ਧਾਰਮਕ ਅਸਥਾਨ ਸਬਰ, ਸ਼ਾਂਤੀ ਅਤੇ ਸੁੱਖ ਪ੍ਰਦਾਨ ਕਰਦੇ ਹਨ ਤੇ ਇਥੇ ਆ ਕੇ ਤਪਦੇ ਹਿਰਦਿਆਂ ਨੂੰ ਠੰਢਕ ਅਤੇ ਤੜਪਦੀਆਂ ਰੂਹਾਂ ਨੂੰ ਸਕੂਨ ਹਾਸਲ ਹੁੰਦਾ ਹੈ। ਇਥੇ ਆ ਕੇ ਮੂੰਹ 'ਚੋਂ ਮੰਦੇ ਬਚਨ ਬੋਲਦੇ ਜਾਂ ਮੰਦੀ ਸੋਚ ਸੋਚਣ ਨੂੰ ਨੀਵੇਂ ਪੱਧਰ ਦਾ ਕਾਰਜ ਸਮਝਿਆ ਜਾਂਦਾ ਹੈ। ਬੀਤੀ 20 ਜੂਨ ਨੂੰ ਮੈਨੂੰ ਇਕ ਧਾਰਮਕ ਅਸਥਾਨ ਜਾਣ ਦਾ ਮੌਕਾ ਮਿਲਿਆ ਪਰ ਉਥੇ ਮੈਨੂੰ 'ਰੱਬ ਰੱਬ' ਦੀ ਥਾਂ 'ਬੁੜਬੁੜ' ਕਰਦੇ ਲੋਕ ਮਿਲੇ ਜੋ ਪ੍ਰੇਸ਼ਾਨ ਅਤੇ ਦੁਖੀ ਸਨ। ਉਸ ਅਸਥਾਨ ਦੇ ਅਖੌਤੀ ਸੇਵਾਦਾਰਾਂ ਵਲੋਂ ਉਨ੍ਹਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਣ ਦੀ ਥਾਂ ਬੇਦਲੀਲੀਆਂ ਗੱਲਾਂ ਕਰ ਕੇ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਵਿਚਾਰ ਅਧੀਨ ਮਸਲਾ ਬੇਹੱਦ ਛੋਟਾ ਸੀ ਪਰ ਸਰੀਰਕ ਅਵਸਥਾ ਅਤੇ ਉਮਰ ਦੇ ਪੱਖ ਤੋਂ ਇਸ ਮਸਲੇ ਨਾਲ ਜੁੜੇ ਲੋਕਾਂ ਲਈ ਇਹ ਮਹੱਤਵਪੂਰਨ ਅਤੇ ਪ੍ਰੇਸ਼ਾਨੀਜਨਕ ਸੀ। ਮਾਮਲਾ ਇਹ ਸੀ ਕਿ ਤਿੰਨ ਬੱਚਿਆਂ ਅਤੇ ਦੋ ਔਰਤਾਂ ਸਮੇਤ ਅਸੀ ਕੁੱਲ ਛੇ ਜਣੇ ਇਕ ਕਾਰ ਵਿਚ ਸਵਾਰ ਹੋ ਕੇ ਬਟਾਲਾ ਤੋਂ ਮੋਗਾ ਵਾਇਆ ਅੰਮ੍ਰਿਤਸਰ-ਤਰਨ ਤਾਰਨ ਜਾ ਰਹੇ ਸਾਂ। ਹਲਕਾ ਮੀਂਹ ਪੈ ਰਿਹਾ ਸੀ ਅਤੇ ਰਸਤੇ ਵਿਚ ਹਰੀਕੇ ਸਥਿਤ ਜਲਗਾਹ ਦੇ ਨੇੜੇ ਰਮਣੀਕ ਥਾਂ ਤੇ ਬਣਿਆ ਇਕ ਧਾਰਮਕ ਅਸਥਾਨ ਵੇਖ ਕੇ ਮਨ ਉਥੇ ਨਤਮਸਤਕ ਹੋਣ ਲਈ ਉਤਸੁਕ ਹੋ ਗਿਆ।
ਅਪਣੇ ਨਾਲ ਆਏ ਉਪਰੋਕਤ ਰਿਸ਼ਤੇਦਾਰਾਂ ਨੂੰ ਧਾਰਮਕ ਅਸਥਾਨ ਦੇ ਅੰਦਰ ਜਾਣ ਬਾਰੇ ਆਖ ਕੇ ਪਾਰਕਿੰਗ ਸਥਾਨ ਦੇ ਬਾਹਰ ਉਤਾਰ ਦਿਤਾ ਅਤੇ ਆਪ ਕਾਰ ਪਾਰਕਿੰਗ ਲਈ ਚਲਾ ਗਿਆ। ਮੈਨੂੰ ਉਥੇ ਪਾਰਕਿੰਗ 'ਚੋਂ ਬਾਹਰ ਨਿਕਲਦਿਆਂ ਅਤੇ ਨੇੜੇ ਹੀ ਕਲ-ਕਲ ਕਰ ਕੇ ਵਗਦੇ ਪਾਣੀ ਨੂੰ ਨਿਹਾਰਦਿਆਂ ਵੀਹ ਕੁ ਮਿੰਟ ਲੱਗ ਗਏ ਅਤੇ ਫਿਰ ਅਚਾਨਕ ਹੀ ਮੇਰੇ ਕੰਨਾਂ ਵਿਚ ਇਕ ਅਧਖੜ ਉਮਰ ਦੀ ਉਚੀ ਸਾਰੀ ਬੁੜਬੁੜਾਉਂਦੀ ਹੋਈ ਇਕ ਔਰਤ ਦੀ ਆਵਾਜ਼ ਸੁਣਾਈ ਦਿਤੀ। ਧਿਆਨ ਨਾਲ ਸੁਣਨ ਤੇ ਪਤਾ ਲਗਿਆ ਕਿ ਉਸ ਨੇ ਪੇਸ਼ਾਬ ਲਈ ਜਾਣਾ ਸੀ ਅਤੇ ਉਸ ਧਾਰਮਕ ਅਸਥਾਨ ਦੇ ਸੇਵਾਦਾਰਾਂ ਨੇ ਉਸ ਨੂੰ ਉਥੇ ਕਿਸੇ ਵੀ ਅਜਿਹੀ ਵਿਵਸਥਾ ਦੇ ਹੋਣ ਤੋਂ ਇਨਕਾਰ ਕਰ ਦਿਤਾ ਸੀ। ਉਥੇ ਨਜ਼ਦੀਕ ਕੋਈ ਘਰ-ਬਾਰ ਵੀ ਨਹੀਂ ਸੀ ਤੇ ਪਾਰਕਿੰਗ ਨੇੜੇ ਦੂਰ ਦੂਰ ਤਕ ਝਾੜੀਆਂ ਉਗੀਆਂ ਹੋਈਆਂ ਸਨ ਤੇ ਉਥੇ ਵੀ ਕਈ ਮਰਦ ਖੜੇ ਸਨ। ਉਸ ਵਿਚਾਰੀ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਤੇ ਉਹ ਬੁੜਬੁੜਾਉਂਦੀ ਹੋਈ ਤੁਰੀ ਜਾ ਰਹੀ ਸੀ।
ਖ਼ੈਰ, ਮੈਂ ਅਜੇ ਪਾਰਕਿੰਗ ਵਿਚ ਹੀ ਖੜਾ ਸਾਂ ਕਿ ਮੇਰੇ ਨਾਲ ਆਏ ਰਿਸ਼ਤੇਦਾਰਾਂ 'ਚੋਂ ਇਕ ਔਰਤ ਅਤੇ ਦੋ ਬੱਚੇ ਵੀ ਬੁੜਬੁੜ ਕਰਦੇ ਹੋਏ ਮੇਰੇ ਵਲ ਆਉਂਦੇ ਵਿਖਾਈ ਦਿਤੇ। ਉਨ੍ਹਾਂ ਦੀ ਸਮੱਸਿਆ ਵੀ ਉਕਤ ਔਰਤ ਵਾਲੀ ਹੀ ਸੀ। ਮੈਂ ਨਾ ਚਾਹੁੰਦਿਆਂ ਹੋਇਆਂ ਵੀ ਦੋਹਾਂ ਬੱਚਿਆਂ ਨੂੰ ਪਾਰਕਿੰਗ ਨੇੜੇ ਵਿਸੇ ਚੀਜ਼ ਉਹਲੇ ਪੇਸ਼ਾਬ ਕਰਨ ਲਈ ਆਖ ਦਿਤਾ। ਮੇਰੇ ਆਖੇ ਲੱਗ ਕੇ ਇਕ ਬੱਚਾ (ਲੜਕਾ) ਤਾਂ ਇਕ ਰੁੱਖ ਉਹਲੇ ਪੇਸ਼ਾਬ ਕਰ ਕੇ ਹਲਕਾ ਹੋ ਗਿਆ ਪਰ ਬੁਰੀ ਤਰ੍ਹਾਂ ਤਰਲੋਮੱਛੀ ਹੋ ਰਹੀ 13 ਸਾਲਾਂ ਦੀ ਬੱਚੀ ਖੁੱਲ੍ਹੇ ਸਥਾਨ ਤੇ ਪੇਸ਼ਾਬ ਕਰਨ ਤੋਂ ਝਿਜਕ ਰਹੀ ਸੀ। ਇਕ ਕਾਰ ਦੇ ਉਹਲੇ ਹੋਣ ਦੀ ਉਸ ਨੇ ਕੋਸ਼ਿਸ਼ ਤਾਂ ਕੀਤੀ ਪਰ ਕਾਰ ਦੇ ਵਾਰਸਾਂ ਦੇ ਉਧਰ ਆਉਣ ਦੀ ਆਹਟ ਸੁਣ ਕੇ ਉਹ ਉਠ ਖੜੀ ਹੋਈ। ਉਹ ਡਾਢੀ ਤਕਲੀਫ਼ ਵਿਚ ਸੀ ਤੇ ਮੈਨੂੰ ਉਸ ਦੀਆਂ ਅੱਖਾਂ 'ਚੋਂ ਛਲਕ ਰਹੇ ਹੰਝੂ ਸਾਫ਼-ਸਾਫ਼ ਦਿਸਣ ਲੱਗ ਪਏ ਸਨ। ਮੈਂ ਉਸ ਨੂੰ ਹੌਸਲਾ ਦਿਤਾ ਅਤੇ ਇਕ ਕਾਰ ਅੱਗੇ ਪਹਿਰੇਦਾਰ ਬਣ ਕੇ ਖੜਾ ਹੋ ਗਿਆ ਤੇ ਉਸ ਵਿਚਾਰੀ ਦੀ ਜਾਨ ਸੌਖੀ ਕਰਵਾਈ।
ਹੁਣ ਆਖ਼ਰੀ ਮਸਲਾ ਮੇਰੇ ਨਾਲ ਆਈ ਰਿਸ਼ਤੇਦਾਰ ਨੂੰ ਪਈ ਇਹੋ ਬਿਪਤਾ ਹੱਲ ਕਰਨ ਦਾ ਸੀ। ਉਸ ਵਿਚਾਰੀ ਨੇ ਵੀ ਉਥੋਂ ਕਾਫ਼ੀ ਦੂਰ ਜਾ ਕੇ ਇਕ ਝਾੜੀ ਦੇ ਉਹਲੇ ਹੋਣ ਲਈ ਉਥੇ ਹਾਜ਼ਰ ਦਲਦਲੀ ਜ਼ਮੀਨ ਬੜੀ ਮੁਸ਼ੱਕਤ ਨਾਲ ਪਾਰ ਕੀਤੀ। ਡਰ, ਪ੍ਰੇਸ਼ਾਨੀ ਅਤੇ ਗੁੱਸੇ ਦੇ ਭਾਵਾਂ ਨਾਲ ਭਰੀ ਹੋਈ ਜਦ ਉਹ ਵਾਪਸ ਪਰਤੀ ਤਾਂ ਮੈਂ ਸੁਣਿਆ ਕਿ ਉਹ ਉਸ ਧਾਰਮਕ ਅਸਥਾਨ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੇ ਵਿਰੁਧ ਮਾੜੇ ਬੋਲ ਬੁੜਬੁੜਾ ਰਹੀ ਸੀ। ਮੇਰੇ ਵਲੋਂ ਪੁੱਛੇ ਜਾਣ ਤੇ ਉਸ ਨੇ ਦਸਿਆ, ''..ਗੱਲ ਇਹ ਨਹੀਂ ਕਿ ਇਸ ਧਾਰਮਕ ਅਸਥਾਨ ਅੰਦਰ ਪਖ਼ਾਨਾ ਉਪਲਬਧ ਨਹੀਂ। ਗੱਲ ਇਹ ਸੀ ਕਿ ਉਨ੍ਹਾਂ ਪਖ਼ਾਨਿਆਂ ਨੂੰ ਵਰਤਣ ਦੀ ਮਨਾਹੀ ਸੀ।''
''ਉਹ ਕਿਉਂ?'' ਮੈਂ ਪੁਛਿਆ।
''ਉਥੇ ਖੜੇ ਪਹਿਲੇ ਸੇਵਾਦਾਰ ਨੇ ਸਾਨੂੰ ਪਖਾਨਿਆਂ ਵਲ ਤੋਰ ਦਿਤਾ ਸੀ। ਪਰ ਉਨ੍ਹਾਂ ਬਾਹਰ ਖੜੇ ਦੂਜੇ ਸੇਵਾਦਾਰ ਨੇ ਸਾਨੂੰ ਇਹ ਆਖ ਕੇ ਸਖ਼ਤੀ ਨਾਲ ਵਾਪਸ ਮੋੜ ਦਿਤਾ ਕਿ ਉਹ ਪਖਾਨੇ ਪਾਠੀਆਂ ਵਾਸਤੇ ਸਨ। ਆਮ ਲੋਕਾਂ ਦੇ ਗੰਦ ਪਾਉਣ ਲਈ ਨਹੀਂ...।'', ਮੇਰੀ ਰਿਸ਼ਤੇਦਾਰ ਨੇ ਦਸਿਆ। ਉਥੇ ਨੇੜੇ ਹੀ ਨਲਕੇ ਤੇ ਹੱਥ ਧੋ ਰਹੇ ਇਕ ਸੂਟਿਡ-ਬੂਟਿਡ ਬਜ਼ੁਰਗ ਵਿਅਕਤੀ ਨੇ ਵੀ ਮੇਰੀ ਰਿਸ਼ਤੇਦਾਰ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਦਸਿਆ ਕਿ ਸ਼ੂਗਰ ਦਾ ਮਰੀਜ਼ ਅਤੇ ਵਡੇਰੀ ਉਮਰ ਵਾਲਾ ਹੋਣ ਕਰ ਕੇ ਉਸ ਨੂੰ ਪੇਸ਼ਾਬ ਬਹੁਤ ਕਾਹਲੀ ਨਾਲ ਆਇਆ ਸੀ ਪਰ ਸੇਵਾਦਾਰਾਂ ਨੇ ਉਸ ਨੂੰ ਕੋਰਾ ਜਵਾਬ ਦੇ ਕੇ ਉਥੋਂ ਬਾਹਰ ਤੋਰ ਦਿਤਾ ਸੀ। ਉਸ ਬਜ਼ੁਰਗ ਦੇ ਕਹਿਣ ਅਨੁਸਾਰ ਉਹ ਆਮ ਲੋਕਾਂ ਦੀ ਵਰਤੋਂ ਲਈ ਪੇਸ਼ਾਬਘਰ ਬਣਾਉਣ ਹਿਤ ਲੋੜੀਂਦੀ ਰਾਸ਼ੀ ਅਪਣੇ ਵਲੋਂ ਅਦਾ ਕਰਨ ਦੀ ਪੇਸ਼ਕਸ਼ ਸਮੇਤ ਅਪਣਾ ਵਿਜ਼ਟਿੰਗ ਕਾਰਡ ਸੇਵਾਦਾਰਾਂ ਨੂੰ ਦੇ ਆਇਆ ਸੀ।
ਖ਼ੈਰ, ਜਦੋਂ ਅਸੀਂ ਸੱਭ ਉਥੋਂ ਵਾਪਸ ਤੁਰੇ ਤਾਂ ਸਾਡੇ ਮਨ ਅਸ਼ਾਂਤ ਅਤੇ ਪ੍ਰੇਸ਼ਾਨ ਸਨ ਤੇ ਮੇਰੀ ਰਿਸ਼ਤੇਦਾਰ ਔਰਤ ਬੁੜਬੁੜਾ ਰਹੀ ਸੀ ਕਿ ਹੁਣ ਜ਼ਿੰਦਗੀ ਵਿਚ ਕਦੇ ਵੀ ਉਹ ਇਸ ਸਥਾਨ ਤੇ ਮੁੜ ਨਹੀਂ ਆਏਗੀ ।
ਸੰਪਰਕ : 97816-46008