ਸਵਾਮੀ ਜੀ ਨੇ ਮੇਰੇ ਦਫ਼ਤਰ ਵਿਚ ਆਉਣ ਸਮੇਂ ਅੰਗਰੇਜ਼ੀ 'ਸਪੋਕਸਮੈਨ' ਹੱਥ ਵਿਚ ਚੁਕਿਆ ਹੋਇਆ ਸੀ। ਚੰਗੇ ਪੜ੍ਹੇ ਲਿਖੇ ਸਨ ਤੇ ਅੰਗਰੇਜ਼ੀ ਵਿਚ ਵੀ ਆਸਾਨੀ ਨਾਲ ਗੱਲ ਕਰ ਲੈਂਦੇ ਸਨ। ਕਹਿਣ ਲੱਗੇ, ''ਜੇ ਦੂਜੇ ਕਈ ਕੱਟੜ ਸਿੱਖਾਂ ਵਾਂਗ ਤੁਸੀ ਵੀ 'ੴ' ਦਾ ਸ੍ਰੋਤ 'ਓਮ' ਨੂੰ ਨਹੀਂ ਮੰਨਦੇ ਤਾਂ ਮੈਂ ਅਪਣਾ ਸਮਾਂ ਵੀ ਖ਼ਰਾਬ ਨਹੀਂ ਕਰਾਂਗਾ ਤੇ ਤੁਹਾਡਾ ਵੀ ਨਹੀਂ। ਪਰ ਤੁਹਾਡਾ ਰਸਾਲਾ ਪੜ੍ਹ ਕੇ ਮੈਨੂੰ ਲੱਗਾ ਸੀ ਕਿ ਤੁਸੀ ਦਲੀਲ ਦੀ ਗੱਲ ਕਰਦੇ ਹੋ, ਇਸ ਲਈ ਮੈਂ ਸੋਚਿਆ, ਆਪ ਤੁਹਾਨੂੰ ਮਿਲ ਕੇ ਕੋਈ ਰਾਏ ਤੁਹਾਡੇ ਬਾਰੇ ਬਣਾਵਾਂ।'' ਮੈਂ ਉੁਨ੍ਹਾਂ ਨੂੰ ਬੈਠਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਹਿੰਦੂ ਮੱਤ ਇਕ ਵੱਡਾ ਮੱਤ ਹੈ ਤੇ ਇਸ ਖ਼ਿੱਤੇ ਵਿਚ ਪੈਦਾ ਹੋਏ ਧਰਮਾਂ ਵਿਚੋਂ ਸੱਭ ਤੋਂ ਪੁਰਾਣਾ ਧਰਮ ਹੈ, ਇਸ ਲਈ ਕੋਈ ਵੀ ਧਰਮ ਜੋ ਇਸ ਤੋਂ ਬਾਅਦ ਇਸ ਖ਼ਿੱਤੇ ਵਿਚ ਪੈਦਾ ਹੋਇਆ ਹੈ ਜਾਂ ਹੋਵੇਗਾ, ਉਸ ਵਿਚ ਹਿੰਦੂ ਮੱਤ ਵਾਲੀ ਸ਼ਬਦਾਵਲੀ ਥੋੜੇ ਬਹੁਤ ਫ਼ਰਕ ਨਾਲ ਜ਼ਰੂਰ ਕਾਇਮ ਰਹੇਗੀ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਸਾਮੀ ਮੱਤਾਂ ਵਿਚੋਂ ਯਹੂਦੀਆਂ ਦਾ ਧਰਮ ਸੱਭ ਤੋਂ ਪੁਰਾਣਾ ਧਰਮ ਹੋਣ ਕਰ ਕੇ, ਉਸ ਦੀ ਸ਼ਬਦਾਵਾਲੀ, ਮਗਰੋਂ ਪੈਦਾ ਹੋਣ ਵਾਲੇ ਸਾਰੇ ਧਰਮਾਂ ਵਿਚ ਇਕ ਜਾਂ ਦੂਜੇ ਰੂਪ ਵਿਚ ਮੌਜੂਦ ਹੈ। ਯਹੂਦੀ ਇਹ ਸ਼ਰਤ ਨਹੀਂ ਰਖਦੇ ਕਿ ਉੁਨ੍ਹਾਂ ਦੀ ਸ਼ਬਦਾਵਲੀ ਵਰਤਣ ਵਾਲੇ ਨਵੇਂ ਧਰਮ, ਯਹੂਦੀ ਧਰਮ ਨੂੰ ਅਪਣਾ ਮੂਲ ਧਰਮ ਮੰਨਣ ਤੇ ਹਿੰਦੂ ਧਰਮ ਦੇ ਪ੍ਰਚਾਰਕਾਂ ਨੂੰ ਵੀ, ਮੇਰੇ ਖ਼ਿਆਲ ਵਿਚ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਪਰ ਸਵਾਮੀ ਜੀ, ਤੁਸੀ ਜੋ ਦਾਅਵਾ ਕਰਨਾ ਚਾਹੁੰਦੇ ਹੋ, ਉਸ ਨੂੰ ਪਹਿਲੀ ਸ਼ਰਤ ਦਾ ਰੂਪ ਕਿਉਂ ਦੇਣਾ ਚਾਹੁੰਦੇ ਹੋ?'' ਸਵਾਮੀ ਜੀ ਬੋਲੇ, ''ਕਿਉੁਂਕਿ ਇਹੀ ਸੱਚ ਹੈ ਤੇ ਜਿਹੜਾ ਕੋਈ ਇਸ ਸੱਚ ਨੂੰ ਵੀ ਪ੍ਰਵਾਨ ਨਹੀਂ ਕਰਦਾ, ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਹੈ। ਤੁਸੀ ਮੈਨੂੰ ਹਾਂ ਜਾਂ ਨਾਂਹ ਵਿਚ ਜਵਾਬ
ਦਿਉ।''
ਮੈਂ ਕਿਹਾ, ''ਮੈਂ ਆਪ ਜਵਾਬ ਨਹੀਂ ਦਿਆਂਗਾ। 15 ਮਿੰਟ ਬਾਅਦ ਜੋ ਤੁਸੀ ਕਹੋਗੇ, ਉਸ ਨੂੰ ਮੰਨ ਲਵਾਂਗਾ।'' ਸਵਾਮੀ ਜੀ ਖ਼ੁਸ਼ ਹੋ ਗਏ ਤੇ ਕੁਰਸੀ ਤੇ ਬੈਠ ਗਏ। ਹੁਣ ਤਕ ਉਹ ਖੜੇ ਖੜੇ ਹੀ ਗੱਲ ਕਰ ਰਹੇ ਸਨ। ਮੈਂ ਉੁਨ੍ਹਾਂ ਨੂੰ ਕਿਹਾ ਕਿ ਜੇ ਉਹ ਆਗਿਆ ਦੇਣ ਤਾਂ ਇਕ ਸਵਾਲ ਪੁੱਛਣ ਦੀ ਪਹਿਲ ਕਰਾਂ? ਜਦ ਉੁਨ੍ਹਾਂ 'ਹਾਂ' ਕਰ ਦਿਤੀ ਤਾਂ ਮੈਂ ਪੁਛਿਆ, ''ਇਹ ਦੱਸੋ 'ਓਮ' ਦਾ ਸ੍ਰੋਤ ਕੀ ਹੈ? ਇਹ ਪਵਿੱਤਰ ਸ਼ਬਦ ਕਿਥੋਂ ਉਪਜਿਆ ਸੀ?'' ਉਹ ਕਹਿਣੇ ਲੱਗੇ, ''ਰਿਸ਼ੀਆਂ ਮੁਨੀਆਂ ਨੇ ਸਮਾਧੀ ਲਾ ਕੇ ਜਦ ਪ੍ਰਮਾਤਮਾ ਨਾਲ ਸਿੱਧੀ ਵਾਰਤਾ ਕੀਤੀ ਤਾਂ ਸਮਾਧੀ ਖੁਲ੍ਹਣ ਤੇ ਪਹਿਲਾ ਸ਼ਬਦ ਜੋ ਸਾਰਿਆਂ ਦੇ ਮੂੰਹ 'ਚੋਂ ਨਿਕਲਿਆ, ਉਹ'ਓਮ' ਹੀ ਸੀ। ਉਹ ਰਿਸ਼ੀ ਮੁਨੀ ਪ੍ਰਮਾਤਮਾ ਦੇ ਪਹਿਲੇ ਖੋਜੀ ਸਨ ਤੇ ਬਹੁਤ ਸਾਰੇ ਪਹਿਲੇ ਖੋਜੀਆਂ ਦੇ ਮੂੰਹ 'ਚੋਂ ਇਕ ਹੀ ਸ਼ਬਦ 'ਓਮ' ਨਿਕਲਿਆ। ਇਸ 'ਓਮ' ਸ਼ਬਦ ਤੋਂ ਹੀ ਸੰਸਾਰ ਦੇ ਸਾਰੇ ਧਾਰਮਕ ਚਿੰਤਨ ਦਾ ਨਿਕਾਸ ਤੇ ਵਿਕਾਸ ਹੋਇਆ। ਮਾਨਵ ਦੇ ਇਤਿਹਾਸ ਵਿਚ 'ਓਮ' ਸੱਭ ਤੋਂ ਪਹਿਲਾ ਸ਼ਬਦ ਹੈ ਜੋ ਰਿਸ਼ੀਆਂ ਮੁਨੀਆਂ ਤੇ ਪ੍ਰਮਾਤਮਾ ਦੇ ਸੰਵਾਦ ਜਾਂ ਸੰਬੋਧਨ 'ਚੋਂ ਨਿਕਲਿਆ।'' ਮੈਂ ਉਨ੍ਹਾਂ ਨੂੰ ਇਸ ਦਾ ਵਿਸਥਾਰ ਦੇਣ ਲਈ ਕਿਹਾ ਤਾਂ ਉੁਨ੍ਹਾਂ ਦਸਿਆ ਕਿ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਹਿਮਾਲੀਆ ਦੀਆਂ ਚੋਟੀਆਂ ਤੇ ਬੈਠ ਕੇ ਇਕ ਵਾਰ ਫ਼ੈਸਲਾ ਕੀਤਾ ਕਿ ਸਾਰੇ ਰੱਲ ਕੇ ਸਮਾਧੀ ਵਿਚ ਚਲੇ ਜਾਣ ਤੇ ਪ੍ਰਮਾਤਮਾ ਦਾ ਨਾਂ ਪ੍ਰਗਟ ਹੋਣ ਤਕ ਸਮਾਧੀ ਨਾ ਖੋਲ੍ਹਣ। ਸ਼ੁਰੂਆਤ ਉਹ 'ਓ' ਨਾਲ ਕਰਨ। ਕਿਸੇ ਨੂੰ ਵੀ ਬੁਲਾਉਣ ਲਈ ਓ, ਓਇ, ਓ ਬੇ, ਓ ਭਾਈ ਸ਼ਬਦ ਲਗਭਗ ਹਰ ਭਾਸ਼ਾ ਵਿਚ ਹੀ ਵਰਤੇ ਜਾਂਦੇ ਹਨ। ਖ਼ੈਰ, ਸਮਾਧੀ ਲੱਗ ਗਈ ਤੇ ਉਨ੍ਹਾਂ ਨੇ ਕਈ ਘੰਟੇ ਜਾਂ ਕਈ ਦਿਨਾ ਤੀਕ ਜਾਂ ਕਈ ਸਾਲਾਂ ਤਕ (ਜਿਵੇਂ ਦਾਅਵਾ ਕੀਤਾ ਜਾਂਦਾ ਹੈ) ਇਹ ਸਮਾਧੀ ਜਾਰੀ ਰੱਖੀ। ਅਖ਼ੀਰ ਹੌਲੀ ਹੌਲੀ ਸੱਭ ਦੇ ਮੂੰਹ ਬੰਦ ਹੋਏ ਤਾਂ ਅੱਖਰ 'ਮ' ਉਨ੍ਹਾਂ ਦੇ ਮੂੰਹ 'ਚੋਂ ਨਿਕਲਿਆ। ਅਰਥਾਤ ਓ ਤੋਂ ਸ਼ੁਰੂ ਹੋਈ ਸਮਾਧੀ 'ਮ' ਤੇ ਆ ਕੇ ਖ਼ਤਮ ਹੋਈ। ਇਸ ਲਈ ਸਾਰਿਆਂ ਨੇ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਕਿ 'ਓਮ' ਹੀ ਉਹ ਸ਼ਕਤੀ ਜਾਂ ਸ਼ਬਦ ਹੈ ਜਿਸ ਦੀ ਉਹ ਖੋਜ ਕਰ ਰਹੇ ਸਨ। ਮੈਂ ਹਿੰਦੂ ਧਰਮ ਬਾਰੇ ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਸਨ, ਉਨ੍ਹਾਂ ਵਿਚ ਸਵਾਮੀ ਜੀ ਵਲੋਂ ਸੁਣਾਈ ਗਈ ਵਾਰਤਾ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਪਰ 'ਓਮ' ਦੇ 16 ਵਖਰੇ ਵਖਰੇ ਅਰਥ ਦਿਤੇ ਗਏ ਸਨ ਜਿਹੜੇ ਮੈਂ ਨੋਟ ਕੀਤੇ ਹੋਏ ਸਨ। ਸਵਾਮੀ ਜੀ ਕਹਿਣ ਲੱਗੇ, ''ਇਹ ਤਾਂ ਵਿਦਵਾਨਾਂ ਦੀ ਵਿਦਵਤਾ ਬੋਲਦੀ ਹੈ ਪਰ ਪੂਰਨ ਸੱਚ ਉਹੀ ਹੈ ਜੋ ਮੈਂ ਤੁਹਾਨੂੰ ਦਸਿਆ ਹੈ।''
ਮੈਂ ਕਿਹਾ, ''ਚਲੋ ਇਸੇ ਨੂੰ ਠੀਕ ਮੰਨ ਲੈਂਦੇ ਹਾਂ। ਹੁਣ ਬਾਬਾ ਨਾਨਕ ਨੇ 'ੴ' ਵਿਚ ਕੀ ਇਕ (੧) 'ਓਮ' ਚੋਂ ਲਿਆ ਹੈ?'' ਸਵਾਮੀ ਜੀ: ਹਾਂ, ਇਹ ਮੈਂ ਮੰਨ ਲੈਂਦਾ ਹਾਂ ਕਿ '੧' ਬਾਬਾ ਨਾਨਕ ਨੇ 'ਓਮ' ਤੋਂ ਨਹੀਂ ਲਿਆ।
ਮੈਂ ਕਿਹਾ, ''ਕੀ 'ਮ' ਬਾਬਾ ਨਾਨਕ ਨੇ 'ਓਮ' ਤੋਂ ਲਿਆ ਹੈ?'' ਸਵਾਮੀ ਜੀ: ਨਹੀਂ, ਉਹ ਤਾਂ 'ਮ' ਤਕ ਪਹੁੰਚਦੇ ਹੀ ਨਹੀਂ। ਮੈਂ ਕਿਹਾ, ''ਬਾਬਾ ਨਾਨਕ ਨੇ ਇਸ ਸਿਧਾਂਤ ਨੂੰ ਪ੍ਰਵਾਨ ਹੀ ਨਹੀਂ ਕੀਤਾ ਕਿ ਮਨੁੱਖ ਦੀ
ਸਮਾਧੀ ਸ਼ੁਰੂ ਹੋਣ ਨਾਲ ਉਸ ਦਾ ਨਾਂ ਸ਼ੁਰੂ ਹੁੰਦਾ ਹੈ ਤੇ ਮਨੁੱਖ ਦੀ ਸਮਾਧੀ ਖੁਲ੍ਹਣ ਨਾਲ ਜੋ ਅੱਖਰ ਸਾਡੇ ਹੋਠਾਂ ਦੇ ਜੁੜਨ ਨਾਲ ਗੂੰਜਦਾ ਹੈ, ਉਹ ਪ੍ਰਮਾਤਮਾ ਦੇ ਨਾਂ ਦਾ ਅੰਤਮ ਅੱਖਰ ਹੈ। ਰਹਿ ਗਿਆ
'ਓ' ਤਾਂ ਆਪ ਦੇ ਸਮਾਧੀ ਸਿਧਾਂਤ ਅਨੁਸਾਰ ਇਹ ਤਾਂ ਪ੍ਰਮਾਤਮਾ ਨੂੰ ਸੰਬੋਧਨ ਕਰਨ ਵਾਲਾ ਹੀ ਇਕ ਅੱਖਰ ਹੈ। ਪਰ ਜੇ ਦੂਜੇ ਹਿੰਦੂ ਵਿਦਵਾਨਾਂ ਵਲੋਂ 'ਓਮ' ਦੇ ਕੀਤੇ ਅਰਥਾਂ ਨੂੰ ਵੀ ਲੈ ਲਈਏਤਾਂ ਵੀ ਆਪ ਦਾ ਦਾਅਵਾ ਬਹੁਤਾ ਢੁਕਵਾਂ ਨਹੀਂ ਲਗਦਾ।'' ਇਸ ਤੋਂ ਬਾਅਦ ਮੈਂ ਕੁੱਝ ਹਿੰਦੂ ਵਿਦਵਾਨਾਂ ਦੇ ਵਿਚਾਰ ਕੱਢ ਕੇ ਉਨ੍ਹਾਂ ਨੂੰ ਵਿਖਾਏ (ਸਵਾਮੀ ਜੀ ਇਨ੍ਹਾਂ ਤੋਂ ਚੰਗੀ ਤਰ੍ਹਾਂ ਪ੍ਰੀਚਤ ਸਨ) ਜਿਨ੍ਹਾਂ ਵਿਚ 'ਓਮ' ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਸੀ- 'ਓ-ਅ-ਮ'। ਸੰਸਕ੍ਰਿਤ ਵਿਦਵਾਨਾਂ ਨੇ ਇਨ੍ਹਾਂ ਤਿੰਨਾਂ ਅੱਖਰਾਂ ਨੂੰ ਬ੍ਰਹਮਾ (ਓ), ਵਿਸ਼ਨੂੰ (ਅ) ਤੇ ਸ਼ਿਵ (ਮ) ਨਾਂ ਦੇ ਕੇ ਪ੍ਰਮਾਤਮਾ ਨੂੰ ਤਿੰਨ ਰੂਪ ਦਿਤੇ ਹਨ। ਹਿੰਦੂ ਵਿਦਵਾਨਾਂ ਦਾ ਇਕ ਹੋਰ ਵਰਗ 'ਓਅੰਮ' ਸ਼ਬਦ ਨੂੰ ਵੀ ਤਿੰਨ ਹਿੱਸਿਆਂ ਵਿਚ ਵੰਡ ਕੇ ਉਪਰੋਕਤ ਅਨੁਸਾਰ ਹੀ, ਤਿੰਨਾਂ ਹਿੱਸਿਆਂ ਨੂੰ ਸੂਰਜ, ਅਗਨੀ ਤੇ ਵਾਯੂ ਨਾਮ ਦੇਂਦਾ ਹੈ। ਮੈਂ ਕਿਹਾ, ਬਾਬੇ ਨਾਨਕ ਨੇ ੴ ਦੀ ਵਿਆਖਿਆ ਵਿਚ ਇਨ੍ਹਾਂ ਦੋਹਾਂ ਵੰਡੀਆਂ ਨੂੰ ਅਪ੍ਰਵਾਨ ਕਰ ਦਿਤਾ ਹੈ ਤੇ ੴ ਨੂੰ ਬਿਲਕੁਲ ਨਵੇਂ ਅਰਥ ਦਿਤੇ ਹਨ। ਸਵਾਮੀ ਜੀ ਬੜੇ ਧਿਆਨ ਨਾਲ ਮੇਰੀਆਂ ਗੱਲਾਂ ਸੁਣ ਰਹੇ ਸਨ ਜਦ ਕਿ ਮੈਨੂੰ ਡਰ ਸੀ ਕਿਉਹ ਸ਼ਾਇਦ ਮੈਨੂੰ ਗ਼ਲਤ ਸਾਬਤ ਕਰਨ ਲਈ ਕੋਈ ਹੋਰ ਵੱਡਾ ਦਾਅਵਾ ਕਰ ਦੇਣਗੇ। ਅਖ਼ੀਰ ਤੇ ਮੈਂ ਕਿਹਾ, ''ਇਸ ਨਾਲ ਗੁਰੂ ਨਾਨਕ ਨੇ ਛੋਟਾ ਨਹੀਂ ਹੋ ਜਾਣਾ ਜੇ ਇਹ ਮੰਨ ਲਿਆ ਜਾਏ ਕਿ 'ੴ' ਦਾ ਸ੍ਰੋਤ 'ਓਮ' ਸੀ, ਨਾ ਹੀ ਹਿੰਦੂ ਧਰਮ ਨੇ ਛੋਟਾ ਹੋ ਜਾਣਾ ਹੈ ਜੇ ਇਹ ਮੰਨ ਲਿਆ ਜਾਏ ਕਿ 'ੴ' ਇਕ ਹੋਰ ਸਿਧਾਂਤ ਦਾ ਪ੍ਰਤੀਕ ਹੈ ਤੇ 'ਓਮ' ਇਕ ਹੋਰ ਦਾ। ਪਰ ਦੋਹਾਂ ਅੱਖਰਾਂ ਵਿਚ ਕੇਵਲ 'ਓ' ਦੀ ਸਾਂਝ ਨਾਲ, ਮਜ਼ਬੂਤ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ। ਅੱਖਰ ਨਾਲੋਂ ਜ਼ਿਆਦਾ ਮਹੱਤਵਪੂਰਨ, ਉਸ ਦੇ ਪਿੱਛੇ ਕੰਮ ਕਰਦਾ ਸਿਧਾਂਤ ਹੈ। ਸਿਧਾਂਤ ਰੂਪ ਵਿਚ ਦੋਹਾਂ ਅੱਖਰਾਂ ਵਿਚ ਅੰਤਰ ਜ਼ਿਆਦਾ ਹੈ ਤੇ ਨੇੜਤਾ ਥੋੜੀ। ਇਸ ਲਈ ਮੇਰੀ ਬੇਨਤੀ ਹੈ ਕਿ ਇਹ ਬਹਿਸ ਹੀ ਨਿਰਰਥਕ ਹੈ ਤੇ ਸਵਾਮੀ ਜੀ ਵਰਗੇ ਸਮਝਦਾਰ ਲੋਕਾਂ ਨੂੰ ਇਸ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ। ਛੋਟੇ ਪ੍ਰਚਾਰਕ ਬੜੇ ਗ਼ਲਤ ਦਾਅਵੇ ਕਰਦੇ ਹਨ (ਸਿੱਖ ਪ੍ਰਚਾਰਕਾਂ ਸਮੇਤ। ਉਨ੍ਹਾਂ ਨੂੰ ਅਪਣਾ ਸ਼ੁਗ਼ਲ ਜਾਰੀ ਰੱਖਣ ਦਿਉ। ਸਿਆਣੇ ਲੋਕਾਂ ਲਈ ਅੱਖਰ ਨਹੀਂ, ਉੁਨ੍ਹਾ ਦੇ ਅਰਥ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਤੇ ਗ਼ਲਤ ਦਾਅਵੇ ਕਰਨ ਨਾਲ ਅਸੀ ਨਾ ਤਾਂ ਸਹੀ ਅਰਥਾਂ ਨੂੰ ਸਮਝ ਸਕਾਂਗੇ, ਨਾ ਮਨ ਵਿਚੋਂ ਇਕ ਦੂਜੇ ਪ੍ਰਤੀ ਸ਼ੰਕੇ ਪੈਦਾ ਹੋਣੋਂ ਰੋਕ ਸਕਾਂਗੇ।'' ਅਖ਼ੀਰ ਵਿਚ ਮੈਂ ਸਵਾਮੀ ਜੀ ਨੂੰ ਕਿਹਾ, ''ਹੁਣ ਆਪ ਦਾ ਕੀ ਫ਼ੈਸਲਾ ਹੈ? ਮੈਂ ਸੁਣਨਾ ਚਾਹਾਂਗਾ।'' ਸਵਾਮੀ ਜੀ ਦੇ ਚਿਹਰੇ ਤੋਂ ਮੈਂ ਏਨਾ ਹੀ ਪੜ੍ਹ ਸਕਿਆ ਕਿ ਉਹ ਸੋਚਾਂ ਵਿਚ ਘਿਰੇ ਹੋਏ ਸਨ। ਉਹ ਚੁਪਚਾਪ ਉਠੇ ਤੇ ਮੇਰੇ ਮੋਢੇ ਨੂੰ ਥਪਥਪਾਉੁਂਦੇ ਹੋਏ, ਕੁੱਝ ਵੀ ਕਹੇ ਬਿਨਾਂ, ਚਲੇ ਗਏ। ਮੈਂ ਉੁਨ੍ਹਾਂ ਨੂੰ ਚਾਹ ਪਾਣੀ ਲੈਣ ਲਈ ਵੀ ਬੇਨਤੀ ਕੀਤੀ ਪਰ ਉਹ ਮੁਸਕ੍ਰਾਉੁਂਦੇ ਹੋਏ ਤੇ ਹੱਥ
ਹਿਲਾਉੁਂਦੇ ਹੋਏ, ਬਾਹਰ ਨਿਕਲ ਗਏ। ੴ' ਸੱਭ ਤੋਂ ਮਹੱਤਵਪੂਰਨ ਅੱਖਰ ਹੈ, ਗੁਰਮਤਿ ਫ਼ਸਲਫ਼ੇ ਦਾ ਵੀ ਤੇ ਗੁਰਬਾਣੀ ਦਾ ਵੀ।
ਇਸੇ ਲਈ ਇਸ ਬਾਰੇ ਜ਼ਰਾ ਵਿਸਥਾਰ ਨਾਲ ਗੱਲ ਕਰ ਰਹੇ ਹਾਂ।