ਸਫ਼ਲਤਾ ਲਈ ਜਜ਼ਬਾਤੀ ਸੂਝ-ਬੂਝ ਹੋਣੀ ਵੀ ਜ਼ਰੂਰੀ ਹੈ

ਵਿਚਾਰ, ਵਿਸ਼ੇਸ਼ ਲੇਖ

ਮਨੁੱਖ ਦਾ ਜੀਵਨ ਦੁੱਖ ਸੁੱਖ, ਉਤਰਾਅ-ਚੜ੍ਹਾਅ, ਕਸ਼ਟ, ਪ੍ਰੇਸ਼ਾਨੀਆਂ, ਖ਼ੁਸ਼ੀਆਂ ਅਤੇ ਗ਼ਮੀਆਂ ਦਾ ਸੁਮੇਲ ਹੁੰਦਾ ਹੈ। ਜਿਵੇਂ ਬਾਬੇ ਨਾਨਕ ਨੇ ਕਿਹਾ ਹੈ 'ਨਾਨਕ ਦੁਖੀਆ ਸਭ ਸੰਸਾਰ'। ਪਰ ਉਤਰਾਅ-ਚੜ੍ਹਾਅ ਤੋਂ ਕਦੇ ਜੀਵਨ ਵਿਚ ਨਿਰਾਸ਼ਾ ਨਹੀਂ ਭਰਨੀ ਚਾਹੀਦੀ। ਜੀਵਨ 'ਚ ਸਫ਼ਲਤਾ ਹਾਸਲ ਕਰਨ ਲਈ ਖ਼ੁਸ਼ੀ, ਉਤਸ਼ਾਹ, ਵਿਸ਼ਵਾਸ, ਸਾਕਾਰਾਤਮਕ ਸੋਚ ਅਤੇ ਰਵਈਆ ਸ਼ਖ਼ਸੀਅਤ ਨੂੰ ਹੋਰ ਉਚੇਰਾ ਚੁੱਕਣ ਲਈ ਅਨੇਕਾਂ ਪਹਿਲੂ ਹਨ। ਇਨ੍ਹਾਂ ਤੋਂ ਬਗ਼ੈਰ ਹੋਰ ਕੁੱਝ ਪੱਖ ਹਨ ਜਿਨ੍ਹਾਂ 'ਚ ਜ਼ਰੂਰੀ ਹੈ ਭਾਵਨਾਤਮਕ ਸੂਝ-ਬੂਝ ਅਤੇ ਦੂਰਅੰਦੇਸ਼ੀ। ਜਜ਼ਬਾਤੀ ਸੂਝ-ਬੂਝ ਵੀ ਜੀਵਨ 'ਚ ਸਫ਼ਲਤਾ ਦਾ ਰਾਹ ਹੈ।

 

ਮਨੁੱਖ ਦਾ ਜੀਵਨ ਦੁੱਖ ਸੁੱਖ, ਉਤਰਾਅ-ਚੜ੍ਹਾਅ, ਕਸ਼ਟ, ਪ੍ਰੇਸ਼ਾਨੀਆਂ, ਖ਼ੁਸ਼ੀਆਂ ਅਤੇ ਗ਼ਮੀਆਂ ਦਾ ਸੁਮੇਲ ਹੁੰਦਾ ਹੈ। ਜਿਵੇਂ ਬਾਬੇ ਨਾਨਕ ਨੇ ਕਿਹਾ ਹੈ 'ਨਾਨਕ ਦੁਖੀਆ ਸਭ ਸੰਸਾਰ'। ਪਰ ਉਤਰਾਅ-ਚੜ੍ਹਾਅ ਤੋਂ ਕਦੇ ਜੀਵਨ ਵਿਚ ਨਿਰਾਸ਼ਾ ਨਹੀਂ ਭਰਨੀ ਚਾਹੀਦੀ। ਜੀਵਨ 'ਚ ਸਫ਼ਲਤਾ ਹਾਸਲ ਕਰਨ ਲਈ ਖ਼ੁਸ਼ੀ, ਉਤਸ਼ਾਹ, ਵਿਸ਼ਵਾਸ, ਸਾਕਾਰਾਤਮਕ ਸੋਚ ਅਤੇ ਰਵਈਆ ਸ਼ਖ਼ਸੀਅਤ ਨੂੰ ਹੋਰ ਉਚੇਰਾ ਚੁੱਕਣ ਲਈ ਅਨੇਕਾਂ ਪਹਿਲੂ ਹਨ। ਇਨ੍ਹਾਂ ਤੋਂ ਬਗ਼ੈਰ ਹੋਰ ਕੁੱਝ ਪੱਖ ਹਨ ਜਿਨ੍ਹਾਂ 'ਚ ਜ਼ਰੂਰੀ ਹੈ ਭਾਵਨਾਤਮਕ ਸੂਝ-ਬੂਝ ਅਤੇ ਦੂਰਅੰਦੇਸ਼ੀ। ਜਜ਼ਬਾਤੀ ਸੂਝ-ਬੂਝ ਵੀ ਜੀਵਨ 'ਚ ਸਫ਼ਲਤਾ ਦਾ ਰਾਹ ਹੈ।
ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਅਸੀ ਤਿੰਨ ਦੋਸਤ ਘਰ ਤੋਂ ਦੂਰ ਕੰਮਕਾਜ ਕਰਨ ਆਏ। ਮੈਂ ਏਰੀਜ਼ ਐਗਰੋ ਲਿਮਟਡ ਵਿਚ 30 ਸਾਲ ਨੌਕਰੀ ਕੀਤੀ। ਇਹ ਗੱਲ ਤਕਰੀਬਨ 1984 ਦੀ ਹੈ। ਉਸ ਵੇਲੇ ਮੇਰੇ ਨਾਲ ਦੋ ਮੁੰਡੇ ਜਗਤਾਰ ਸਿੰਘ ਅਤੇ ਰਣਜੀਤ ਸਿੰਘ ਮੋਗਾ ਸਨ। ਨੌਕਰੀ ਮਿਲੀ ਨੂੰ 10-15 ਦਿਨ ਲੰਘ ਗਏ ਸਨ ਪਰ ਤਿੰਨਾਂ ਨੂੰ ਇਥੇ ਰਹਿਣ ਲਈ ਨੇੜੇ-ਤੇੜੇ ਕੋਈ ਮਕਾਨ ਨਾ ਮਿਲਿਆ। ਆਖ਼ਰ ਅਸੀ ਪਿੰਡਾਂ ਵਿਚ ਕਮਰਾ ਲੱਭਣ ਲਈ ਖੋਜ ਕਰਨੀ ਸ਼ੁਰੂ ਕਰ ਦਿਤੀ ਕਿਉਂਕਿ ਹੁਸ਼ਿਆਰਪੁਰ ਸ਼ਹਿਰ ਵਿਚ ਸਾਨੂੰ ਕੋਈ ਵੀ ਕਮਰਾ ਦੇਣ ਨੂੰ ਤਿਆਰ ਨਹੀਂ ਸੀ। ਜਦੋਂ ਅਸੀ ਤਿੰਨੇ ਜਣੇ ਹੁਸ਼ਿਆਰਪੁਰ-ਫਗਵਾੜਾ ਸੜਕ ਤੇ ਪੈਂਦੇ ਪੁਰਹੀਰਾਂ ਪਿੰਡ ਵਿਚ ਕਮਰੇ ਵਾਸਤੇ ਗਏ ਤਾਂ ਕਈ ਘਰਾਂ ਵਿਚ ਪੁੱਛਣ ਤੋਂ ਬਾਅਦ ਇਕ ਦਿਆਲੂ ਔਰਤ ਕਹਿਣ ਲੱਗੀ ਆਉ ਤੁਹਾਨੂੰ ਕਮਰਾ ਕਿਰਾਏ ਤੇ ਦੁਆਉਂਦੀ ਹਾਂ।
ਉਹ ਸਾਨੂੰ ਕਿਸੇ ਦੇ ਘਰ ਲੈ ਗਈ ਜਿਥੇ ਇਕ ਵੱਡੀ ਉਮਰ ਦੀ ਮਾਤਾ ਰਹਿੰਦੀ ਸੀ। ਉਸ ਨੇ ਮਾਤਾ ਨੂੰ ਆਖਿਆ ਇਨ੍ਹਾਂ ਮੁੰਡਿਆਂ ਨੂੰ ਕਮਰਾ ਚਾਹੀਦਾ ਹੈ। ਮਾਤਾ ਕਹਿਣ ਲੱਗੀ ਕਿ ਕਮਰਾ ਤਾਂ ਮਿਲ ਜਾਵੇਗਾ ਪਰ ਅਪਣਾ ਪੂਰਾ ਪਤਾ ਦੱਸੋ। ਮੈਂ ਦਸਿਆ ਕਿ ਮੇਰਾ ਪਿੰਡ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਹੈ ਅਤੇ ਦੂਜਿਆਂ ਦੋਹਾਂ ਦਾ ਪਿੰਡ ਫ਼ਰੀਦਕੋਟ ਜ਼ਿਲ੍ਹੇ ਵਿਚ ਹੈ। ਮੈਂ ਆਖਿਆ, ''ਮਾਤਾ ਤੁਸੀ ਸਾਨੂੰ ਇਕ ਹਫ਼ਤਾ ਰੱਖ ਕੇ ਵੇਖ ਲਵੋ। ਜੇ ਤੁਹਾਨੂੰ ਠੀਕ ਲਗਿਆ ਤਾਂ ਸਾਡਾ ਕਮਰਾ ਪੱਕਾ ਕਰ ਦੇਣਾ।'' ਮਾਤਾ ਵਿਚ ਹਮਦਰਦੀ ਰੱਖਣ ਦਾ ਵਿਲੱਖਣ ਗੁਣ ਸੀ। ਉਸ ਨੇ ਸਾਡੀ ਸਵੈ ਦੀ ਪਛਾਣ ਪਰਖ ਲਈ। ਅਪਣੇ ਆਪ ਨੂੰ ਦੂਜੇ ਵਿਅਕਤੀ ਦੀ ਮਾਨਸਿਕ ਸਥਿਤੀ ਵਿਚ ਰੱਖ ਕੇ ਵੇਖਣਾ, ਦੂਜਿਆਂ ਪ੍ਰਤੀ ਸਾਕਾਰਾਤਮਕ ਰਵਈਆ ਰਖਣਾ ਅਤੇ ਭਾਵਨਾਵਾਂ ਨੂੰ ਸਮਝਣ ਵਰਗੇ ਮਾਤਾ ਵਿਚ ਸਾਰੇ ਗੁਣ ਸਨ। ਮਾਤਾ ਵਿਚ ਸਫ਼ਲਤਾ ਨਾਲ ਵਿਚਰਨ ਲਈ ਅਤੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੇ ਵੀ ਅਦੁਤੀ ਗੁਣ ਸਨ।
ਮਾਤਾ ਕਹਿਣ ਲੱਗੀ, ''ਕਾਕਾ ਮਹੀਨੇ ਦੇ 50 ਰੁਪਏ ਲਵਾਂਗੀ। ਜੇ ਤੁਹਾਡਾ ਵਿਹਾਰ ਠੀਕ ਹੋਇਆ ਤਾਂ ਤੁਸੀ ਕਮਰੇ ਵਿਚ ਰਹਿ ਸਕੋਗੇ ਨਹੀਂ ਤਾਂ ਤੁਸੀ ਹਫ਼ਤੇ ਬਾਅਦ ਕਮਰਾ ਛੱਡ ਦੇਣਾ। ਪਰ ਕਿਰਾਇਆ ਪੂਰੇ ਮਹੀਨੇ ਦਾ ਲਵਾਂਗੀ।'' ਅਸੀ ਮਾਤਾ ਦੀ ਸ਼ਰਤ ਮੰਨ ਲਈ। ਮੈਂ ਮਾਤਾ ਨੂੰ 50 ਰੁਪਏ ਦੇ ਦਿਤੇ ਅਤੇ ਸਾਥੀਆਂ ਨੂੰ ਕਿਹਾ ਕਿ ਹੁਣ ਆਪਾਂ ਜੇ ਬੰਦਿਆਂ ਵਾਂਗ ਰਹੇ ਤਾਂ ਕਮਰਾ ਪੱਕਾ। ਸਾਥੀ ਵੀ ਕਹਿਣ ਲੱਗੇ ਠੀਕ ਹੈ, ਬੰਦਿਆਂ ਵਾਂਗ ਹੀ ਰਹਾਂਗੇ।
ਮੈਂ ਅਪਣੇ ਮਿੱਤਰਾਂ ਨੂੰ ਕਿਹਾ ਕਿ ਜਿਹੜਾ ਇਨਸਾਨ ਅਪਣੀਆਂ ਕਮਜ਼ੋਰੀਆਂ ਤੇ ਚੰਗਿਆਈਆਂ ਪ੍ਰਤੀ ਜਾਗਰੂਕ ਹੈ, ਉਹ ਜੀਵਨ ਵਿਚ ਸੰਤੁਲਨ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ। ਭਾਵਨਾਵਾਂ ਤੇ ਕਾਬੂ ਪਾਉਣਾ, ਅਪਣੀਆਂ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਕਦਰ ਕਰਨੀ ਅਤੇ ਸਵੈ ਕਾਬੂ ਪਾਉਣ ਲਈ ਮਨ ਨੂੰ ਤੇਜ਼ੀ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਵੀ ਮਾਤਾ ਦੇ ਸ਼ਖ਼ਸੀ ਗੁਣਾਂ ਨੂੰ ਮਹੱਤਤਾ ਪ੍ਰਦਾਨ ਕਰਦੀ ਹੈ। ਦੋਹਾਂ ਦੋਸਤਾਂ ਨੇ ਮੇਰੀਆਂ ਦਿਤੀਆਂ ਨਸੀਹਤਾਂ ਉਤੇ ਅਮਲ ਕੀਤਾ। ਹਫ਼ਤਾ ਬਤੀਤ ਹੋ ਗਿਆ। ਅਸੀ ਅਪਣੀ ਡਿਊਟੀ ਤੇ ਸਵੇਰੇ 8 ਵਜੇ ਚਲੇ ਜਾਣਾ ਅਤੇ ਸ਼ਾਮ ਨੂੰ 7 ਵਜੇ ਵਾਪਸ ਆਉਣਾ। ਮਾਤਾ ਨੇ ਸਾਡੇ ਸਾਰੇ ਗੁਣ ਮਹਿਸੂਸ ਕਰ ਲਏ।
ਇਕ ਦਿਨ ਕਮਰੇ ਵਿਚ ਆ ਕੇ ਕਹਿਣ ਲੱਗੀ, ''ਕਾਕਾ ਹਨੇਰੇ ਨਾ ਨਹਾਇਆ ਕਰੋ, ਤੁਹਾਨੂੰ ਠੰਢ ਲੱਗ ਜਾਵੇਗੀ।'' ਮੈਂ ਅੱਗੋਂ ਜਵਾਬ ਦਿਤਾ, ''ਅਸੀ ਘਰ ਵੀ ਹਨੇਰੇ ਵੇਲੇ ਹੀ ਨਹਾਉਂਦੇ ਹਾਂ। ਔਰਤਾਂ ਦਾ ਦਿਨੇ ਖੂਹੀ ਉਤੇ ਮੇਲਾ ਲੱਗ ਜਾਂਦਾ ਹੈ। ਸਾਨੂੰ ਦਿਨ ਵੇਲੇ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ।'' ਮਾਤਾ ਨੇ ਜਵਾਬ ਦਿਤਾ, ''ਕੋਈ ਗੱਲ ਨਹੀਂ ਦਿਨ ਵੇਲੇ ਇਸ਼ਨਾਨ ਕਰਿਆ ਕਰੋ। ਮਨੁੱਖੀ ਸ਼ਖ਼ਸੀਅਤ ਦਾ ਉਸਾਰੂ ਪਹਿਲੂ ਸਦਾ ਜ਼ਿੰਦਗੀ ਨੂੰ ਸੰਤੁਲਤ ਰਖਦਾ ਹੈ।''
ਉਥੇ ਸਾਡੇ ਕਈ ਮਹੀਨੇ ਬੀਤ ਗਏ ਅਤੇ ਮਾਤਾ ਸਾਨੂੰ ਅਪਣੇ ਪ੍ਰਵਾਰ ਵਾਂਗ ਹੀ ਸਮਝਣ ਲੱਗ ਪਈ। ਕਈ ਵੇਰਾਂ ਅਸੀ ਸਬਜ਼ੀ ਨਾ ਬਣਾਉਣੀ। ਮਾਤਾ ਤੋਂ ਰਾਤ ਦੇ ਸਮੇਂ ਦਾਲ-ਸਬਜ਼ੀ ਲੈ ਲੈਣੀ। ਅਸੀ ਉਨ੍ਹਾਂ ਦੇ ਪ੍ਰਵਾਰ ਦੇ ਜੀਅ ਵਾਂਗ ਹੀ ਬਣ ਗਏ।
ਜਗਤਾਰ ਅਤੇ ਰਣਜੀਤ ਤਾਂ 6 ਮਹੀਨਿਆਂ ਬਾਅਦ ਬਦਲੀ ਹੋਣ ਕਾਰਨ ਉਥੋਂ ਆ ਗਏ ਪਰ ਮੈਂ ਕਾਫ਼ੀ ਦੇਰ ਤਕ ਉਥੇ ਮਾਤਾ ਕੋਲ ਹੀ ਰਹਿੰਦਾ ਰਿਹਾ। ਮੈਨੂੰ ਮਾਤਾ ਹਮੇਸ਼ਾ 'ਚੰਦ' ਕਹਿ ਕੇ ਬੁਲਾਉਂਦੀ ਸੀ ਅਤੇ ਅਥਾਹ ਪਿਆਰ ਕਰਦੀ ਸੀ। ਸਮਾਂ ਚਲਦਾ ਗਿਆ। ਮੈਂ ਮਾਤਾ ਕੋਲੋਂ ਹੀ ਰੋਟੀ ਖਾਂਦਾ ਸੀ। ਉਹ ਮੈਨੂੰ ਅਪਣਾ ਪੁੱਤਰ ਹੀ ਸਮਝਦੀ ਸੀ। ਘਰ ਵਰਗਾ ਹੀ ਪਿਆਰ ਮਿਲਿਆ।
ਜਦੋਂ ਮੈਂ ਐਤਵਾਰ ਨੂੰ ਵਿਹਲੇ ਹੋਣਾ ਤਾਂ ਉਨ੍ਹਾਂ ਦੇ ਖੇਤ ਚਲਾ ਜਾਂਦਾ ਸੀ। ਉਸ ਦੇ ਬੱਚੇ ਜੋ ਉਸ ਵੇਲੇ ਨਿੱਕੇ ਨਿੱਕੇ ਸਨ ਅੱਜ ਕੈਨੇਡਾ ਅਤੇ ਅਮਰੀਕਾ ਵਿਚ ਬੈਠੇ ਹਨ। ਮੈਂ ਉਨ੍ਹਾਂ ਦੇ ਵਿਆਹ-ਸ਼ਾਦੀਆਂ ਮੌਕੇ ਜਾਂਦਾ ਰਿਹਾ। ਕਿੰਨਾ ਸਮਾਂ ਬੀਤ ਗਿਆ। ਸਬੰਧ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ। ਮਨ ਵਿਚ ਉਨ੍ਹਾਂ ਦਿਨਾਂ ਦੀ ਮਹਿਕ ਅੱਜ ਵੀ ਕਾਇਮ ਹੈ। ਮਾਤਾ ਅਪਣੀਆਂ ਭਾਵਨਾਵਾਂ ਪ੍ਰਤੀ ਚੇਤੰਨ ਸੀ। ਇਸੇ ਲਈ ਮੇਰੇ ਪ੍ਰਤੀ ਹਮਦਰਦ ਅਤੇ ਰਹਿਮਦਿਲ ਮਾਤਾ ਦਾ ਬਹੁਤ ਜ਼ਿਆਦਾ ਸੀ। ਵਧੇਰੇ ਗੁਣਾਂ ਦੀ ਭਰੀ ਮਾਤਾ ਪ੍ਰੇਮ ਦੀ ਮੂਰਤ ਸੀ। ਮੇਰਾ ਪ੍ਰੇਮ ਸਹਿਣਸ਼ੀਲਤਾ, ਪਿਆਰ, ਸਬਰ, ਸੰਤੋਖ ਵਾਲਾ ਜੀਵਨ ਚੰਗੇ ਸੰਸਕਾਰਾਂ ਨਾਲ ਚਲਦਾ ਗਿਆ ਕਿਉਂਕਿ ਉਨ੍ਹਾਂ (ਮਾਤਾ) ਨੇ ਮੇਰੇ ਕੋਲੋਂ ਕਿਰਾਇਆ ਵੀ ਲੈਣਾ ਬੰਦ ਕਰ ਦਿਤਾ ਸੀ।
ਇਹ ਸਾਰਾ ਕੁੱਝ ਬੀਤੇ ਸਮਿਆਂ ਦੀ ਮਿੱਠੀ ਅਤੇ ਸੁਹਾਵਣੀ ਯਾਦ ਬਣ ਕੇ ਰਹਿ ਗਿਆ ਹੈ। ਮਾਤਾ ਦੇ ਕਹੇ ਬੋਲ ਅੱਜ ਵੀ ਯਾਦ ਆ ਜਾਂਦੇ ਹਨ ਕਿ ਸਮਾਂ ਰੁਕਦਾ ਨਹੀਂ ਹੈ ਪਰ ਦਿਲ ਵਿਚ ਸਾਂਭਿਆ ਜ਼ਰੂਰ ਜਾਂਦਾ ਹੈ। ਯਾਦ ਕਰ ਕੇ ਬੀਤੇ ਦੇ ਸੁਖਾਵੇਂ ਅਨੁਭਵ ਦੀ ਕਲਪਨਾ ਸਹਿਜ ਹੀ ਕੀਤੀ ਜਾ ਸਕਦੀ ਹੈ।
ਸੰਪਰਕ : 98551-43537