ਵਿਰਾਸਤ : ਅਲੋਪ ਹੁੰਦੀ ਜਾ ਰਹੀ ਹੈ ਟੋਕਰੇ-ਟੋਕਰੀਆਂ ਬਣਾਉਣ ਦੀ ਕਲਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਦੇ ਆਧੁਨਿਕ ਯੁੱਗ ਵਿਚ ਆਧੁਨਿਕਤਾ ਇਸ ਕਦਰ ਹਾਵੀ ਹੋ ਗਈ ਹੈ ਕਿ ਪੁਰਾਣੇ ਸੱਭਿਆਚਾਰ ਦੇ ਰੰਗ ਕਿਧਰੇ ਦੇਖਣ ਨੂੰ ਨਹੀਂ ਮਿਲਦੇ। ਪੁਰਾਣੀਆਂ ਚੀਜ਼ਾਂ ਦੀ ਥਾਂ ਨਵੀਆਂ ਆਧੁਨਿਕ ਚੀਜ਼ਾਂ ਨੇ ਲੈ ਲਈ ਹੈ। ਸਾਡੇ ਸੱਭਿਆਚਾਰ ਦੇ ਬਹੁਤ ਸਾਰੇ ਰੰਗ, ਵੰਨਗੀਆਂ ਅਤੇ ਵਿਰਸਾ ਅਲੋਪ ਹੋ ਚੁੱਕਿਆ ਹੈ ਰਹਿੰਦਾ-ਖ਼ੂੰਹਦਾ ਆਲੋਪ ਹੋਣ ਕਿਨਾਰੇ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਰਾਣੀਆਂ ਵਸਤਾਂ ਵਿਚ ਕੁਦਰਤੀ ਸੁਹੱਪਣ ਮੌਜੂਦ ਸੀ ਅਤੇ ਉਹ ਕੁਦਰਤ ਦੇ ਨੇੜੇ ਸਨ ਪਰ ਆਧੁਨਿਕ ਵਸਤਾਂ ਜਿੱਥੇ ਮਨੁੱਖ ਲਈ ਖ਼ਤਰਨਾਕ ਹਨ, ਉਥੇ ਹੀ ਉਹ ਕੁਦਰਤ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ।



ਸਮਾਂ ਬਦਲਣ ਦੇ ਨਾਲ ਸਭ ਕੁਝ ਬਦਲ ਗਿਆ ਹੈ, ਲੋਕ ਜਿਵੇਂ ਜਿਵੇਂ ਆਧੁਨਿਕਤਾ ਵੱਲ ਵਧ ਰਹੇ ਹਨ, ਓਵੇਂ ਓਵੇਂ ਉਹ ਕੁਦਰਤ ਤੋਂ ਵੀ ਦੂਰ ਹੁੰਦੇ ਜਾ ਰਹੇ ਹਨ। ਮਾਡਰਨ ਜ਼ਮਾਨੇ ਨੇ ਹਰ ਪੁਰਾਤਨ ਵਸਤੂ ਨੂੰ ਬਦਲ ਕੇ ਰੱਖ ਦਿੱਤਾ ਹੈ, ਜਿਸ ਦੇ ਕਾਰਨ ਅੱਜ ਦਾ ਮਨੁੱਖ ਬਸ ਮਸ਼ੀਨੀ ਯੁੱਗ ਵਿਚ ਹੀ ਰਹਿ ਗਿਆ ਹੈ। ਅੱਜ ਸ਼ਹਿਤੂਤ ਦੀਆਂ ਛਟੀਆਂ ਤੋਂ ਟੋਕਰੇ ਬਣਾਉਣ ਦੀ ਕਲਾ ਆਲੋਪ ਹੁੰਦੀ ਜਾ ਰਹੀ ਹੈ। ਟਾਵੇਂ ਟਾਵੇਂ ਹੀ ਕਿਧਰੇ ਟੋਕਰੇ ਬਣਾਉਣ ਵਾਲੇ ਨਜ਼ਰ ਆਉਂਦੇ ਹਨ।



ਸ਼ਹਿਤੂਤ ਦੀਆਂ ਛਟੀਆਂ ਤੋਂ ਵੱਡੇ-ਵੱਡੇ ਟੋਕਰੇ ਜਾਂ ਛੋਟੀਆਂ ਟੋਕਰੀਆਂ, ਜਿਨ੍ਹਾਂ ਨੂੰ ਪਿੰਡਾਂ ਵਿਚ ਛਿੱਕੂ ਵੀ ਕਹਿੰਦੇ ਹਨ। ਆਮ ਹੀ ਦੇਖਣ ਨੂੰ ਹਰ ਘਰ ਵਿਚ ਮਿਲ ਜਾਣਗੇ। ਜਿਸ ਘਰ ਵਿਚ ਪਸ਼ੂ ਰੱਖੇ ਹੁੰਦੇ ਹਨ ਉਸ ਘਰ ਵਿਚ ਤਾਂ ਇਹ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪਰ ਇਨ੍ਹਾਂ ਟੋਕਰਿਆਂ ਨੂੰ ਬਣਾਉਣ ਦੀ ਕਲਾ ਹੌਲੀ-ਹੌਲੀ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਨਾ ਤਾਂ ਅੱਜ ਦੀ ਪੀੜ੍ਹੀ ਇਸ ਨੂੰ ਪਸੰਦ ਕਰਦੀ ਹੈ ਅਤੇ ਨਾ ਹੀ ਹੁਣ ਤੁਹਾਨੂੰ ਪਿੰਡਾਂ ਵਿਚ ਸ਼ਹਿਤੂਤ ਦੇ ਦਰੱਖਤ ਮਿਲਣਗੇ।



ਅੱਜ ਇਸ ਵਿਰਾਸਤ ਨੂੰ ਲੋਕ ਭੁੱਲਦੇ ਜਾ ਰਹੇ ਹਨ। ਟੋਕਰੇ-ਟੋਕਰੀਆਂ ਅਤੇ ਛਿੱਕੂ ਬਣਾਉਣ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਬਹੁਤ ਘੱਟ ਅਜਿਹੇ ਲੋਕ ਹਨ ਜੋ ਟੋਕਰੇ ਟੋਕਰੀਆਂ ਬਣਵਾਉਂਦੇ ਹਨ ਕਿਉਂਕਿ ਹੁਣ ਇਨ੍ਹਾਂ ਦੀ ਥਾਂ ਪਲਾਸਟਿਕ ਦੇ ਬਰਤਨਾਂ ਨੇ ਲੈ ਲਈ ਹੈ। ਪੁਰਾਣੇ ਜ਼ਮਾਨੇ ਦੇ ਲੋਕ ਕਹਿੰਦੇ ਹਨ ਕਿ ਇਨ੍ਹਾਂ ਟੋਕਰੀਆਂ ਵਿਚ ਰੱਖੀ ਰੋਟੀ ਅਤੇ ਹੋਰ ਸਮਾਨ ਸ਼ੁੱਧ ਰਹਿੰਦਾ ਸੀ ਅਤੇ ਉਸ ਦੇ ਸੇਵਨ ਨਾਲ ਬਿਮਾਰੀਆਂ ਨਹੀਂ ਲਗਦੀਆਂ ਸਨ ਪਰ ਅੱਜ ਦੇ ਯੁੱਗ ਵਿਚ ਜਦੋਂ ਤੋਂ ਪਲਾਸਟਿਕ ਇਨਸਾਨ ਦੀ ਜ਼ਿੰਦਗੀ ਵਿਚ ਆਈ ਹੈ, ਉਦੋਂ ਤੋਂ ਇਨਸਾਨ ਦੀ ਜ਼ਿੰਦਗੀ ਵਿਚ ਬਿਮਾਰੀਆਂ ਨੇ ਵੀ ਘੇਰਾ ਪਾ ਲਿਆ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਪੁਰਾਣੀ ਵਿਰਾਸਤ ਨੂੰ ਅਲੋਪ ਨਾ ਹੋਣ ਦੇਣ।

- (ਮੱਖਣ ਸ਼ਾਹ ਦਭਾਲੀ)