ਰਿਸ਼ਵਤ ਦਾ ਪਸਾਰਾ

ਵਿਚਾਰ, ਵਿਸ਼ੇਸ਼ ਲੇਖ


ਕੋਈ ਸਮਾਂ ਸੀ ਜਦੋਂ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਪਹਿਲਾਂ-ਪਹਿਲਾਂ ਇਸ ਨੂੰ ਵਿਦੇਸ਼ੀਆਂ ਨੇ ਅਪਣੇ ਦੋਵੇਂ ਹੱਥਾਂ ਨਾਲ ਖ਼ੂਬ ਲੁਟਿਆ। ਹੁਣ ਇਸ ਨੂੰ ਅਪਣੇ ਹੀ ਦੇਸ਼ਵਾਸੀ ਲੁੱਟ-ਲੁੱਟ ਕੇ ਖਾ ਰਹੇ ਹਨ। ਰਿਸ਼ਵਤ, ਲੁੱਟਮਾਰ, ਹੇਰਾਫੇਰੀ ਅਤੇ ਘਪਲੇ ਸੱਭ ਦਾ ਇਥੇ ਬੋਲਬਾਲਾ ਹੈ। ਦੇਸ਼ ਦੇ ਰਾਖੇ ਹੀ ਲੁਟੇਰੇ ਬਣ ਜਾਂਦੇ ਹਨ। ਮੰਤਰੀ ਤਕ ਘਪਲੇ 'ਚ ਸ਼ਰੀਕ ਹੁੰਦੇ ਹਨ। ਇਕ ਮੰਤਰੀ ਤਾਂ ਉਸੇ ਜੇਲ ਵਿਚ ਬੰਦ ਰਿਹਾ ਜਿਸ ਦਾ ਉਸ ਨੇ ਉਦਘਾਟਨ ਕੀਤਾ ਸੀ।

ਰਿਸ਼ਵਤ ਲੈਣ ਲਈ ਕਿਸੇ ਵਿਸ਼ੇਸ਼ ਕੋਰਸ ਜਾਂ ਯੋਗਤਾ ਦੀ ਲੋੜ ਨਹੀਂ ਹੁੰਦੀ ਇਸ ਵਾਸਤੇ ਜ਼ਮੀਰ ਨੂੰ ਮਾਰਨਾ ਪੈਂਦਾ ਹੈ। ਸ਼ਰਮ ਨੂੰ ਤਿਆਗ ਕੇ ਢੀਠਪੁਣੇ ਅਤੇ ਬੇਸ਼ਰਮੀ ਨੂੰ ਅਪਨਾਉਣਾ ਪੈਂਦਾ ਹੈ।

ਰਿਸ਼ਵਤ ਰਾਹੀਂ ਕਮਾਈ ਆਮਦਨ ਸੌਖੀ ਤਾਂ ਬਣ ਜਾਂਦੀ ਹੈ ਪਰ ਇਹ ਹੰਢਣਸਾਰ ਨਹੀਂ ਹੁੰਦੀ। ਇਸ ਦਾ ਆਗ਼ਾਜ਼ ਤਾਂ ਸਾਨੂੰ ਬੜਾ ਚੰਗਾ ਲਗਦਾ ਹੈ ਪਰ ਇਸ ਦਾ ਅੰਜਾਮ ਬੁਰਾ ਹੀ ਹੁੰਦਾ ਹੈ। ਕਿਸੇ ਕੰਮ 'ਚ ਦੇਰੀ ਹੀ ਸਾਡੇ ਰਿਸ਼ਵਤ ਦੇਣ ਦਾ ਪ੍ਰਮੁੱਖ ਕਾਰਨ ਬਣਦੀ ਹੈ। ਦਫ਼ਤਰੀ ਅਮਲਾ ਕੰਮ 'ਚ ਵਿਘਨ ਪਾਉਂਦਾ ਹੈ। ਵਾਰ ਵਾਰ ਚੱਕਰ ਮਾਰਨ ਤੇ ਵੀ ਫ਼ਾਈਲ ਅੱਗੇ ਨਹੀਂ ਚਲਦੀ ਤਾਂ ਰਿਸ਼ਵਤ ਦੇ ਪਹੀਏ ਲਾ ਕੇ ਉਸ ਨੂੰ ਚਲਾਇਆ ਜਾਂਦਾ ਹੈ। ਇਹ ਪ੍ਰਕਿਰਿਆ ਸੱਭ ਵੱਡੇ-ਛੋਟੇ ਦਫ਼ਤਰਾਂ 'ਚ ਚਲਦੀ ਹੈ। ਕੁੱਝ ਮਹੀਨੇ ਪਹਿਲਾਂ ਮੇਰਾ ਵੀ ਇਕ ਅਜਿਹੇ ਰਿਸ਼ਵਤਖੋਰ ਬਾਬੂ ਨਾਲ ਵਾਹ ਪਿਆ। ਮੇਰੇ ਵੀਹ ਹਜ਼ਾਰ ਦੇ ਐਨ.ਐਸ.ਈ. ਮੈਚਿਉਰ ਹੋਣੇ ਸਨ ਜੋ ਮੈਂ ਅਪਣੀ ਬਦਲੀ ਹੋਣ ਉਪਰੰਤ ਮਾਨਸਾ ਤੋਂ ਰੋਪੜ ਬਦਲਵਾਏ ਸਨ। ਜਦੋਂ ਮੈਂ ਰੋਪੜ ਡਾਕਖ਼ਾਨੇ 'ਚ ਐਨ.ਐਸ.ਈ. ਬਾਬੂ ਨੂੰ ਵਿਖਾਏ ਤਾਂ ਬਾਬੂ ਨੇ ਕਿਹਾ, ''ਠੀਕ ਹੈ ਤੁਸੀ ਕੋਈ ਅਜਿਹਾ ਗਵਾਹ ਲਿਆਉ ਜੋ ਮੈਨੂੰ ਵੀ ਜਾਣਦਾ ਹੋਵੇ ਅਤੇ ਤੁਹਾਨੂੰ ਵੀ।''
ਮੈਂ ਕਿਹਾ, ''ਸਰ ਮੈਨੂੰ ਤਾਂ ਇਥੇ ਆਏ ਨੂੰ ਵੀ ਅਜੇ ਮਹੀਨਾ ਨਹੀਂ ਹੋਇਆ। ਮੈਂ ਕਿਥੋਂ ਲਿਆਵਾਂ ਅਜਿਹਾ ਗਵਾਹ?''
''ਇਹ ਮੈਨੂੰ ਨਹੀਂ ਪਤਾ, ਇਹ ਤੁਹਾਡੀ ਸਿਰਦਰਦੀ ਹੈ।'' ਬਾਬੂ ਨੇ ਸਾਫ਼ ਇਨਕਾਰ ਕਰ ਦਿਤਾ। ਮੈਂ ਸਮਝ ਗਿਆ ਕਿ ਇਹ ਕੁੱਝ ਭਾਲਦਾ ਹੈ। ਮੈਂ ਥੋੜਾ ਰੁਕ ਕੇ ਇਕ 100 ਰੁਪਏ ਦਾ ਨੋਟ ਐਨ.ਐਸ.ਈ. ਦੀ ਤਹਿ 'ਚ ਰੱਖ ਕੇ ਬਾਬੂ ਜੀ ਵਲ ਸਰਕਾ ਦਿਤਾ। ਬਾਬੂ ਵੇਖ ਕੇ ਕਹਿਣ ਲਗਾ, ''ਇਹ ਕੀ ਹੈ?'' ਮੈਂ ਕਿਹਾ, ''ਸਰ ਇਹ ਮੈਨੂੰ ਵੀ ਜਾਣਦਾ ਹੈ ਅਤੇ ਤੁਹਾਨੂੰ ਵੀ।'' ਬਾਬੂ ਮੁੱਛਾਂ ਜਿਹੀਆਂ 'ਚ ਮੁਸਕੁਰਾਇਆ ਅਤੇ ਅਦਾਇਗੀ ਕਰ ਦਿਤੀ।

ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਤਰ੍ਹਾਂ ਤਰ੍ਹਾਂ ਦੀ ਲਤ ਲੱਗ ਜਾਂਦੀ ਹੈ। ਜਿਵੇਂ ਸ਼ਰਾਬ ਪੀਣਾ, ਜੂਆ ਖੇਡਣਾ ਜਾਂ ਨਾਜਾਇਜ਼ ਰਿਸ਼ਤੇ ਬਣਾਉਣਾ। ਅਜਿਹੇ ਵਿਅਕਤੀ ਦੀ ਸੰਤਾਨ ਵੀ ਕਦੇ ਲਾਇਕ ਨਹੀਂ ਨਿਕਲਦੀ। ਆਮ ਹੀ ਸੁਣਦੇ ਹਾਂ ਕਿ ਫ਼ਲਾਣੇ ਮੰਤਰੀ ਦਾ ਲੜਕਾ ਹੋਟਲ 'ਚ ਘੜਮੱਸ ਮਚਾਉਂਦਾ ਜਾਂ ਕਿਤੇ ਚੋਰੀ ਕਰਦਾ ਫੜਿਆ ਗਿਆ ਜਾਂ ਫ਼ਲਾਣੇ ਪੁਲਿਸ ਅਫ਼ਸਰ ਦਾ ਲੜਕਾ ਕਾਰ ਚੋਰੀ ਦੇ ਕੇਸ 'ਚ ਫੜਿਆ ਗਿਆ। ਅਜਿਹੇ ਵਿਅਕਤੀ ਦਾ ਚਰਿੱਤਰ ਸੁੰਗੜਦਾ ਰਹਿੰਦਾ ਹੈ ਅਤੇ ਲਾਲਚ ਦਿਨ-ਬ-ਦਿਨ ਵਧਦਾ ਰਹਿੰਦਾ ਹੈ। ਇਹ ਹਰ ਸਮੇਂ ਅਪਣਾ ਸ਼ਿਕਾਰ ਲਭਦਾ ਰਹਿੰਦਾ ਹੈ। ਅਜਿਹਾ ਆਦਮੀ ਕਿਸੇ ਦਾ ਸੱਕਾ ਨਹੀਂ ਹੁੰਦਾ। ਇਹ ਕਦੇ ਅਜਿਹੇ ਰਿਸ਼ਤੇਦਾਰ ਨੂੰ ਮੂੰਹ ਨਹੀਂ ਲਾਉਂਦਾ ਜੋ ਇਸ ਦੀ ਅਸਲੀਅਤ ਜਾਣਦਾ ਹੋਵੇ।

ਕਈ ਮਹਿਕਮੇ ਅਜਿਹੇ ਹੁੰਦੇ ਹਨ ਜਿਨ੍ਹਾਂ 'ਚ ਰਿਸ਼ਵਤ ਵਾਸਤੇ ਮਿਹਨਤ ਨਹੀਂ ਕਰਨੀ ਪੈਂਦੀ ਜਿਵੇਂ ਅਦਾਲਤ, ਪੁਲਿਸ, ਸਿੰਜਾਈ, ਫ਼ੂਡ ਸਪਲਾਈ ਅਤੇ ਹੋਰ ਕਈ ਮਹਿਕਮੇ ਹਨ ਜਿਥੇ ਸਾਲਾਂਬੱਧੀ ਕੰਮ ਚਲਦੇ ਰਹਿੰਦੇ ਹਨ। ਇਥੇ ਉਪਰਲੀ ਆਮਦਨ ਨੂੰ ਰਿਸ਼ਵਤ ਨਹੀਂ ਕਹਿੰਦੇ। ਇਸ ਨੂੰ ਨਜ਼ਰਾਨਾ, ਹਿੱਸਾ ਜਾਂ ਪ੍ਰਸੈਂਟੇਜ ਕਹਿੰਦੇ ਹਨ। ਜਿਵੇਂ ਕਿ ਇਹ ਇਨ੍ਹਾਂ ਦਾ ਜਨਮਸਿੱਧ ਅਧਿਕਾਰ ਹੋਵੇ। ਇਹ ਪੈਸਾ ਕਲਰਕਾਂ ਤੋਂ ਅਫ਼ਸਰਾਂ ਤਕ ਵੰਡਿਆ ਜਾਂਦਾ ਹੈ।

ਰਿਸ਼ਵਤ ਤਾਂ ਸਾਡੇ ਦੇਸ਼ 'ਚ ਕੋਹੜ ਵਾਂਗ ਫੈਲ ਚੁੱਕੀ ਹੈ। ਇਹ ਲੋਕਾਂ ਦੀ ਰਗ ਰਗ 'ਚ ਬੁਰੀ ਤਰ੍ਹਾਂ ਸਮਾ ਚੁੱਕੀ ਹੈ। ਇਸ ਉਤੇ ਕਾਬੂ ਪਾਉਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ। ਰਿਸ਼ਵਤ ਦਾ ਪਸਾਰਾ ਇਸ ਹੱਦ ਤਕ ਪਸਰ ਗਿਆ ਹੈ ਕਿ ਹੁਣ ਬਹੁਤੇ ਲੋਕਾਂ ਨੂੰ ਰਿਸ਼ਵਤ ਲੈਣ ਲਗਿਆਂ ਉਨ੍ਹਾਂ ਦੀ ਆਤਮਾ ਦੁਰਕਾਰਦੀ ਨਹੀਂ ਕਿਉਂਕਿ ਅਜਿਹੇ ਬੰਦਿਆਂ ਦੀ ਆਤਮਾ ਹੀ ਮਰ ਚੁੱਕੀ ਹੋਈ ਹੈ। ਸਾਡੇ ਗੁਆਂਢ 'ਚ ਪੁਲਿਸ ਵਾਲਾ ਰਹਿੰਦਾ ਹੈ। ਇਕ ਦਿਨ ਨਸ਼ੇ ਦੀ ਲੋਰ 'ਚ ਉੱਚੀ-ਉੱਚੀ ਗਾ ਰਿਹਾ ਸੀ। ਸ਼ਾਇਦ ਇਹ ਉਸ ਦੀ ਆਤਮਾ ਦੀ ਆਵਾਜ਼ ਸੀ
ਮੇਰੀ ਰੱਗ ਰੱਗ ਵਿਚ ਰਿਸ਼ਵਤ ਖ਼ੂਨ ਵਾਂਗ ਦੌੜੇ।
ਇਸ ਦੇ ਬਿਨਾਂ ਮੇਰੇ ਮੌਲਾ ਮੈਨੂੰ ਕੁੱਝ ਵੀ ਨਾ ਅਹੁੜੇ।
ਸੰਪਰਕ : 9988873637