ਸਰਬੰਸਦਾਨੀ ਦੇ ਨਵੇਂ ਬੇਦਾਵੀਏ

ਵਿਚਾਰ, ਵਿਸ਼ੇਸ਼ ਲੇਖ

ਦੇਸ਼, ਕੌਮ ਅਤੇ ਪੰਥ ਤੋਂ ਸੱਭ ਕੁੱਝ ਨਿਛਾਵਰ ਕਰ ਦੇਣ ਵਾਲੇ ਦਸਵੇਂ ਨਾਨਕ ਨਾਲ ਸਦੀਆਂ ਤੋਂ ਇਕ ਬੇਦਾਵਾ ਜੁੜਿਆ ਚਲਿਆ ਆ ਰਿਹਾ ਹੈ ਜਿਸ ਦੀ ਸਿਖਰ ਖਿਦਰਾਣੇ ਦੀ ਢਾਬ ਤੇ ਵਾਪਰੀ। ਟੁੱਟੀ ਗੰਢਵਾਉਣ ਵਾਲੇ ਜਾਂ ਗੰਢਣ ਵਾਲੇ ਸੱਚੇ ਪਾਤਸ਼ਾਹ ਦਾ ਪ੍ਰਸੰਗ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਪਰ ਆਧੁਨਿਕ ਸਮਿਆਂ ਵਿਚ ਉਸ ਸਰਬੰਸਦਾਨੀ ਦੇ ਜੋ ਬੇਸ਼ੁਮਾਰ ਨਵੇਂ ਬੇਦਾਵੀਏ ਪੈਦਾ ਹੋ ਚੁੱਕੇ ਹਨ, ਉਨ੍ਹਾਂ ਦਾ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਲਗਭਗ ਢਾਈ ਸੌ ਸਾਲਾਂ ਤਕ ਗੁਰਮਤਿ ਦਾ ਜੋ ਨਰੰਤਰ ਸੋਮਾ ਵਗਿਆ, ਪਸ਼ੂ ਪੰਛੀ, ਰੁੱਖ, ਬੂਟੇ, ਫ਼ਿਜ਼ਾਵਾਂ-ਗੁਫ਼ਾਵਾਂ, ਨਰ, ਨਾਰੀ ਅਤੇ ਸਾਰੀ ਕਾਇਨਾਤ ਹੀ ਜਿਸ ਵਿਚ ਲੱਕ ਲੱਕ ਤਾਈਂ ਚੁੱਭੀਆਂ ਲਾਉਂਦੀ ਰਹੀ, ਉਹ ਗੁਰੂ ਦੀ ਮਤਿ ਅੱਜ ਅਸੀ ਵਿਸਾਰ ਦਿਤੀ ਹੈ ਕਿਉਂਕਿ ਜੋ ਕੁੱਝ ਪਿਛਲੇ ਸਮੇਂ ਮੁੰਬਈ ਦੇ ਜੁਹੂ ਬੀਚ ਲਾਗੇ ਵਾਪਰਿਆ ਹੈ, ਉਹ ਸਪੱਸ਼ਟ ਕਰਦਾ ਹੈ ਕਿ ਕੁਰਸੀਆਂ, ਅਹੁਦਿਆਂ, ਦੰਮਾਂ ਅਤੇ ਖ਼ੁਸ਼ਨੂਦੀ ਦੀ ਖ਼ਾਤਰ ਅਸੀ ਕਿਤੇ ਵੀ ਵਿਕ ਸਕਦੇ ਹਾਂ, ਕਿਤੇ ਵੀ ਝੁਕ ਸਕਦੇ ਹਾਂ, ਕਿਤੇ ਵੀ ਯੂ-ਟਰਨ ਲੈ ਸਕਦੇ ਹਾਂ ਅਤੇ ਕਿਤੇ ਵੀ ਅਪਣੇ ਗੁਰੂ ਨੂੰ ਪਿੱਠ ਵਿਖਾ ਸਕਦੇ ਹਾਂ। ਆਖ਼ਰ ਬੇਦਾਵਾ ਹੋਰ ਹੈ ਕੀ?
2017 ਵਿਚ 5 ਜਨਵਰੀ ਅਤੇ 25 ਦਸੰਬਰ ਨੂੰ ਅਸੀ ਉਸੇ ਰਹਿਬਰ ਦਾ ਦੋ ਵਾਰ ਪ੍ਰਕਾਸ਼-ਦਿਹਾੜਾ ਮਨਾ ਚੁੱਕੇ ਹਾਂ ਕਿਉਂਕਿ ਇਹ ਪੋਹ ਸੁਦੀ ਸਤਵੀਂ ਮੁਤਾਬਕ ਨਿਸ਼ਚਿਤ ਸੀ ਪਰ ਕੀ ਹੁਣ ਸਾਡੇ ਦਸਮੇਸ਼ ਪਿਤਾ ਦਾ 2018 ਵਿਚ ਆਗਮਨ-ਪੁਰਬ ਆਉਣਾ ਹੀ ਨਹੀਂ? ਇਹ ਸੋਚ ਅਤੇ ਇਹ ਨਿਰਣਾ ਜਿੱਥੇ ਦੁਖਦਾਇਕ ਹੈ ਉਥੇ ਅਥਾਹ ਮੰਦਭਾਗਾ ਅਤੇ ਨਿੰਦਣਯੋਗ ਵੀ। ਅਜਿਹੇ ਗ਼ਲਤ, ਆਪਹੁਦਰੇ ਅਤੇ ਸਿੱਖੀ ਦੇ ਸ਼ਰੀਕਾਂ ਦੇ ਮਗਰ ਲੱਗ ਕੇ ਕੀਤੇ ਫ਼ੈਸਲੇ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਸਿੱਧੀ ਸਾਜ਼ਸ਼ ਹੈ ਜਿਸ ਨੂੰ ਸਾਰੇ ਜ਼ਮਾਨੇ ਨੇ ਪਿਛਲੇ ਸਮੇਂ ਵਿਚ ਅਪਣੀਆਂ ਅੱਖਾਂ ਨਾਲ ਤਕਿਆ ਹੈ। ਪਤਿਤਪੁਣੇ ਦੇ ਸ਼ੈਤਾਨ ਦੀ ਆਂਦਰ ਵਾਂਗ ਵਧਦੇ ਜਾਣ ਦਾ ਕਾਰਨ ਬਾਹਰਲਾ ਘੱਟ ਅਤੇ ਅੰਦਰਲਾ ਜ਼ਿਆਦਾ ਹੈ ਕਿਉਂਕਿ ਜਿਸ ਪਤਿਤ ਕੀਰਤਨੀਏ ਦੇ ਕੀਰਤਨ ਤੋਂ ਬਲਿਹਾਰੇ ਜਾ ਕੇ ਸਾਡੇ ਮੁਖੀਏ ਉਸ ਨੂੰ ਸਿਰੋਪਾਉ ਬਖ਼ਸ਼ ਕੇ ਪਰਤੇ ਹਨ, ਕੀ ਵਾਕਈ ਉਹ ਉਸ ਦੇ ਯੋਗ ਸੀ? ਉਸ ਦੀ ਬਦਨਾਮੀ ਦੀਆਂ ਕਈ ਘਟਨਾਵਾਂ ਸਮਾਜ ਵਿਚ ਜਨਤਕ ਤੌਰ ਤੇ ਪ੍ਰਚਲਤ ਰਹੀਆਂ ਹਨ। ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੰਬਈਆ ਮੈਂਬਰ (ਜੋ ਚੁਣਿਆ ਹੋਇਆ ਨਹੀਂ ਸੋਚ-ਸਮਝ ਕੇ ਨਿਯੁਕਤ ਕੀਤਾ ਹੋਇਆ ਹੈ) ਇਸ ਗੱਲੋਂ ਵਾਕਫ਼ ਨਹੀਂ ਸੀ ਕਿ ਸਮਾਗਮ ਦਸਮੇਸ਼ ਪਿਤਾ ਦੇ ਪ੍ਰਕਾਸ਼-ਪੁਰਬ ਸਬੰਧੀ ਹੈ ਜਿਨ੍ਹਾਂ ਨੇ ਸਿਰਗੁੰਮ ਸਬੰਧੀ ਖ਼ਾਸ ਹਿਦਾਇਤ ਕੀਤੀ ਹੋਈ ਹੈ। ਇਹੀ ਅਖੌਤੀ ਜਥੇਦਾਰ ਉਦੋਂ ਕਿਉਂ ਲੋਹੇ ਲਾਖੇ ਹੋ ਗਏ ਸਨ ਜਦੋਂ ਪੰਜਾਬ ਸਰਕਾਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰਵਾਰ 24 ਦਸਬੰਰ ਨੂੰ ਸਮਾਗਮ ਵਿਚ ਗੁਰਦਾਸ ਮਾਨ ਨੂੰ ਸੱਦਾ ਪੱਤਰ ਭੇਜਿਆ ਸੀ, ਫਿਰ ਰੱਦ ਵੀ ਕੀਤਾ। ਗੁਰਦਾਸ ਮਾਨ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਹੈ ਅਤੇ ਪੰਜਾਬੀ ਸਭਿਆਚਾਰਕ ਹਲਕਿਆਂ ਦੀ ਜਿੰਦ-ਜਾਨ। ਭਾਵੇਂ ਉਹ ਸਿੱਖੀ ਸਰੂਪ ਤੋਂ ਵਿਰਵਾ ਹੈ। ਸਰਕਾਰ ਨੇ ਮੌਕੇ ਤੇ ਉਸ ਨੂੰ ਰੋਕ ਕੇ ਅਪਣੀ ਭੁੱਲ ਸੁਧਾਰ ਲਈ ਸੀ ਪਰ ਵਿਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਲਗਭਗ ਸਾਰੇ ਜਥੇਦਾਰ ਉਸ ਆਲੀਸ਼ਾਨ ਸਮਾਗਮ ਦਾ ਹਿੱਸਾ ਬਣ ਕੇ ਮੁੜ ਦਸਮੇਸ਼ ਪਿਤਾ ਨੂੰ ਬੇਦਾਵਾ ਦੇ ਗਏ ਅਤੇ ਦਰਸਾ ਗਏ ਕਿ ਸਿੱਖੀ ਬਾਅਦ ਵਿਚ, ਚੌਧਰਾਂ ਅਤੇ ਵਡਿਆਈਆਂ ਪਹਿਲਾਂ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 25 ਦਸਬੰਰ ਐਲਾਨਿਆ ਗਿਆ ਸੀ ਜਦੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਸਬੰਧੀ ਮਾਤਮੀ ਸਭਾ ਪੂਰੇ ਜ਼ੋਰਾਂ ਤੇ ਸੀ। ਪੰਜ ਜਨਵਰੀ ਦੇ (ਨਾਨਕਸ਼ਾਹੀ ਕੈਲੰਡਰ ਅਨੁਸਾਰ) ਪੁਰਬ ਨੂੰ ਇਨ੍ਹਾਂ ਰੱਜ ਰੱਜ ਕੋਸਿਆ, ਨਖਿਧਿਆ ਅਤੇ ਰੋਕਿਆ ਪਰ 6 ਜਨਵਰੀ ਨੂੰ ਮੁੰਬਈ ਦੇ ਪ੍ਰਕਾਸ਼-ਪੁਰਬ ਸਮਾਗਮਾਂ ਵਿਚ ਸਾਰਿਆਂ ਨੇ ਸ਼ਮੂਲੀਅਤ ਕਰ ਕੇ ਕੀ ਇਨ੍ਹਾਂ ਨੇ ਥੁੱਕ ਕੇ ਨਹੀਂ ਚਟਿਆ? ਜਾਣ ਵਾਲੇ ਇਨ੍ਹਾਂ ਦੀ ਜ਼ਮੀਰ ਮਰੀ ਨਹੀਂ? ਇਨ੍ਹਾਂ ਦੀ ਗ਼ੈਰਤ ਨੇ ਨਹੀਂ ਟੁੰਬਿਆ? ਅਸੀ ਖ਼ੁਦ ਮਾਈ ਭਾਗੋ ਬ੍ਰਿਗੇਡ ਪਟਿਆਲਾ ਵਲੋਂ ਉਸ ਦਿਨ ਮੁਫ਼ਤ ਮੈਡੀਕਲ ਕੈਂਪ ਲਾਏ, ਇਤਿਹਾਸਕ ਨੁਮਾਇਸ਼ ਸਜਾਈ ਅਤੇ ਧਾਰਮਕ ਸਾਹਿਤ ਵੰਡਿਆ ਤਾਂ ਜੋ ਸਾਡੀ ਗੁਮਰਾਹ ਕੀਤੀ ਜਾ ਰਹੀ ਸਿੱਖ ਕੌਮ ਨੂੰ ਹਲੂਣਾ ਦੇ ਸਕੀਏ ਅਤੇ ਨਵੀਂ ਪਨੀਰੀ ਨੂੰ ਜਗਾ ਸਕੀਏ। ਅਪਣੇ ਨਾਲ ਤੋਰ ਸਕੀਏ। ਸ਼ਹੀਦੀ ਸਾਕੇ ਦੀ ਤਰੀਕ ਬਦਲਣ (22 ਦਸੰਬਰ) ਨਾਲ ਕੀ ਫ਼ਰਕ ਪਿਆ? ਕਿੰਨੀ ਕੁ ਸੰਗਤ ਤੇ ਇਸ ਦਾ ਅਸਰ ਪਿਆ?
ਸਮੁੱਚੇ ਸੰਸਾਰ-ਅਮਰੀਕਾ, ਕੈਨੇਡਾ, ਯੂ.ਕੇ., ਆਸਟਰੇਲੀਆ, ਇਟਲੀ, ਪਾਕਿਸਤਾਨ, ਜਰਮਨੀ, ਜੰਮੂ-ਕਸ਼ਮੀਰ, ਹਰਿਆਣਾ, 80 ਫ਼ੀ ਸਦੀ ਪੰਜਾਬ ਅਤੇ ਇੱਥੋਂ ਤਕ ਕਿ ਮੁੰਬਈ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੀ ਇਹ ਮੁਬਾਰਕ ਦਿਨ ਪੰਜ ਜਨਵਰੀ ਨੂੰ ਹੀ ਮਨਾਇਆ। ਸਾਡੇ ਅਤਿਆਧੁਨਿਕ, ਵਿਗਿਆਨਕ, ਤਾਜ਼ਾ ਤਰੀਨ ਅਤੇ ਬ੍ਰਹਿਮੰਡੀ ਧਰਮ ਤੇ ਅੱਜ ਗ਼ਲਬਾ ਉਨ੍ਹਾਂ ਲੋਕਾਂ ਦਾ ਪੈ ਚੁੱਕਾ ਹੈ ਜਿਹੜੇ ਦਕਿਆਨੂਸੀ, ਬੋਦੀਆਂ, ਸਮਾਂ ਵਿਹਾਈਆਂ ਅਤੇ ਰਵਾਇਤੀ ਰਹੁਰੀਤਾਂ ਦੇ ਅਨੁਸਾਰੀ ਹਨ। ਪ੍ਰਤਿਬੱਧਤਾ, ਧਰਮ ਪਰਾਇਦਤਾ, ਸਿਸਟਮ ਜਾਂ ਦੂਰਦ੍ਰਿਸ਼ਟੀ ਜਿਨ੍ਹਾਂ ਦੇ ਪੱਲੇ ਹੀ ਨਹੀਂ ਹੈ। ਅਪਣੇ ਰਹਿਣ-ਸਹਿਣ, ਖਾਣ-ਪੀਣ, ਸੁੱਖ ਸਹੂਲਤਾਂ ਅਤੇ ਹੋਰ ਕੰਮਾਂ ਵਿਚ ਤਾਂ ਅਸੀ ਅਪ-ਟੂ-ਡੇਟ ਹਾਂ ਪਰ ਲੋੜੀਂਦੇ ਧਾਰਮਕ ਮਸਲਿਆਂ ਵਿਚ ਨਹੀਂ। ਲੰਗਰ ਤਾਂ ਹੁਣ ਪੀਜ਼ੇ ਅਤੇ ਬਰਗਰਾਂ ਦੇ ਛਕਦੇ-ਛਕਾਉਂਦੇ ਹਾਂ ਪਰ ਸੋਚ ਹਾਲ ਵੀ 16ਵੀਂ ਸਦੀ ਵਾਲੀ ਹੈ।
ਅਜੋਕੀ ਸ਼੍ਰੋਮਣੀ ਕਮੇਟੀ ਕੋਲ ਕੋਈ ਭਵਿੱਖੀ ਕਾਰਗਰ ਯੋਜਨਾ, ਦੂਰਦਰਸ਼ਤਾ ਨਹੀਂ ਅਤੇ ਕੋਈ ਨਵਾਂ ਵਿਚਾਰ ਵੀ ਨਹੀਂ ਹੈ। ਲਕੀਰ ਦੇ ਫ਼ਕੀਰ ਹੋ ਕੇ ਤੁਰਨਾ ਇਨ੍ਹਾਂ ਦੀ ਫ਼ਿਤਰਤ ਹੈ। ਨਿੱਤ ਨਵੇਂ ਬਿਆਨ ਦਾਗਣੇ ਇਕ ਫ਼ੈਸ਼ਨ ਬਣ ਚੁੱਕਾ ਹੈ। ਹਰ ਨਵਾਂ ਪ੍ਰਧਾਨ ਖ਼ਬਰਾਂ ਵਿਚ ਰਹਿਣ ਲਈ ਵੱਧ ਚੜ੍ਹ ਕੇ ਬਿਆਨਬਾਜ਼ੀ ਕਰਦਾ ਹੈ ਪਰ ਹੋ ਉਹੀ ਰਿਹਾ ਹੈ ਜੋ ਇਕ ਪ੍ਰਵਾਰ ਵਲੋਂ ਫ਼ੁਰਮਾਇਆ ਜਾਂਦਾ ਹੈ। ਇੱਥੇ ਉਪਰ ਤੋਂ ਲੈ ਕੇ ਹਠਾਂ ਤਕ ਰੋਲ ਮਾਡਲਾਂ ਦੀ ਥੁੜ ਹੈ। ਅਧਿਕਾਰੀਆਂ, ਕਰਮਚਾਰੀਆਂ, ਮੁਲਾਜ਼ਮਾਂ, ਪ੍ਰਚਾਰਕਾਂ ਅਤੇ ਪਹਿਰੇਦਾਰਾਂ ਤਕ ਓਵਰਹਾਲਿੰਗ ਦੀ ਲੋੜ ਹੈ। ਪਹਿਲਾਂ ਆਪ ਸੱਚੇ-ਸੁੱਚੇ ਬਣਨਗੇ ਤਾਂ ਦੂਜਿਆਂ ਨੂੰ ਬਣਨ ਲਈ ਪ੍ਰੇਰਿਤ ਕਰ ਸਕਣਗੇ। ਕੋਈ 32-32 ਸਾਲ ਦਾ ਸ਼੍ਰੋਮਣੀ ਕਮੇਟੀ ਮੈਂਬਰ ਵਿਭਚਾਰ ਕਰ ਕੇ ਸਲਾਖਾਂ ਪਿੱਛੇ ਬੈਠਾ ਹੈ ਅਤੇ ਕੋਈ ਹੋਰ ਧੀਆਂ ਪੁੱਤਾਂ ਦਾ ਕਾਤਲ ਬਣ ਕੇ ਚਰਚਾ ਵਿਚ ਰਿਹਾ ਹੈ। ਕੋਈ ਨੌਕਰੀਆਂ ਲਈ ਵੱਢੀ ਮੰਗੀ ਜਾਂਦਾ ਹੈ ਅਤੇ ਕੋਈ ਹੋਰ ਨਾਜਾਇਜ਼ ਸਬੰਧ ਪਾਲ ਰਿਹਾ ਹੈ। ਸੰਗਤੀ ਪੈਸੇ ਦੀ ਇਨ੍ਹਾਂ ਅੰਨ੍ਹੀ ਲੁੱਟ ਮਚਾਈ ਹੋਈ ਹੈ। ਇਨ੍ਹਾਂ ਦੀਆਂ ਸਰਾਵਾਂ, ਸਕੂਲਾਂ ਕਾਲਜਾਂ ਅਤੇ ਹੋਰ ਗੁਰਧਾਮਾਂ ਵਿਖੇ ਫੈਲਿਆ ਅਨੈਤਿਕ ਵਰਤਾਰਾ ਦਸਮੇਸ਼ ਪਿਤਾ ਦੇ ਦਰਸਾਏ ਰਾਹ ਤੋਂ ਪਿਛਾਂਹ ਮੁੜਨ ਕਰ ਕੇ ਸਿੱਧਾ ਬੇਦਾਵਾ ਹੀ ਤਾਂ ਹੈ।
ਇਤਿਹਾਸਕ ਮੌਕਿਆਂ ਤੇ ਗੁਰਧਾਮਾਂ ਵਿਚ ਇਤਿਹਾਸਕ ਕਾਨਫ਼ਰੰਸਾਂ ਕਰਨੀਆਂ ਸ਼੍ਰੋਮਣੀਆਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਅਜਾਰਦਾਰੀ ਰਹੀ ਹੈ। ਮੰਸੋ ਰੀਸੀ ਦੂਜੀਆਂ ਰਾਜਸੀ ਪਾਰਟੀਆਂ ਵੀ ਇਹੋ ਕੁੱਝ ਕਰਦੀਆਂ ਰਹੀਆਂ ਹਨ ਜਿਸ ਨਾਲ ਧਾਰਮਕ ਪ੍ਰਦੂਸ਼ਣ, ਗਾਲੀ-ਗਲੋਚ, ਚਿੱਕੜਬਾਜ਼ੀ ਦੀ ਇੰਤਹਾ ਹੁੰਦੀ ਰਹੀ ਹੈ। ਸਰਬੱਤ ਦੇ ਭਲੇ ਦੇ ਬੌਧਿਕ ਅਤੇ ਸੰਗਤਹਿਤੈਸ਼ੀ ਮੁੱਦਿਆਂ ਨੂੰ ਅਜਿਹੇ ਮੌਕਿਆਂ ਤੇ ਵਿਚਾਰਿਆ ਹੀ ਨਹੀਂ ਸੀ ਜਾਂਦਾ ਸਗੋਂ ਇਕ-ਦੂਜੇ ਤੇ ਸਿਆਸੀ ਹਮਲੇ ਕਰਦੇ ਸਾਰੇ ਧਾਰਮਕ ਅਤੇ ਸ਼ਰਧਾਮਈ ਮਾਹੌਲ ਦਾ ਹੀ ਸਤਿਆਨਾਸ ਕੀਤਾ ਜਾਂਦਾ ਸੀ। ਅਜਿਹਾ ਕਰਦਿਆਂ ਇਸ ਵੱਕਾਰੀ ਸੰਸਥਾ ਨੇ ਅਪਣੇ ਅਸਲ ਸਰੂਪ, ਆਦਰਸ਼ਾਂ, ਟੀਚਿਆਂ ਅਤੇ ਮੁੱਦਿਆਂ ਤੋਂ ਹੀ ਮੂੰਹ ਮੋੜ ਲਿਆ ਹੈ ਅਤੇ ਨਿਜੀ ਪ੍ਰਗਤੀ ਤਕ ਸੀਮਤ ਹੋ ਕੇ ਰਹਿ ਗਿਆ ਹੈ। ਦਾਨਿਸ਼ਮੰਦਾਂ, ਦਰਦਮੰਦਾਂ ਅਤੇ ਸੰਵੇਦਨਸ਼ੀਲ ਸੱਜਣਾਂ ਦੇ ਅਣਥੱਕ ਯਤਨਾਂ ਪਿਛੋਂ ਇਨ੍ਹਾਂ ਰਾਜਸੀ ਕਾਨਫ਼ਰੰਸਾਂ ਤੇ ਕੋਈ ਰੋਕ ਲਾਈ ਜਾ ਸਕੀ ਹੈ। ਭਾਵੇਂ ਇਹ 351ਵੇਂ ਪ੍ਰਕਾਸ਼ ਦਿਨ ਮੌਕੇ ਸ੍ਰੀ ਪਟਨਾ ਸਾਹਿਬ ਨੂੰ ਸੰਗਤ ਢੋਣ ਕਰ ਕੇ ਹੀ ਲਾਈ ਗਈ ਹੋਵੇ। ਇਸ ਸਾਲ ਵੀ 26 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਫ਼ਤਿਹਗੜ੍ਹ ਦੀ ਫੇਰੀ ਨੇ ਆਮ ਸੰਗਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਪੈਦਾ ਕੀਤਾ। ਕੀ ਇਹ ਇਸ ਤੋਂ ਅੱਗੇ ਪਿੱਛੇ ਅਪਣੀ ਅਕੀਦਤ ਭੇਟ ਕਰਨ ਨਹੀਂ ਸੀ ਜਾ ਸਕਦੇ? ਸਾਡੇ ਲੀਡਰਾਂ ਨੂੰ ਬਾਹਰਲੇ ਦੇਸ਼ਾਂ ਤੋਂ ਸਿਖਣ ਦੀ ਲੋੜ ਹੈ ਜਿਥੇ ਰੂਸੀ ਪ੍ਰਧਾਨ ਮੰਤਰੀ ਪਟਰੌਲ ਪੰਪ ਤੋਂ ਖ਼ੁਦ ਤੇਲ ਪਾਉਂਦਾ ਹੈ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਸੜਕ ਤੇ ਬਿਨਾਂ ਸੁਰੱਖਿਆ ਅਮਲੇ ਤੋਂ ਜਾਂਦਾ ਹੈ।
ਨੈਤਿਕ ਦੀਵਾਲੀਏਪਨ ਤੋਂ ਇਲਾਵਾ, ਪਤਿਤਪੁਣੇ ਦੀ ਝੁੱਲ ਰਹੀ ਹਨੇਰੀ ਕੀ ਕਲਗੀਧਰ ਪਿਤਾ ਨੂੰ ਮੁੜ ਬੇਦਾਵਾ ਦੇਣ ਦੀ ਮਿਸਾਲ ਨਹੀਂ? ਬੀਤੇ ਕੁੱਝ ਦਹਾਕਿਆਂ ਤੋਂ ਇਸ ਵਥਾ ਨੇ ਸਿੱਖ ਕੌਮ ਦਾ ਹੁਲੀਆ ਹੀ ਵਿਗਾੜ ਦਿਤਾ ਹੈ। ਚਾਰੇ ਲਾਲਾਂ ਦੀ ਸ਼ਹਾਦਤ ਦੇ ਕੇ ਕਿਸ ਫੁਲਵਾੜੀ ਦਾ ਤਸੱਵਰ ਬਾਜਾਂ ਵਾਲੇ ਸ਼ਹਿਨਸ਼ਾਹ ਨੇ ਕੀਤਾ ਸੀ ਉਹ ਬਿਲਕੁਲ ਕਾਫ਼ੂਰ ਹੋ ਚੁੱਕਾ ਹੈ। ਅੱਜ ਖ਼ਾਲਸਾ ਬਿਪਰਨ ਦੀ ਰੀਤ ਦਾ ਧਾਰਨੀ ਹੈ। ਉਹ ਅਦਾਕਾਰਾਂ ਵਰਗਾ ਘੋਨ ਮੋਨ ਹੋ ਕੇ ਫਬਣਾ ਚਾਹੁੰਦਾ ਹੈ। ਉਸ ਨੂੰ ਰੋਕਣ ਅਤੇ ਟੋਕਣ ਦੀ ਜੁਰਾਮਤ ਕੌਣ ਕਰੇ? ਨਿਸਚੇ ਹੀ ਅਸੀ ਸਾਰੇ ਨਵੇਂ ਬੇਦਾਵੀਏ ਪੈਦਾ ਹੋ ਗਏ ਹਾਂ। ਹੋ ਰਹੇ ਹਾਂ।