ਸ਼ੁੱਧ ਆਰੀਅਨ ਨਸਲ ਦੀ ਭਾਲ 'ਚ ਆਰ.ਐਸ.ਐਸ.

ਵਿਚਾਰ, ਵਿਸ਼ੇਸ਼ ਲੇਖ


ਆਰ.ਐਸ.ਐਸ. ਹੁਣ ਨਸਲੀ ਸ਼ੁੱਧਤਾ ਭਾਵ ਨਸਲ ਸੁਧਾਰਨ ਉਤੇ ਉਤਰ ਆਈ ਹੈ। ਆਰੀਆ ਨਸਲ ਨੂੰ ਸੱਭ ਤੋਂ ਵਧੀਆ ਨਸਲ ਮੰਨਣ ਦੇ ਦਾਅਵੇਦਾਰ ਅਤੇ ਬ੍ਰਾਹਮਣਵਾਦੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਜਿਸ ਹਿੰਦੂ ਰਾਸ਼ਟਰ ਦੇ ਨਿਰਮਾਣ ਵਿਚ ਜੁਟੇ ਹੋਏ ਹਨ, ਉਸ ਵਿਚ ਇਕ ਏਜੰਡਾ ਇਹ ਵੀ ਹੈ ਕਿ ਭਾਰਤ ਵਿਚ ਕਾਲਿਆਂ ਨਾਲ ਰਹਿੰਦਿਆਂ ਉਨ੍ਹਾਂ ਦੀ ਨਸਲ ਅਪਵਿੱਤਰ ਹੋ ਗਈ ਹੈ, ਸੋ ਸ਼ੁੱਧ ਆਰੀਅਨ ਨਸਲ ਤਿਆਰ ਕੀਤੀ ਜਾਵੇ। ਇਹ ਨਾ ਮਜ਼ਾਕ ਹੈ ਅਤੇ ਨਾ ਹੀ ਵਿਅੰਗ, ਸਗੋਂ ਸੌ ਫ਼ੀ ਸਦੀ ਹਕੀਕਤ ਹੈ।

ਆਰ.ਐਸ.ਐਸ. ਦੀ ਸਿਹਤ ਬ੍ਰਾਂਚ ਹੈ 'ਆਰੋਗਯਾ ਭਾਰਤੀ' ਜਿਹੜੀ ਪ੍ਰਾਚੀਨ ਭਾਰਤ ਦੇ ਆਯੁਰਵੈਦਿਕ ਗਿਆਨ ਦੇ ਆਧਾਰ ਉਤੇ 'ਗਰਭ ਵਿਗਿਆਨ ਸੰਸਕਾਰ' ਰਾਹੀਂ ਉੱਤਮ ਸੰਤਾਨ ਨੂੰ ਜਨਮ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਹੈ। ਇਹ ਸੰਸਥਾ ਅਜਿਹਾ ਦਾਅਵਾ ਕਰਦੀ ਹੈ ਕਿ ਇਸ ਸੰਸਥਾ ਵਲੋਂ ਤਿਆਰ ਕੀਤੀ ਮਾਰਗਦਰਸ਼ਿਕਾ ਦੇ ਅੱਖਰ ਅੱਖਰ ਦਾ ਪਾਲਣ ਕਰ ਕੇ ਉੱਤਮ ਸੰਤਾਨ ਨੂੰ ਜਨਮ ਦਿਤਾ ਜਾ ਸਕਦਾ ਹੈ। ਇਥੋਂ ਤਕ ਕਿ ਜੇ ਮਾਤਾ-ਪਿਤਾ ਦਾ ਕੱਦ ਘੱਟ ਹੈ ਅਤੇ ਰੰਗ ਕਾਲਾ, ਤਾਂ ਵੀ ਉੱਚੇ ਅਤੇ ਗੋਰੇ ਬੱਚਿਆਂ ਨੂੰ ਜਨਮ ਦਿਤਾ ਜਾ ਸਕਦਾ ਹੈ।

ਇਹ ਦਿਸ਼ਾ-ਨਿਰਦੇਸ਼ 'ਆਰੋਗਯਾ ਭਾਰਤੀ' ਵਲੋਂ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਨਵਵਿਆਹੁਤਾ ਜੋੜਾ ਬਿਲਕੁਲ ਉਹੋ ਜਿਹੀ ਸੰਤਾਨ ਪੈਦਾ ਕਰ ਸਕਦਾ ਹੈ ਜਿਹੋ ਜਿਹੀ ਉਹ ਚਾਹੁੰਦੇ ਹਨ ਅਤੇ ਇਹ ਵੀ ਉਨ੍ਹਾਂ ਮੁਤਾਬਕ ਪੁਰਾਤਨ ਵਿਗਿਆਨ ਦਾ ਹੀ ਹਿੱਸਾ ਹੈ। ਜਿਹੜੀਆਂ ਰੀਪੋਰਟਾਂ ਮੀਡੀਆ ਰਾਹੀਂ ਆਈਆਂ ਹਨ, ਉਨ੍ਹਾਂ ਮੁਤਾਬਕ 'ਆਰੋਗਯਾ ਭਾਰਤੀ' ਨੇ ਜਿਸ ਪੱਧਤੀ ਦੀ ਖੋਜ ਕੀਤੀ ਹੈ, ਉਸ ਰਾਹੀਂ ਹੋਣ ਵਾਲੇ ਮਾਤਾ-ਪਿਤਾ ਨੂੰ ਪਹਿਲੇ ਤਿੰਨ ਮਹੀਨੇ ਸ਼ੁੱਧੀਕਰਨ ਦੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਇਸੇ ਸਮੇਂ ਬ੍ਰਾਹਮਣੀ ਪੂਜਵਿਧਾ ਅਤੇ ਕਿਰਿਆ ਕਲਪਾਂ ਰਾਹੀਂ ਗ੍ਰਹਾਂ ਅਤੇ ਨਛੱਤਰਾਂ ਦੇ ਢੁਕਵੇਂ ਮਿਲਾਪ ਦੇ ਆਧਾਰ ਤੇ ਉਨ੍ਹਾਂ ਭਾਵ ਜੋੜੇ ਦਰਮਿਆਨ ਸੰਭੋਗ ਦਾ ਸਮਾਂ ਤੈਅ ਕੀਤਾ ਜਾਂਦਾ ਹੈ। ਇਹ ਬ੍ਰਾਹਮਣਾਂ ਦੀ ਦੇਖਰੇਖ ਹੇਠ ਹੋਵੇਗਾ। ਗਰਭ ਧਾਰਨ ਕਰਨ ਮਗਰੋਂ ਇਕ ਨਿਸ਼ਚਿਤ ਸਮੇਂ ਤਕ ਜੋੜੇ ਨੂੰ ਸਰੀਰਕ ਸਬੰਧਾਂ ਤੋਂ ਦੂਰ ਰਹਿਣਾ ਹੁੰਦਾ ਹੈ। ਉੱਤਮ ਸੰਤਾਨ ਦੀ ਪ੍ਰਾਪਤੀ ਲਈ ਆਦਮੀ ਦੀ ਜ਼ਿੰਮੇਵਾਰੀ ਬੇਸ਼ੱਕ ਸੰਭੋਗ ਮਗਰੋਂ ਖ਼ਤਮ ਹੋ ਜਾਂਦੀ ਹੈ ਪਰ ਗਰਭਵਤੀ ਔਰਤ ਨੂੰ ਕਈ ਪ੍ਰਕਿਰਿਆਵਾਂ ਅਤੇ ਕਰਮਕਾਂਡਾਂ ਵਿਚੋਂ ਲੰਘਣਾ ਪੈਂਦਾ ਹੈ।

ਜਿਵੇਂ ਅਸੀ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਆਰ.ਐਸ.ਐਸ. ਆਰੀਆ ਨਸਲ ਨੂੰ ਸੱਭ ਤੋਂ ਵਧੀਆ, ਬ੍ਰਾਹਮਣਵਾਦੀ ਕਦਰਾਂ-ਕੀਮਤਾਂ ਨੂੰ ਦੁਨੀਆਂ ਦੀਆਂ ਸੱਭ ਤੋਂ ਮਹਾਨ ਅਤੇ ਭਾਰਤੀ ਪੁਰਾਤਨ ਵਿਗਿਆਨ ਨੂੰ ਸਰਵੋਤਮ ਵਿਗਿਆਨ ਪ੍ਰਵਾਨ ਕੇ ਇਸ ਦਾ ਸੂਖਮ ਪ੍ਰਚਾਰ ਕਰਦੇ ਹਨ। ਆਰੀਆ ਸੱਭ ਤੋਂ ਵਧੀਆ ਨਸਲ ਮੰਨਿਆ ਜਾਂਦਾ ਹੈ ਸੋ ਆਰ.ਐਸ.ਐਸ. ਦੀ ਵਿਚਾਰਧਾਰਾ ਮੁਤਾਬਕ ਹਿੰਦੂ ਰਾਸ਼ਟਰ ਵਿਸ਼ਵ ਦਾ ਗੁਰੂ ਅਤੇ ਅਗਵਾਣੂ ਦੋਵੇਂ ਹੀ ਹੈ। ਵਿਸ਼ੇਸ਼ ਨਸਲ ਦੀ ਧਾਰਨਾ ਪਹਿਲਾਂ ਅੰਗਰੇਜ਼ਾਂ ਵਲੋਂ ਹੀ ਪਿਉਂਦ ਕੀਤੀ ਗਈ ਸੀ। ਦੁਨੀਆਂ ਤੇ ਰਾਜ ਕਰਨ ਲਈ ਅਜਿਹੇ ਮਿਥਕਾਂ ਦਾ ਕੂੜ ਪ੍ਰਚਾਰ ਬਹੁਤ ਜ਼ਰੂਰੀ ਸੀ। ਫਿਰ ਇਸੇ ਗੁਰ ਨੂੰ ਜਰਮਨੀ 'ਚ ਨਾਜ਼ੀਆਂ ਨੇ ਅਪਣਾ ਲਿਆ ਅਤੇ ਨਸਲੀ ਸ੍ਰੇਸ਼ਠਤਾ ਦੇ ਸਿਧਾਂਤ ਨੂੰ ਸਿਰੇ ਤਕ ਪਹੁੰਚਾ ਦਿਤਾ। ਹੁਣ ਹਿਟਲਰ ਦੇ ਚੇਲੇ ਹਿੰਦੂ ਆਰੀਅਨਾਂ ਨੂੰ ਸ੍ਰੇਸ਼ਠਤਾ ਦੀ ਪੁੱਠ ਦੇ ਕੇ ਮੁੜ ਸਥਾਪਤ ਕਰਨ ਲਈ ਤਤਪਰ ਹਨ। ਭਾਰਤ ਵਿਚ ਅੰਗਰੇਜ਼ਾਂ ਤੇ ਫਿਰ ਬ੍ਰਾਹਮਣਾਂ ਨੇ ਹੀ ਨਸਲਾਂ ਦੀ ਸ੍ਰੇਸ਼ਠਤਾ ਦੀ ਧਾਰਾ ਨੂੰ ਉਤਸ਼ਾਹਿਤ ਕੀਤਾ ਹੈ। ਜ਼ਿਆਦਾਤਰ ਭਾਰਤੀ ਲੋਕ ਅੰਧਵਿਸ਼ਵਾਸੀ ਅਤੇ ਲਾਈਲੱਗ ਹਨ। ਧਰਮ ਦੇ ਨਾਂ ਹੇਠ ਕੀਤਾ ਗਿਆ ਕੂੜ ਪ੍ਰਚਾਰ ਤਾਂ ਬਿਨਾਂ ਵਿਚਾਰੇ ਸਮਝੇ ਪ੍ਰਵਾਨ ਕਰ ਲੈਂਦੇ ਹਨ ਅਤੇ ਬ੍ਰਾਹਮਣੀ ਸੋਚ ਤਾਂ ਹੈ ਹੀ ਛੱਲ ਕਪਟ ਦੇ ਸਿਰ ਉਤੇ ਖਲੋਤਾ। ਜਿਹੜਾ ਜਾਦੂ, ਟੂਣੇ ਅਤੇ ਅਜਿਹੇ ਕਰਮਕਾਂਡਾਂ ਦੇ ਆਲ-ਜੰਜਾਲ ਨਾਲ ਲਿਬੜਿਆ ਹੈ ਅਤੇ ਆਰ.ਐਸ.ਐਸ. ਦਾ ਸ਼ੈਤਾਨੀ ਦਿਮਾਗ਼ ਭਾਰਤੀ ਜਨਮਾਨਸ ਦੀ ਮਾਨਸਿਕਤਾ ਨੂੰ ਜਾਣਦਾ ਹੈ।

ਇਹੋ ਕਾਰਨ ਹੈ ਕਿ ਜਦੋਂ ਕੁੱਝ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਭਾਰਤੀ ਪ੍ਰਾਚੀਨ ਵਿਗਿਆਨ ਵਿਚ ਪਲਾਸਟਿਕ ਸਰਜਰੀ ਦੀ ਤਕਨੀਕ ਕਾਫ਼ੀ ਉੱਨਤ ਸੀ ਤਾਂ ਨਾ ਸਿਰਫ਼ ਆਮ ਭਾਰਤੀ ਸਗੋਂ ਡਾਕਟਰੀ ਖੇਤਰ ਦੇ ਮਾਹਰ ਵੀ ਅਸ਼ ਅਸ਼ ਕਰ ਉਠਦੇ ਹਨ। ਇਥੋਂ ਤਕ ਕਿ 'ਪੁਸ਼ਪਕ ਵਿਮਾਨ' ਨੂੰ ਅਜੋਕੇ ਹਵਾਈ ਜਹਾਜ਼ਾਂ ਦਾ ਹੀ ਦਰਜਾ ਦਿਤਾ ਜਾ ਰਿਹਾ ਹੈ। ਪਰੰਪਰਾਗਤ ਅਤੇ ਪ੍ਰਾਚੀਨ ਗਿਆਨ ਦੇ ਨਾਂ ਤੇ ਆਮ ਲੋਕਾਂ ਨੂੰ ਖਿਚਣਾ ਜਾਂ ਸੰਮੋਹਿਤ ਕਰਨਾ ਬ੍ਰਾਹਮਣੀ ਕਲਾ ਦਾ ਹਿੱਸਾ ਰਿਹਾ ਹੈ। ਅਣਗਿਣਤ ਲੋਕ ਕਥਾਵਾਂ ਵਿਚ ਇਹ ਜ਼ਿਕਰ ਵੀ ਮਿਲਦਾ ਹੈ ਕਿ ਜਦੋਂ ਕਿਸੇ ਰਾਜੇ ਦੇ ਘਰ ਪੁੱਤਰ ਨਹੀਂ ਸੀ ਹੁੰਦਾ ਤਾਂ ਬ੍ਰਾਹਮਣੀ ਕਰਮਕਾਂਡਾਂ ਪਿਛੋਂ ਇਹ ਸੰਭਵ ਹੋਇਆ। ਸੋ ਅਜੋਕੇ ਦੌਰ ਵਿਚ ਜਦੋਂ ਹਰ ਕੋਈ ਪੁੱਤਰ ਦੀ ਖ਼ਾਹਿਸ਼ ਪਾਲਦਾ ਹੈ ਅਤੇ ਤੰਦਰੁਸਤ ਸੰਤਾਨ ਲੋਚਦਾ ਹੈ, ਉਸ ਦਾ 'ਆਰੋਗਯਾ ਭਾਰਤੀ' ਦੇ ਕੂੜ ਪ੍ਰਚਾਰ ਵਿਚ ਫਸਣਾ ਸੁਭਾਵਕ ਹੈ।

ਅਸੀ ਇਸ ਟਿਪਣੀ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਜੋਕੇ ਜੀਵ ਵਿਗਿਆਨ ਅਤੇ ਸਿਹਤ ਵਿਗਿਆਨ ਦਾ ਜ਼ਿਕਰ ਕਰ ਲੈਣਾ ਜ਼ਰੂਰੀ ਸਮਝਦੇ ਹਾਂ। ਅਜੋਕੇ ਵਿਗਿਆਨ ਨੇ ਗਰਭਧਾਰਨ ਅਤੇ ਗਰਭ ਵਿਚ ਤੰਦਰੁਸਤ ਬੱਚੇ ਦੇ ਵਿਕਾਸ ਸਬੰਧੀ ਕਈ ਮਿੱਥਾਂ ਨੂੰ ਤੋੜਿਆ ਹੈ। ਗਰਭ ਧਾਰਨ ਕਿਸੇ ਵਿਸ਼ੇਸ਼ ਗ੍ਰਹਾਂ ਅਤੇ ਨਛੱਤਰਾਂ ਦੇ ਮਿਲਣ ਨਾਲ ਨਹੀਂ ਸਗੋਂ ਸ਼ੁਕਰਾਣੂਆਂ ਵਲੋਂ ਅੰਡਾਣੂਆਂ ਦੇ ਮਿਲਾਣ (ਨਿਸ਼ੇਚਨ) ਭਾਵ ਲਿੰਗਕ ਸਬੰਧਾਂ ਨਾਲ ਹੁੰਦਾ ਹੈ। ਹਿੰਦੂਤਵੀ ਵਿਚਾਰਧਾਰਾ ਵਿਗਿਆਨ ਦੀਆਂ ਇਨ੍ਹਾਂ ਖੋਜਾਂ, ਜਿਹੜੀਆਂ ਸੂਖਮ ਅਧਿਐਨਾਂ ਤੇ ਤਜਰਬਿਆਂ ਅਤੇ ਪ੍ਰਯੋਗਾਂ ਉਤੇ ਆਧਾਰਤ ਹਨ, ਨੂੰ ਨਕਾਰਨ ਉਤੇ ਤੁਲੀ ਹੋਈ ਹੈ। ਜਦੋਂ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਸੀ ਤਾਂ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਪਾਠ ਪੁਸਤਕਾਂ ਵਿਚ ਪੁਰੋਹਿਤ ਅਤੇ ਕਰਮਕਾਂਡਾਂ ਨੂੰ ਸ਼ਾਮਲ ਕੀਤਾ ਸੀ। ਇਸ ਵਿਚੋਂ ਇਕ ਕਰਮਕਾਂਡ ਦਾ ਨਾਂ ਸੀ 'ਪੁੱਤਰ ਕਮੇਸ਼ਟੀ ਯੋਗ'। ਇਸ ਯੋਗ ਨੂੰ ਕਰਨ ਤੇ ਪੁੱਤਰ ਜਨਮ ਯਕੀਨੀ ਕੀਤਾ ਜਾ ਸਕਦਾ ਸੀ।

ਦੂਜਾ ਵਿਗਿਆਨ ਇਹ ਕਹਿੰਦਾ ਹੈ ਕਿ ਨਵਜੰਮਿਆ ਬੱਚਾ,ਕੁੜੀ ਹੋਵੇਗੀ ਜਾਂ ਮੁੰਡਾ, ਇਹ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਆਦਮੀ ਦੇ 'ਵਾਈ' ਅਤੇ 'ਐਕਸ' ਕ੍ਰੋਮੋਸੋਮ ਵਿਚੋਂ ਕਿਹੜਾ  ਅੰਡਾਣੂ ਨੂੰ ਸਿੰਜਤ ਭਾਵ ਮਿਲਣ ਕਰਦਾ ਹੈ। ਕੋਈ ਵੀ ਯੱਗ ਦਾਨ-ਪੁੰਨ ਕਰਮਕਾਂਡ ਜਾਂ ਪੂਜਾ ਪਾਠ ਜਾਂ ਫਿਰ ਯੋਗ ਇਹ ਤੈਅ ਨਹੀਂ ਕਰ ਸਕਦੇ ਕਿ ਬੱਚਾ ਮੁੰਡਾ ਹੋਵੇਗਾ ਜਾਂ ਕੁੜੀ। ਗਰਭਵਤੀ ਔਰਤ ਅਤੇ ਗਰਭ ਵਿਚਲੇ ਬੱਚੇ ਦੀ ਸਿਹਤ ਲਈ ਜਾਇਜ਼ ਖਾਣ-ਪੀਣ ਅਤੇ ਨਿਯਮਤ ਆਰਾਮ ਜ਼ਰੂਰੀ ਹੈ। ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ, ਢੁਕਵੇਂ ਭੋਜਨ ਅਤੇ ਉਸ ਦੇ ਆਲੇ-ਦੁਆਲੇ ਦੇ ਵਾਤਾਵਰਣ ਉਤੇ ਨਿਰਭਰ ਕਰਦਾ ਹੈ। ਪਰ ਦੂਜੇ ਪਾਸੇ 'ਅਰੋਗਯ ਭਾਰਤੀ' ਲੋਕਾਂ ਵਿਚ ਇਹ ਕੂੜ ਫੈਲਾਉਣ ਤੇ ਲੱਗੀ ਹੈ ਕਿ ਲੱਖਾਂ ਮੀਲ ਦੂਰ ਆਸਮਾਨ 'ਚ ਘੁੰਮ ਰਹੇ ਗ੍ਰਹਿ (ਤਾਰੇ) ਬੱਚੇ ਦੇ ਲਿੰਗ ਅਤੇ ਉਸ ਦੀਸਿਹਤ ਨੂੰ ਨਿਰਧਾਰਤ ਕਰਦੇ ਹਨ।

ਕਿਉਂਕਿ ਆਰ.ਐਸ.ਐਸ. ਦੀ ਵਿਚਾਰਧਾਰਾ ਜਰਮਨ ਫਾਸ਼ੀਵਾਦ ਤੋਂ ਬਹੁਤ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਇਹ ਪ੍ਰਭਾਵ ਸਿਰਫ਼ ਰਾਸ਼ਟਰਵਾਦ ਦੀ ਫਾਸ਼ੀਵਾਦੀ ਧਾਰਨਾ ਤਕ ਹੀ ਸੀਮਤ ਨਹੀਂ ਹੈ, ਇਸ ਵਿਚ ਆਰੀਆ ਨਸਲ ਦੀ ਸ੍ਰੇਸ਼ਠਤਾ ਦਾ ਵਿਚਾਰ ਵੀ ਜੁੜਿਆ ਹੈ ਅਤੇ ਆਰ.ਐਸ.ਐਸ. ਮੁਤਾਬਕ ਆਰੀਆ ਹੀ ਦੁਨੀਆਂ ਦੇ ਗੁਰੂ ਅਤੇ ਆਗੂ ਹਨ, ਸੋ ਇਹ ਪਰਮਾਤਮਾ ਵਲੋਂ ਭੇਜੀ ਇਕੋ ਇਕ ਉੱਚਤਮ ਨਸਲ ਹੈ। ਤੁਹਾਨੂੰ ਯਾਦ ਦੁਆ ਦਈਏ ਕਿ ਹਿਟਲਰ ਦੀ ਜਰਮਨੀ ਵਿਚ 'ਯੂਜੇਨਿਕਸ', ਜਿਸ ਨੂੰ ਸੁਜਨਨ ਵਿਗਿਆਨ ਕਿਹਾ ਜਾਂਦਾ ਹੈ, ਵਿਚ ਕਈ ਤਜਰਬੇ ਕੀਤੇ ਗਏ ਜਿਹੜੇ ਪੂਰੀ ਤਰ੍ਹਾਂ ਅਸਫ਼ਲ ਰਹੇ। ਨਾਜ਼ੀਆਂ ਨੇ ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਜਿਸ ਦਾ ਨਾਂ 'ਲੇਬਿਸਬੋਰਨ' (ਜੀਵਨ ਦਾ ਬਸੰਤ) ਸੀ। ਇਸ ਦਾ ਮੰਤਵ ਇਕ ਆਰੀਅਨ ਰੱਬੀ ਨਸਲ ਭਾਵ ਸ਼ੁਧ ਨਸਲ ਦਾ ਨਿਰਮਾਣ ਕਰਨਾ ਸੀ। ਇਸ ਯੋਜਨਾ ਅਧੀਨ ਜਰਮਨੀ ਵਿਚ 8 ਹਜ਼ਾਰ ਅਤੇ ਨਾਰਵੇ ਵਿਚ 12 ਹਜ਼ਾਰ ਬੱਚਿਆਂ ਦੇ ਜਨਮ ਅਤੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਅਤੇ ਨਿਗਰਾਨੀ ਨਾਜ਼ੀ ਸਿਧਾਂਤਕਾਰ ਅਤੇ ਨੇਤਾ ਹੈਨਰਿਕ ਹਿਮਲਰ ਦੀ ਸਿੱਧੀ ਦੇਖ-ਰੇਖ ਵਿਚ ਕੀਤੀ ਗਈ ਸੀ। ਇਸ ਪ੍ਰੋਗਰਾਮ ਤਹਿਤ 'ਸ਼ੁੱਧ ਖ਼ੂਨ' ਵਾਲੀਆਂ ਔਰਤਾਂ ਨੂੰ ਗੋਰੇ ਅਤੇ ਲੰਮੇ ਆਰੀਆ ਬੱਚਿਆਂ ਨੂੰ ਜਨਮ ਦੇਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਜਾਂਦਾ ਸੀ। ਪਰ ਇਸ ਯੋਜਨਾ ਹੇਠ ਜੰਮੇ ਬੱਚਿਆਂ ਦਾ ਆਸ ਮੁਤਾਬਕ ਵਿਕਾਸ ਨਹੀਂ ਹੋਇਆ ਅਤੇ ਪੂਰੀ ਯੋਜਨਾ ਹੀ ਅਸਫ਼ਲ ਹੋ ਗਈ। ਇਹ ਕਮੀਨੀ ਯੋਜਨਾ ਨਾਜ਼ੀਆਂ ਦੀ ਗ਼ੈਰਮਨੁੱਖੀ ਨਸਲੀ ਨੀਤੀ ਦਾ ਮਹੱਤਵਪੂਰਨ ਹਿੱਸਾ ਸੀ।

ਨਾਜ਼ੀਆਂ ਦੀ ਇਸ ਨੀਤੀ ਹੇਠ ਜੇ ਇਕ ਪਾਸੇ ਸ਼ੁੱਧ ਆਰੀਆ ਬੱਚਿਆਂ ਦੇ ਜਨਮ ਦੇਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਤਾਂ ਦੂਜੇ ਪਾਸੇ ਯਹੂਦੀਆਂ ਵਰਗੇ ਗ਼ੈਰ-ਆਰੀਅਨਾਂ ਨੂੰ ਖ਼ਤਮ ਕੀਤਾ ਜਾਣਾ ਸੀ। ਇਸ ਯੋਜਨਾ ਹੇਠ 60 ਲੱਖ ਯਹੂਦੀਆਂ ਦਾ ਕਤਲੇਆਮ ਕਰ ਦਿਤਾ ਗਿਆ ਸੀ ਅਤੇ ਅਜਿਹੇ ਆਦਮੀਆਂ ਦੀ ਜਬਰਨ ਨਸਬੰਦੀ ਕਰ ਦਿਤੀ ਗਈ ਸੀ, ਜਿਹੜੇ ਨਾ ਠੀਕ ਹੋਣ ਵਾਲੀਆਂ ਭਾਵ ਕਰੋਨਿਕ ਬਿਮਾਰੀਆਂ ਨਾਲ ਗ੍ਰਸਤ ਸਨ। ਹੁਣ ਤਾਂ ਨਸਲ ਦਾ ਪੂਰਾ ਸਿਧਾਂਤ ਹੀ ਗ਼ੈਰਪ੍ਰਵਾਣਨਯੋਗ ਐਲਾਨ ਦਿਤਾ ਗਿਆ ਹੈ। ਵਿਗਿਆਨਕ ਅਧਿਐਨਾਂ ਮੁਤਾਬਕ ਮਨੁੱਖੀ ਨਸਲ ਦਾ ਜਨਮ ਦਖਣੀ ਅਫ਼ਰੀਕਾ ਵਿਚ ਕਿਤੇ ਹੋਇਆ ਸੀ ਅਤੇ ਅਜੋਕੀ ਮਨੁੱਖ ਜਾਤੀ ਦੇ ਸਾਰੇ ਮੈਂਬਰ ਵੱਖ ਵੱਖ ਨਸਲਾਂ ਦਾ ਮਿਸ਼ਰਣ ਹਨ।

ਇਕ ਆਰ.ਐਸ.ਐਸ. ਦੇ ਪ੍ਰਚਾਰਕ ਅਤੇ ਭਾਜਪਾ ਆਗੂ ਤਰੁਣ ਵਿਜ ਨੇ ਬੜਾ ਖੁਲ੍ਹ ਕੇ ਬਿਆਨ ਦਿਤਾ ਹੈ ਕਿ 'ਅਸੀ ਕਾਲੇ ਲੋਕਾਂ ਵਿਚ ਰਹਿੰਦੇ ਆਏ ਹਾਂ।' ਉਸ ਦਾ ਭਾਵ ਸੀ ਕਿ ਸਾਡੀ ਨਸਲ ਵਿਚ ਰਲਾਅ ਹੈ ਅਤੇ ਸ਼ੁਧਤਾ ਨਹੀਂ ਰਹੀ। ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਆਰ.ਐਸ.ਐਸ. ਦੀ ਮਾਨਤਾ ਹੈ ਕਿ ਉੱਤਰ ਵਿਚ ਰਹਿਣ ਵਾਲੇ ਗੋਰੇ ਰੰਗ ਦੇ ਲੋਕ, ਆਰੀਆ ਅਤੇ ਸ੍ਰੇਸ਼ਠ ਹਨ ਅਤੇ ਦੱਖਣ ਵਿਚ ਰਹਿਣ ਵਾਲੇ ਮੁਕਾਬਲਤਨ ਕਾਲੇ ਲੋਕ, ਗ਼ੈਰਆਰੀਅਨ ਅਤੇ ਨੀਵੇਂ ਦਰਜੇ ਦੇ ਹਨ।

ਇਹ ਵਿਚਾਰ ਅਜੋਕੇ ਦੌਰ ਦਾ ਨਹੀਂ ਸਗੋਂ ਆਰ.ਐਸ.ਐਸ. ਦੇ ਚਿੰਤਕ ਐਮ.ਐਸ. ਗੋਲਵਲਕਰ ਦਾ ਹੈ ਜਿਸ ਨੂੰ ਮਹੱਤਵਪੂਰਨ ਚਿੰਤਕਾਂ 'ਚ ਗਿਣਿਆ ਜਾਂਦਾ ਹੈ। ਉਹ ਇਕ ਬਿਹਤਰ ਨਸਲ ਦੇ ਵਿਕਾਸ ਦੇ ਹਾਮੀ ਸਨ। ਉਨ੍ਹਾਂ ਨੇ ਲਿਖਿਆ, ''ਆਉ ਅਸੀ ਵੇਖੀਏ ਕਿ ਸਾਡੇ ਪੂਰਵਜਾਂ ਨੇ ਇਸ ਖੇਤਰ ਵਿਚ ਕੀ ਪ੍ਰਯੋਗ ਕੀਤੇ ਸਨ। ਸ਼ੰਕਰਨ (ਸ਼ੰਕਰ ਨਸਲ ਭਾਵ ਦੋਗਲੀ ਨਸਲ ਤਿਆਰ ਕਰਨ ਦੇ ਢੰਗ) ਰਾਹੀਂ ਮਨੁੱਖੀ ਪ੍ਰਜਾਤੀ ਨੂੰ ਬਿਹਤਰ ਬਣਾਉਣ ਲਈ ਉੱਤਰੀ ਭਾਰਤ ਦੇ ਨੰਬੂਦਰੀ ਬ੍ਰਾਹਮਣਾਂ ਨੂੰ ਕੇਰਲ ਵਿਚ ਵਸਾਇਆ ਗਿਆ ਅਤੇ ਇਹ ਨਿਯਮ ਬਣਾਇਆ ਗਿਆ ਕਿ ਨੰਬੂਦਰੀ ਪ੍ਰਵਾਰਾਂ ਦਾ ਸੱਭ ਤੋਂ ਵੱਡਾ ਪੁੱਤਰ ਸਿਰਫ਼ ਕੇਰਲ ਦੀ ਵੈਸ਼, ਖਤਰੀ ਜਾਂ ਸ਼ੂਦਰ ਕੰਨਿਆ ਨਾਲ ਹੀ ਵਿਆਹ ਕਰਵਾਏਗਾ।'' ਇਸ ਤੋਂ ਵੀ ਵਧੇਰੇ ਪੁਗਤਾਊ (ਜਾਂਗਲੀ ਸਭਿਆਚਾਰ) ਦਾ ਨਿਯਮ ਇਹ ਸੀ ਕਿ ਕਿਸੇ ਵੀ ਵਰਗ ਦੀ ਵਿਆਹੁਤਾ ਔਰਤ ਦੀ ਪਹਿਲੀ ਸੰਤਾਨ ਦਾ ਪਿਤਾ ਕੋਈ ਨੰਬੂਦਰੀ ਬ੍ਰਾਹਮਣ ਹੋਵੇਗਾ ਅਤੇ ਉਸ ਤੋਂ ਪਿਛੋਂ ਹੀ ਉਹ ਔਰਤ ਅਪਣੇ ਪਤੀ ਤੋਂ ਬੱਚੇ ਪੈਦਾ ਕਰ ਸਕਦੀ ਹੈ। ਇਹ ਸਾਡੇ ਵਲੋਂ ਬਣਾਈ ਹੋਈ ਕਲਪਿਤ ਗੱਲ ਨਹੀਂ ਹੈ ਸਗੋਂ ਆਰ.ਐਸ.ਐਸ. ਦੇ ਮੁੱਖ ਪਰਚੇ 'ਆਰਗੇਨਾਈਜ਼ਰ' ਦੇ 2 ਜਨਵਰੀ 1962 ਦੇ ਅੰਕ ਵਿਚ ਲਿਖਿਆ ਹੋਇਆ ਅਤੇ ਛਪਿਆ ਹੋਇਆ ਤੱਥ ਹੈ।

ਭਾਰਤੀ ਸਭਿਆਚਾਰ ਵਿਚ ਅਜਿਹੀਆਂ ਕਬਾਇਲੀ ਪ੍ਰਵਿਰਤੀਆਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਅਸੀ ਰਾਜਿਆਂ ਦੇ ਰਾਜ ਵਿਚ ਵੀ ਨਵਵਿਆਹੁਤਾ ਔਰਤਾਂ ਦੀ ਪਹਿਲੀ ਰਾਤ ਰਾਜੇ ਜਾਂ ਨਵਾਬ ਜਾਂ ਕਿਸੇ ਵੀ ਮੁਖੀ ਨਾਲ ਬਿਤਾਉਣ ਦੀਆਂ ਜਾਂਗਲੀ ਅਤੇ ਜਗੀਰੂ ਪ੍ਰਵਿਰਤੀਆਂ ਦੀਆਂ ਕਹਾਣੀਆਂ ਸੁਣਦੇ ਆ ਰਹੇ ਹਾਂ। ਇਹੋ ਪੁਰਾਤਨ ਸੰਸਕ੍ਰਿਤੀ ਹੈ ਜਿਸ ਦੀ ਅਲੰਬਰਦਾਰ ਆਰ.ਐਸ.ਐਸ. ਹੈ। ਉਨ੍ਹਾਂ ਦੀ ਕਲਪਿਤ ਸ਼ੁੱਧ ਨਸਲ ਜਾਂ ਖ਼ੂਨ ਦੀ ਸ਼ੁੱਧਤਾ ਲਈ ਬ੍ਰਾਹਮਣ ਵਰਗ ਨੂੰ ਅਜਿਹੀ ਖੁੱਲ੍ਹ ਦੇਣੀ ਜ਼ਰੂਰੀ ਹੈ। 'ਆਰੋਗਯਾ ਭਾਰਤੀ' ਦੀ 'ਗਰਭ ਵਿਗਿਆਨ ਸੰਸਕਾਰ ਯੋਜਨਾ' ਦੇ ਪ੍ਰਚਾਰਕ ਅਤੇ ਬੁਲਾਰੇ ਦਸਦੇ ਹਨ ਕਿ ਉਨ੍ਹਾਂ ਨੇ ਗੁਜਰਾਤ ਵਿਚ ਅਪਣਾ ਇਹ ਕੰਮ (ਭਾਵ ਸ੍ਰੇਸ਼ਠ ਨਸਲ ਸਿਰਜਣ ਦਾ) ਸ਼ੁਰੂ ਕਰ ਦਿਤਾ ਹੈ ਅਤੇ ਹੁਣ ਤਕ ਉਥੇ ਇਸ ਯੋਜਨਾ ਤਹਿਤ 450 ਬੱਚੇ ਜਨਮ ਲੈ ਚੁੱਕੇ ਹਨ। ਹੁਣ ਉਹ ਇਸ ਯੋਜਨਾ ਦਾ ਵਿਸਤਾਰ ਹੋਰ ਰਾਜਾਂ ਵਿਚ ਵੀ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 2020 ਤਕ ਇਹ ਨਸਲ ਸ਼ੁੱਧਤਾ ਦੀ ਮੁਹਿੰਮ ਸਾਰੇ ਰਾਜਾਂ ਵਿਚ ਸ਼ੁਰੂ ਕਰ ਦੇਣਗੇ।

ਸੋ ਆਰ.ਐਸ.ਐਸ. ਦੇ ਹੋਰ ਏਜੰਡਿਆਂ ਵਿਚ ਇਕ ਇਹ ਵੀ ਏਜੰਡਾ ਹੈ ਜਿਹੜਾ ਮੱਧਯੁਗੀ ਕਬਾਇਲੀ ਸਭਿਆਚਾਰ ਵਲ ਲਿਜਾਣ ਵਲ ਸੇਧਤ ਹੈ। ਦੁਨੀਆਂ ਹਨੇਰੇ ਤੋਂ ਚਾਨਣ ਵਲ ਤਾਂ ਵਧਦੀ ਵੇਖੀ ਅਤੇ ਸੁਣੀ ਸੀ ਪਰ ਹਿੰਦੂਤਵ ਦੇ ਸੰਗਠਨਾਂ 'ਚੋਂ ਸਿਹਤ ਦੀ ਇਹ ਬ੍ਰਾਂਚ ਆਰੋਗਯਾ ਭਾਰਤੀ ਦੁਨੀਆਂ ਨੂੰ ਚਾਨਣ 'ਚੋਂ ਹਨੇਰੇ ਵਲ ਧੱਕਣ ਉਤੇ ਉਤਾਰੂ ਹੋ ਰਹੀ ਹੈ। ਤੁਹਾਨੂੰ ਜਾਣਕਾਰੀ ਹੋਵੇਗੀ ਕਿ ਬਾਬਾ ਰਾਮਦੇਵ ਦੇ ਆਯੁਰਵੈਦਿਕ ਉਤਪਾਦਾਂ 'ਚੋਂ ਇਕ ਉਤਪਾਦ ਸ਼ਰਤੀਆ ਮੁੰਡਾ ਜੰਮਣ ਦੀ ਦਵਾਈ ਵੀ ਕੁੱਝ ਦਿਨ ਪ੍ਰਚਾਰੀ ਗਈ ਸੀ। ਪਰ ਫਿਰ ਹੌਲੇ ਜਿਹੇ ਹਟਾ ਲਈ ਗਈ।

ਇਹ ਅਜੇ ਪਿਛਲੇ ਸਾਲ ਦੀ ਹੀ ਗੱਲ ਹੈ। ਸਾਡਾ ਕਹਿਣ ਦਾ ਭਾਵ ਕਿ ਭਾਰਤੀ ਲੋਕਾਂ ਨੂੰ ਉਨ੍ਹਾਂ ਦੀ ਬੌਧਿਕ ਗ਼ਰੀਬੀ ਅਤੇ ਸੰਗਾਊਪੁਣੇ ਕਰ ਕੇ ਛਲ ਫ਼ਰੇਬ ਨਾਲ ਗੁਮਰਾਹ ਕਰ ਕੇ, ਕਿਹੜੇ ਪਾਸੇ ਤੋਰਿਆ ਜਾ ਰਿਹਾ ਹੈ? ਜੇ ਨਸਲ ਸ਼ੁੱਧਤਾ ਨੂੰ ਹੁੰਗਾਰਾ ਮਿਲ ਗਿਆ ਤਾਂ ਆਰ.ਐਸ.ਐਸ. ਅਪਣੇ ਵਿਰੋਧੀ ਵਿਚਾਰਾਂ ਵਾਲੇ ਸਮੂਹਾਂ ਨੂੰ ਨਿਪੁੰਸਕ ਬਣਾਉਣ ਤੋਂ ਵੀ ਪਿਛੇ ਨਹੀਂ ਹਟੇਗੀ। ਨਾਜ਼ੀਆਂ ਦੇ ਪੈਰੋਕਾਰ ਉਨ੍ਹਾਂ ਦੇ ਪੈਰ ਚਿੰਨ੍ਹਾਂ ਉਤੇ ਹੀ ਚਲਣਗੇ। ਹਜ਼ਾਰਾਂ ਸਾਲਾਂ ਦੇ ਮਨੁੱਖੀ ਵਿਕਾਸ ਨੂੰ ਉਚੇਰੇ ਬੌਧਿਕ ਪੱਧਰ ਉਤੇ ਲਿਜਾਣ ਅਤੇ ਸੱਭ ਲਈ ਤੰਦਰੁਸਤੀ ਵਾਲੇ ਕਦਮ ਪੁੱਟਣ ਦੀ ਥਾਂ ਨਸਲੀ ਸ਼ੁੱਧਤਾ ਦਾ ਏਜੰਡਾ ਇਕ ਖ਼ਤਰਨਾਕ ਵਰਤਾਰਾ ਹੈ ਅਤੇ ਇਸ ਮੁਤਾਬਕ ਔਰਤ ਇਕ ਬਰਾਬਰ ਦੀ ਨਾਗਰਿਕ ਨਹੀਂ, ਪਸ਼ੂ ਮਾਤਰ ਹੈ। ਅਜਿਹੀ ਸੋਚ ਹਰ ਪਾਸੇ ਤੋਂ ਨਿੰਦਣਯੋਗ ਹੈ।
(ਇਸ ਰਚਨਾ ਦੀ ਤਿਆਰੀ ਵਿਚ ਰਾਮ ਪਨਿਯਾਨੀ ਦੀ ਲਿਖਤ ਦਾ ਸਹਿਯੋਗ ਲਿਆ ਗਿਆ ਹੈ।)
ਸੰਪਰਕ : 93544-30211