ਬਾਬੇ ਨਾਨਕ ਨੇ ਕੋਈ ਸਮਾਧੀਆਂ ਨਹੀਂ ਸੀ ਲਾਈਆਂ, ਕੋਈ ਜੰਗਲਾਂ ਜਾਂ ਭੋਰਿਆਂ ਵਿਚ ਬੈਠ ਕੇ 'ਪਰਮ ਸੱਚ' ਨੂੰ ਲੱਭਣ ਦਾ ਯਤਨ ਨਹੀਂ ਸੀ ਕੀਤਾ ਸਗੋਂ 'ਭਾਉ ਭਗਤਿ' ਰਾਹੀਂ ਹੀ ਮਨੁੱਖ ਅਤੇ ਵਾਹਿਗੁਰੂ ਵਿਚਕਾਰਲੀ 'ਕੂੜ ਦੀ ਪਾਲ' ਹਟਾ ਲਈ ਸੀ ਤੇ ਹੁਣ ਇਕ ਸਾਇੰਸਦਾਨ ਦੀ ਤਰ੍ਹਾਂ ਹੀ ਬਾਕੀ ਦੀ ਮਨੁੱਖਤਾ ਨੂੰ ਵੀ ਦੱਸ ਰਹੇ ਹਨ ਕਿ ਇਹ 'ਕੂੜ ਦੀ ਦੀਵਾਰ' ਬੜੀ ਆਸਾਨੀ ਨਾਲ ਹਰ ਉਸ ਮਨੁੱਖ ਦੇ ਮਾਮਲੇ ਵਿਚ ਢਹਿ ਸਕਦੀ ਹੈ ਜਿਹੜਾ ਇਸ ਨੂੰ ਢਾਹੁਣਾ ਲੋਚਦਾ ਹੈ ਤੇ 'ੴ' ਨੂੰ ਪ੍ਰਤੱਖ ਵੇਖਣਾ ਚਾਹੁੰਦਾ ਹੈ। ਬਸ ਉਸ ਇਕੋ ਨਾਲ ਸੱਚਾ ਅਤੇ ਨਿਸ਼ਕਾਮ ਪਿਆਰ ਪਾਉਣ ਦੀ ਲੋੜ ਹੈ, ਬਾਕੀ ਦਾ ਕੰਮ ਉਹ ਆਪੇ ਕਰ ਦੇਵੇਗਾ। ਉਹ ਕੌਣ? ਉਹ ਜਿਹੜਾ ਇਕੋ ਇਕ ਹੈ। ਦੁਨੀਆਂ ਜਹਾਨ ਜਾਂ ਬ੍ਰਹਿਮੰਡ ਦੀ ਕੋਈ ਹੋਰ ਅਜਿਹੀ ਚੀਜ਼ ਜਾਂ ਹਸਤੀ ਅਜਿਹੀ ਨਹੀਂ ਜੋ ਇਕੋ ਇਕ ਹੈ। ਉਹ ਦਿਸਦੀ ਅਣਦਿਸਦੀ ਕਾਇਨਾਤ ਦਾ ਮਾਲਕ ਹੈ। ਜ਼ਰਾ ਅੰਦਾਜ਼ਾ ਲਾਉ, ਇਕ ਛੋਟੀ ਜਿਹੀ ਕੰਪਨੀ ਦਾ ਮਾਲਕ ਸਾਨੂੰ ਕਿੰਨਾ ਵੱਡਾ ਲਗਦਾ ਹੈ ਹਾਲਾਂਕਿ ਉਸ ਵਰਗੀਆਂ ਲੱਖਾਂ ਕੰਪਨੀਆਂ ਹੋਰ ਹਨ ਤੇ ਲੱਖਾਂ
ਹੀ ਮਾਲਕ। ਇਕ ਰਿਆਸਤ ਦਾ ਮਾਲਕ ਜਾਂ ਰਾਜਾ ਸਾਨੂੰ ਕਿੰਨਾ ਵੱਡਾ ਲਗਦਾ ਹੈ, ਹਾਲਾਂਕਿ ਉਸ ਵਰਗੇ ਸੈਂਕੜੇ ਰਾਜੇ ਤੇ ਮਾਲਕ ਇਸ ਧਰਤੀ 'ਤੇ ਹੀ ਮੌਜੂਦ ਹਨ। ਪਰ ਜੇ ਸਾਰੀ ਪ੍ਰਿਥਵੀ ਨੂੰ ਉਸ ਜਾਣੇ ਜਾਂਦੇ ਬ੍ਰਹਿਮੰਡ ਦੇ ਮੁਕਾਬਲੇ ਤੇ ਰਖੀਏ, ਜਿਸ ਦਾ ਮਾਲਕ ਉਹ 'ਇਕੋ' ਹੈ ਤਾਂ ਸਾਡੀ ਧਰਤੀ ਬ੍ਰਹਿਮੰਡ ਵਿਚ ਇਕ ਚਾਵਲ ਦੇ ਦਾਣੇ ਤੋਂ ਵੱਡੀ ਨਹੀਂ। ਇਹ ਗੱਲ 20ਵੀਂ ਸਦੀ ਦੇ ਅੰਤ ਵਿਚ ਆ ਕੇ ਜਾਂ 21ਵੀਂ ਸਦੀ ਦੇ ਸ਼ੁਰੂ ਵਿਚ ਸਾਇੰਸਦਾਨਾਂ ਨੇ ਆਪ ਮੰਨੀ ਹੈ ਤੇ ਪਹਿਲੀ ਵਾਰ ਮੰਨੀ ਹੈ। ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਰੇ ਬ੍ਰਹਿਮੰਡ ਦਾ ਇਕੋ ਇਕ ਮਾਲਕ ਕਿੰਨਾ ਵੱਡਾ ਹੋਵੇਗਾ? ਅਸੀ ਤਾਂ ਇਕ ਛੋਟੀ ਜਹੀ ਸੰਸਥਾ ਦੇ ਮੁਖੀ ਨੂੰ ਝੁਕ ਝੁਕ ਸਲਾਮਾਂ ਕਰਦੇ ਹਾਂ, ਫਿਰ ਏਨੇ ਵੱਡੇ ਬ੍ਰਹਿਮੰਡ (ਜਿਸ ਵਿਚ ਸਾਡੀ ਸਾਰੀ ਧਰਤੀ ਇਕ ਚਾਵਲ ਦੇ ਦਾਣੇ ਜਿੰਨੀ ਹੈ) ਦੇ ਮਾਲਕ ਅੱਗੇ ਸਿਰ ਝੁਕਾ ਦੇਣ ਲਗਿਆਂ ਕਿਉਂ ਝਿਜਕਦੇ ਹਾਂ?
ਕਿਸੇ ਛੋਟੇ ਜਹੇ ਵਜ਼ੀਰ ਜਾਂ ਅਫ਼ਸਰ ਨਾਲ ਸਾਡੀ ਨੇੜਤਾ ਹੋ ਜਾਵੇ ਤਾਂ ਅਸੀ ਬੜੇ ਖ਼ੁਸ਼ ਹੋ ਜਾਂਦੇ ਹਾਂ ਤੇ ਅੱਗੇ ਪਿੱਛੇ ਉਸ ਦੀਆਂ ਸਿਫ਼ਤਾਂ ਗਾਉਣ ਵਿਚ ਰੁੱਝ ਜਾਂਦੇ ਹਾਂ ਤੇ ਇਹੀ ਰੱਟਾ ਲਾਈ ਰਖਦੇ ਹਾਂ ਕਿ ਇਹ ਬੰਦਾ ਬੜਾ ਚੰਗਾ ਹੈ, ਬੜਾ ਮਦਦਗਾਰ ਹੈ ਤੇ ਬੜਾ ਕੰਮ ਆਉਣ ਵਾਲਾ ਹੈ। ਅਸੀ ਉਸ ਨੂੰ ਖ਼ੁਸ਼ ਕਰੀ ਰੱਖਣ ਲਈ ਸੌ ਪਾਪੜ ਵੇਲਦੇ ਹਾਂ, ਸਿਫ਼ਤਾਂ ਕਰਦੇ ਹਾਂ, ਭੇਟਾਵਾਂ ਤੇ ਤੋਹਫ਼ੇ ਦੇਂਦੇ ਹਾਂ। ਪਰ ਜੇ ਸਾਰੇ ਬ੍ਰਹਿਮੰਡ ਦਾ ਮਾਲਕ ਸਾਡਾ ਮਿੱਤਰ ਬਣ ਸਕੇ (ਜੇ ਤੂ ਮਿਤਰ ਅਸਾਡੜਾ) ਤਾਂ ਅਸੀ ਕੀ ਕੁੱਝ ਕਰਨ ਲਈ ਤਿਆਰ ਨਹੀਂ ਹੋਵਾਂਗੇ? ਪਰ ਬਾਬਾ ਨਾਨਕ ਕਹਿੰਦੇ ਹਨ, ਉਸ 'ਇਕੋ ਇਕ' ਨੂੰ ਖ਼ੁਸ਼ ਕਰਨ ਲਈ ਕੁੱਝ ਵੀ ਨਹੀਂ ਕਰਨਾ ਪੈਂਦਾ, ਬੱਸ ਸੱਚਾ ਤੇ ਨਿਸ਼ਕਾਮ ਪਿਆਰ ਕਰਨਾ ਪੈਂਦਾ ਹੈ (ਮਨ ਬੇਚੇ ਸਤਿਗੁਰ ਕੇ ਪਾਸੁ)। ਇਹ ਕੰਮ ਬੜਾ ਸੌਖਾ ਵੀ ਹੈ ਤੇ ਬੜਾ ਔਖਾ ਵੀ। ਅਸੀ ਝੂਠ ਮੂਠ ਦਾ ਵਿਖਾਵਾ ਕਰਨ ਲਈ ਤਾਂ ਝੱਟ ਤਿਆਰ ਹੋ ਜਾਂਦੇ ਹਾਂ ਪਰ ਸੱਚਾ ਪਿਆਰ ਤੇ ਉਹ ਵੀ ਨਿਸ਼ਕਾਮ ਹੋ ਕੇ? ਉਸ ਦੀ ਸਾਨੂੰ ਆਦਤ ਹੀ ਨਹੀਂ ਰਹਿ ਗਈ। ਅਸੀ ਤਾਂ ਕਿਸੇ ਵਲ ਪਿਆਰ ਦੀ ਇਕ ਨਜ਼ਰ ਸੁੱਟਣ ਤੋਂ ਪਹਿਲਾਂ ਵੀ ਮਨ ਵਿਚ ਸੋਚ ਲੈਂਦੇ ਹਾਂ ਕਿ ਮੁਸਕ੍ਰਾਹਟ ਵੀ ਕਿਸੇ ਨੂੰ ਦਈਏ ਤਾਂ ਕਿਉਂ ਦਈਏ ਤੇ ਸਾਡਾ ਇਸ
ਵਿਚ ਕੀ ਫ਼ਾਇਦਾ ਹੋਵੇਗਾ?
ਬਾਬੇ ਨਾਨਕ ਨੇ ਕਿਹਾ ਕਿ ਨਿਸ਼ਕਾਮ ਪਿਆਰ ਵਾਲਾ 'ਜਪੁ' ਦੁਨੀਆਂ ਦੀ ਹਰ ਚੀਜ਼ ਤੁਹਾਡੇ ਕਦਮਾਂ ਵਿਚ ਸੁਟ ਦਿੰਦਾ ਹੈ ਪਰ ਕੂੜ ਦੀ ਪਾਲ ਹੱਟ ਜਾਣ ਮਗਰੋਂ ਤੁਹਾਨੂੰ ਲਗਦਾ ਹੈ ਕਿ ਦੁਨੀਆਂ ਦੀ ਸੱਭ ਤੋਂ ਚਮਕਦਾਰ ਸ਼ੈ ਵੀ ਮਿੱਟੀ ਤੋਂ ਵੱਧ ਕੁੱਝ
ਨਹੀਂ। ਫਿਰ ਤੁਹਾਨੂੰ ਕੇਵਲ 'ਪਰਮ ਆਨੰਦ' ਹੀ ਸੱਭ ਤੋਂ ਉੱਚੀ ਤੇ ਵਧੀਆ ਸ਼ੈ ਲੱਗਣ ਲਗਦੀ ਹੈ ਤੇ 'ਹੁਕਮ ਰਜਾਈ ਚਲਣਾ' ਦੇ ਸਹੀ ਅਰਥ ਤੁਹਾਨੂੰ ਸਮਝ ਆਉਣ ਲਗਦੇ ਹਨ।