ਅਸੀ ਕਿਧਰ ਨੂੰ ਜਾ ਰਹੇ ਹਾਂ?
ਹਿੰਦੂ ਕਦੇ ਮਸਜਿਦ ਨਹੀਂ ਜਾਂਦਾ, ਮੁਸਲਮਾਨ ਕਦੇ ਮੰਦਰ ਨਹੀਂ ਵੜਦਾ, ਇਕ ਅੱਜ ਦਾ ਸਿੱਖ
(ਸਾਰੇ ਨਹੀਂ) ਹੀ ਹੈ ਜੋ ਕੋਈ ਵੀ ਜਗ੍ਹਾ ਛਡਦਾ ਹੀ ਨਹੀਂ। ਝੋਲਾ ਚੁੱਕੀ ਅੱਜ ਇਥੇ, ਕਲ
ਉੱਥੇ, ਪਰਸੋਂ ਕਿਤੇ, ਸਾਰਾ ਸਾਲ ਚੱਲ ਸੋ ਚੱਲ ਰਹਿੰਦੀ ਹੈ, ਜਿਸ ਦਾ ਨਤੀਜਾ ਇਹ ਹੈ ਕਿ
ਅਸੀ ਅੱਜ ਫਿਰ ਉਨ੍ਹਾਂ ਹੀ ਵਹਿਮਾਂ-ਭਰਮਾਂ ਦਾ ਸ਼ਿਕਾਰ ਹਾਂ ਜਿਥੋਂ ਗੁਰੂ ਸਾਹਿਬ ਨੇ
ਸਾਨੂੰ ਕਢਿਆ ਸੀ ਜਦਕਿ ਅੱਖਾਂ ਮੀਚ ਕੇ ਕਿਸੇ ਦੇ ਮਗਰ ਲਗਣਾ ਅੰਧਵਿਸ਼ਵਾਸ ਹੈ, ਭੇਡ ਚਾਲ
ਹੈ, ਜਿਸ ਦੀ ਗੁਰਮੱਤ ਵਿਚ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਸਿੱਖ ਮੂਰਤੀ ਪੂਜਕ,
ਅੰਧਵਿਸ਼ਵਾਸੀ ਤੇ ਲਾਈਲੱਗ ਨਹੀਂ ਹੋ ਸਕਦਾ, ਸਗੋਂ ਅਕਾਲ ਪੁਰਖ ਦਾ ਪੁਜਾਰੀ, ਗਿਆਨਤਾ ਤੇ
ਵਿਵੇਕ ਬੁੱਧੀ ਨਾਲ ਖੋਟੇ-ਖਰੇ ਦੀ ਪਰਖ ਕਰਨ ਵਾਲਾ ਹੁੰਦਾ ਹੈ।
ਸਿੱਖ ਕੌਮ ਇਕ
ਨਿਰੰਕਾਰ ਵਿਚ ਵਿਸ਼ਵਾਸ ਰੱਖਣ ਵਾਲੀ ਕੌਮ ਹੈ। ਸਿੱਖਾਂ ਵਿਚ ਕੋਈ ਪੁਜਾਰੀ ਜਮਾਤ ਨਹੀਂ
ਸਿੱਖਾਂ ਦਾ ਸੱਭ ਕੁੱਝ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਸ ਦੀ ਅਗਵਾਈ ਹਰ ਸਿੱਖ ਨੂੰ
ਕਬੂਲਣੀ ਚਾਹੀਦੀ ਹੈ। ਸਿੱਖ ਰਹਿਤ ਮਰਿਯਾਦਾ ਵਿਚ ਵੀ ਸਿੱਖ ਦੀ ਤਾਰੀਫ਼ ਦਿੰਦੇ ਹੋਏ ਲਿਖਿਆ
ਹੋਇਆ ਹੈ ਕਿ ਜੋ ਇਸਤਰੀ ਜਾਂ ਪੁਰਖ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਗੁਰਬਾਣੀ ਤੇ
ਖੰਡੇ ਦੀ ਪਾਹੁਲ ਤੇ ਵਿਸ਼ਵਾਸ ਰਖਦਾ ਹੈ ਅਤੇ ਕਿਸੇ ਹੋਰ ਧਰਮ ਜਾਂ ਦੇਵੀ-ਦੇਵਤੇ ਨੂੰ ਨਹੀਂ
ਮੰਨਦਾ, ਉਹ ਸਿੱਖ ਹੈ।
ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਇਕੱਲੇ ਸਿੱਖ ਸਮਾਜ
ਨੇ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੀਆਂ ਬਹੁਤ ਸਾਰੀਆਂ ਕੌਮਾਂ ਨੇ ਅਪਣਾਇਆ ਪਰ ਅੱਜ ਵੀ
ਸਿੱਖ ਧਰਮ ਨਾਲ ਸਬੰਧਤ ਲੋਕ ਵੱਡੀ ਗਿਣਤੀ ਵਿਚ ਜੰਡਾਂ, ਕਰੀਰਾਂ, ਕਬਰਾਂ, ਸਮਾਧਾਂ,
ਮੜ੍ਹੀਆਂ, ਸਤੀਆਂ, ਜਠੇਰਿਆਂ ਵਗੈਰਾ ਦੀ ਪੂਜਾ ਕਰਦੇ ਹਨ। ਇਸ ਦਾ ਕਾਰਨ ਸਪੱਸ਼ਟ ਹੈ ਕਿ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖ਼ਾਸ ਕਰ ਕੇ
ਜ਼ਿੰਮੇਵਾਰ ਅਹੁਦਿਆਂ ਉੱਤੇ ਬਿਰਾਜਮਾਨ ਹਸਤੀਆਂ ਵਲੋਂ ਪੰਥਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ
ਕੇ ਅਖੌਤੀ ਸਾਧਾਂ ਦੇ ਡੇਰਿਆਂ ਤੇ ਜਗਰਾਤਿਆਂ ਵਰਗੇ ਕਰਮਕਾਂਡਾਂ ਵਗੈਰਾ ਵਿਚ ਹਾਜ਼ਰੀਆਂ
ਭਰਨੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਦਸਮ ਪਿਤਾ, ਸਰਬੰਸਦਾਨੀ ਦੇ ਧਰਮ ਨੂੰ ਨਿੱਕਰਾਂ
ਵਾਲਿਆਂ ਦਾ ਧਰਮ ਬਣਾਉਣ ਲਈ ਇਨ੍ਹਾਂ ਭੱਦਰ ਪੁਰਸ਼ਾਂ ਦਾ ਵੀ ਅਹਿਮ ਯੋਗਦਾਨ (ਅੱਡੀ-ਚੋਟੀ
ਦਾ ਜ਼ੋਰ ਲੱਗਾ ਹੈ ਕਿਉਂਕਿ ਜਿਹੜੇ ਆਪ ਹੀ ਭਟਕੇ ਫਿਰਦੇ ਹਨ ਉਹ ਭਲਾ ਪੰਥ ਦਾ ਭਲਾ ਕੀ
ਕਰਨਗੇ?
ਸਿੱਖ ਕੌਮ ਦੁਨੀਆਂ ਦੀ ਲਾਸਾਨੀ ਕੌਮ ਹੈ ਪਰ ਸਿੱਖ ਆਗੂ, ਸਿੱਖੀ ਦੇ
'ਪਹਿਰੇਦਾਰ' ਬਣਨ ਦੀ ਥਾਂ ਇਸ ਨੂੰ ਵੇਚਣ ਵਾਲੇ ਵਪਾਰੀ ਬਣ ਗਏ ਹਨ। ਧੰਨ ਹਨ ਇਹ ਲੋਕ
ਜਿਹੜੇ ਸਾਨੂੰ ਜਾਗਦਿਆਂ ਨੂੰ ਹੀ ਪੈਂਦੀਂ ਪਾਈ ਜਾ ਰਹੇ ਹਨ ਅਤੇ ਅਸੀ 'ਸਤਿ' ਕਹਿ ਕੇ ਸੱਭ
ਕੁੱਝ ਕਬੂਲ ਕਰੀ ਜਾ ਰਹੇ ਹਾਂ। ਇਥੇ ਇਹ ਗੱਲ ਪੂਰੀ ਢੁਕਦੀ ਹੈ ਕਿ ਸਿੱਖਾਂ ਨੂੰ ਬਾਹਰੋਂ
ਘੱਟ ਅਪਣਿਆਂ ਤੋਂ ਵੱਧ ਖ਼ਤਰਾ ਹੈ ਕਿਉਂਕਿ ਇਕ-ਅੱਧਾ ਹੋਵੇ ਤਾਂ ਮੰਨਿਆ, ਇਥੇ ਤਾਂ 'ਆਵਾ ਈ
ਊਤਿਆ ਪਿਐ!' ਸਿੱਖ ਦੋ ਬੇੜੀਆਂ ਵਿਚ ਸਵਾਰ ਹੋ ਗਏ ਹਨ। ਇਕ ਪੰਥਕ ਰਹਿਤ ਮਰਯਾਦਾ ਨੂੰ
ਛੱਡ ਕੇ ਡੇਰਿਆਂ ਤੇ ਟਕਸਾਲਾਂ ਦੀ ਮਰਿਯਾਦਾ ਦੀ ਪਾਲਣਾ ਕਰ ਰਹੇ ਹਨ, ਜਦਕਿ ਟਾਹਰਾਂ ਅਕਾਲ
ਤਖ਼ਤ ਦੇ ਨਾਂ ਦੀਆਂ ਮਾਰਦੇ ਹਨ। ਪਰ ਅਕਾਲ ਤਖ਼ਤ ਦੀ ਮਰਿਯਾਦਾ ਗੁਰਦਵਾਰਿਆਂ ਵਿਚੋਂ ਕਤਲ
ਕਰ ਰਹੇ ਹਨ। ਓ ਭਲਿਉ, ਅਕਲ ਨੂੰ ਹੱਥ ਮਾਰੋ। ਸਹੁਰਿਆਂ ਦੇ ਨੁਕਸਾਨ ਨਾਲ ਪੇਕਿਆਂ ਦੀ
ਤਰੱਕੀ ਨਹੀਂ ਹੁੰਦੀ।
ਕੀ ਅਸੀ ਅਪਣੇ ਗੁਰੂਆਂ, ਸ਼ਹੀਦਾਂ ਦੇ ਦੱਸੇ ਮਾਰਗ ਉਤੇ ਚੱਲ
ਰਹੇ ਹਾਂ? ਬਿਲਕੁਲ ਨਹੀਂ। ਅਸੀ ਉਸ ਰਸਤੇ ਤੋਂ ਭਟਕ ਚੁੱਕੇ ਹਾਂ, ਜੋ ਸਾਨੂੰ ਸਾਡੇ
ਗੁਰੂਆਂ, ਸ਼ਹੀਦਾਂ ਨੇ ਵਿਖਾਇਆ ਸੀ। ਸਾਨੂੰ ਉਨ੍ਹਾਂ ਨੇ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ
ਕੇ ਸੱਚ ਦੇ ਮਾਰਗ ਉਤੇ ਚਲਾਇਆ ਸੀ। ਗੁਰੂ ਨੇ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਰਚੀ
ਸੀ ਪਰ ਅਜੋਕੇ ਬਹੁਤੇ ਸਿੱਖ ਬ੍ਰਾਹਮਣਾਂ ਵਾਂਗ ਤੋਤਾ ਰਟਨ ਮੰਤਰ ਜਾਪ ਹੀ ਕਰ ਰਹੇ ਹਨ।
ਪੜ੍ਹ-ਪੜ੍ਹ ਕੇ ਗੱਡੇ ਲੱਦੀ ਫਿਰਦੇ, ਅੱਖਰ ਇਕ ਨਾ ਵਿਚਾਰਿਆ ਕੋਈ। ਬਾਣੀ ਸਿਰਫ਼ ਪੜ੍ਹਨ ਲਈ
ਨਹੀਂ, ਬਾਣੀ ਨੂੰ ਵਿਚਾਰਨਾ ਵੀ ਹੈ। ਸਿੱਧੀ ਜਿਹੀ ਗੱਲ ਹੈ ਕਿ ਗੁਰਮਤਿ ਤੋਂ ਉਲਟ ਜਾ ਕੇ
ਕੀਤੇ ਹੋਏ ਸਾਰੇ ਕੰਮ ਕਰਮਕਾਂਡ ਹੀ ਅਖਵਾਉਂਦੇ ਹਨ।
ਸ਼੍ਰੋਮਣੀ ਕਮੇਟੀ ਦੇ
ਚੌਧਰੀਆਂ (ਜਿਨ੍ਹਾਂ ਬਾਰੇ ਥੋੜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਬੋਹਲ ਦੀ ਰਾਖੀ
ਬਕਰਾ ਕਰੇ, ਮਾਲਕ ਕਿਉਂ ਨਾ ਭੁੱਖਾ ਮਰੇ) ਦੀ ਨਾਲਾਇਕੀ ਬਲਕਿ ਮਿਲੀਭੁਗਤ ਕਾਰਨ ਅੱਜ ਆਮ
ਸਿੱਖ ਡੇਰਿਆਂ ਦੀ ਝੋਲੀ ਵਿਚ ਜਾ ਡਿਗਿਆ ਹੈ ਅਤੇ ਨੌਜੁਆਨ ਨਸ਼ਿਆਂ ਦੀ ਦਲ-ਦਲ ਵਿਚ ਫੱਸ
ਚੁੱਕਾ ਹੈ। ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦਵਾਰਿਆਂ ਦੀਆਂ ਗੋਲਕਾਂ ਵਿਚ ਕਰੋੜਾਂ
ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ ਪਰ ਧਰਮ ਪ੍ਰਚਾਰ ਵਾਸਤੇ ਇਕ ਵੀ ਪੈਸਾ ਨਹੀਂ ਵਰਤਿਆ ਜਾ
ਰਿਹਾ। ਇਹ ਪੈਸਾ ਜਾ ਕਿਥੇ ਰਿਹਾ ਹੈ? ਇਹ ਕਿਸੇ ਤੋਂ ਕੁੱਝ ਲੁਕਿਆ ਛਿਪਿਆ ਨਹੀਂ ਕਿ ਇਸ
ਪੈਸੇ ਦੀ ਵਰਤੋਂ ਕੌਣ ਕਰਦਾ ਹੈ ਜਿਸ ਗੁਰੂ ਦੀ ਗੋਲਕ ਨੂੰ ਗੁਰੂ ਸਾਹਿਬਾਨ ਨੇ “ਗ਼ਰੀਬ ਦਾ
ਮੂੰਹ” ਦਾ ਖ਼ਿਤਾਬ ਦਿਤਾ ਹੈ।
ਜਾਗੋ ਸਿੱਖੋ ਜਾਗੋ, ਹਕੀਕਤ ਸਮਝੋ, ਦਿਲ-ਦਿਮਾਗ਼ ਨੂੰ ਕਸ਼ਟ ਦਿਉ, ਲਾਈਲੱਗ ਨਾ ਬਣੋ ਅਪਣੀ ਸੋਚ ਬਦਲੋ। ਕਹਿੰਦੇ ਹਨ ਕਿ ਇਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਹੈ। ਬ੍ਰਾਹਮਣਵਾਦ ਦਾ 'ਅਜਗਰ' ਸਿੱਖ ਕੌਮ ਨੂੰ ਅਪਣੀ ਮਾਰੂ ਜਕੜ ਵਿਚ ਪਹਿਲਾਂ ਹੀ ਲੈ ਚੁਕਿਆ ਹੈ ਜੋ ਤੁਹਾਨੂੰ ਸਾਬਤ ਹੀ ਨਿਗਲ ਜਾਵੇਗਾ। ਸੋ, ਗੁਰੂ ਕੇ ਪਿਆਰਿਉ, ਭਾਈ ਮੱਖਣ ਸ਼ਾਹ ਵਾਂਗ ਹਰ ਸੁਹਿਰਦ ਸਿੱਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਪਾਵਨ ਧੁਰ ਕੀ ਬਾਣੀ ਦੀ ਵਿਵੇਕ ਬੁੱਧੀ ਅਨੁਸਾਰ ਖਰੇ-ਖੋਟੇ ਦੀ ਪਛਾਣ ਕਰ ਕੇ ਪੁਜਾਰੀਵਾਦ ਦੇ ਝੂਠ, ਫ਼ਰੇਬ, ਪਾਖੰਡ ਦਾ ਪਰਦਾਫ਼ਾਸ਼ ਕਰੇ। ਪਰ ਯਾਦ ਰਹੇ ਕਿ ਕਮਜ਼ੋਰ ਤੇ ਸਾਹ ਦੇ ਕੱਚੇ ਘੋੜਿਆਂ ਦੀ ਸਵਾਰੀ ਕਰ ਕੇ ਵੱਡੀਆਂ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਕਿਉਂਕਿ 'ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ'। ਲੋੜ ਹੈ ਕਿ ਜਾਗਰੂਕ ਲੋਕ ਇਕੱਠੇ ਹੋਣ ਅਤੇ ਇਨ੍ਹਾਂ ਪਾਖੰਡੀਆਂ ਦੀ ਪੋਲ ਲੋਕਾਂ ਸਾਹਮਣੇ ਸ਼ਰੇਆਮ ਖੋਲ੍ਹੀ ਜਾਵੇ ਕਿਉਂਕਿ ਖਰੇ-ਖੋਟੇ ਦੀ ਪਛਾਣ ਲਈ ਇਕ ਕਸਵੱਟੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਗੁਰੂ
ਅਰਜੁਨ ਦੇਵ ਜੀ ਨੇ ਬਾਬਾ ਨਾਨਕ ਵਲੋਂ ਕਹੇ ਪਵਿੱਤਰ ਸ਼ਬਦਾਂ ਨੂੰ ਗੁਰਬਾਣੀ ਵਿਚ ਅੰਗ
1136 ਤੇ “ਨਾ ਹਮ ਹਿੰਦੂ ਨ ਮੁਸਲਮਾਨ£ ਅਲਹ ਰਾਮ ਕੇ ਪਿੰਡੁ ਪਰਾਨ£” ਲਿਖ ਕੇ ਸਾਫ਼ ਕਰ
ਦਿਤਾ ਕਿ ਅਸੀ ਹਿੰਦੂ ਜਾਂ ਮੁਸਲਮਾਨ ਨਹੀਂ, ਅਸੀ ਸੱਭ ਤੋਂ ਨਿਆਰੇ ਹਾਂ। ਇਸ ਪੰਥ ਨੂੰ
ਹੋਰ ਵੀ ਤਕੜੇ ਪੈਰਾਂ ਉਤੇ ਖੜਾ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬੇ ਨਾਨਕ
ਵਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿਚ ਵਰਤੋਂ ਕੀਤੀ, ਜਿਸ ਨੂੰ ਜਿਸ ਤਰ੍ਹਾਂ ਦਸਮ
ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦਾ ਰੂਪ ਦਿਤਾ ਸਾਰੀ ਦੁਨੀਆਂ
ਜਾਣਦੀ ਹੈ। ਪ੍ਰਸਿੱਧ ਧਰਮ ਖੋਜੀ ਡਾ. ਡੰਕਨ ਗ੍ਰੀਨਲੀਜ਼ ਅਪਣੀ ਪੁਸਤਕ “he 7ospel of
the 7uru 7ranth Sahib, ਦੇ ਪੰਨਾ ੨੧੬ ਤੇ ਲਿਖਦਾ ਹੈ, “ਸਿੱਖ ਨਾ ਹਿੰਦੂ ਤੇ ਨਾ ਹੀ
ਮੁਸਲਮਾਨ ਹਨ। ਸਿੱਖ ਮੱਤ ਹਿੰਦੂ ਮੱਤ ਦਾ ਕੋਈ ਭੇਸ-ਵਟਵਾਂ ਰੂਪ ਨਹੀਂ ਸਗੋਂ ਦੁਨੀਆਂ ਦੇ
ਦੂਜੇ ਮਹਾਨ ਮੱਤਾਂ ਵਾਂਗ ਇਕ ਨਿਆਰਾ ਤੇ ਨਵੇਕਲਾ ਧਰਮ ਹੈ।''
ਉਹ ਸਮਾਂ ਯਾਦ ਕਰੋ
ਜਦੋਂ ਗੁਰੂ ਜੀ ਨੇ ਦਾਦੂ ਪੀਰ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕਰ ਕੇ ਸਿੱਖਾਂ ਨੂੰ
ਪਰਖਣਾ ਚਾਹਿਆ ਤਾਂ ਗੁਰੂ ਜੀ ਨੂੰ ਟੋਕ ਕੇ ਸਿੱਖ ਪਰਖ ਵਿਚ ਪੂਰੇ ਉਤਰੇ ਸਨ। ਜਦੋਂ ਦਾਦੂ
ਦੀ ਸਮਾਧ ਤੇ ਤੀਰ ਨਾਲ ਸਜਦਾ ਕੀਤਾ ਤਾਂ ਗੁਰੂ ਦੇ ਪਿਆਰਿਆਂ ਨੇ ਦਸਮ ਪਿਤਾ ਨੂੰ ਤਨਖ਼ਾਹ
ਲਾਈ ਸੀ ਅਤੇ ਦਸਮ ਪਿਤਾ ਨੇ ਖ਼ੁਸ਼ੀ-ਖ਼ੁਸ਼ੀ ਕਬੂਲ ਕੀਤੀ ਸੀ ਕਿ ਮੇਰੇ ਖ਼ਾਲਸੇ ਸਿਧਾਂਤਾਂ ਵਿਚ
ਪ੍ਰਪੱਕ ਹਨ। ਇਧਰ ਸਾਡੀ ਹਾਲਤ 'ਨਾ ਤਿੰਨਾਂ ਵਿਚੋਂ ਨਾ ਤੇਰਾਂ ਵਿਚੋਂ' ਦੀ ਕਹਾਵਤ ਵਰਗੀ
ਹੈ, ਜਿਹੜੀ ਕਿ ਡਗਮਗਾਉਂਦੇ ਉਸ ਵਿਅਕਤੀ ਲਈ ਵਰਤੀ ਜਾਂਦੀ ਹੈ, ਜਿਹੜਾ ਨਾ ਇਧਰ ਦਾ
ਹੋਵੇ, ਨਾ ਉਧਰ ਦਾ। ਭਾਈ ਦਿੱਤ ਸਿੰਘ ਜੀ ਦੀ ਇਹ ਕਵਿਤਾ ਅੱਜ ਦੇ ਸਿੱਖ ਦੀ ਪੂਰੀ ਹਾਲਤ
ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਸਿੱਖ ਅੱਜ ਬਾਬਾ ਨਾਨਕ ਦੀ ਸਿਖਿਆ ਤੋਂ ਭਟਕਿਆ ਹੋਇਆ
ਹੈ...।
ਕੁੱਝ ਅੰਨ ਦੇ ਕੁੱਝ ਧੰਨ ਦੇ,
ਕੁੱੱੱਝ ਪਹਾੜਾਂ ਵਾਲੀ ਰੰਨ ਦੇ।
ਕੁੱਝ ਢੋਲ ਢਮੱਕਾ ਸਰਵਰ ਦਾ,
ਕੁੱਝ ਹਿੜਵਸ ਬਾਬੇ ਨਾਨਕ ਦੀ।
ਬੰਦੇ
ਨੂੰ ਦੂਜਿਆਂ ਦੀਆਂ ਗ਼ਲਤੀਆਂ ਤੋਂ ਵੀ ਸਿਖਦੇ ਰਹਿਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਏਨੀ
ਵੀ ਲੰਮੀ ਨਹੀਂ ਕਿ ਤੁਸੀ ਸਾਰੀਆਂ ਗ਼ਲਤੀਆਂ ਖ਼ੁਦ ਕਰ ਸਕੋ। ਸਿਰਫ਼ ਚੰਦ ਕੁ ਦਸਤਾਰਾਂ
ਸਜਾਉਂਦੇ ਤੇ ਗਾਤਰੇ ਪਾਉਂਦੇ ਬੰਦਿਆਂ ਨੇ ਸਿੱਖ ਧਰਮ ਨੂੰ ਵੀ ਬਦਨਾਮ ਕੀਤਾ ਹੋਇਆ ਹੈ।
ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਆਹ ਜੋ ਅਖੌਤੀ ਸਾਧਾਂ ਦੇ ਡੇਰਿਆਂ, ਪੀਰਾਂ ਦੀਆਂ
ਕਬਰਾਂ, ਮਕਬਰਿਆਂ ਅਤੇ ਮਜ਼ਾਰਾਂ ਤੇ ਖਿੱਲਾਂ-ਪਤਾਸੇ, ਚਾਦਰਾਂ, ਝੰਡੇ, ਸੁੱਖਾਂ ਨਿਆਜ਼ਾਂ
ਵਗੈਰਾ ਚੁੱਕੀ ਫਿਰਦੇ ਹਨ ਅੱਗੋਂ-ਪਿੱਛੋਂ ਤਾਂ ਇਹ ਅਪਣੇ-ਅਪਣੇ ਬਾਬਿਆਂ ਜਾਂ ਪੀਰਾਂ ਦੇ
ਬੜੇ ਸੋਹਲੇ ਗਾਉਂਦੇ ਹਨ ਪਰ ਜਦ ਇਨ੍ਹਾਂ ਦਾ ਕੋਈ ਪ੍ਰਵਾਰਕ ਮੈਂਬਰ ਅਕਾਲ ਚਲਾਣਾ ਕਰ ਜਾਵੇ
ਜਾਂ ਇਨ੍ਹਾਂ ਦੇ ਕਿਸੇ ਧੀ-ਪੁੱਤਰ ਦਾ ਵਿਆਹ-ਸ਼ਾਦੀ ਹੋਵੇ ਤਾਂ ਫਿਰ ਗੁਰੂ ਘਰ ਦੇ ਗ੍ਰੰਥੀ
ਸਿੰਘ ਜਾਂ ਮੰਦਰ ਦੇ ਪੁਜਾਰੀ ਕੋਲ ਭੱਜੇ ਜਾਂਦੇ ਹਨ। ਕਿਉਂ ਬਈ ਉਦੋਂ ਤੁਹਾਡਾ ਡੇਰੇ ਆਲਾ
ਬਾਬਾ ਜਾਂ ਪੀਰ ਤੁਹਾਡੇ ਰਿਸ਼ਤੇਦਾਰ, ਸਾਕ-ਸਬੰਧੀ ਦੀ ਰੂਹ ਨੂੰ ਸ਼ਾਂਤੀ ਨਹੀਂ ਬਖ਼ਸ਼ਦਾ?
ਸਿਆਣਿਆਂ ਦਾ ਕਥਨ ਬਿਲਕੁਲ ਸੱਚ ਹੈ ਕਿ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਹੈ।
ਸਾਡੇ
ਗੁਰੂ ਤਾਂ ਸਾਨੂੰ ਸਿੱਧਾ ਇਕ ਪਰਮਾਤਮਾ ਨਾਲ ਜੋੜ ਕੇ ਗਏ ਸਨ ਪਰ ਸਾਡੇ ਸਿੱਖਾਂ ਵਿਚ
ਲਕੀਰ ਦੇ ਫ਼ਕੀਰਾਂ (ਲਾਈਲੱਗਾਂ) ਦੀ ਗਿਣਤੀ ਵਧੇਰੇ ਹੈ। ਇਹ ਬੁੱਧੂ ਲੋਕ ਝੂਠ ਦੀਆਂ
ਪੰਡਾਂ, ਬੂਬਨੇ ਸਾਧਾਂ ਦੇ ਮਗਰ ਲੱਗ ਕੇ ਅਪਣਾ ਸੱਭ ਕੁੱਝ ਬਰਬਾਦ ਕਰੀ ਜਾ ਰਹੇ ਹਨ ਜਦਕਿ
ਗੁਰਬਾਣੀ ਦਾ ਫ਼ੁਰਮਾਨ ਹੈ ''ਖਸਮ ਛੋਡਿ ਦੂਜੇ ਲਗੇ ਡੁੱਬੇ ਸੇ ਵਣਜਾਰਿਆ£'' (ਆਸਾ ਦੀ
ਵਾਰ) ਜੇ ਕਿਤੇ ਬਾਣੀ ਪੜ੍ਹੀ ਸੁਣੀ ਸਮਝੀ ਹੁੰਦੀ ਤਾਂ ਇਨ੍ਹਾਂ ਤੋਂ ਛੁਟਕਾਰਾ ਵੀ ਮਿਲਿਆ
ਹੁੰਦਾ। ਪੰਜਾਬੀ ਦੀ ਆਮ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ
ਸਗੋਂ ਡੁਬਦਾ ਹੀ ਹੈ। ਸੋ ਅੰਮ੍ਰਿਤਧਾਰੀ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ
ਕਬਰਾਂ ਤੇ ਕਿਸੇ ਦੇਹਧਾਰੀ ਡੇਰੇਦਾਰ ਵਗੈਰਾ ਕੋਲ ਖੇਹ ਖਾਣ ਤੋਂ ਪਹਿਲਾਂ ਅਪਣੇ ਕਕਾਰ
ਉਤਾਰ ਕੇ ਜਾਇਆ ਕਰੋ। ਐਵੇਂ ਫਿਰਦੇ ਰਹਿੰਦੇ ਹੋ, ਅਵਾਰਾ ਕੁੱਤੇ ਵਾਂਗ ਦਰ-ਦਰ ਦੀ ਜੂਠ
ਚਟਦੇ। ਭਲਿਉ ਲੋਕੋ ਕੀ ਗੁਰੂ ਹੁਕਮਾਂ ਤੇ ਰਵਾਇਤਾਂ ਤੋਂ ਬੇਮੁੱਖ ਹੋ ਕੇ ਅਸੀ ਸਿੱਖ
ਕਹਾਉਣ ਦੇ ਹੱਕਦਾਰ ਹਾਂ?
ਪੁਰਾਣੇ ਸਮਿਆਂ ਵਿਚ ਸਿਖਿਆ ਤੇ ਤਕਨਾਲੋਜੀ ਦੀ ਘਾਟ ਕਾਰਨ
ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਸਨ, ਪਰ ਬਦਲੇ ਸਮੇਂ ਨਾਲ ਵਿਗਿਆਨਕ ਯੁੱਗ ਕਾਰਨ ਅਜੋਕਾ
ਮਨੁੱਖ ਬਹੁਤ ਸਾਰੇ ਪੁਰਾਤਨ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਹੋ ਚੁੱਕਾ
ਹੈ। ਅੱਜ ਦੇ ਯੁੱਗ ਵਿਚ ਕੁੱਝ ਵਿਕਸਤ ਦੇਸ਼ਾਂ ਦੇ ਵਿਗਿਆਨੀਆਂ ਨੇ ਇਸ ਕਦਰ ਤਰੱਕੀ ਕੀਤੀ
ਹੈ ਕਿ ਉਨ੍ਹਾਂ ਵਲੋਂ ਚੰਦਰਮਾ ਅਤੇ ਹੋਰ ਗ੍ਰਹਿਆਂ ਉਤੇ ਨਵੇਂ ਜੀਵਨ ਸ਼ੁਰੂ ਕਰਨ ਦੀਆਂ
ਵਿਊਂਤਾਂ ਬਣਾਈਆਂ ਜਾ ਰਹੀਆਂ ਹਨ ਅਤੇ ਸਾਡੇ ਗੁਰੂ ਦੀਆਂ ਸਿਖਿਆਵਾਂ ਹਰ ਤਰ੍ਹਾਂ ਦੇ ਆਉਣ
ਵਾਲੇ ਗਿਆਨ-ਵਿਗਿਆਨ ਦੇ ਯੁਗਾਂ ਲਈ ਸੱਚ ਤਰਕ ਦੀ ਹਰ ਕਸਵੱਟੀ ਤੇ ਪੂਰੀਆਂ ਉਤਰਦੀਆਂ ਹਨ
ਪਰ ਜੇਕਰ ਅਸੀ ਅਪਣੇ ਵਲ ਝਾਤ ਮਾਰੀਏ ਤਾਂ ਅਸੀ ਇਕ ਕਦਮ ਅੱਗੇ, ਦੋ ਕਦਮ ਪਿੱਛੇ ਵਾਲਾ
'ਇਤਿਹਾਸ' ਸਿਰਜਿਆ ਹੈ।
ਬਾਬਾ ਨਾਨਕ ਧਰਮਾਂ ਦੀ ਦੁਨੀਆਂ ਵਿਚ ਇਕ ਅਜਿਹੇ
ਪੈਗ਼ੰਬਰੀ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਦੇ ਪ੍ਰਚੱਲਤ
ਹਰ ਤਰ੍ਹਾਂ ਦੇ ਜਥੇਬੰਦਕ ਧਰਮਾਂ (ਧਾਰਮਕ ਫ਼ਿਰਕਿਆਂ) ਦੀਆਂ ਫੋਕਟ ਰੀਤਾਂ-ਰਸਮਾਂ,
ਕਰਮਕਾਂਡਾਂ, ਬਾਹਰੀ ਵਿਖਾਵਿਆਂ, ਪਹਿਰਾਵਿਆਂ, ਮਰਿਆਦਾਵਾਂ, ਪਾਖੰਡਾਂ, ਪੂਜਾ-ਪਾਠਾਂ
ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਬਲਕਿ ਆਮ ਲੋਕਾਈ ਨੂੰ ਜਾਗਰੂਕ ਕੀਤਾ। ਬਾਬੇ ਨਾਨਕ
ਦੀਆਂ ਸਿਖਿਆਵਾਂ ਬਾਰੇ ਸੋਚਦਿਆਂ ਸਾਨੂੰ ਇਸ ਗੱਲ ਬਾਰੇ ਬਹੁਤ ਸੁਚੇਤ ਹੋਣਾ ਪਵੇਗਾ ਕਿ
ਬਾਬੇ ਨਾਨਕ ਦੀ ਸੋਚ ਨੂੰ ਮਨੁੱਖਤਾ ਦੇ ਹਿੱਤ ਵਿਚ ਵਰਤਣਾ ਚਾਹੁੰਦੇ ਹੋ ਤਾਂ ਪੁਜਾਰੀਵਾਦ
ਅਤੇ ਉਨ੍ਹਾਂ ਦੇ ਫੈਲਾਏ ਫ਼ੋਕਟ ਕਰਮਕਾਂਡਾਂ ਨੂੰ ਗੁਰਦਵਾਰਿਆਂ ਵਿਚੋਂ ਬਾਹਰ ਹੂੰਝ ਸੁੱਟੋ
ਜਿਨ੍ਹਾਂ ਕਰ ਕੇ ਅਸੀ ਪੰਥ ਵਿਰੋਧੀ ਸਾਜ਼ਸ਼ਾਂ ਦਾ ਸ਼ਿਕਾਰ ਹੋ ਰਹੇ ਹਾਂ। ਇਨ੍ਹਾਂ ਨੂੰ ਦੂਰ
ਕਰਨਾ ਹੀ ਸੱਭ ਤੋਂ ਵੱਡੀ ਚੁਨੌਤੀ ਹੈ। ਇਨ੍ਹਾਂ ਨੂੰ ਖ਼ਤਮ ਕਰਨ ਲਈ ਸਾਨੂੰ ਅਪਣੀ ਸੋਚ
ਬਦਲਣੀ ਪਵੇਗੀ ਕਿਉਂਕਿ ਖੜਾ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਹੈ।
ਸੋ ਆਉ ਕਦੇ
ਤਾਂ ਜਾਗਦੇ ਹੋਣ ਦਾ ਸਬੂਤ ਦੇਈਏ ਤੇ ਗੁਰੂ ਸਾਹਿਬ ਦੀ ਸੋਚ ਉੱਤੇ ਚੱਲਣ ਵਾਲੇ ਸੱਚੇ
ਸਿਪਾਹੀ ਬਣ ਕੇ ਵਿਖਾਈਏ ਬਲਕਿ ਅਗਾਂਹਵਧੂ ਵਿਚਾਰਾਂ ਵਾਲੇ ਬਣੀਏ। ਨਿਰੰਤਰ ਵਗਦੇ ਰਹਿਣ
ਨਾਲ ਹੀ ਰਵਾਨਗੀ ਹੈ, ਕਿਉਂਕਿ ਰਿੜ੍ਹਦੇ ਪੱਥਰ ਉਤੇ ਮਿੱਟੀ ਨਹੀਂ ਜਮਦੀ ਤੇ ਕੰਮ ਆਉਣ
ਵਾਲੇ ਲੋਹੇ ਨੂੰ ਜੰਗ ਨਹੀਂ ਲਗਦੀ। ਅੱਜ ਦਾ ਸੱਚ ਤਾਂ ਇਹੀ ਹੈ। ਬਾਕੀ ਤੁਸੀ ਖ਼ੁਦ ਸਿਆਣੇ
ਹੋ, ਅਪਣਾ ਭਲਾ-ਬੁਰਾ ਅਤੇ ਨਫ਼ਾ-ਨੁਕਸਾਨ ਆਪ ਸੋਚ ਸਕਦੇ ਹੋ। ਸੋ ਮੈਂ ਤਾਂ ਹੱਥ ਜੋੜ ਕੇ
ਇਹੋ ਬੇਨਤੀ ਕਰਾਂਗਾ ਕਿ ਨਿਰਾ-ਪੁਰਾ ਸ਼ਕਲ ਤੋਂ ਹੀ ਨਾ ਜਾਉ, ਅਸੀ ਸੱਭ ਅਕਲ ਤੋਂ ਵੀ ਬਾਬੇ
ਨਾਨਕ ਦੇ ਸਿੱਖ ਬਣੀਏ।
ਸੰਪਰਕ : 98883-47068