ਸ਼ਰਧਾ ਦਾ ਸ਼ੁਦਾਅ

ਵਿਚਾਰ, ਵਿਸ਼ੇਸ਼ ਲੇਖ

 ਉਸ ਉਤੇ ਕੁਫ਼ਰ ਦੇ ਫ਼ਤਵੇ ਲਾ ਕੇ ਥਾਂ-ਥਾਂ ਮਿੱਟੀ ਪਲੀਤ ਕੀਤੀ ਜਾਂਦੀ ਹੈ ਅਤੇ ਹੁੱਕਾ ਪਾਣੀ ਬੰਦ ਕਰ ਦਿਤਾ ਜਾਂਦਾ ਹੈ। ਗਏ ਵੇਲੇ ਜਾਂ ਅਤੀਤ ਉਪਰ ਝਾਤੀ ਮਾਰੋ ਤਾਂ ਮੇਰੀ ਇਸ ਸੱਚਾਈ ਦੀ ਤਸਦੀਕ ਇੰਜ ਹੁੰਦੀ ਹੈ ਕਿ ਕੀ ਕਸੂਰ ਸੀ ਬਾਬੇ ਨਾਨਕ ਦਾ, ਜਿਸ ਦੀ ਦੁਨੀਆਂ ਵੈਰੀ ਹੋ ਗਈ ਅਤੇ ਪੈਰ-ਪੈਰ ਉਤੇ ਵੱਟੇ ਵੱਜੇ?  ਕਿਹੜੀ ਬੁਰੀ ਮੱਤ ਦੇਂਦੇ ਸਨ ਹਜ਼ਰਤ ਮੁਹੰਮਦ ਸਾਹਬ ਕਿ ਉਨ੍ਹਾਂ ਦੇ ਦੰਦ ਤੋੜੇ ਗਏ ਤੇ ਸਿਰ ਵਿਚ ਕੂੜਾ ਸੁਟਿਆ ਕਿਉਂਕਿ ਉਨ੍ਹਾਂ ਨੇ ਜੰਮਦੀਆਂ ਧੀਆਂ ਨੂੰ ਕਤਲ ਕਰਨ ਤੋਂ ਡਕਿਆ ਤੇ ਪੱਥਰਾਂ ਤੋਂ ਪੁੱਤਰ ਮੰਗਣ ਵਾਲਿਆਂ ਨੂੰ ਇਕ ਰੱਬ ਵਾਲੇ ਪਾਸੇ ਦਾ ਰਾਹ ਦਸਿਆ ਸੀ। ਜ਼ਰਾ ਗਹੁ ਕਰ ਕੇ ਨੀਝ ਲਾਈਏ ਤਾਂ ਅੰਨ੍ਹੀ ਬੋਲੀ ਸ਼ਰਧਾ ਹੀ ਉਨ੍ਹਾਂ ਨੂੰ ਕਬੂਲ ਨਹੀਂ ਸੀ ਕਰਦੀ। ਉਹ ਲੋਕਾਂ ਨੂੰ ਮਤ ਦੇਂਦੇ ਪਰ ਪੁੱਠੀ ਸ਼ਰਧਾ ਅੱਗੋਂ ਲੱਤ ਮਾਰਦੀ।

ਕੀ ਕਿਆਮਤ ਹੈ ਕਿ ਜੇ ਕੋਈ ਬੰਦਾ ਮੱਝ ਗਾਂ ਖ਼ਰੀਦਣ ਜਾਂਦਾ ਹੈ ਤਾਂ ਕਈ ਸਿਆਣੇ ਸਲਾਹ ਮਸ਼ਵਰੇ ਲਈ ਨਾਲ ਲਿਜਾਂਦਾ ਹੈ। ਫਿਰ ਡੰਗਰ ਨੂੰ ਟੋਰ ਫੇਰ ਕੇ, ਵੇਖ ਚਾਖ ਕੇ, ਠੋਕ ਵਜਾ ਕੇ ਤੇ ਸੋਚ ਵਿਚਾਰ ਕੇ ਲੈਂਦਾ ਹੈ। ਪਰ ਇਸ ਦੇ ਉਲਟ ਕਿਸੇ ਅਖੌਤੀ ਪੀਰ ਫ਼ਕੀਰ, ਗੁਰੂ, ਮੁੱਲਾਂ ਭਾਈ ਜਾਂ ਬਾਬੇ ਦੀ ਸ਼ਰਧਾ ਦੇ ਬੂਹੇ ਦੀ ਚੂਥੀ ਵਿਚ ਹੱਥ ਦੇਣ ਲਗਿਆਂ ਅਕਲ ਦੇ ਬੂਹੇ ਬੰਦ, ਮੱਤ ਨੂੰ ਅੱਗ ਤੇ ਦਿਮਾਗ਼ ਨੂੰ ਜਿੰਦਰੇ ਮਾਰ ਦਿਤੇ ਜਾਂਦੇ ਹਨ। ਉਤੋਂ ਪੀਰ ਸਾਹਬ ਦਾ ਵੀ ਹੁਕਮ ਹੁੰਦਾ ਹੈ ਕਿ ਧਰਮ ਜਾਂ ਮਜ਼ਹਬ ਦਾ ਅਕਲ ਜਾਂ ਮੱਤ ਨਾਲ ਕੋਈ ਵਾਸਤਾ ਨਹੀਂ। ਧਰਮ ਆਖਦਾ ਹੈ ਕਿ ਮੇਰੇ ਉਤੇ ਇਤਬਾਰ ਕਰਨ ਲਗਿਆਂ ਅਕਲ ਘਰ ਛੱਡ ਆਉ।

ਇਸ ਦਾ ਮਤਲਬ ਹੈ ਕਿ ਸਵਰਗ ਵਿਚ ਜਾਣ ਲਈ ਬੇਅਕਲ ਅਤੇ ਸ਼ੁਦਾਈ ਹੋਣਾ ਜ਼ਰੂਰੀ ਹੈ? ਅੰਨ੍ਹੇ, ਬੋਲੇ, ਗੁੰਗੇ ਸ਼ਰਧਾ ਵਾਲੇ ਨੂੰ ਕੋਈ ਲੋੜ ਨਹੀਂ ਰਹਿੰਦੀ ਕਿ ਮੱਝ ਗਾਂ ਖ਼ਰੀਦਣ ਵਾਂਗ ਕਿਸੇ ਪੀਰ ਬਾਬੇ ਜਾਂ ਮੁੱਲਾਂ ਭਾਈ ਦੇ ਚਾਲੇ ਵੀ ਠੋਕ ਵਜਾ ਕੇ ਵੇਖ ਲਵੇ? ਮੂਰਖ ਸ਼ਰਧਾਲੂ ਨੇ ਕਦੇ ਨਹੀਂ ਸੋਚਿਆ ਕਿ ਅੱਲਾਹ ਵਾਲੇ ਤਾਂ ਬਾਬੇ ਨਾਨਕ, ਮਹਾਤਮਾ ਬੁਧ ਅਤੇ ਹਜ਼ਰਤ ਮੁਹੰਮਦ ਜਿਹੀ ਜ਼ਿੰਦਗੀ ਬਸਰ ਕਰਦੇ ਸਨ ਪਰ ਮੇਰਾ ਪੀਰ ਕਾਰਾਂ ਕੋਠੀਆਂ ਅਤੇ ਮਹਿਲ ਮਾੜੀਆਂ ਵਿਚ ਕਿਉਂ ਰਹਿੰਦਾ ਹੈ? ਅੱਜ ਨਾ ਬਾਬਾ ਨਾਨਕ ਜੀ ਜਹੇ ਪੀਰ ਅਤੇ ਨਾ ਭਾਈ ਮਰਦਾਨੇ ਜਿਹੇ ਸ਼ਰਧਾਲੂ ਰਹੇ। ਜਾਂ ਹੋ ਸਕਦਾ ਹੈ ਅੱਜ ਦਾ ਸ਼ਰਧਾਲੂ ਵੀ ਅਪਣਾ ਹੀ ਉਲੂ ਸਿੱਧਾ ਕਰ ਰਿਹਾ ਹੋਵੇ। ਜਿਵੇਂ, ਗੁਰੂ ਤੇ ਚੇਲਾ ਨਾਨਕਾ ਖੇਡਣ ਦਾਉ ਦਾਈ...।

 

  ਕਿਉਂਕਿ ਤਫ਼ਤੀਸ਼ ਤਸਦੀਕ ਕਰਨ ਲਗਿਆਂ ਪੀਰਾਂ ਬਾਬਿਆਂ ਦੀਆਂ ਚਲਾਕੀਆਂ ਫੜੀਆਂ ਜਾਂਦੀਆਂ ਹਨ, ਇਸ ਕਰ ਕੇ ਉਨ੍ਹਾਂ ਦਾ ਹੁਕਮ ਹੈ ਕਿ ਮਜ਼ਹਬ ਉਤੇ ਗ਼ੌਰ ਕਰਨ ਵਾਲਾ ਕਾਫ਼ਰ ਹੋ ਜਾਂਦਾ ਹੈ। ਬਸ ਇਹੀ ਸਮਝੋ ਕਿ ਜਿਸ ਨੇ ਲਾਈ ਗੱਲੀਂ, ਉਸੇ ਨਾਲ ਉਠ ਚੱਲੀ। ਕੈਸੀ ਅਜੀਬ ਗੱਲ ਹੈ ਕਿ ਅਕਲ ਵਰਤਣਾ ਮਨ੍ਹਾ ਹੈ।


ਕੋਈ ਜ਼ਮਾਨਾ ਸੀ ਜਦਕਿ ਇਸ ਅੰਨ੍ਹੀ ਸ਼ਰਧਾ ਦੇ ਪਾਏ ਹੋਏ ਪਵਾੜੇ ਨਿੱਕੇ-ਨਿੱਕੇ ਹੁੰਦੇ ਸਨ। ਇਹ ਧਰਮ ਦੇ ਮਾਮੇ ਅਤੇ ਠੇਕੇਦਾਰ ਅਪਣੇ ਕਲਾ ਅਤੇ ਫ਼ਨ ਦੀ ਬੀਨ ਐਨੀ ਸੂਰੀਲੀ ਵਜਾਂਦੇ ਨੇ ਕਿ ਸਿਰਫਿਰਿਆ ਸ਼ਰਧਾਲੂ ਸਿਰ ਮਾਰਨ ਲੱਗ ਪੈਂਦਾ ਹੈ। ਫਿਰ ਕਾਰੀਗਰ ਪੀਰ ਸਾਧੂ ਸੰਤ ਉਸ ਦੀ ਮੱਤ ਮਾਰ ਕੇ ਉਸ ਦੀਆਂ ਸੋਚਾਂ ਉਤੇ ਕਬਜ਼ਾ ਕਰ ਲੈਂਦਾ ਹੈ। ਅੱਜ ਇਸ ਖੇਡ ਨੂੰ 'ਬਰੇਨ ਵਾਸ਼' ਦਾ ਨਾਂ ਦਿਤਾ ਗਿਆ ਹੈ। ਕਿਸੇ ਜ਼ਮਾਨੇ ਵਿਚ ਇਹ ਤਮਾਸ਼ਾ ਛੋਟੇ ਪੱਧਰ ਤੇ ਕੀਤਾ ਜਾਂਦਾ ਸੀ ਪਰ ਅੱਜ ਇਸ ਖੇਡ ਦਾ ਖਲਾਰ ਘਰਾਂ ਵਿਚੋਂ ਨਿਕਲ ਕੇ ਸ਼ਹਿਰਾਂ ਅਤੇ ਮੁਲਕਾਂ ਵਿਚ ਫੈਲ ਗਿਆ ਹੈ। ਉਸ ਜ਼ਮਾਨੇ ਵਿਚ ਇਹ ਪੀਰ ਬਾਬੇ ਸਿਰਫ਼ ਅਪਣੇ ਰੋਟੀ ਟੁਕ ਜਾਂ ਕੜਾਹ ਪਾਣੀ ਮੱਠਣ ਤਕ ਹੀ ਰਹਿੰਦੇ ਸਨ। ਹੁਣ ਇਸ ਕਾਰੋਬਾਰ ਨੇ ਪੂਰੀ ਦੁਨੀਆਂ ਉਤੇ ਪੰਜਾ ਜਮਾ ਲਿਆ ਹੈ।

ਇਸ ਵੇਲੇ ਤਕ ਸਿਰਫ਼ ਪਾਕਿਸਤਾਨ ਵਿਚ ਹੀ ਫ਼ੌਜ ਅਤੇ ਤਾਲਿਬਾਨ ਵਿਚ ਹੋਣ ਵਾਲੀ ਲੜਾਈ ਨਾਲ ਪੰਜਾਹ ਹਜ਼ਾਰ ਬੰਦਾ ਮਾਰਿਆ ਜਾ ਚੁਕਾ ਹੈ। ਇਸ ਲੜਾਈ ਦੀ ਅੱਗ ਅੰਨ੍ਹੀ ਸ਼ਰਧਾ ਦੀ ਸ਼ੁਰਲੀ ਚਲਾਣ ਨਾਲ ਫੈਲੀ ਹੈ, ਜਿਸ ਨੂੰ ਜੇਹਾਦ ਦਾ ਨਾਂ ਦੇ ਕੇ ਅਗਲੇ ਜਹਾਨ ਵਿਚ ਜੰਨਤ ਹਾਸਲ ਕਰਨ ਦੇ ਲਾਲਚ ਵਿਚ ਅੰਨ੍ਹੇ ਹੋਏ ਸ਼ਰਧਾਲੂ ਸੋਮ ਦੀ ਹੀ ਉਲੰਘਣਾ ਕਰ ਕੇ ਰੱਬ ਦੀ ਮਖ਼ਲੂਕ ਨੂੰ ਕਤਲ ਕਰੀ ਜਾ ਰਿਹਾ ਹੈ। ਨਿੱਕੇ-ਨਿੱਕੇ ਅਲੂਏਂ ਮੁੰਡੇ ਮੌਲਵੀਆਂ ਦੀ ਉਂਗਲੀ ਲੱਗ ਕੇ ਸ਼ਰਚ ਵਿਚਾਰ ਤੋਂ ਵਾਂਝੇ ਹੋ ਗਏ ਹਨ। ਹਰ ਸ਼ਰਧਾਲੂ ਅਪਣੀ-ਅਪਣੀ ਸ਼ਰਧਾ ਨੂੰ ਰੱਬ ਦਾ ਹੁਕਮ ਆਖ ਕੇ ਰੱਬ ਦੇ ਹੁਕਧਾ ਦੇ ਨਸ਼ੇ ਵਿਚ ਮਦਹੋਸ਼ ਹੋ ਕੇ ਲੱਕ ਨਾਲ ਬੰਬ ਬੰਨ੍ਹ ਕੇ ਸਕੂਲਾਂ ਦੇ ਮਾਸੂਮ ਬਾਲ ਵੀ ਮਾਰੀ ਜਾ ਰਹੇ ਹਨ।

ਇਸ ਪੂਰੀ ਦੁਨੀਆਂ ਉਤੇ ਲੱਗੀ ਹੋਈ ਅੱਗ ਅਤੇ ਐਟਮ ਬੰਬ ਨਾਲੋਂ ਜ਼ਿਆਦਾ ਖ਼ਤਰਨਾਕ ਸ਼ਰਧਾ ਦੇ ਸ਼ੁਦਾਈਆਂ ਦੀ ਵਿਸਥਾਰ, ਵਿਆਖਿਆ ਜਾਂ ਤਫ਼ਸੀਲ ਤਾਂ ਅੱਗੇ ਜਾ ਕੇ ਬਿਆਨ ਕਰਾਂਗਾ, ਪਹਿਲਾਂ ਹਰ ਘਰ, ਹਰ ਮੁਹੱਲੇ ਤੇ ਹਰ ਗਲੀ ਵਿਚ ਅੱਗ ਲਾਉਂਦੀ ਫਿਰਦੀ ਉਸ ਚੁਪਚਾਪ ਸ਼ਰਧਾ ਦੀ ਗੱਲ ਕਰ ਲਵਾਂ ਜਿਸ ਨੂੰ ਲੋਕ ਰੱਬ ਦੀ ਮਰਜ਼ੀ ਆਖ ਕੇ ਬੜੇ ਚਾਵਾਂ ਨਾਲ ਗ਼ਰਕ ਹੋ ਜਾਣ ਵਾਲੀਬੇੜੀ ਵਿਚ ਬੈਠ ਕੇ ਕਾਮਯਾਬੀ ਦੇ ਦੂਜੇ ਕੰਢੇ ਅਪੜਨ ਦੀ ਆਸ ਵਿਚ ਗ਼ੋਤੇ ਖਾ ਰਹੇ ਹਨ।



ਹਰ ਖ਼ੁਸ਼ਨਸੀਬ ਹੋਸ਼ਮੰਦ ਇਨਸਾਨ, ਜਿਹੜਾ ਇੰਜ ਦੀ ਸ਼ਰਧਾ ਦੇ ਸ਼ੁਦਾਅ ਤੋਂ ਬਚਿਆ ਹੋਇਆ ਹੈ, ਇਸ ਕਿਸਮ ਦੇ ਤਮਾਸ਼ੇ ਵੇਖਦਾ ਹੀ ਹੋਵੇਗਾ। ਪਰ ਮੈਂ ਦੋ ਚਾਰ ਖੇਡਾਂ ਹੀ ਪੇਸ਼ ਕਰ ਰਿਹਾ ਹਾਂ ਤਾਂ ਜੋ ਇਸ ਪਾਗਲਖ਼ਾਨੇ ਵਿਚ ਖ਼ੁਸ਼ ਹੋ ਕੇ ਵੜੇ ਇਨਸਾਨਾਂ ਵਿਚੋਂ ਸ਼ਾਇਦ ਕੋਈ ਸਬਕ ਸਿਖ ਲਵੇ।

ਆਖਦੇ ਨੇ, ਬਰਤਾਨੀਆਂ ਦੁਨੀਆਂ ਦਾ ਬੜਾ ਹੀ ਤਰੱਕੀਯਾਫ਼ਤਾ ਅਤੇ ਬੜੀਆਂ ਉੱਚੀਆਂ ਸੁੱਚੀਆਂ ਸਭਿਆਚਾਰਕ ਕਦਰਾਂ ਦਾ ਮਾਲਕ ਅਤੇ ਤਹਿਜ਼ੀਬ ਪੱਖੋਂ ਬੜਾ ਹੀ ਅੱਗੇ ਵੱਧ ਚੁਕਾ ਹੈ। ਇਸ ਹਕੀਕਤ ਤੋਂ ਮੈਂ ਵੀ ਇਨਕਾਰ ਨਹੀਂ ਕਰਦਾ, ਪਰ ਇਕ ਕਹਾਵਤ ਹੈ ਕਿ ਜਿਹੜਾ ਇਥੇ ਭੈੜਾ ਉਹ ਲਾਹੌਰ ਵੀ ਭੈੜਾ। ਚੱਕੀ ਚੱਟਣ ਵਾਲੀ ਕੁੱਤੀ ਨੂੰ ਲੰਦਨ ਵਾੜ ਕੇ ਨੂਡਲ ਪੀਜ਼ਾ ਪਾਉਗੇ ਤਾਂ ਵੀ ਉਹ ਛੱਡ ਕੇ ਚੱਕੀ ਦੇ ਗੰਡ ਦਾ ਪਰੋਲਾ ਹੀ ਲਭਦੀ ਫਿਰੇਗੀ। ਇਸ ਸੱਚਾਈ ਦਾ ਸ਼ੀਸ਼ਾ ਮੈਂ ਇੰਜ ਵਿਖਾ ਦਿਆਂ ਕਿ ਮੱਕਾ ਸ਼ਰੀਫ਼ ਵਿਚ ਰੱਬ ਦੇ ਘਰ ਦੁਆਲੇ ਚੱਕਰ ਕੱਟਣ ਵਾਲਿਆਂ ਵਿਚ ਮੈਂ ਜੇਬ ਕਤਰੇ ਵੀ ਫੜੇ ਜਾਂਦੇ ਵੇਖੇ। ਇਹ ਫੜੇ ਜਾਣ ਵਾਲੇ ਖ਼ੈਰ ਨਾਲ ਮੁਸਲਮਾਨ ਹੀ ਸਨ। ਦਸਣਾ ਇਹ ਚਾਹਿਆ ਹੈ ਕਿ ਭੈੜੇ, ਰੱਬ ਦੇ ਘਰ ਆ ਕੇ ਵੀ ਭੈੜੇ ਹੀ ਰਹੇ। ਇਨ੍ਹਾਂ ਦੀ ਸ਼ਰਧਾ ਸਿਰਫ਼ ਧਨ ਦੌਲਤ ਸੀ, ਧਰਮ ਦੀ ਸ਼ਰਧਾ ਨਾਲ ਕੋਈ ਵਾਸਤਾ ਨਹੀਂ। ਮੇਰਾ ਵਿਸ਼ਾ ਮਜ਼ਹਬੀ ਸ਼ਰਧਾ ਦੇ ਸ਼ੁਦਾਅ ਦੀ ਮਿਰਗੀ ਪਏ ਲੋਕ ਹਨ। ਉਂਜ ਤਾਂ ਇਸ ਸ਼ਰਧਾ ਦੀ ਪੁੱਠੀ ਇੱਲਤ ਹਰ ਮਜ਼ਹਬ ਵਿਚ ਹੈ ਪਰ ਮੈਂ ਇਹਤਿਆਤ ਕਰਾਂਗਾ ਕਿ ਕਿਸੇ ਦੂਜੇ ਧਰਮ ਦੀ ਹਮਾਕਤ ਦਾ ਤਮਾਸ਼ਾ ਨਾ ਹੀ ਵਿਖਾਵਾਂ। ਕਿਧਰੇ ਉਹ ਨਾ ਹੋਵੇ ਕਿ ਲੋਕੀ ਮੇਰਾ ਤਮਾਸ਼ਾ ਬਣਾ ਦੇਣ। ਵੈਸੇ ਮੈਂ ਇਸਲਾਮੀ ਸੋਚ ਦੀ ਬਜਾਏ ਇਨਸਾਨੀ ਖ਼ਿਆਲ ਨੂੰ ਮੁੱਖ ਰੱਖ ਕੇ ਇਸ ਵਿਸ਼ੇ ਨੂੰ ਹੱਥ ਪਾਇਆ ਹੈ। ਇਹ ਮਸਲਾ ਕਿਸੇ ਖ਼ਾਸ ਧਰਮ ਦਾ ਨਹੀਂ ਬਲਕਿ ਹਰ ਇਨਸਾਨ ਦਾ ਮਸਲਾ ਹੈ।

ਮੈਂ ਦੱਸ ਰਿਹਾਂ ਸਾਂ ਕਿ ਲੋਕ ਸਮਝਦੇ ਹੋਣਗੇ ਕਿ ਲੰਦਨ ਜਿਹੀ ਥਾਂ ਉਤੇ ਅੱਪੜ ਜਾਣ ਵਾਲੇ ਲੋਕ ਸ਼ੁਦਾਈ ਕਿਸਮ ਦੀ ਬੀਮਾਰ ਸ਼ਰਧਾ ਤੋਂ ਪਰਹੇਜ਼ ਗੁਰੇਜ਼ ਕਰਦੇ ਹੋਏ ਅਕਲ ਸਿਖ ਚੁਕੇ ਹੋਣਗੇ ਪਰ ਜੋ ਕੁੱਝ ਇਥੇ ਹੁੰਦਾ ਹੈ ਉਹ ਸ਼ਾਇਦ ਨਾ ਲਾਹੌਰ ਹੁੰਦਾ ਹੋਵੇਗਾ, ਨਾ ਲੁਧਿਆਣੇ। ਇਸ ਵਿਚ ਵੀ ਸ਼ੱਕ ਨਹੀਂ ਕਿ ਇਥੇ ਹਰ ਬਾਲ ਨੂੰ ਕਾਨੂੰਨੀ ਤੌਰ ਤੇ ਸਕੂਲੇ ਜਾਣਾ ਪੈਂਦਾ ਏ, ਵਰਨਾ ਮਾਂ-ਪਿਉ ਅੰਦਰ ਹੋ ਜਾਂਦੇ ਹਨ। ਇਸ ਦੇ ਬਾਵਜੂਦ ਇਕ ਨਿੱਕਾ ਜਿਹਾ ਸ਼ਰਧਾ ਦੇ ਸ਼ੁਦਾਅ ਦਾ ਨਮੂਨਾ ਅਪਣੇ ਹੀ ਘਰ ਤੋਂ ਸ਼ੁਰੂ ਕਰ ਰਿਹਾ ਹਾਂ।

ਲੰਦਨ ਵਿਚ ਮੇਰਾ ਨਿੱਕਾ ਸਾਲਾ ਇਕ ਦਿਨ ਹਫਿਆ ਸਹਿਮਿਆ ਅਤੇ ਡਰਿਆ ਹੋਇਆ ਮੇਰੇ ਘਰ ਆਇਆ ਤੇ ਆਖਣ ਲਗਾ, ''ਅਮੀਨ ਸਾਹਬ, ਅੱਜ ਮੈਨੂੰ ਰੱਬ ਨੇ ਹੀ ਰਖ ਗਿਆ ਜੇ।'' ਮੈਂ ਦਿਲ ਵਿਚ ਸੋਚਿਆ, ਰੱਬ ਨੇ ਗ਼ਲਤੀ ਹੀ ਕੀਤੀ ਹੈ ਜਿਹੜਾ ਇੰਜ ਦੇ ਊਤ ਨੂੰ ਛੱਡ ਗਿਆ ਹੈ, ਕੀ ਥੁੜਿਆ ਸੀ ਦੁਨੀਆਂ ਦਾ ਇਸ ਤੋਂ ਬਗ਼ੈਰ? ਪਰ ਮੈਂ ਝੂਠੀ ਘਬਰਾਹਟ ਮੂੰਹ ਉਤੇ ਵਿਛਾ ਕੇ ਪੁਛਿਆ, ''ਕਿਉਂ ਯਾਰ ਰਿਆਜ਼, ਕੀ ਹੋ ਗਿਆ ਸੀ?'' ਆਖਣ ਲੱਗਾ, ''ਭਾਅ ਜੀ ਮੈਂ ਅਪਣੇ ਕਮਰੇ ਵਿਚ ਇਕੱਲਾ ਹੀ ਬੈਠਾ ਟੀ.ਵੀ. ਵੇਖ ਰਿਹਾ ਸਾਂ ਤੇ ਅਚਾਨਕ ਛੱਤ ਦਾ ਇਕ ਵੱਡਾ ਸਾਰਾ ਹਿੱਸਾ ਡਿੱਗ ਪਿਆ। ਸ਼ੁਕਰ ਹੈ ਮੇਰੇ ਤੋਂ ਇਕ ਗਜ਼ ਪਰੇ ਡਿੱਗਾ ਤੇ ਮੈਂ ਮਸਾਂ ਹੀ ਬਚਿਆ ਜੇ।'' ਮੈਂ ਦਿਲ ਵਿਚ ਆਖਿਆ, ਛੱਤ ਨੇ ਵੀ ਬੁਰਾ ਹੀ ਕੀਤਾ ਜਿਹੜੀ ਪਰਾਂ ਹੋ ਕੇ ਡਿੱਗੀ... ਕਿੰਨਾ ਚੰਗਾ ਕਰਦੀ ਜੇ ਰਿਆਜ਼ ਦਾ ਤਾਲੂ ਸੇਕਦੀ ਤੇ ਇਸ ਤਰ੍ਹਾਂ ਇਕ ਬੋਤਲ ਪੀ ਕੇ ਸੋਹਲਿਆ ਫੇਰਨ ਵਾਲੇ ਹੱਥੋਂ ਬੀਵੀ ਤਾਂ ਬਚ ਜਾਂਦੀ। ਫਿਰ ਹੱਥ ਜੋੜ ਕੇ ਅਸਮਾਨ ਵਲ ਵੇਖਦੇ ਹੋਏ ਕਹਿਣ ਲੱਗਾ, ''ਭਾਅ ਜੀ, ਕੁੱਝ ਰੱਬ ਦੇ ਨਾਂ ਦਾ ਦਿਤਾ ਹੀ ਕੰਮ ਆ ਗਿਆ ਜੇ।

'' ਮੈਂ ਕਿਹਾ, ''ਬਿਲਕੁਲ ਰਿਆਜ਼, ਤੂੰ ਸੱਚ ਆਖਿਆ ਏ, ਮੇਰੇ ਖ਼ਿਆਲ ਵਿਚ ਨੂੰ ਹੱਥੋਂ ਤੇ ਕੁੱਝ ਨਹੀਂ ਦਿਤਾ ਪਰ ਮੂੰਹ ਨਾਲ ਦਾਰੂ ਪੀ ਕੇ ਬੀਵੀ ਨੂੰ ਰੱਬ ਵਾਸਤੇ ਬੜੀਆਂ ਗਾਲ੍ਹਾਂ ਦਿਤੀਆਂ ਨੇ।'' ਰਿਆਜ਼ ਫਿਰ ਬੋਲਿਆ, ''ਅਮੀਨ ਸਾਹਬ, ਮੇਰੇ ਬਾਲ ਬੱਚੇ ਤਾਂ ਪਾਕਿਸਤਾਨ ਗਏ ਹੋਏ ਨੇ ਪਰ ਮੈਂ ਛੇਤੀ ਨਾਲ ਸ਼ੁਕਰਾਨੇ ਵਜੋਂ ਇਕ ਆਂਡਾ ਸੜਕ ਦੇ ਚੌਂਕ ਵਿਚ ਤੋੜ ਆਇਆ ਹਾਂ। ਹੁਣ ਤੁਹਾਨੂੰ ਪੁੱਛਣ ਆਇਆ ਹਾਂ ਕਿ ਇਕ ਕਾਲਾ ਕੁੱਕੜ ਛੁਰੀ ਫੇਰ ਕੇ ਕਿਸੇ ਚੌਕ ਵਿਚ ਨਾ ਸੁਟ ਆਵਾਂ?'' ਮੈਨੂੰ ਪਤਾ ਲੱਗ ਗਿਆ ਕਿ ਇਸ ਵੇਲੇ ਅੰਨ੍ਹੀ ਸ਼ਰਧਾ ਦਾ ਸ਼ੁਦਾਅ ਪੂਰੇ ਜੋਬਨ ਉਤੇ ਹੈ। ਮੈਂ ਹਾਸੇ ਨੂੰ ਸੰਜੀਦਗੀ ਦੀ ਮੁੱਠ ਵਿਚ ਘੁੱਟ ਕੇ ਸੋਚਿਆ ਕਿ ਰਿਆਜ਼ ਸਾਹਬ ਇਕ ਚੌਕ ਨੂੰ ਸਵੇਰੇ ਆਂਡੇ ਦਾ ਨਾਸ਼ਤਾ ਤੇ ਕਰਵਾ ਆਏ ਨੇ ਤੇ ਹੁਣ ਕਿਸੇ ਚੌਕ ਨੂੰ ਰਾਤ ਦਾ ਡਿਨਰ ਦੇਣ ਲੱਗੇ ਨੇ। ਮੈਂ ਕਿਹਾ, ''ਰਿਆਜ਼ ਸਾਹਬ, ਤੁਸਾਂ ਅਪਣੀ ਜਾਨ ਤੋਂ ਆਂਡਾ ਕੁਰਬਾਨ ਕਰ ਦਿਤੈ। ਇਸ ਤੋਂ ਵੱਧ ਕੀ ਕਰਨਾ ਜੇ।'' ਉਹ ਆਖਣ ਲਗਾ, ''ਨਹੀਂ-ਨਹੀਂ, ਭਾਅ ਜੀ, ਇਕ ਕੁੱਕੜ ਦੀ ਕੁਰਬਾਨੀ ਜ਼ਰੂਰੀ ਹੈ।

'' ਮੈਂ ਤਾਂ ਆਂਡਾ ਹਰਾਮ ਕਰਨ ਤੇ ਹੀ ਅਫ਼ਸੋਸ ਕਰ ਰਿਹਾ ਸਾਂ, ਹੁਣ ਕੁੱਕੜ ਦੀ ਬਰਬਾਦੀ ਬਰਦਾਸ਼ਤ ਨਹੀਂ ਸੀ ਹੋ ਰਹੀ। ਮੈਂ ਆਖਿਆ, ''ਰਿਆਜ਼, ਰੱਬ ਨੇ ਤੇਰੀ ਜਾਨ ਬਖ਼ਸ਼ ਦਿਤੀ ਏ ਤੇ ਕੁੱਕੜ ਦੀ ਜਾਨ ਕਿਉਂ ਗਵਾਣ ਲੱਗੈਂ? ਨਾਲੇ ਇਸ ਮੁਲਕ ਵਿਚ ਤਾਂ ਸੜਕ ਉਤੇ ਨੱਕ ਵੀ ਸੁਣਕ ਦਈਏ ਤਾਂ ਪੁਲਿਸ ਫੜ ਲੈਂਦੀ ਏ, ਤੂੰ ਕੁੱਕੜ ਸੁੱਟ ਕੇ ਸਿੱਧਾ ਜੇਲ ਵਿਚ ਜਾਣ ਵਾਲੀ ਗੱਲ ਨਾ ਕਰੀਂ। ਨਾਲੇ ਅਜਕਲ ਮੁਸਲਮਾਨਾਂ ਉਤੇ ਉਂਜ ਵੀ ਕਹਿਰ ਵਰਤਿਆ ਪਿਐ ਤੇ ਕੁੱਕੜ ਦਾ ਲਹੂ ਵੇਖ ਕੇ ਪੁਲਿਸ ਨੇ ਆਖਣੈ ਕਿ ਤੂੰ ਦਹਿਸ਼ਤਗਰਦ ਏਂ ਤੇ ਕੁੱਕੜ ਤੋਂ ਬੰਦੇ ਮਾਰਨ ਦੀ ਜਾਚ ਸਿਖ ਰਿਹੈਂ।'' ਅੰਦਰੋਂ ਮੇਰਾ ਜੀ ਕਰਦਾ ਸੀ ਕਿ ਜਿਊਂਦਾ ਕੁੱਕੜ ਮੈਨੂੰ ਲੱਭ ਜਾਵੇ ਤੇ ਰਾਤ ਦੀ ਹਾਂਡੀ ਬਣ ਜਾਏ। ਪਰ ਸ੍ਰੀਮਤੀ ਜਨਾਬਾ ਸ਼ਰਧਾ ਦਾ ਹੁਕਮ ਸੀ ਕਿ ਰਿਆਜ਼ ਅਪਣੇ ਹੱਥ ਨਾਲ ਛੁਰੀ ਫੇਰ ਕੇ ਚੌਕ ਵਿਚ ਸੁੱਟੇ। ਰਿਆਜ਼ ਨੇ ਕਿਹਾ, ''ਅਮੀਨ ਸਾਹਬ, ਮੈਂ ਅੱਧੀ ਰਾਤ ਨੂੰ ਵੇਖ ਚਾਖ ਕੇ ਦੂਰੋਂ ਹੀ ਸੁਟ ਕੇ ਦੌੜ ਜਾਵਾਂਗਾ...।'' ਇਥੇ ਇਹ ਗੱਲ ਗਹੁ ਕਰਨ ਵਾਲੀ ਹੈ ਕਿ ਅੰਨ੍ਹੀ ਸ਼ਰਧਾ ਤੋਂ ਆਂਡੇ ਕੁੱਕੜ ਹਰਾਮ ਕਰਨ ਵਾਲਾ ਰਿਆਜ਼ ਚਾਲ੍ਹੀ ਵਰ੍ਹੇ ਪਹਿਲਾਂ ਵਜ਼ੀਰਆਬਾਦ ਤੋਂ ਆਇਆ ਰਿਆਜ਼ ਅਜੇ ਬੱਚਾ ਹੀ ਸੀ ਤੇ ਕੁੱਝ ਚਿਰ ਇਥੇ ਸਕੂਲ ਵਿਚ ਵੀ ਪੜ੍ਹਦਾ ਰਿਹਾ ਹੈ। ਪਰ ਉਹੀ ਗੱਲ 'ਮੂਰਖ ਨੂੰ ਮੱਤ ਨਸੀਹਤ ਤੇ ਪੱਥਰ ਨੂੰ ਕੀ ਪਾਲਾ, ਕਾਲੇ ਨੂੰ ਸੌ ਰੰਗ ਚੜ੍ਹਾਉ, ਫਿਰ ਕਾਲੇ ਦਾ ਕਾਲਾ'। ਜਾਂ ਉਰਦੂ ਵਿਚ ਇਕ ਸ਼ਿਅਰ ਹੈ 'ਇਲਮ ਸੇ ਜਾਹਿਲ ਕੀ ਜਹਾਲਤ ਨਹੀਂ ਜਾਤੀ, ਲਫਜ਼ ਨਾਦਾਨ ਕੋ ਉਲਟਾ ਕੀਆ ਨਾਦਾਨ ਹੀ ਰਹਾ।' ਮਤਲਬ ਇਹ ਕਿ ਸ਼ਬਦ ਨਾਦਾਨ ਨੂੰ ਉਲਟਾ ਕਰ ਕੇ ਵੀ ਲਿਖੋ ਤਾਂ ਨਾਦਾਨ ਹੀ ਲਿਖਿਆ ਮਿਲੇਗਾ।

ਇਹ ਨਿੱਕੀ ਜਿਹੀ ਗੱਲ ਦੱਸ ਕੇ ਮੈਂ ਸ਼ਰਧਾ ਦੇ ਸ਼ੁਦਾਅ ਦੀ ਪੌੜੀ ਦੇ ਪਹਿਲੇ ਡੰਡੇ ਉਤੇ ਹੀ ਪੈਰ ਰਖਿਆ ਹੈ। ਹੌਲੀ ਹੌਲੀ ਜਦੋਂ ਇਹ ਸ਼ੁਦਾਅ ਚੁਬਾਰੇ ਚੜ੍ਹਿਆ ਤਾਂ ਪਤਾ ਲੱਗੇਗਾ ਇਸ ਦੀ ਬਰਬਾਦੀ ਦਾ ਖਲਾਰ ਕਿਥੋਂ ਤੀਕ ਜਾਂਦਾ ਹੈ? ਤਾਊਨ, ਹੈਜ਼ਾ ਅਤੇ ਗਰਕੀ ਜਿਹੀ ਬੀਮਾਰੀ ਦਾ ਇਲਾਜ ਤਾਂ ਹੋ ਸਕਦਾ ਹੈ ਪਰ ਇਸ ਤਬਾਹ ਕਰਨ ਵਾਲੇ ਮਰਜ਼ ਦਾ ਹੁਣ ਕੋਈ ਦਾਰੂ ਨਹੀਂ। ਕਈ ਸ਼ੁਦਾਅ ਤਾਂ ਸਾਨੂੰ ਵਿਰਸੇ ਵਿਚ ਮਿਲੇ, ਯਾਨੀ ਜੋ ਦਾਦੇ ਪੜਦਾਦੇ ਕਰਦੇ ਆਏ ਉਹੀ ਕਰੀ ਜਾ ਰਹੇ ਆਂ।

ਰਿਆਜ਼ ਨੂੰ ਆਂਡਾ ਕੁੱਕੜ ਬਰਬਾਦ ਕਰਨ ਵਾਲਾ ਸ਼ੁਦਾਅ ਉਸ ਦੀ ਮਾਂ ਕੋਲੋਂ ਮਿਲਿਆ ਸੀ। ਕੁੱਝ ਸਾਡੇ ਮੁੱਲਾਂ ਮਲਾਣੇ, ਪੀਰ ਪੰਡਤਾਂ ਅਤੇ ਬਾਬਿਆਂ ਨੇ ਅਪਣਾ ਰੋਟੀ ਟੁਕ ਸਿੱਧਾ ਕਰਨ ਲਈ ਇਹ ਹੈਜ਼ਾ ਬਖ਼ਸ਼ਿਆ। ਇਸ ਤੋਂ ਉਤੇ ਜਾਈਏ ਤਾਂ ਸਿਆਸਤ ਨੇ ਇਸ ਸ਼ੁਦਾਅ ਦਾ ਹਥਿਆਰ ਆਲਮੀ ਪੱਧਰ ਤੇ ਵਰਤਿਆ। ਮਸਲਨ ਮੁੱਲਾਂ ਮੁਲਾਣਿਆਂ ਨੂੰ ਮਾਲ ਪਾਣੀ ਦੇ ਕੇ ਆਖਿਆ ਕਿ ਧਰਮ ਦੇ ਨਾਂ ਤੇ ਸ਼ੁਦਾਈ ਤਿਆਰ ਕਰੋ ਜੋ ਤਾਲਿਬਾਨ ਜਾਂ ਲਸ਼ਕਰਾਂ ਦੇ ਨਾਂ ਤੇ ਕਤਲੋਗ਼ਾਰਤ ਦਾ ਬਾਜ਼ਾਰ ਗਰਮ ਕਰ ਕੇ ਹਕੂਮਤਾਂ ਵਿਚ ਹਲਚਲ ਮਚਾ ਕੇ ਸਿਆਸੀ ਫ਼ਾਇਦੇ ਹਾਸਲ ਕੀਤੇ ਜਾਣ। ਕਿਸੇ ਨੂੰ ਆਖਿਆ ਗਿਆ ਕਿ ਇਥੇ ਸਾਡੇ ਧਰਮ ਨੂੰ ਢਾਹ ਲਾ ਕੇ ਮਸੀਤ ਦੀ ਥਾਂ ਮੰਦਰ ਜਾਂ ਗੁਰਦਵਾਰਾ ਬਣਾਇਆ ਗਿਆ ਹੈ ਜਿਥੇ ਰਹੀਮ ਦੀ ਥਾਂ ਰਾਮ ਦਾ ਨਾਂ ਚਾਲੂ ਕੀਤਾ ਜਾਣੈ। ਸੱਚ ਤਾਂ ਇਹ ਹੈ ਕਿ ਉਹੀ ਰਾਮ ਤੇ ਉਹੀ ਰਹੀਮ ਹੈ। ਉਹੀ ਅੱਲਾਹ ਅਤੇ ਉਹੀ ਭਗਵਾਨ ਹੈ। ਰੋਟੀ ਛਾਬੀ ਵਿਚ ਰੱਖੋ ਭਾਵੇਂ ਚਾਂਦੀ ਦੇ ਥਾਲ ਵਿਚ, ਰੋਟੀ ਰੋਟੀ ਹੀ ਰਹਿੰਦੀ ਹੈ। ਮੇਰੇ ਪੰਜਾਬ ਦੇ ਸ਼ਾਇਰ ਸਾਹਰ ਲੁਧਿਆਣਵੀ ਨੂੰ ਕਿਸੇ ਨੇ ਗਿਲਾ ਕਰਦੇ ਹੋਏ ਦਸਿਆ ਕਿ ਵੰਡ ਪਿਛੋਂ ਲੋਕਾਂ ਨੇ ਮਸਜਿਦ ਦੀ ਥਾਂ ਗੁਰਦਵਾਰਾ ਬਣਾ ਲਿਆ ਹੈ। ਸਾਹਰ ਨੇ ਆਖਿਆ, ''ਇਹ ਤਾਂ ਬਹੁਤ ਹੀ ਚੰਗਾ ਹੋਇਆ ਕਿ ਉਥੇ ਰੱਬ ਦਾ ਹੀ ਨਾਂ ਲਿਆ ਜਾਂਦੈ।

ਕਿਸੇ ਨੇ ਡੰਗਰ ਨਹੀਂ ਬੰਨ੍ਹ ਲਏ।'' ਲਿਹਾਜ਼ਾ ਸ਼ਰਧਾ ਦੇ ਧਰਮੀ ਸ਼ੁਦਾਅ ਨੂੰ ਤਲਵਾਰ ਬਣਾ ਕੇ ਸਿਆਸੀ ਮੁਫ਼ਾਦ ਅਤੇ ਮਕਸਦ ਹਾਸਲ ਕਰਨ ਦਾ ਹਥਿਆਰ ਹੈ। ਜਿਵੇਂ ਤਾਲਿਬਾਨ ਆਖਦੇ ਨੇ, ''ਸਾਡੇ ਸਿਵਾ ਸੱਭ ਕਾਫ਼ਿਰ ਨੇ। ਲਾਹੀ ਆਉ ਸੱਭ ਦੇ ਗਾਟੇ।'' ਕਦੇ ਇਹ ਸ਼ੁਦਾਅ ਨਿੱਕੇ ਨਿੱਕੇ ਕੋਠਿਆਂ ਤੀਕ ਹੀ ਅਪੜਿਆ ਸੀ ਪਰ ਹੁਣ ਇਹ ਲੁੱਚਾ ਸੱਭ ਤੋਂ ਉੱਚਾ ਹੈ। ਅੱਜ ਇਹ ਸ਼ੁਦਾਅ ਸਾਡੇ ਜਿਹੇ ਭੁੱਖੇ ਨੰਗੇ ਮੁਲਕਾਂ ਦੇ ਅਮੀਰਾਂ ਵਜ਼ੀਰਾਂ ਦੇ ਮਹਿਲਾਂ ਵਿਚੋਂ ਨਿਕਲ ਕੇ ਵਾਈਟ ਹਾਊਸ ਦਾ ਵੀ ਖ਼ਾਸ ਮਹਿਮਾਨ ਬਣ ਬੈਠਾ ਹੈ। ਇਸ ਮਹਿਮਾਨ ਨੇ ਹੀ ਗਿਆਰਾਂ ਵਰ੍ਹੇ ਇਰਾਨ ਇਰਾਕ ਦੀ ਜੰਗ ਲਵਾਈ ਰੱਖੀ ਸੀ। ਵਾਈਟ ਹਾਊਸ ਵਿਚ ਮਹਿਮਾਨ ਦੀ ਬੰਦੂਕ ਦਾ ਘੋੜਾ ਦਬਾਇਆ ਜਾਂਦਾ ਹੈ ਕਿ ਫਲਾਣੀ ਥਾਂ ਜਾ ਕੇ ਵੱਜ।
ਵੇਖ ਲਵੋ! ਇਸ ਸ਼ਰਧਾ ਦੇ ਸ਼ੁਦਾਅ ਦੀ ਤਰੱਕੀ ਕਿ ਇਕ ਚੌਕ ਵਿਚ ਆਂਡਾ ਭੰਨਣ ਤੋਂ ਲੈ ਕੇ ਵਾਈਟ ਹਾਊਸ ਤਕ ਰਾਜ ਕਰਨ ਲੱਗ ਪਿਆ ਹੈ। ਬਸ ਸ਼ੁਦਾਈ ਜਿਊਂਦੇ ਰਹਿਣ ਜਿਹੜੇ ਭੰਗ ਰੰਗੀ ਸ਼ੁਦਾਅ ਦੀ ਸ਼ਰਦਾਈ ਹੱਸ ਕੇ ਪੀਂਦੇ ਨੇ ਤੇ ਫਿਰ ਅਕਲਮੰਦਾਂ ਦੀ ਮੌਜ ਹੀ ਮੌਜ ਹੈ। ਮੈਂ ਥੋੜੀ ਜਿਹੀ ਕੋਸ਼ਿਸ਼ ਕਰਦਾ ਤਾਂ ਰਿਆਜ਼ ਦਾ ਕੁੱਕੜ ਮੇਰੀ ਹਾਂਡੀ ਵਿਚ ਪੱਕ ਸਕਦਾ ਸੀ।
(ਚਲਦਾ)
-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39.