ਪਤਨੀਆਂ ਤਾਂ ਤਕਰੀਬਨ ਸੱਭ ਦੀਆਂ ਹੀ ਥੋੜਾ ਬਹੁਤ ਗੁੱਸੇ ਵਾਲੀਆਂ ਹੁੰਦੀਆਂ ਹਨ। ਆਮ ਸੁਣਦੇ ਹਾਂ ਜਿਹੜੇ ਪਤੀ ਦਫ਼ਤਰ 'ਚ ਬਹੁਤ ਰੋਅਬ ਰਖਦੇ ਹਨ, ਘਰ ਆ ਕੇ ਉਹ ਪਤਨੀ ਸਾਹਮਣੇ ਬਿੱਲੀ ਬਣ ਜਾਂਦੇ ਹਨ। ਪਤਨੀਆਂ ਨੂੰ ਤਾਂ ਲੜਨ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਕਿਸੇ ਦਾ ਪਤੀ ਸ਼ਰਾਬੀ, ਜੁਆਰੀ, ਸਮੈਕੀ ਜਾਂ ਜੇਬ-ਕਤਰਾ ਹੋਵੇ ਤਾਂ ਅਜਿਹੇ ਘਰਾਂ 'ਚ ਹਮੇਸ਼ਾ ਭੰਗ ਭੁਜਦੀ ਰਹਿੰਦੀ ਹੈ। ਜਾਂ ਫਿਰ ਲੜਾਈ ਉਥੇ ਹੁੰਦੀ ਹੈ ਜਿਥੇ ਪਤੀ ਵਿਹਲੜ, ਨਿਕੰਮੇ ਅਤੇ ਆਲਸੀ ਹੁੰਦੇ ਹਨ।
ਪਰ ਮੇਰੀ ਪਤਨੀ ਤਾਂ ਮੇਰੇ ਦੇਰ ਨਾਲ ਆਉਣ ਕਰ ਕੇ ਝਗੜਦੀ ਹੈ। ਇਕ ਤਾਂ ਉਹ ਸੁਖ ਨਾਲ ਸ਼ੁਰੂ ਤੋਂ ਹੀ ਗੁੱਸੇ ਵਾਲੀ ਸੀ ਦੂਜਾ ਇਕ ਵਾਰ ਮੈਂ ਉਸ ਨੂੰ ਮਜ਼ਾਕ ਮਜ਼ਾਕ 'ਚ ਕਹਿ ਦਿਤਾ ਕਿ ਤੁਸੀ ਗੁੱਸੇ 'ਚ ਹੋਰ ਵੀ ਸੁੰਦਰ ਲਗਦੇ ਹੋ। ਬਸ ਉਸ ਦਿਨ ਤੋਂ ਬਾਅਦ ਉਸ ਦੇ ਮੱਥੇ ਤੇ ਪੱਕੇ ਤੌਰ ਤੇ ਤਿਉੜੀਆਂ ਦੇ ਨਿਸ਼ਾਨ ਪੈ ਗਏ।
ਉਹ ਸਿਰਫ਼ ਗਰਜਦੀ ਹੀ ਨਹੀਂ ਵਰ੍ਹਦੀ ਵੀ ਹੈ। ਜੋ ਗਰਜਦੇ ਹਨ ਉਹ ਬਰਸਦੇ ਨਹੀਂ ਵਾਲਾ ਮੁਹਾਵਰਾ ਜਿਸ ਨੇ ਵੀ ਬਣਾਇਆ ਹੋਵੇਗਾ ਉਸ ਨੇ ਮੇਰੀ ਪਤਨੀ ਦਾ ਦੀਦਾਰ ਨਹੀਂ ਕੀਤਾ ਹੋਵੇਗਾ। ਆਉਣ ਵਾਲੇ ਤੂਫ਼ਾਨ ਦਾ ਪਤਾ ਉਸ ਦੀਆਂ ਅੱਖਾਂ ਤੋਂ ਲੱਗ ਜਾਂਦਾ ਹੈ ਅਤੇ ਬਦਲਦੇ ਮੌਸਮ ਦਾ ਅੰਦਾਜ਼ਾ ਉਸ ਦੇ ਚਿਹਰੇ ਤੋਂ ਲਾਇਆ ਜਾ ਸਕਦਾ ਹੈ। ਏਨਾ ਸਹੀ ਮੌਸਮ ਤਾਂ ਮੌਸਮ ਵਿਭਾਗ ਵਾਲੇ ਵੀ ਨਹੀਂ ਦਸ ਸਕਦੇ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਪੰਜਾਬੀ ਵਿਸ਼ਾ ਉਸ ਨੇ ਕਦੇ ਪੜ੍ਹਿਆ ਨਹੀਂ। ਇਸ ਕਰ ਕੇ ਉਹ ਜ਼ਿਆਦਾਤਰ ਗੱਲਬਾਤ ਹਿੰਦੀ 'ਚ ਹੀ ਕਰਦੀ ਹੈ। ਉਹ ਪੰਜਾਬੀ ਸਮਝ ਤਾਂ ਲੈਂਦੀ ਹੈ ਪਰ ਬੋਲ ਨਹੀਂ ਸਕਦੀ। ਮੈਨੂੰ ਉਸ ਦੀ ਹਿੰਦੀ ਸਮਝਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
ਕੁੱਝ ਦਿਨਾਂ ਤੋਂ ਮੈਂ ਦਫ਼ਤਰ ਤੋਂ ਅਕਸਰ ਦੇਰ ਨਾਲ ਆਉਂਦਾ ਸੀ ਪਰ ਇਕ ਦਿਨ ਕੁੱਝ ਜ਼ਿਆਦਾ ਹੀ ਦੇਰ ਹੋ ਗਈ ਸੀ। ਜਦੋਂ ਮੈਂ ਘਰ ਪਹੁੰਚਿਆ ਉਹ ਏਨੀ ਜ਼ੋਰ ਦੀ ਕੜਕੀ ਕਿ ਮੈਂ ਸਮਝ ਗਿਆ ਕਿ ਬਰਸਾਤ ਹੋਣ ਵਾਲੀ ਹੈ। ਮੈਂ ਬਚਣ ਲਈ ਬਹਾਨਿਆਂ ਦੀ ਛਤਰੀ ਲਗਾ ਰਿਹਾ ਸੀ ਕਿ ਉਸ ਦੇ ਤਿੱਖੇ ਸ਼ਬਦਾਂ ਦੇ ਮੀਂਹ ਨੇ ਮੇਰੀ ਛਤਰੀ ਤਾਰ-ਤਾਰ ਕਰ ਦਿਤੀ। ਫਿਰ ਅਚਾਨਕ ਉਹ ਕੜਕੀ, ''ਕੌਨ ਥੀ ਵੋ ਲੜਕੀ ਜਿਸ ਕਾ ਬਾਲ ਮੁਝੇ ਆਪਕੀ ਕਮੀਜ਼ ਕੀ ਆਸਤੀਨ ਪਰ ਮਿਲਾ ਹੈ?''
''ਕਿਹੜੀ ਲੜਕੀ ਭਾਗਵਾਨ? ਦਫ਼ਤਰ 'ਚ ਆਡਿਟ ਪਾਰਟੀ ਆਈ ਹੋਈ ਹੈ। ਇੰਸਪੈਕਸ਼ਨ ਚਲ ਰਹੀ ਹੈ। ਕੰਮ ਦਾ ਬੋਝ ਜ਼ਿਆਦਾ ਹੈ। ਇਸ ਕਰ ਕੇ ਕਈ ਵਾਰ ਸਮਾਂ ਜ਼ਿਆਦਾ ਲੱਗ ਜਾਂਦਾ ਹੈ।'' ਮੈਂ ਅਪਣਾ ਸਪੱਸ਼ਟੀਕਰਨ ਦਿਤਾ।
''ਕਿਤਨੇ ਪੈਸੇ ਮਿਲ ਜਾਏਂਗੇ ਇਸ ਓਵਰ ਟਾਈਮ ਕੇ? ਇਨ ਪੈਸੋਂ ਸੇ ਮੁਝੇ ਸਾੜੀ ਦਿਵਾਨੇ ਕਾ ਵਾਅਦਾ ਕਰੋ ਯਾ ਫਿਰ ਔਰ ਬਹਾਨਾ ਘੜੋ।''
ਮੈਂ ਕਿਹਾ, ''ਦੇਵੀ ਜੀ, ਇਹ ਸੱਚ ਹੈ ਕੋਈ ਬਹਾਨਾ ਨਹੀਂ।'' ਉਹ ਬੋਲੀ, ''ਇਤਨੇ ਸਮੇਂ ਮੇਂ ਕਿਆ ਹਮਨੇ ਤੁਮਹੇਂ ਪਹਿਚਾਨਾ ਨਹੀਂ? ਮੁਝੇ ਲਗਤਾ ਹੈ ਕਹੀਂ ਮਹਿਫ਼ਿਲ ਜਮਾਈ ਹੋਗੀ, ਸਾਰੇ ਮਹੀਨੇ ਕੀ ਤਨਖ਼ਾਹ ਏਕ ਦਿਨ ਮੇਂ ਉੜਾਈ ਹੋਗੀ।''
ਮੈਂ ਉਸ ਦਾ ਗੁੱਸਾ ਥੋੜ੍ਹਾ ਘੱਟ ਕਰਨ ਲਈ ਕਿਹਾ, ''ਹੇ ਮੇਰੇ ਭਵਿੱਖ ਦੀ ਸਵਰਣਮਈ ਲੰਕਾ, ਤਨਖ਼ਾਹ ਖ਼ਤਮ ਹੋਈ ਨੂੰ ਤਾਂ ਹਫ਼ਤਾ ਬੀਤ ਗਿਐ। ਮੰਨ ਲਿਆ ਕਿ ਇਸ ਵਾਰ ਦੇਰ ਕੁੱਝ ਜ਼ਿਆਦਾ ਹੀ ਹੋ ਗਈ ਪਰ ਏਨੀ ਵੀ ਨਹੀਂ ਕਿ ਰਾਈ ਦਾ ਪਹਾੜ ਬਣਾ ਲਵੋ ਅਤੇ ਬਿਨਾਂ ਕਾਰਨ ਜਾਣੇ ਐਵੇਂ ਰਾਸ਼ਨ-ਪਾਣੀ ਲੈ ਕੇ ਚੜ੍ਹ ਜਾਵੋ। ਮੈਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਸੁਪਨੇ ਸਜਾਉਣ 'ਚ ਹੀ ਲਗਿਆ ਹੋਇਆ ਸੀ ਜਿਸ ਦੀ ਸਜ਼ਾ ਮੈਂ ਪਾ ਰਿਹਾ ਹਾਂ। ਜਿਸ ਦੇਰ ਨੂੰ ਤੁਸੀ ਮੇਰੀ ਅਯਾਸ਼ੀ ਜਾਂ ਫ਼ਜ਼ੂਲ ਖ਼ਰਚੀ ਸਮਝ ਰਹੇ ਹੋ, ਉਸ ਸਮੇਂ 'ਚ ਮੈਂ ਤੁਹਾਡੇ ਅਤੇ ਅਪਣੇ ਬੱਚਿਆਂ ਲਈ ਕੁੱਝ ਪੈਸੇ ਕਮਾ ਰਿਹਾ ਸੀ। ਮੈਂ ਪਿਛਲੇ ਕੁੱਝ ਦਿਨਾਂ ਤੋਂ 5-6 ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਅੱਜ ਟਿਊਸ਼ਨ ਦੇ ਪੈਸੇ ਮਿਲੇ ਸਨ, ਮੈਂ ਤੁਹਾਡੇ ਲਈ ਸ਼ੂਗਰ ਦੀ ਦਵਾਈ ਅਤੇ ਬੱਚਿਆਂ ਲਈ ਕੁੱਝ ਕਿਤਾਬਾਂ ਲੈ ਕੇ ਆਇਆ ਹਾਂ ਅਤੇ ਤੁਸੀ ਕਹਿ ਰਹੇ ਹੋ ਲੜਕੀ, ਦੋਸਤ ਅਤੇ ਸ਼ਰਾਬਾਂ।''
ਹੁਣ ਬਿਜਲੀ ਕੜਕਣੀ ਬੰਦ ਹੋ ਗਈ ਸੀ ਅਤੇ ਸ਼ੁਰੂ ਹੋ ਗਈ ਸੀ ਬੂੰਦਾ-ਬਾਂਦੀ। ''ਪਲੀਜ਼ ਹਮੇਂ ਮਾਫ਼ ਕਰੋ, ਹਮਨੇ ਬੇਕਾਰ ਹੀ ਮੇਂ ਆਪ ਪਰ ਸ਼ੱਕ ਕੀਆ। ਆਪ ਕਈ ਦਿਨੋਂ ਸੇ ਦੇਰ ਦੇ ਆ ਰਹੇ ਥੇ, ਹਮਾਰੇ ਮਨ ਮੇਂ ਤਰ੍ਹਾਂ ਤਰ੍ਹਾਂ ਕੇ ਸਵਾਲ ਉਠ ਰਹੇ ਥੇ। ਤੁਮ ਕਯਾ ਜਾਨੋ ਹਮਨੇ ਯੇਹ ਮਹੀਨਾ ਕੈਸੇ ਨਿਕਾਲਾ ਹੈ। ਇਸ ਕਠਿਨ ਪ੍ਰਸਿਥਿਤੀ ਮੇਂ ਪਤੀ ਘਰ ਦੇਰ ਸੇ ਆਏ ਔਰ ਮਨ ਮੇਂ ਕੋਈ ਵਿਚਾਰ ਭੀ ਨਾ ਆਏ, ਅਬ ਇਤਨੇ ਐਡਵਾਂਸ ਭੀ ਨਹੀਂ ਹੁਏ ਹੈਂ ਹਮ।''
ਇਹ ਕਹਿ ਕੇ ਉਹ ਰੋਂਦੀ ਰੋਂਦੀ ਮੇਰੇ ਗਲ ਨੂੰ ਚਿੰਬੜ ਗਈ। ਉਸ ਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਗ ਰਹੇ ਸਨ ਜਿਸ ਨਾਲ ਮੇਰੀ ਕਮੀਜ਼ ਭਿੱਜ ਰਹੀ ਸੀ। ਉਸ ਦੀ ਇਕ ਅੱਖ ਅਪਣੀ ਦਵਾਈ ਤੇ ਸੀ ਅਤੇ ਦੂਜੀ ਕਿਤਾਬਾਂ ਤੇ। ਬਾਹਰ ਵੀ ਬੂੰਦਾ-ਬਾਂਦੀ ਸ਼ੁਰੂ ਹੋ ਚੁੱਕੀ ਸੀ।
ਸੰਪਰਕ : 99888-73637