾਰ ਠੀਕ ਹੈ? ਜਿਸ ਪਾਤਸ਼ਾਹੀ ਨਾਲ ਕੋਈ ਗੁਰਦਵਾਰਾ ਸਬੰਧਤ ਹੁੰਦਾ ਹੈ ਉਥੇ ਉਸੇ ਪਾਤਸ਼ਾਹ ਦੇ ਹੀ ਗੁਣ ਗਾਏ ਜਾਂਦੇ ਹਨ ਤਾਂ ਫਿਰ 'ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰ।।' ਜਾਂ 'ਜੋਤਿ ਓਹਾ ਜੁਗਤਿ ਸਾਹਿ ਸਹਿ ਕਾਇਆ ਫੇਰਿ ਪਲਟੀਐ।।' ਦੇ ਕੀ ਅਰਥ ਹਨ?
ਆਖ਼ਰ ਵਿਚ ਮੇਰੀ ਅਰਜ਼ ਹੈ ਕਿ ਰਹਿਤ ਮਰਿਆਦਾ ਤੇ ਕਿੰਤੂ ਕਰਨ ਵਾਲੇ ਦੇ ਪਿਛੇ ਜੁੱਤੀ ਲੈ ਕੇ ਪੈ ਜਾਣ ਵਾਲਿਉ ਜੇਕਰ ਰਹਿਤ ਮਰਿਆਦਾ ਨਾਲ ਐਨਾ ਪਿਆਰ ਹੈ ਤਾਂ ਫਿਰ ਇਸ ਨੂੰ ਲਾਗੂ ਕਰ ਕੇ ਵਿਖਾਉ। ਐਵੇਂ ਅਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾ ਕੇ ਨਿੱਕੀ ਨਿੱਕੀ ਗੱਲ ਦਾ ਵਿਵਾਦ ਬਣਾ ਕੇ ਸੱਚੇ ਸਿੱਖ ਵਿਦਵਾਨਾਂ ਨੂੰ ਪੰਥ 'ਚੋਂ ਛੇਕਣ ਵਾਲਿਉ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਬਣੀਆਂ ਸਤਿਕਾਰ ਕਮੇਟੀਆਂ ਵਾਲਿਉ, ਸੱਚ ਨੂੰ ਪਛਾਣੋ। ਗੁਰੂ ਅੰਤਰਜਾਮੀ ਹੈ, ਉਹ ਤੁਹਾਡੇ ਸਾਰੇ ਕਾਰਨਾਮੇ ਵੇਖ ਰਿਹਾ ਹੈ। ਡਰੋ ਉਸ ਤੋਂ।