ਸੋ ਦਰੁ ਤੇਰਾ ਕੇਹਾ "ਅਧਿਆਏ - 14 ਭਾਗ-7"

ਵਿਚਾਰ, ਵਿਸ਼ੇਸ਼ ਲੇਖ

ਬਾਬਾ ਨਾਨਕ 'ਸੋ ਦਰੁ' ਸ਼ਬਦ ਦੀਆਂ ਆਖ਼ਰੀ ਤਿੰਨ ਤੁਕਾਂ ਵਿਚ ਅਪਣੇ ਸੰਦੇਸ਼ ਨੂੰ ਅੱਗੇ ਚਲਾਉਂਦੇ ਹੋਏ ਇਹ ਦਸਦੇ ਹਨ ਕਿ ਪ੍ਰਭੂ ਦੇ ਗੁਣ ਗਾਇਨ ਕਰਨ ਵਾਲੇ ਛੋਟੇ ਛੋਟੇ ਲੋਕਾਂ ਬਾਰੇ ਸੋਚਣ ਦੀ ਬਜਾਏ, ਸਿੱਧੀ ਅਤੇ ਅਸਲ ਗੱਲ ਕਰੀਏ ਕਿ ਉਸ ਪ੍ਰਮਾਤਮਾ ਦਾ ਸਮੁੱਚਾ ਬ੍ਰਹਿਮੰਡ ਹੀ 'ਸੋ ਦਰੁ' ਹੈ ਤੇ ਇਸ ਦੇ ਮਾਲਕ ਨਾਲ ਪਿਆਰ ਪਾਉਣਾ ਹਰ ਚੰਗੇ ਮਨੁੱਖ ਦਾ ਪਹਿਲਾ ਕਰਤਵ ਹੈ। ਅਜਿਹਾ ਕਿਉਂ? ਕਿਉੁਂਕਿ, ਉਸ ਦੇ ਜੋ ਗੁਣ ਹਨ, ਉਹ ਹੋਰ ਕਿਸੇ ਵਿਚ ਹੋ ਹੀ ਨਹੀਂ ਸਕਦੇ। ਇਨ੍ਹਾਂ ਗੁਣਾਂ ਦਾ ਬਖਾਨ ਕਰਦੇ ਹੋਏ, ਹੁਣ 20ਵੀਂ ਤੁਕ ਵਿਚ ਬਾਬਾ ਨਾਨਕ ਦਸਦੇ ਹਨ ਕਿ ਇਸ ਬ੍ਰਹਿਮੰਡ ਤੇ ਇਸ ਵਿਚਲੀਆਂ ਵਚਿੱਤਰ ਰਚਨਾਵਾਂ (ਜਿਨ੍ਹਾਂਦਾ ਪਹਿਲਾਂ ਜ਼ਿਕਰ ਹੋ ਚੁੱਕਾ ਹੈ), ਇਨ੍ਹਾਂ ਦੀ ਉਹ ਕੇਵਲ ਰਚਨਾ ਹੀ ਨਹੀਂ ਕਰਦਾ ਸਗੋਂ ਅਪਣੀ ਰਚਨਾ ਦਾ ਪੂਰਾ ਧਿਆਨ ਵੀ ਰਖਦਾ ਹੈ ਕਿਉੁਂਕਿ ਵੱਡੀ ਰਚਨਾ ਕਰਨ ਵਾਲੇ ਦੀ ਵਡਿਆਈ ਇਹ ਮੰਗ ਵੀ ਕਰਦੀ ਹੈ ਕਿ ਰਚਨਾਕਾਰ ਅਪਣੀ ਰਚਨਾ ਦਾ ਖ਼ਿਆਲ ਵੀ ਅਪਣੀ ਵਡਿਆਈ ਅਨੁਸਾਰ ਹੀ ਰੱਖੇ।ਤੁਸੀ ਬੜੇ ਅਜਿਹੇ ਲੋਕ ਆਮ ਜ਼ਿੰਦਗੀ ਵਿਚ ਵੇਖੇ ਹੋਣਗੇ ਜੋ ਤੁਹਾਨੂੰ ਦੱਸਣਗੇ ਕਿ ਉੁਨ੍ਹਾਂ ਨੇ ਕਿਸੇ ਖ਼ਾਸ ਮੌਕੇ ਤੇ, ਉਸ ਰੱਬ ਨੂੰ ਯਾਦ ਕਰ ਕੇ, ਅਪਣੀ ਔਕੜ ਦੱਸੀ ਤਾਂ ਇਕ ਪਲ ਵਿਚ ਹੀ, ਜਿਵੇਂ ਰੱਬ ਕੋਲ ਖੜਾ ਸੁਣ ਰਿਹਾ ਸੀ, ਚਮਤਕਾਰ ਹੋ ਗਿਆ ਤੇ ਅਸੰਭਵ ਜਹੀ ਗੱਲ ਸੰਭਵ ਬਣ ਗਈ। ਰੱਬ ਕੋਲ ਨਹੀਂ ਖੜਾ ਹੁੰਦਾ, ਉਹ ਸਾਡੇ ਹਿਰਦੇ ਅੰਦਰ ਬੈਠਾ ਹੁੰਦਾ ਹੈ ਤੇ ਉਹਨੂੰ ਸਾਡੀ ਸੱਚੇ ਦਿਲੋਂ ਨਿਕਲੀ ਹੂਕ ਸੁਣਨ ਲਈ ਦੂਰੋਂ ਨਹੀਂ ਆਉਣਾ ਪੈਂਦਾ। ਟੱਲੀਆਂ ਖੜਕਾ ਕੇ, ਵਾਜੇ ਵਜਾ ਕੇ, ਹਵਨ ਕਰ ਕੇ, ਜਲੂਸ ਕੱਢ ਕੇ ਤੇ ਹੋਰ ਵਿਖਾਵੇ ਦੇ ਕੰਮ ਕਰ ਕੇ ਉਸ ਦਾ ਧਿਆਨ ਅਪਣੇ ਵਲ ਨਹੀਂ ਖਿਚਿਆ ਜਾ ਸਕਦਾ। 

ਉਹ ਤਾਂ ਪਿਆਰ ਦੀਡੋਰੀ ਨਾਲ ਬੱਝਾ ਹੋਇਆ ਹੁੰਦਾ ਹੈ ਤੇ ਪਿਆਰ ਦੀ ਇਹ ਡੋਰੀ ਪ੍ਰਮਾਤਮਾ ਤੇ ਮਨੁੱਖ ਨੂੰ ਆਪਸ ਵਿਚ ਬੰਨ੍ਹੀ ਰਖਦੀ ਹੈ। ਨਾਸਤਕ ਲੋਕ ਅਜੇ ਵੀ ਕਹਿਣਗੇ ਕਿ ਪ੍ਰਮਾਤਮਾ ਤਾਂ ਹੈ ਈ ਕੋਈ ਨਹੀਂ, ਇਹ ਤਾਂ ਸਿਰਫ਼ ਉਸ ਦੀ ਹੋਂਦ ਬਾਰ  ਭੁਲੇਖੇ ਹੀ ਹਨ ਜੋ ਸਾਨੂੰ ਕੰਮ ਹੋ ਜਾਣ ਤੇ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਕਿਸੇ ਗ਼ੈਬੀ ਸ਼ਕਤੀ ਅਰਥਾਤ ਰੱਬ ਨੇ ਕੀਤੇ ਹਨ ਤੇ ਕੰਮ ਨਾ ਹੋਵੇ ਤਾਂ ਅਸੀ ਅਪਣੀ ਮਾੜੀ ਕਿਸਮਤ ਨੂੰ ਕੋਸਣ ਲਗਦੇ ਹਾਂ। ਸਾਇੰਸ ਦੇ ਇਸ ਅਸੂਲ ਨੂੰ ਕਿ ਦੋ ਗੈਸਾਂ ਨੂੰ ਮਿਲਾ ਕੇ ਪਾਣੀ ਬਣ ਜਾਂਦਾ ਹੈ, ਸਾਬਤ ਕਰਨ ਲਈ ਤਰਕ ਦਾ ਹਥਿਆਰ ਕੰਮ ਨਹੀਂ ਕਰ ਸਕਦਾ, ਤਜਰਬੇ ਦਾ ਢੰਗ ਹੀ ਕੰਮ ਆਵੇਗਾ। ਤਜਰਬਾ ਲੇਬਾਰਟਰੀ ਵਿਚ ਕੀਤਾ ਜਾ ਸਕਦਾ ਹੈ ਜਿਥੇ ਦੋ ਗੈਸਾਂ ਨੂੰ ਇਕ ਖ਼ਾਸ ਮਾਤਰਾ ਵਿਚ ਲੈ ਕੇ ਮਿਲਾਣਾ ਪਵੇਗਾ ਤੇ ਪਾਣੀ ਪੈਦਾ ਕਰ ਕੇ ਵਿਖਾਣਾ ਪਵੇਗਾ। ਤਰਕ ਰਾਹੀਂ ਬਹੁਤ ਕੁੱਝ ਸਾਬਤ ਕੀਤਾ ਜਾ ਸਕਦਾ ਹੈ ਪਰ ਹਰ ਚੀਜ਼ ਨਹੀਂ। ਤਜਰਬੇ ਰਾਹੀਂ ਸਾਬਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਲੇਬਾਰਟਰੀ ਦੇ ਤਜਰਬੇ ਹੀ ਸਾਬਤ ਕਰ ਸਕਦੇ ਹਨ। ਸਾਡੀ ਮੁਸ਼ਕਲ ਇਹ ਹੈ ਕਿ ਸਾਡੇ ਕੁੱਝ ਲੋਕ ਹਰ ਗੱਲ ਨੂੰ ਸਾਬਤ ਕਰਨ ਲਈ ਤਰਕ ਨੂੰ ਹੀ ਸੱਭ ਕੁੱਝ ਮੰਨਣ ਲਗਦੇ ਹਨ ਤੇ ਦੂਜੇ ਕੁੱਝ ਲੋਕ ਅਜਿਹੇ ਹਨ ਜੋ ਤਰਕ ਨੂੰ 'ਫ਼ਜ਼ੂਲ' ਸਮਝਦੇ ਹਨ ਤੇ ਹਰ ਗੱਲ ਲਈ ਲੇਬਾਰਟਰੀ ਦਾ ਤਜਰਬਾ (experiment) ਹੀ ਸੱਭ ਕੁੱਝ ਸਮਝਦੇ ਹਨ।

 ਦੋਵੇਂ ਹੀ ਗ਼ਲਤ ਹਨ। ਇਸੇ ਤਰ੍ਹਾਂ ਧਰਮ ਬਾਰੇ ਗੱਲ ਕਰਨ ਲਗਿਆਂ ਵੀ, ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਖੇਤਰ ਤਜਰਬੇ ਦਾ ਹੈ, ਤਰਕ ਦਾ ਨਹੀਂ ਪਰ ਇਸ ਦਾ ਤਜਰਬਾ, ਲੇਬਾਰਟਰੀ ਵਿਚ ਨਹੀਂ ਹੋ ਸਕਦਾ। ਸਾਇੰਸ ਦੇ ਤਜਰਬੇ ਰਾਹੀਂ ਕੁੱਝ ਸਾਬਤ ਕਰਨਾ ਹੋਵੇ ਤਾਂ ਸਾਇੰਸਦਾਨ ਹੀ ਤੁਹਾਨੂੰ ਦੱਸੇਗਾ ਕਿ ਕਿਹੜੀ ਲੇਬਾਰਟਰੀ ਵਿਚ ਕੀ ਕੀ ਸਮਾਨ ਤੇ ਸਮਗਰੀ ਇਕੱਤਰ ਕਰ ਕੇ ਤੁਸੀ ਇਹ ਤਜਰਬਾ ਕਰ ਸਕਦੇ ਹੋ। ਧਰਮ ਦਾ ਤਜਰਬ ਕਰਨਾ ਹੋਵੇ ਤਾਂ 'ਧਰਮ ਦੇ ਸਾਇੰਸਦਾਨ' ਹੀ ਤੁਹਾਨੂੰ ਦਸ ਸਕਦੇ ਹਨ ਕਿ ਇਸ ਦਾ ਤਜਰਬਾ ਮਨ ਦੀ ਲੇਬਾਰਟਰੀ ਵਿਚ 'ਪ੍ਰੇਮ' ਦੀ ਸਮਗਰੀ ਤੇ ਮਨ ਦੀ ਸ਼ੁਧਤਾ ਨਾਲ ਹੀ ਕੀਤਾ ਜਾ ਸਕਦਾ ਹੈ। ਬਾਬਾ ਨਾਨਕ ਇਨ੍ਹਾਂ ਸਾਇੰਸਦਾਨਾਂ ਵਿਚੋਂ ਧਰਮ ਦਾ ਸੱਭ ਤੋਂ ਵੱਡਾ ਸਾਇੰਸਦਾਨ ਹੈ। ਉਸ ਦੇ ਦੱਸੇ ਹੋਏ ਢੰਗ ਨਾਲ, ਅਪਣੇ ਮਨ ਦੀ ਲੇਬਾਰਟਰੀ ਵਿਚ ਸੱਚੇ ਪ੍ਰੇਮ ਤੇ ਸ਼ੁਧ ਮਨ ਨਾਲ ਅਰਦਾਸ ਕਰਨ ਵਾਲੇ ਬੜੇ ਲੋਕਾਂ ਨੇ ਰੱਬ ਨੂੰ ਅਪਣੇ ਕੋਲ ਪਾਇਆ ਹੈ ਤੇ ਬੜੇ ਔਖ ਵਾਲੇ ਸਮੇਂ ਨੂੰ ਸੌਖ ਨਾਲ ਪਾਰ ਕੀਤਾ ਹੈ। 

ਤਰਕ ਦੀ ਵਰਤੋਂ ਕਰਨ ਵਾਲੇ ਲੋਕ ਬੜੇ ਚੰਗੇ, ਸਿਆਣੇ ਤੇ ਭਲੇ ਲੋਕ ਹੁੰਦੇ ਹਨ ਪਰ ਮੂਰਖਤਾ ਇਹ ਕਰਦੇ ਹਨ ਕਿ 'ਹਰ ਮਸਾਲੇ ਪਿਪਲਾ ਮੂਲ' ਵਾਂਗ, ਤਰਕ ਨੂੰ ਹਰ ਮਸਾਲੇ ਦਾ ਪਿਪਲਾ ਮੂਲ ਮੰਨ ਲੈਂਦੇ ਹਨ। ਉੁਨ੍ਹਾਂ ਦੇ ਮੁਕਾਬਲੇ ਤੇ, ਧਰਮ ਵਲੋਂ ਵੀ ਉਹ ਅਲਪ-ਬੁਧ ਲੋਕ ਖੜੇ ਹੋ ਜਾਂਦੇ ਹਨ ਜੋ ਤਰਕ ਦਾ ਮੁਕਾਬਲਾ ਬਾਬੇ ਨਾਨਕ ਦੇ ਦੱਸੇ ਰਾਹ ਤੇ ਚਲਣ ਦੀ ਬਜਾਏ, ਅੰਧ ਵਿਸ਼ਵਾਸ ਨੂੰ ਦੱਸਣ ਲਗਦੇ ਹਨ। ਬਾਬੇ ਨਾਨਕ ਅਨੁਸਾਰ, ਪੂਰਨ ਸੱਚ ਤੇ ਪੁੱਜਣ ਲਈ ਨਾ ਅੰਧ ਵਿਸ਼ਵਾਸ ਦੀ ਲੋੜ ਹੈ, ਨਾ ਤਰਕ ਦੀ। 

ਬਾਬੇ ਨਾਨਕ ਅਨੁਸਾਰ ਹੀ, ਪੂਰਨ ਸੱਚ ਅਥਵਾ ਇਸ ਸਾਰੀ ਰਚਨਾ ਦੇ ਕਰਤਾ ਨਾਲ ਸਾਂਝ ਪੈਦਾ ਕਰਨ ਲਈ ਮਨ ਦੀ ਲੇਬਾਰਟਰੀ ਨੂੰ ਚੰਗੀ ਤਰ੍ਹਾਂ ਸਾਫ਼ ਅਤੇ ਸ਼ੁਧ ਕਰਨਾ ਪੈਂਦਾ ਹੈ ਤੇ ਉਸ ਮਗਰੋਂ ਪ੍ਰੇਮ ਦੀ ਉਸ ਸਿਖਰ ਤੇ ਪਹੁੰਚਣਾ ਹੁੰਦਾ ਹੈ ਜਿਥੇ ਬੱਚਾ ਅਮਰੀਕਾ ਵਿਚ ਰਹਿੰਦਾ ਹੋਇਆ ਹਾਦਸੇ ਵਿਚ ਜ਼ਖ਼ਮੀ ਹੁੰਦਾ ਹੈ ਤਾਂ ਮਾਂ ਫਗਵਾੜੇ ਵਿਚ ਉਭੜਵਾਹੇ ਉਠ ਕੇ ਕਹਿ ਉਠਦੀ ਹੈ, ''ਮੇਰਾ ਬੱਚਾਖ਼ਤਰੇ ਵਿਚ ਜੇ। ਉਸ ਦਾ ਛੇਤੀ ਪਤਾ ਕਰੋ।''