ਜਦੋਂ ਸ੍ਰੀਮਤੀ ਵਿਮਲਾ ਨੇ ਕਿਹਾ 'ਕੱਲ ਜ਼ਰੂਰ ਆ ਜਾਣਾ, ਮੇਰਾ ਭਰਾ ਭਾਤ ਲਿਆਵੇਗਾ।' ਤਾਂ ਅਸੀ ਨਾਂਹ ਨਾ ਕਰ ਸਕੇ। ਗੁਆਂਢ ਵਿਚ ਰਹਿਣਾ ਹੈ ਤਾਂ ਕਟ ਕੇ ਰਹਿਣਾ ਵੀ ਠੀਕ ਨਹੀਂ ਹੈ। ਦਿਤੇ ਗਏ ਸਮੇਂ ਤੋਂ ਕੁੱਝ ਦੇਰ ਹੋ ਗਈ। ਜਦ ਉਥੇ ਪੁੱਜੇ ਤਾਂ ਵੇਖਿਆ ਕਿ ਔਰਤਾਂ ਨੇ ਖ਼ੂਬ ਸਮਾਂ ਬੰਨ੍ਹਿਆ ਹੋਇਆ ਹੈ। ਉਹ ਢੋਲਕ ਦੀ ਥਪਕੀ ਦੇ ਨਾਲ ਸੁਰ ਵਿਚ ਸੁਰ ਮਿਲਾਉਂਦੀਆਂ ਹੋਈਆਂ ਕੋਈ ਲੋਕਗੀਤ ਗਾ ਰਹੀਆਂ ਸਨ, ਜਿਸ ਦੀ ਪਹਿਲੀ ਪੰਕਤੀ ਦੇ ਬੋਲ ਸਨ 'ਜੂਨਾਗੜ੍ਹ ਕੇ ਰਹਿਨੇ ਵਾਲੇ ਭਈਆ ਭਾਤ ਲਇਉ ਰੇ।' ਇਸ ਲੋਕ ਗੀਤ ਵਿਚ ਭੈਣ ਅਪਣੇ ਭਰਾ ਨੂੰ ਕਹਿੰਦੀ ਹੈ, ''ਤੂੰ ਏਨਾ ਜ਼ਰੂਰ ਕਰ ਜਾਵੀਂ ਜਿਸ ਤੋਂ ਜੱਗ ਹਸਾਈ ਨਾ ਹੋਵੇ। ਤੇਰੀ ਭੁੱਲ ਮੇਰੀ ਤਕਲੀਫ਼ ਬਣ ਜਾਵੇਗੀ।'' ਗੀਤ ਖ਼ਤਮ ਹੁੰਦੇ ਸਾਰ ਦਸਿਆ ਗਿਆ ਕਿ ਹੁਣ ਭਾਤ ਦਿਤਾ ਜਾਵੇਗਾ। ਵੇਖਣ ਦੀ ਉਤਸੁਕਤਾ ਵਿਚ ਸਾਰੀਆਂ ਔਰਤਾਂ ਖੜੀਆਂ ਹੋ ਗਈਆਂ। ਰਿਸ਼ਤੇਦਾਰਾਂ ਦਾ ਇਕ ਘੇਰਾ ਬਣ ਗਿਆ। ਫਲਸਰੂਪ ਅਸੀ ਆਪ ਹੀ ਪਿੱਛੇ ਰਹਿ ਗਏ। ਔਰਤਾਂ ਦਾ ਕਾਹਲਾਪਣ ਵੇਖਣ ਵਾਲਾ ਸੀ। ਅੱਡੀਆਂ ਚੁੱਕ-ਚੁੱਕ ਕੇ ਵੇਖਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੇ ਬੱਚੇ ਦੁਪੱਟੇ ਦਾ ਪੱਲਾ ਫੜ ਕੇ ਚੀਕਣ ਲੱਗੇ।ਰਸਮ ਪੂਰੀ ਹੁੰਦੇ ਹੀ ਔਰਤਾਂ ਧੜੱਮ ਨਾਲ ਬੈਠ ਗਈਆਂ। ਗਾਣਾ-ਵਜਾਉਣਾ ਛੱਡ ਕੇ ਖੁਸਰ-ਫੁਸਰ ਦਾ ਬਾਜ਼ਾਰ ਗਰਮ ਹੋ ਗਿਆ। ਮੇਰੇ ਕੰਨ ਵੀ ਖੜੇ ਹੋ ਗਏ, ਇਸ ਉਮੀਦ ਨਾਲ ਕਿ ਸ਼ਾਇਦ ਮੇਰੇ ਪੱਲੇ ਵੀ ਕੁੱਝ ਪੈ ਜਾਵੇ। ਸੱਭ ਤੋਂ ਪਹਿਲਾਂ ਇਕ ਪਤਲੀ ਜਹੀ ਔਰਤ ਨੇ ਕੁੱਝ ਤੇਜ਼ ਆਵਾਜ਼ ਵਿਚ ਕਿਹਾ, ''ਪੁੱਛੋ ਨਾ। ਕਿੰਨੀ ਡੀਂਗਾਂ ਮਾਰਦੀ ਸੀ। ਸੱਭ ਮਿਲਾ ਕੇ ਸਮਾਨ ਕੁੱਝ ਹਜ਼ਾਰ ਦਾ ਵੀ ਨਹੀਂ ਹੋਵੇਗਾ।''
''ਚੁੱਪ ਹੋ ਜਾਉ, ਮਾਸੀ। ਕੁੱਝ ਤਾਂ ਖ਼ਿਆਲ ਰਖਿਆ ਕਰੋ।'' ਇਕ ਮੁਟਿਆਰ ਬੋਲੀ।
''ਕਿਉਂ ਚੁੱਪ ਹੋ ਜਾਵਾਂ? ਇਹ ਸਾੜੀ ਤਾਂ ਮੈਂ ਧੋਬਣ ਨੂੰ ਦੇ ਦਿੰਦੀ ਹਾਂ।''
ਇਕ ਹੋਰ ਆਵਾਜ਼ ਉੱਭਰੀ, ''ਉਹ ਦੇ ਲਈ ਵਧੀਆ, ਮੇਰੇ ਲੀਏ ਘਟੀਆ।''
''ਚੁੱਪ ਹੋ ਜਾਉ, ਬਾਅਦ 'ਚ ਵੇਖ ਲਵਾਂਗੇ।'' ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿਤੀ।
ਅਸੀ ਸਾਰੇ ਹੈਰਾਨ! ਆਖ਼ਰ ਇਹ ਸੱਭ ਕੀ ਹੋ ਰਿਹਾ ਹੈ? ਸਾਰਾ ਕੁੱਝ ਤਾਂ ਹੈ। ਲੜਕੀ ਲਈ ਅੰਗੂਠੀ, ਬਿਛੂਏ (ਪੈਰ ਦਾ ਗਹਿਣਾ), ਜਠਾਣੀ, ਦਰਾਣੀ ਅਤੇ ਸੱਸ ਲਈ ਸਾੜ੍ਹੀ, ਆਦਮੀਆਂ ਨੂੰ ਨਜ਼ਰਾਨੇ ਵਿਚ ਰੁਪਏ। ਜਿਥੇ ਥੋੜੀ ਦੇਰ ਪਹਿਲਾਂ ਖ਼ੁਸ਼ੀਆਂ ਦਾ ਹੜ੍ਹ ਵਹਿ ਰਿਹਾ ਸੀ, ਉਥੇ ਚਾਰੇ ਪਾਸੇ ਅਜੀਬ ਜਹੀ ਕੜਵਾਹਟ ਫੈਲ ਗਈ ਸੀ। ਕੁੱਝ ਸਮੇਂ ਬਾਅਦ ਮੈਂ ਵਾਪਸ ਆਇਆ।
ਘਰ ਆ ਕੇ ਮਨ ਬਹੁਤ ਬੇਚੈਨ ਹੋ ਗਿਆ। ਅਸੀ ਲੋਕ ਛੋਟੀਆਂ-ਛੋਟੀਆਂ ਗੱਲਾਂ ਨੂੰ ਕਿੰਨਾ ਮਹੱਤਵ ਦੇ ਕੇ ਬੇਕਾਰ ਦਾ ਸਿਰਦਰਦ ਵਧਾ ਲੈਂਦੇ ਹਾਂ। ਰਸਮਾਂ ਰਿਵਾਜਾਂ ਨੇ ਖ਼ੁਸ਼ੀਆਂ ਨੂੰ ਡੱਸ ਲਿਆ ਹੈ। ਹੁੰਦਾ ਇਹ ਹੈ ਕਿ ਜੇਕਰ ਜੇਠਾਣੀ ਦਾ ਭਰਾ ਅਮੀਰ ਹੈ ਤਾਂ ਉਹ ਅਪਣੀ ਹੈਸੀਅਤ ਅਨੁਸਾਰ ਅਪਣੀ ਭਾਣਜੀ ਦੇ ਵਿਆਹ ਵਿਚ ਖ਼ੂਬ ਖ਼ਰਚ ਕਰ ਦੇਂਦਾ ਹੈ। ਇਹ ਜਾਣਦੇ ਹੋਏ ਵੀ ਭੈਣ ਅਪਣੇ ਭਰਾ ਨੂੰ ਯਾਦ ਦਿਵਾਉਂਦੀ ਰਹਿੰਦੀ ਹੈ, ''ਭਰਾਵਾ, ਵੇਖੀਂ ਮੇਰੀ ਨੱਕ ਹੇਠਾਂ ਨਾ ਹੋ ਜਾਵੇ।'' ਭੈਣ ਦੀ ਇੱਜ਼ਤ ਦਾ ਖ਼ਿਆਲ ਕਰ ਕੇ ਭਰਾ ਕਰਜ਼ਾ ਲੈ ਕੇ ਅਪਣੀ ਹੈਸੀਅਤ ਤੋਂ ਕਿਤੇ ਵੱਧ ਖ਼ਰਚ ਕਰ ਦੇਂਦੇ ਹਨ। ਕੁੱਝ ਸਮੇਂ ਦੀ ਵਾਹ ਵਾਹ, ਭੈਣ ਦੀ ਸੰਤੁਸ਼ਟੀ, ਪਰ ਭਰਾ ਅਨਿਸ਼ਚਤ ਸਮੇਂ ਲਈ ਕਰਜ਼ੇ ਹੇਠ ਦੱਬ ਜਾਂਦਾ ਹੈ।
ਭਾਤ ਕੀ ਹੈ?: ਭਾਤ ਭਰਾ ਵਲੋਂ ਭੈਣ ਦੇ ਬੱਚਿਆਂ ਨੂੰ ਉਨ੍ਹਾਂ ਦੇ ਵਿਆਹ ਸਮੇਂ ਦਿਤਾ ਜਾਣ ਵਾਲਾ ਤੋਹਫ਼ਾ ਹੁੰਦਾ ਹੈ। ਇਹ ਰਸਮਾਂ ਉਸ ਜ਼ਮਾਨੇ ਦੀ ਦੇਣ ਹਨ ਜਦ ਪਿਤਾ ਦੀ ਜਾਇਦਾਦ ਵਿਚ ਲੜਕੀ ਦਾ ਕੋਈ ਹੱਕ ਨਹੀਂ ਹੁੰਦਾ ਸੀ। ਪਰ ਅੱਜ ਹਾਲਾਤ ਬਦਲ ਚੁਕੇ ਹਨ। ਜਿਹੜੇ ਭਰਾਵਾਂ ਵਿਚ ਸਮਰੱਥਾ ਹੁੰਦੀ ਹੈ, ਓਨਾ ਖ਼ਰਚ ਕਰਦੇ ਹੀ ਹਨ (ਮਰਜ਼ੀ ਨਾ ਹੋਵੇ ਤਦ ਵੀ ਸਮਾਜ ਦੀ ਖਿਚੋਤਾਣੀ ਦੇ ਡਰ ਤੋਂ), ਪਰ ਜੋ ਵੱਧ ਨਹੀਂ ਕਰ ਸਕਦੇ, ਉਨ੍ਹਾਂ ਨੂੰ ਭੈਣਾਂ ਤਕ ਮਿਹਣੇ ਮਾਰਦੀਆਂ ਹਨ। ਜੇਕਰ ਉਹ ਸ਼ਰਮ ਨਾਲ ਵਿਆਹ ਵਿਚ ਹਾਜ਼ਰ ਨਹੀਂ ਹੁੰਦਾ ਤਾਂ ਉਲਾਂਭਾ ਦੇਂਦੀਆਂ ਹਨ, ''ਮਾਤਾ-ਪਿਤਾ ਤਾਂ ਨਹੀਂ ਰਹੇ, ਹੁਣ ਉਸ ਨੂੰ ਸਾਡੀ ਕੀ ਪ੍ਰਵਾਹ ਹੈ?'' ਉਹ ਭੁੱਲ ਜਾਂਦੀਆਂ ਹਨ ਕਿ ਇਨ੍ਹਾਂ ਗੱਲਾਂ ਤੋਂ ਉਨ੍ਹਾਂ ਦੇ ਭਰਾਵਾਂ ਨੂੰ ਕਿੰਨਾ ਮਾਨਸਿਕ ਦੁੱਖ ਸਹਿਣਾ ਪੈਂਦਾ ਹੈ।
ਭਾਤ ਦੇ ਨਾਂ ਤੇ ਕੌੜਾਪਨ: ਸਾਡਾ ਵਾਕਫ਼ ਇਕ ਅਜਿਹਾ ਪ੍ਰਵਾਰ ਹੈ ਜਿਸ ਕੋਲ ਪਹਿਲਾਂ ਕਾਫ਼ੀ ਜ਼ਮੀਨ ਸੀ, ਪਰ ਹੁਣ ਉਸ ਟੱਬਰ ਦੇ ਲੋਕ ਮਜ਼ਦੂਰੀ ਕਰਦੇ ਹਨ। ਕਿਉਂ? ਝੂਠੀ ਵਾਹ-ਵਾਹੀ ਦਾ ਲਾਲਚ ਅਤੇ ਅਦੂਰਦਰਸ਼ਤਾ ਕਾਰਨ ਕੁੜੀਆਂ ਦਾ ਵਿਆਹ ਕੀਤਾ ਤਾਂ ਹਜ਼ਾਰਾਂ ਰੁਪਏ ਕਰਜ਼ ਲੈ ਕੇ ਲਗਾ ਦਿਤਾ। ਸੋਚਿਆ ਸੀ ਕਿ ਉਤਾਰ ਦਿਆਂਗੇ, ਪਰ ਦੋ ਸਾਲ ਲਗਾਤਾਰ ਫ਼ਸਲ ਮਾਰੀ ਗਈ। ਵਿਆਜ ਉੱਪਰ ਤੋਂ ਹੋਰ ਚੜ੍ਹਦਾ ਗਿਆ। ਹਰ ਸਾਲ ਕਿਸੇ ਨਾ ਕਿਸੇ ਭੈਣ ਦੇ ਘਰ ਭਾਤ ਲੈ ਕੇ ਪਹੁੰਚੇ। ਆੜ੍ਹਤੀ ਤੋਂ ਕਰਜ਼ ਲੈ ਕੇ ਦੋਹਾਂ ਹੱਥਾਂ ਨਾਲ ਲੁਟਾਉਂਦੇ ਰਹੇ। ਆਖ਼ਰਕਾਰ ਸਾਰੀ ਜ਼ਮੀਨ ਸਾਹੂਕਾਰ ਨੇ ਅਪਣੇ ਨਾਂ ਲਿਖਵਾ ਲਈ ਅਤੇ ਉਹ ਕਿਸਾਨ ਤੋਂ ਮਜ਼ਦੂਰ ਬਣ ਗਏ।
ਹੁਣ ਉਨ੍ਹਾਂ ਹੀ ਭੈਣਾਂ ਨੂੰ ਸ਼ਰਮ ਆਉਂਦੀ ਹੈ ਕਿ ਉਨ੍ਹਾਂ ਦੇ ਭਰਾ-ਭਰਜਾਈਆਂ ਦੀ ਆਦਮਨੀ ਘੱਟ ਹੈ। ਜੋ ਹਜ਼ਾਰਾਂ ਲੁਟਾ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਚੜ੍ਹ ਗਏ, ਉਹ ਅੱਜ ਉਨ੍ਹਾਂ ਦੀਆਂ ਅਪਣੀਆਂ ਨਜ਼ਰਾਂ ਵਿਚ ਕੌਡੀ ਦੇ ਵੀ ਨਹੀਂ ਰਹੇ। ਇਸ ਦੇ ਉਲਟ ਗਣੇਸ਼ੀ ਪ੍ਰਸਾਦ ਦੀ ਉਦਾਹਰਣ ਹੈ। ਜਦ ਉਹ ਅਪਣੀ ਲੜਕੀ ਦੇ ਵਿਆਹ ਦਾ ਸੱਦਾ ਦੇਣ ਅਪਣੇ ਸਾਲੇ ਦੇ ਘਰ ਗਏ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਸਾਲੇ ਜੀ ਦੀ ਹਾਲਤ ਚੰਗੀ ਨਹੀਂ। ਕੁੱਝ ਦੇਰ ਇਧਰ ਉਧਰ ਦੀਆਂ ਗੱਲਾਂ ਕਰ ਕੇ ਉਨ੍ਹਾਂ ਨੇ ਸਾਫ਼ ਕਹਿ ਦਿਤਾ, ''ਭਾਤ-ਭੂਤ ਦੇ ਚੱਕਰ ਵਿਚ ਨਾ ਪੈਣਾ। ਤੁਸੀ ਬਸ ਵਿਆਹ ਵਿਚ ਸ਼ਾਮਲ ਹੋ ਜਾਇਉ, ਏਨਾ ਹੀ ਕਾਫ਼ੀ ਹੈ। ਰਸਮ ਰਿਵਾਜ ਤਾਂ ਸੱਭ ਬਹਾਨੇ ਹੁੰਦੇ ਹਨ। ਅਸਲ ਚੀਜ਼ ਤਾਂ ਪਿਆਰ ਹੈ। ਕਿਸੇ ਪ੍ਰਕਾਰ ਦਾ ਸੰਕੋਚ ਕਰੋਗੇ ਤਾਂ ਮੈਨੂੰ ਦੁਖ ਹੋਵੇਗਾ।''
ਕੁੱਝ ਸਮੇਂ ਪਹਿਲਾਂ ਜਿਹੜੇ ਸਾਲੇ ਜੀ ਦੁਚਿੱਤੀ ਵਿਚ ਸਨ, ਹੁਣ ਉਹ ਬੇਫ਼ਿਕਰ ਹੋ ਗਏ ਅਤੇ ਅਪਣੇ ਜੀਜੇ ਦੀ ਇਹ ਗੱਲ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਕਿੰਨੀ ਅਜੀਬ ਗੱਲ ਹੈ ਕਿ ਭਰਾ ਦੀ ਆਰਥਕ ਹਾਲਤ ਚਾਹੇ ਜਿਹੋ ਜਹੀ ਮਰਜ਼ੀ ਹੋਵੇ, ਭਾਤ ਭੈਣ ਦੀ ਹੈਸੀਅਤ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ।
ਕੀ ਭਰਾ ਭੈਣ ਦੇ ਮਿੱਠੇ ਸਬੰਧਾਂ ਵਿਚ ਲਾਲਚ ਦੀ ਬੋ ਹੋਣੀ ਚਾਹੀਦੀ ਹੈ? ਭੈਣਾਂ ਨੂੰ ਤਾਂ ਚਾਹੀਦਾ ਹੈ ਕਿ ਭਰਾ ਜੋ ਕੁੱਝ ਵੀ ਪ੍ਰੇਮ ਪੂਰਵਕ ਸੁਗਾਤ ਵਜੋਂ ਦੇਵੇ, ਉਨ੍ਹਾਂ ਨੂੰ ਉਹ ਪ੍ਰਵਾਨ ਹੋਵੇ। ਸਹੁਰਿਆਂ ਉਤੇ ਅਸਰ ਪਾਉਣ ਲਈ ਭਰਾ-ਭਰਜਾਈ ਉਤੇ ਨਾਜਾਇਜ਼ ਦਬਾਅ ਪਾਉਣਾ ਠੀਕ ਨਹੀਂ। ਇਹ ਸੱਚ ਹੈ ਕਿ ਪ੍ਰਵਾਰ ਦੀ ਇੱਛਾਵਾਂ ਸਮਝਦੇ ਹੋਏ ਵੀ ਉਹ ਅਜਿਹੀਆਂ ਹਾਲਤ ਕਰਦੀਆਂ ਹਨ ਪਰ ਅਜਿਹੇ ਮੌਕੇ ਉਤੇ ਉਨ੍ਹਾਂ ਦਾ ਅੱਡ ਰਹਿਣਾ ਹੀ ਠੀਕ ਹੈ। ਅਪਣੇ ਸਹੁਰੇ ਘਰ ਵਿਚ ਉਨ੍ਹਾਂ ਦਾ ਚੰਗਾ ਪ੍ਰਭਾਵ ਉਨ੍ਹਾਂ ਦੇ ਅਪਣੇ ਨਰਮ ਸੁਭਾਅ, ਸਿਆਣਪ ਅਤੇ ਚੰਗੇ ਸਲੀਕੇ ਨਾਲ ਹੀ ਪੈ ਸਕਦਾ ਹੈ, ਗੱਲਾਂ ਨਾਲ ਨਹੀਂ। ਹੋਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੀਆਂ ਰਸਮਾਂ ਨੂੰ ਜੇਕਰ ਨਿਭਾਉਣਾ ਚਾਹੁਣ ਤਾਂ ਫਾਰਮੈਲਿਟੀ ਹੋਵੇ ਜਿਸ ਵਿਚ ਸਿਰਫ਼ ਫੁੱਲ ਆਦਿ ਦੀ ਭੇਟਾ ਹੋਵੇ। ਮੈਨੂੰ ਤਾਂ ਇਨ੍ਹਾਂ ਢਕੌਸਲਿਆਂ ਦੀ ਕੋਈ ਉਚਿਤਤਾ ਹੀ ਨਜ਼ਰ ਨਹੀਂ ਆਉਂਦੀ। ਹਜ਼ਾਰਾਂ ਰੁਪਏ ਖ਼ਰਚ ਕਰ ਦਿਤੇ ਜਾਂਦੇ ਹਨ। ਜੇਕਰ ਸੰਜਮ ਤੋਂ ਕੰਮ ਲਿਆ ਜਾਵੇ ਤਾਂ ਏਨੀ ਹੀ ਰਕਮ ਨਾਲ ਜਾਂ ਉਸ ਵਿਚ ਕੁੱਝ ਹੋਰ ਰਕਮ ਮਿਲਾ ਕੇ ਇਕ ਹੋਰ ਵਿਆਹ ਸੰਪੂਰਨ ਹੋ ਸਕਦਾ ਹੈ।
ਇਸੇ ਪ੍ਰਸੰਗ ਵਿਚ ਮੈਨੂੰ ਅਪਣੇ ਇਕ ਗੁਆਂਢੀ ਸ਼ਰਮਾ ਜੀ ਦੀ ਯਾਦ ਆ ਗਈ ਹੈ। ਵਿਚਾਰੇ ਇਕ ਦਿਨ ਦੁਖੀ ਹੋ ਕੇ ਬੋਲੇ, ''ਕੀ ਦੱਸਾਂ, ਪੰਜ ਭੈਣਾਂ ਹਨ। ਹਰ ਦੂਜੇ ਮਹੀਨੇ ਕੁੱਝ ਨਾ ਕੁੱਝ ਲੱਗਾ ਹੀ ਰਹਿੰਦਾ ਹੈ। ਕੋਈ ਮਰ ਜਾਵੇ ਤਦ ਦਿਉ, ਪੈਦਾ ਹੋਵੇ ਤਦ ਦਿਉ, ਵਿਆਹ-ਸ਼ਾਦੀ ਹੋਵੇ ਤਦ ਦਿਉ ਅਤੇ ਤੀਜ ਤਿਉਹਾਰ ਹੋਵੇ ਤਦ ਦਿਉ। ਇਸ ਲੈਣ-ਦੇਣ ਦੇ ਚੱਕਰ ਵਿਚ ਮੈਂ ਅਪਣੇ ਬੱਚਿਆਂ ਲਈ ਵੀ ਚਾਰ ਪੈਸੇ ਨਹੀਂ ਜੋੜ ਸਕਿਆ। ਸੋਚਦਾ ਹਾਂ, ਅੱਗੇ ਪਤਾ ਨਹੀਂ ਕੀ ਹੋਵੇਗਾ?''
ਮਹਿੰਗਾਈ ਦੇ ਜ਼ਮਾਨੇ ਵਿਚ ਅੱਜ ਹਰ ਪ੍ਰਵਾਰ ਦੇ ਖ਼ਰਚੇ ਵੱਧ ਰਹੇ ਹਨ। ਅਜਿਹੀ ਹਾਲਤ ਵਿਚ ਸਾਨੂੰ ਗ਼ੈਰਜ਼ਰੂਰੀ ਥੋਥੀਆਂ ਗੱਲਾਂ ਤੋਂ ਅਪਣੀ ਨਜ਼ਰ ਹਟਾ ਲੈਣੀ ਚਾਹੀਦੀ ਹੈ। ਜਿਹੜੇ ਲੋਕ ਕੁੱਝ ਨਾ ਕੁੱਝ ਪ੍ਰਾਪਤੀ ਦੀ ਇੱਛਾ ਕਰਦੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਭੈਣਾਂ ਦੀ ਸਹੁਰਾ ਪ੍ਰਵਾਰ ਵਾਲੇ ਵੀ ਕੁੱਝ ਅਜਿਹੀਆਂ ਹੀ ਇਛਾਵਾਂ ਦੇ ਸ਼ਿਕਾਰ ਹੋ ਸਕਦੇ ਹਨ। ਇਸ ਲਈ ਅਜਿਹੇ ਰਸਮ ਰਿਵਾਜਾਂ ਦਾ ਤਿਆਗ ਕਰਨਾ ਹੀ ਠੀਕ ਹੈ, ਜਿਨ੍ਹਾਂ ਨਾਲ ਇਕ-ਦੂਜੇ ਦੀਆਂ ਪਿਆਰ ਭਾਵਨਾ ਨੂੰ ਠੇਸ ਪਹੁੰਚਦੀ ਹੈ ਅਤੇ ਆਪਸੀ ਸਬੰਧ ਵਿਗੜਦੇ ਹਨ।
ਮੂਲ ਸਮੱਸਿਆ ਤਾਂ ਸਾਰੀਆਂ ਰਸਮਾਂ ਅਤੇ ਰਿਵਾਜਾਂ ਨੂੰ ਤੋੜਨ ਨਾਲ ਹੱਲ ਹੋਵੇਗਾ। ਆਮ ਤੌਰ ਤੇ ਜਦ ਅਸੀ ਭੋਗਣ ਵਾਲੇ (ਖਾਣ ਵਾਲੇ) ਹੁੰਦੇ ਹਾਂ ਤਦ ਅਜਿਹੀਆਂ ਗੱਲਾਂ ਕਰਦੇ ਹਾਂ ਨਹੀਂ ਤਾਂ ਉਨ੍ਹਾਂ ਵਿਚ ਖ਼ੁਸ਼ੀ ਨਾਲ ਸ਼ਾਮਲ ਹੋ ਕੇ ਵੀ ਵਾਹ ਵਾਹ ਕਰਨ ਵਿਚ ਪਿੱਛੇ ਰਹਿੰਦੇ ਹਾਂ। ਅਸਲ ਵਿਚ ਕੋਈ ਵੀ ਇਨ੍ਹਾਂ ਪਰੰਪਰਾਵਾਂ ਨੂੰ ਤੋੜਨਾ ਨਹੀਂ ਚਾਹੁੰਦਾ। ਜੋ ਤੋੜਦੇ ਹਨ, ਉਨ੍ਹਾਂ ਨੂੰ ਲੋਕ ਖਾ ਜਾਣ ਵਾਲੀ ਨਜ਼ਰ ਨਾਲ ਵੀ ਵੇਖਦੇ ਹਨ। ਸਾਨੂੰ ਭਾਰਤੀਆਂ ਨੂੰ ਦੋਹਰੀ ਮਾਰ ਵੀ ਪੈ ਰਹੀ ਹੈ।
ਅੱਜ 21ਵੀਂ ਸਦੀ ਵਿਚ ਵੀ ਅਸੀ ਇਨ੍ਹਾਂ ਰਸਮਾਂ ਨਾਲ ਜੁੜੇ ਹਾਂ। ਸੱਭ ਤੋਂ ਵੱਡਾ ਕਾਰਨ ਹੈ ਕਿ ਅਮੀਰ ਪ੍ਰਵਾਰਾਂ ਦੇ ਇਨ੍ਹਾਂ ਰਸਮਾਂ ਦੇ ਰਿਵਾਜ ਨੂੰ ਕੋਈ ਵੀ ਤੋੜਨ ਦੀ ਕੋਸ਼ਿਸ਼ ਤਕ ਨਹੀਂ ਕਰਦਾ। ਜੇਕਰ ਕੋਈ ਕਰੇ ਵੀ ਤਾਂ ਦੂਜੀ ਧਿਰ ਦਲੀਲ ਦੇਵੇਗੀ ਕਿ ਸਾਡੇ ਪ੍ਰਵਾਰ ਵਾਲੇ ਕੀ ਕਹਿਣਗੇ ਕਿ ਅਸੀ ਭਾਤ ਕਿਉਂ ਨਹੀਂ ਦਿਤਾ? ਇਹ ਸਵਾਲ ਕੁੱਝ ਲਈ ਨੱਕ ਹੈ ਅਤੇ ਜ਼ਿਆਦਾਤਰ ਲਈ ਆਰਥਕ ਮਾੜੀ ਦਸ਼ਾ ਦਾ ਕਾਰਨ। ਇਸ ਲਈ ਇਸ ਨੂੰ ਖ਼ਤਮ ਕਰਨ ਲਈ ਇਕ ਵੱਡੀ ਸੋਚ ਅਤੇ ਨਰੋਏ ਪ੍ਰਚਾਰ ਦੀ ਲੋੜ ਹੈ ਕਿ ਵਿਆਹ ਵਿਚ ਜੋ ਆਮ ਅਤੇ ਔਖੀਆਂ ਅਜਿਹੀਆਂ ਪ੍ਰਥਾਵਾਂ ਜੁੜ ਰਹੀਆਂ ਹਨ, ਉਨ੍ਹਾਂ ਨੂੰ ਸਮੂਹਿਕ ਤੌਰ ਤੇ ਦੇਸ਼ ਦੇ ਹਿਤ ਵਿਚ ਬੰਦ ਕੀਤਾ ਜਾਵੇ। ਪਰ ਦੁੱਖ ਹੈ ਕਿ ਸਾਡੇ ਇਥੋਂ ਦੇ ਟੀ.ਵੀ. ਲੜੀਵਾਰ ਇਨ੍ਹਾਂ ਸੱਭ ਕੁਰੀਤੀਆਂ ਨੂੰ ਫਿਰ ਤੋਂ ਵਡੱਪਣ ਭਰਪੂਰ ਕਰ ਰਹੇ ਹਨ। ਉਨ੍ਹਾਂ ਦਾ ਸਮੂਹਿਕ ਤੌਰ ਤੋਂ ਬਾਈਕਾਟ ਹੋਣਾ ਚਾਹੀਦਾ ਹੈ।