ਰੁੱਤ ਨਕਲਾਂ ਮਾਰਨ ਦੀ ਆਈ

ਵਿਚਾਰ, ਵਿਸ਼ੇਸ਼ ਲੇਖ

ਸਾਡੇ ਦੇਸ਼ ਵਿਚ ਕਈ ਰੁੱਤਾਂ ਹਨ ਜਿਵੇਂ ਗਰਮੀ ਦੀ ਰੁੱਤ, ਸਰਦੀ ਦੀ ਰੁੱਤ, ਵਰਖਾ ਰੁੱਤ ਆਦਿ। ਹਰ ਰੁੱਤ ਦਾ ਅਪਣਾ ਸਮਾਂ ਹੁੰਦਾ ਹੈ ਅਤੇ ਅਪਣਾ ਹੀ ਅਸਰ ਹੁੰਦਾ ਹੈ। ਪਰ ਜਿਹੜੀ ਰੁੱਤ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ, ਉਹ ਹੈ ਨਕਲ ਦੀ ਰੁੱਤ। ਇਹ ਰੁੱਤ ਭਾਵੇਂ ਸਾਰਾ ਸਾਲ ਹੀ ਕਿਸੇ ਨਾ ਕਿਸੇ ਰੂਪ ਵਿਚ ਅਪਣਾ ਰੰਗ ਵਿਖਾਉਂਦੀ ਰਹਿੰਦੀ ਹੈ ਪਰ ਫ਼ਰਵਰੀ ਤੋਂ ਲੈ ਕੇ ਅਪ੍ਰੈਲ ਮਹੀਨੇ ਤਕ ਇਹ ਰੁੱਤ ਅਪਣੇ ਪੂਰੇ ਜੋਬਨ ਤੇ ਹੁੰਦੀ ਹੈ। ਇਸ ਰੁੱਤ ਦੇ ਸਦਕਾ ਭਾਵੇਂ ਵਿਦਿਆਰਥੀ ਛਾਲਾਂ ਮਾਰਦੇ ਹੋਏ ਅਗਲੀ ਜਮਾਤ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ ਪਰ ਜਦੋਂ ਉਹ ਕਿਸੇ ਮੁਕਾਬਲੇ ਅਤੇ ਇਮਤਿਹਾਨ ਵਿਚ ਬੈਠਦੇ ਹਨ ਤਾਂ ਉਹ ਰੇਤ ਦੀ ਕੰਧ ਵਾਂਗ ਕਿਤੇ ਵੀ ਨਜ਼ਰ ਨਹੀਂ ਆਉਂਦੇ ਅਤੇ ਮੂੰਹ ਲਟਕਾਈ ਘਰ ਨੂੰ ਵਾਪਸ ਆ ਜਾਂਦੇ ਹਨ। ਜਿਨ੍ਹਾਂ ਤੇ ਇਸ ਰੁੱਤ ਦਾ ਅਸਰ ਨਹੀਂ ਹੁੰਦਾ, ਉਹ ਚੁੰੰਗੀਆਂ ਭਰਦੇ ਸਫ਼ਲਤਾ ਦੀ ਚੋਟੀ ਤੇ ਚੜ੍ਹ ਜਾਂਦੇ ਹਨ।ਕਈ ਸਾਲ ਪਹਿਲਾਂ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਾਣ ਦਾ ਮੌਕਾ ਮਿਲਿਆ ਜਦ ਸਕੂਲਾਂ ਵਿਚ ਅਠਵੀਂ ਜਮਾਤ ਦੇ ਪੇਪਰ ਹੋ ਰਹੇ ਸਨ। ਇਸ ਸਬੰਧੀ ਮੈਂ ਕੁੱਝ ਮਾਸਟਰਾਂ ਨਾਲ ਗੱਲ ਕੀਤੀ ਕਿ ਨਕਲ ਤਾਂ ਹੁਣ ਘੱਟ ਗਈ ਹੋਵੇਗੀ ਕਿਉਂਕਿ ਸਰਕਾਰ ਨੇ ਪੰਜ ਤਰ੍ਹਾਂ ਦੇ ਪੇਪਰ ਬਣਾ ਦਿਤੇ ਹਨ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਮਾਸਟਰਾਂ ਨੇ ਬੜੇ ਮਾਣ ਨਾਲ ਕਿਹਾ ਕਿ ਸਰਕਾਰ ਭਾਵੇਂ ਵੀਹ ਤਰ੍ਹਾਂ ਦੇ ਪੇਪਰ ਬਣਾ ਲਵੇ ਪਰ ਨਕਲ ਹੁਣ ਖ਼ਤਮ ਨਹੀਂ ਹੋਣ ਲੱਗੀ। ਜਿਸ ਤਰ੍ਹਾਂ ਰਿਸ਼ਵਤਖੋਰੀ ਲੋਕਾਂ ਦੇ ਹੱਡਾਂ ਵਿਚ ਰਚ ਚੁੱਕੀ ਹੈ, ਇਸੇ ਤਰ੍ਹਾਂ ਨਕਲ ਵੀ ਹੁਣ ਪੜ੍ਹਨ ਵਾਲਿਆਂ ਅਤੇ ਪੜ੍ਹਾਉਣ ਵਾਲਿਆਂ ਦੇ ਖ਼ੂਨ ਵਿਚ ਸਮਾ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿਸ ਬੱਚੇ ਨੂੰ ਸਾਰਾ ਸਾਲ ਬਿਨਾਂ ਪੜ੍ਹਿਆਂ ਹਜ਼ਾਰ ਦੋ ਹਜ਼ਾਰ ਰੁਪਏ ਖ਼ਰਚ ਕੇ ਦਸਵੀਂ ਦਾ ਸਰਟੀਫ਼ੀਕੇਟ ਮਿਲ ਜਾਵੇ, ਉਹ ਕਿਉਂ ਸਾਰਾ ਸਾਲ ਪੜ੍ਹਾਈ ਨਾਲ ਮੱਥਾ ਮਾਰੇ? ਇਸੇ ਤਰ੍ਹਾਂ ਜਿਸ ਮਾਸਟਰ ਨੂੰ ਬਿਨਾਂ ਸਕੂਲ ਆਇਆਂ ਬਿਨਾਂ ਕਿਸੇ ਮਿਹਨਤ ਕੀਤਿਆਂ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਰਹਿਣ ਉਹ ਕਿਉਂ ਵਿਦਿਆਰਥੀਆਂ ਨਾਲ ਮੱਥਾ ਮਾਰਦਾ ਰਹੇ?
ਨਕਲ ਦਾ ਸੱਭ ਤੋਂ ਵੱਧ ਅਸਰ ਪਿੰਡਾਂ ਦੇ ਬੱਚਿਆਂ ਉਤੇ ਹੋਇਆ ਹੈ। ਅਜਕਲ ਪਿੰਡਾਂ ਦੇ ਬੱਚਿਆਂ ਦਾ ਇਹ ਹਾਲ ਹੈ ਕਿ ਪਿੰਡਾਂ ਦੇ ਬੱਚੇ ਦਸਵੀਂ ਪਾਸ ਦੇ ਸਰਟੀਫ਼ੀਕੇਟ ਤਾਂ ਚੁੱਕੀ ਫਿਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਸੌ ਦੀ ਗਿਣਤੀ ਵੀ ਮੁਸ਼ਕਲ ਨਾਲ ਆਉਂਦੀ ਹੈ। ਅੱਜ ਤੋਂ ਕੋਈ ਵੀਹ-ਪੰਝੀ ਸਾਲ ਪਿਛੇ ਵਲ ਝਾਤੀ ਮਾਰੀਏ ਤਾਂ ਪੰਜਾਬ ਵਿਚ ਬਹੁਤੇ ਅਫ਼ਸਰ ਪਿੰਡਾਂ ਦੇ ਪੜ੍ਹੇ ਹੋਏ ਸਨ। ਪਿੰਡਾਂ ਵਿਚੋਂ ਪੜ੍ਹ ਕੇ ਹੀ ਲੋਕ ਵੱਡੇ ਵੱਡੇ ਅਹੁਦਿਆਂ ਤੇ ਰਹੇ ਕਿਉਂਕਿ ਉਨ੍ਹਾਂ ਦਿਨਾਂ ਵਿਚ ਨਕਲ ਹੁੰਦੀ ਹੀ ਨਹੀਂ ਸੀ। ਉਨ੍ਹਾਂ ਦਿਨਾਂ ਵਿਚ ਸਕੂਲ ਵੀ ਕਾਫ਼ੀ ਦੂਰ ਦੂਰ ਹੁੰਦੇ ਸਨ। ਕਈ ਥਾਈ ਤਾਂ ਦਸ ਦਸ, ਪੰਦਰਾਂ ਪੰਦਰਾਂ ਕਿਲੋਮੀਟਰ ਤਕ ਵਿਦਿਆਰਥੀਆਂ ਨੂੰ ਤੁਰ ਕੇ ਸਕੂਲ ਜਾਣਾ ਪੈਂਦਾ ਸੀ ਅਤੇ ਉਦੋਂ ਆਵਾਜਾਈ ਦੇ ਸਾਧਨ ਵੀ ਘੱਟ ਹੀ ਸਨ। ਉਦੋਂ ਬੱਚੇ ਪੂਰੀ ਮਿਹਨਤ ਨਾਲ ਪੜ੍ਹਦੇ ਸਨ ਅਤੇ ਮਾਸਟਰ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਸਨ। ਬੱਚੇ ਅਪਣੇ ਅਧਿਆਪਕਾਂ ਨੂੰ ਗੁਰੂ ਦੇ ਬਰਾਬਰ ਦਰਜਾ ਦਿੰਦੇ ਅਤੇ ਅਧਿਆਪਕ ਵੀ ਵਿਦਿਆਰਥੀਆਂ ਨੂੰ ਅਪਣੇ ਪੁੱਤਰਾਂ ਵਾਂਗ ਹੀ ਸਮਝਦੇ ਸਨ। ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਅਸੀ ਪੜ੍ਹਦੇ ਸੀ, ਸਾਡੇ ਘਰਾਂ ਵਿਚੋਂ ਹੀ ਸਵ. ਮਾਸਟਰ ਉਜਾਗਰ ਸਿੰਘ ਜੀ ਹੁੰਦੇ ਸਨ। ਉਨ੍ਹਾਂ ਦਾ ਬੱਚਿਆਂ ਨੂੰ ਏਨਾ ਡਰ ਸੀ ਕਿ ਜੇਕਰ ਬੱਚੇ ਛੁੱਟੀ ਤੋਂ ਬਾਅਦ ਕਿਤੇ ਬਾਘੜਾਂ ਖੇਡਦੇ ਮਿਲ ਜਾਣੇ ਤਾਂ ਉਨ੍ਹਾਂ ਨੇ ਉਥੇ ਹੀ ਉਨ੍ਹਾਂ ਦੇ ਕੰਨ ਫੜ ਲੈਣੇ ਅਤੇ ਜੇਕਰ ਅਸੀ ਕਿਤੇ ਉਨ੍ਹਾਂ ਨੂੰ ਵੇਖ ਕੇ ਭੱਜ ਜਾਣਾ ਤਾਂ ਸਵੇਰੇ ਪਰੇਡ ਵੇਲੇ ਸਾਡੀ ਸ਼ਾਮਤ ਆ ਜਾਣੀ। ਉਨ੍ਹਾਂ ਪਰੇਡ ਤੋਂ ਬਾਹਰ ਸੱਦ ਕੇ ਸਜ਼ਾ ਦੇਣੀ ਤਾਕਿ ਦੂਜਿਆਂ ਨੂੰ ਵੀ ਪਤਾ ਲੱਗ ਸਕੇ। ਜਿਥੇ ਪਹਿਲਾਂ ਪਿੰਡਾਂ ਦੇ ਬੱਚੇ ਪੜ੍ਹ ਕੇ ਅਫ਼ਸਰ ਲਗਦੇ ਸਨ, ਉਥੇ ਅੱਜ ਪਿੰਡਾਂ ਦੇ ਪੜ੍ਹੇ ਬੱਚੇ ਕਲਰਕ ਦਾ ਇਮਤਿਹਾਨ ਵੀ ਪਾਸ ਨਹੀਂ ਕਰ ਸਕਦੇ ਜਿਸ ਕਾਰਨ ਸੱਭ ਤੋਂ ਵੱਧ ਬੇਰੁਜ਼ਗਾਰੀ ਦੀ ਮਾਰ ਪਿੰਡਾਂ ਦੇ ਮੁੰਡਿਆਂ ਕੁੜੀਆਂ ਉਤੇ ਹੀ ਪੈ ਰਹੀ ਹੈ ਕਿਉਂਕਿ ਅਜਕਲ ਹਰ ਇਕ ਅਸਾਮੀ ਲਈ ਲਿਖਤੀ ਟੈਸਟ ਸ਼ੁਰੂ ਹੋ ਚੁੱਕਾ ਹੈ। ਇਥੋਂ ਤਕ ਕਿ ਫ਼ੌਜ ਵਿਚ ਭਰਤੀ ਹੋਣ ਲਈ ਵੀ ਲਿਖਤੀ ਟੈਸਟ ਦੇਣਾ ਪੈਂਦਾ ਹੈ। ਇਸ ਮੁਕਾਬਲੇ ਦੇ ਯੁੱਗ ਵਿਚ ਹੁਣ ਤਾਂ ਸਿਰਫ਼ ਉਹੀ ਵਿਦਿਆਰਥੀ ਰੁਜ਼ਗਾਰ ਪ੍ਰਾਪਤ ਕਰ ਸਕੇਗਾ ਜਿਹੜਾ ਇਸ ਨਕਲ ਰੁੱਤ ਦੇ ਮੇਵੇ ਨੂੰ ਨਹੀਂ ਚਖੇਗਾ। ਪਹਿਲੇ ਸਮਿਆਂ ਵਿਚ ਥਾਣੇ ਵਿਕਦੇ ਸਨ, ਤਹਿਸੀਲਾਂ ਵਿਕਦੀਆਂ ਸਨ, ਹੁਣ ਕਾਫ਼ੀ ਚਿਰ ਤੋਂ ਸਕੂਲਾਂ ਦੇ ਪ੍ਰੀਖਿਆ ਕੇਂਦਰ ਵਿਕਣ ਲੱਗ ਪਏ ਹਨ। ਹਰ ਕੋਈ ਵੱਧ ਕਮਾਈ ਵਾਲਾ ਪ੍ਰੀਖਿਆ ਕੇਂਦਰ ਲੈਣ ਲਈ ਕਤਾਰਾਂ ਵਿਚ ਖੜਾ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਘਰਾਂ ਵਿਚ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਹੁਣ ਪ੍ਰੀਖਿਆ ਕੇਂਦਰ ਵਾਲੇ ਸਕੂਲ ਵਿਚ ਪ੍ਰੀਖਿਆ ਲੈਣ ਆਉਣ ਵਾਲੇ ਅਮਲੇ ਦੀ ਸੇਵਾ ਕਰਨ ਦੀਆਂ ਤਿਆਰੀਆਂ ਵਿੱਢ ਦਿਤੀਆਂ ਜਾਂਦੀਆਂ ਹਨ ਅਤੇ ਹਰ ਵਿਦਿਆਰਥੀ ਤੋਂ ਪ੍ਰੀਖਿਆ ਫ਼ੀਸ ਦੇ ਰੂਪ ਵਿਚ ਰਕਮ ਲਈ ਜਾਂਦੀ ਹੈ ਜਿਹੜੀ ਸੈਂਕੜੇ ਤੋਂ ਲੈ ਕੇ ਹਜ਼ਾਰਾਂ ਤਕ ਪਹੁੰਚ ਚੁੱਕੀ ਹੈ ਕਿਉਂਕਿ ਸਕੂਲ ਦੇ ਪ੍ਰਬੰਧਕਾਂ ਨੂੰ ਇਹ ਪਤਾ ਹੈ ਕਿ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋਵੇਗਾ। ਇਨ੍ਹਾਂ ਪੈਸਿਆਂ ਵਿਚੋਂ ਕੁੱਝ ਨਕਦ ਨਰੈਣ ਦੇ ਰੂਪ ਵਿਚ ਪ੍ਰੀਖਿਆ ਲੈ ਰਹੇ ਅਮਲੇ ਦੀ ਜੇਬ ਵਿਚ ਪਾਏ ਜਾਂਦੇ ਹਨ ਅਤੇ ਬਾਕੀ ਬਚਦਿਆਂ ਨਾਲ ਉਨ੍ਹਾਂ ਦੀ ਖਾਣ-ਪੀਣ ਦੀ ਖੂਬ ਸੇਵਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਲੜਕੀ ਵਾਲੇ ਆਈ ਬਰਾਤ ਦੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦੇਣੀ ਚਾਹੁੰਦੇ, ਇਸੇ ਤਰ੍ਹਾਂ ਸਕੂਲ ਦੇ ਪ੍ਰਬੰਧਕ ਪ੍ਰੀਖਿਆ ਲੈਣ ਲਈ ਅਮਲੇ ਰੂਪੀ ਬਰਾਤ ਦੀ ਸੇਵਾ ਕਰਨ ਵਿਚ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦੇਣਾ ਚਾਹੁੰਦੇ। ਇਹ ਪ੍ਰੀਖਿਆ ਦੇ ਦਿਨ ਤਾਂ ਵਿਆਹ ਦੇ ਦਿਨਾਂ ਵਾਂਗ ਹੀ ਹੁੰਦੇ ਹਨ। ਜੇਕਰ ਕਿਸੇ ਨੂੰ ਇਹ ਇਤਬਾਰ ਨਹੀਂ ਤਾਂ ਉਹ ਕਿਸੇ ਵੀ ਪ੍ਰੀਖਿਆ ਕੇਂਦਰ ਤੇ ਜਾ ਕੇ ਵੇਖ ਸਕਦਾ ਹੈ, ਉਸ ਨੂੰ ਕਿਤੇ ਨਾ ਕਿਤੇ ਤਾਂ ਜ਼ਰੂਰ ਕੁੱਕੜ ਦੇ ਖਿਲਾਰੇ ਖੰਭ ਮਿਲ ਜਾਣਗੇ।
ਵੈਸੇ ਅਜਕਲ ਨਕਲ ਦੇ ਕੰਮ ਨੂੰ ਟੈਲੀਫ਼ੋਨਾਂ, ਫ਼ੋਟੋਸਟੇਟ ਮਸ਼ੀਨਾਂ ਅਤੇ ਕੰਪਿਊਟਰਾਂ ਨੇ ਕਾਫ਼ੀ ਸੁਖਾਲਾ ਕਰ ਦਿਤਾ ਹੈ। ਜ਼ਮਾਨੇ ਦੇ ਬਦਲਦੇ ਰੰਗਾਂ ਨਾਲ ਨਕਲ ਦੇ ਰੰਗ ਵੀ ਬਦਲ ਗਏ ਹਨ। ਪਹਿਲਾਂ ਪੇਪਰ ਹੱਥ ਨਾਲ ਲਿਖਣਾ ਪੈਂਦਾ ਸੀ ਪਰ ਅਜਕਲ ਪੇਪਰ ਦੀ ਫ਼ੋਟੋਸਟੇਟ ਕਾਪੀ ਕੁੱਝ ਪਲਾਂ ਵਿਚ ਹੀ ਬਾਹਰ ਬੈਠੇ ਲੋਕਾਂ ਦੇ ਹੱਥ ਵਿਚ ਪਹੁੰਚ ਜਾਂਦੀ ਹੈ। ਫਿਰ ਉਸ ਨੂੰ ਹੱਲ ਕਰ ਕੇ ਕੰਪਿਊਟਰ ਵਿਚ ਫ਼ੀਡ ਕਰ ਦਿਤਾ ਜਾਂਦਾ ਹੈ, ਜਿਥੋਂ ਪੈਸੇ ਦੇ ਕੇ ਜਿੰਨੀਆਂ ਮਰਜ਼ੀ ਕਾਪੀਆਂ ਪ੍ਰਾਪਤ ਕਰੋ। ਕਈ ਥਾਵਾਂ ਤੇ ਪ੍ਰੀਖਿਆ ਹਾਲ ਦੇ ਅੰਦਰ ਹੀ ਬਲੈਕ ਬੋਰਡਾਂ ਤੇ ਹੱਲ ਕਰਵਾ ਦਿਤਾ ਜਾਂਦਾ ਹੈ। ਹੁਣ ਤਾਂ ਪ੍ਰੀਖਿਆ ਕੇਂਦਰਾਂ ਵਿਚ ਉਡਣ ਦਸਤਿਆਂ ਦਾ ਵੀ ਕੋਈ ਡਰ ਨਹੀਂ ਰਿਹਾ ਕਿਉਂਕਿ ਉਡਣ ਦਸਤਾ ਜਦੋਂ ਕਿਸੇ ਸਕੂਲ ਵਿਚ ਪਹੁੰਚਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਸਕੂਲ ਨੂੰ ਟੈਲੀਫ਼ੋਨ ਰਾਹੀਂ ਜਾਂ ਮੋਬਾਈਲ ਰਾਹੀਂ ਸੂਚਿਤ ਕਰ ਦਿਤਾ ਜਾਂਦਾ ਹੈ। ਕਈ ਥਾਈਂ ਤਾਂ ਇਹ ਵੀ ਸੁਣਿਆ ਗਿਆ ਹੈ ਕਿ ਉਡਣ ਦਸਤੇ ਵਿਚ ਸ਼ਾਮਲ ਅਧਿਕਾਰੀ ਵੀ ਜਾਣ ਲੱਗੇ ਅਪਣੇ ਜਾਣੂਆਂ ਦੇ ਰੋਲ ਨੰਬਰ ਫੜਾ ਜਾਂਦੇ ਹਨ। ਇਹੋ ਜਿਹੇ ਹਾਲਾਤ ਵਿਚ ਇਹ ਆਸ ਰਖਣੀ ਕਿ ਨਕਲ ਹੱਟ ਜਾਵੇਗੀ ਇਕ ਅਸੰਭਵ ਜਹੀ ਗੱਲ ਹੈ।
ਇਹ ਗੱਲ ਨਹੀਂ ਕਿ ਅਜਕਲ ਚੰਗੇ ਅਧਿਆਪਕ ਨਹੀਂ ਹਨ। ਅੱਜ ਵੀ ਹਨ ਪਰ ਇਹ ਸਿਰਫ਼ ਆਟੇ ਵਿਚ ਲੂਣ ਦੇ ਬਰਾਬਰ ਰਹਿ ਗਏ ਹਨ ਜਿਸ ਕਾਰਨ ਪਿੰਡਾਂ ਵਿਚ ਪੜ੍ਹਾਈ ਦਾ ਬਿਲਕੁਲ ਹੀ ਭੱਠਾ ਬੈਠ ਚੁੱਕਾ ਹੈ। ਬਹੁਤੇ ਸਕੂਲਾਂ ਵਿਚ ਤਾਂ ਅਧਿਆਪਕ ਹੀ ਪੂਰੇ ਨਹੀਂ ਹਨ। ਕਈ ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਹਨ। ਕਈ ਸਕੂਲਾਂ ਵਿਚ ਇਮਾਰਤਾਂ ਦਾ ਏਨਾ ਮੰਦਾ ਹਾਲ ਹੈ ਕਿ ਵਰਖਾ ਦੇ ਦਿਨਾਂ ਵਿਚ ਕਮਰਿਆਂ ਦੀ ਛੱਤਾਂ ਹੇਠ ਵੀ ਛਤਰੀ ਤਾਣ ਕੇ ਬੈਠਣਾ ਪੈਂਦਾ ਹੈ। ਵਿਦਿਆਰਥੀਆਂ ਦੇ ਬੈਠਣ ਲਈ ਡੈਸਕ ਵਗ਼ੈਰਾ ਵੀ ਨਹੀਂ ਹਨ, ਪ੍ਰਾਇਮਰੀ ਸਕੂਲਾਂ ਵਿਚ ਤਾਂ ਇਸ ਤੋਂ ਮਾੜੀ ਹਾਲਤ ਹੈ। ਬੱਚੇ ਅਪਣੇ ਘਰਾਂ ਤੋਂ ਬੋਰੀਆਂ ਲੈ ਕੇ ਜਾਂਦੇ ਹਨ ਅਤੇ ਸ਼ਾਮ ਨੂੰ ਬੋਰੀ ਚੁੱਕ ਕੇ ਵਾਪਸ ਘਰਾਂ ਨੂੰ ਲੈ ਆਉਂਦੇ ਹਨ। ਨਕਲ ਰੂਪੀ ਰੁੱਤ ਵਿਚ ਵਾਧਾ ਕਰਨ ਦਾ ਇਕ ਕਾਰਨ ਅਧਿਆਪਕ ਵਰਗ ਦੀ ਸਾਲਾਨਾ ਤਰੱਕੀ ਨੂੰ ਨਤੀਜੇ ਨਾਲ ਜੋੜਨਾ ਵੀ ਬਣਿਆ ਕਿਉਂਕਿ ਕੋਈ ਵੀ ਮੁਲਾਜ਼ਮ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਅਪਣਾ ਵਿੱਤੀ ਘਾਟਾ ਨਹੀਂ ਜਰ ਸਕਦਾ।
ਅਪਣੀ ਸਾਲਾਨਾ ਤਰੱਕੀ ਬਚਾਉਣ ਲਈ ਇਸ ਵਰਗ ਨੇ ਨਕਲ ਨੂੰ ਉਤਸ਼ਾਹਿਤ ਕੀਤਾ ਜਿਸ ਕਾਰਨ ਹੁਣ ਨਕਲ ਕੈਂਸਰ ਦਾ ਰੋਗ ਬਣ ਚੁੱਕੀ ਹੈ ਜਿਸ ਨੂੰ ਠੀਕ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਕਲ ਵਿਰੋਧੀ ਪ੍ਰਚਾਰ ਮੁਹਿੰਮ ਸ਼ੁਰੂ ਕਰੇ। ਇਸ ਮੁਹਿੰਮ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਦਿਮਾਗ਼ ਵਿਚ ਵਿਚ ਗੱਲ ਪਾਈ ਜਾਵੇ ਕਿ ਜੇਕਰ ਤੁਹਾਡੇ ਬੱਚੇ ਇਸੇ ਤਰ੍ਹਾਂ ਨਕਲ ਰੂਪੀ ਰੁੱਤ ਦਾ ਨਿੱਘ ਮਾਣਦੇ ਰਹੇ ਤਾਂ ਇਹ ਬੇਰੁਜ਼ਗਾਰੀ ਦੀ ਭੱਠੀ ਵਿਚੋਂ ਕਦੇ ਵੀ ਨਹੀਂ ਨਿਕਲ ਸਕਦੇ। ਇਸ ਦੇ ਨਾਲ ਹੀ ਸਕੂਲਾਂ ਵਿਚ ਵੀ ਨਕਲ ਵਿਰੋਧੀ ਪ੍ਰਚਾਰ ਕਰਵਾਇਆ ਜਾਵੇ ਅਤੇ ਉਥੇ ਚੰਗੇ ਚੰਗੇ ਵਿਦਵਾਨਾਂ ਦੇ ਲੈਕਚਰ ਵੀ ਕਰਵਾਏ ਜਾਣ ਜਿਸ ਨਾਲ ਵਿਦਿਆਰਥੀਆਂ ਨੂੰ ਮਾਨਸਕ ਤੌਰ ਤੇ ਤਿਆਰ ਕੀਤਾ ਜਾਵੇ। ਇਸ ਵਾਸਤੇ ਅਧਿਆਪਕ ਵਰਗ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ। ਨਕਲ ਵਿਰੋਧੀ ਇਸ਼ਤਿਹਾਰ ਛਪਵਾ ਕੇ ਸਕੂਲਾਂ ਵਿਚ ਲਾਏ ਜਾਣ, ਰੇਡੀਉ ਅਤੇ ਟੀ.ਵੀ. ਉਤੇ ਵੀ ਇਸ ਸਬੰਧੀ ਇਸ਼ਤਿਹਾਰ ਦਿਤੇ ਜਾਣ। ਹੋ ਸਕਦਾ ਹੈ ਇਸ ਨਾਲ ਅਸੀ ਇਸ ਨਕਲ ਰੂਪੀ ਰੁੱਤ ਤੋਂ ਕੁੱਝ ਛੁਟਕਾਰਾ ਪਾ ਸਕੀਏ।