ਜਪੁਜੀ ਸਾਹਿਬ ਕਦੋਂ ਪੜ੍ਹਨ 'ਤੇ ਕੀ ਫ਼ਾਇਦਾ ਹੋਵੇਗਾ?

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਭਾਸ਼ਾ ਵਿਭਾਗ ਪਟਿਆਲਾ ਵਲੋਂ ਛਾਪੇ ਸੂਰਜ ਗ੍ਰੰਥ 'ਚ ਮਹਾਂਕਵੀ ਸੰਤੋਖ ਸਿੰਘ ਨੇ ਬਾਬੇ ਨਾਨਕ ਦੇ ਆਸ਼ੇ ਤੋਂ ਲਿਖਿਆ ਉਲਟ

File Photo

ਅੰਮ੍ਰਿਤਸਰ (ਚਰਨਜੀਤ ਸਿੰਘ): ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੋਂਦ ਨੂੰ ਖੋਰਾ ਲਗਾਉਣ ਦੀਆਂ ਕੋਸ਼ਿਸ਼ਾਂ ਲੰਮੇ ਸਮੇਂ ਤੋਂ ਜਾਰੀ ਹਨ। ਭੋਲੇ ਭਾਲੇ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਦੇ ਹੱਥੇ ਚੜ੍ਹ ਕੇ ਉਨ੍ਹਾਂ ਹੀ ਗ੍ਰੰਥਾਂ ਦੀ ਕਥਾ ਅਪਣੇ ਗੁਰੂ ਘਰਾਂ ਵਿਚ ਕਰਦੇ ਤੇ ਕਰਵਾਉਂਦੇ ਆ ਰਹੇ ਹਨ ਜਿਨ੍ਹਾਂ ਵਿਚ ਸਿੱਖ ਵਿਰੋਧੀਆਂ ਨੇ ਰਲੇਵਾਂ ਪਾਇਆ ਹੈ।

ਇਸ ਦਾ ਮੂੰਹ ਬੋਲਦਾ ਸਬੂਤ 'ਮਹਾਂਕਵੀ ਸੰਤੋਖ ਸਿੰਘ' ਦਾ ਲਿਖਿਆ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ। ਇਸ ਅਖੌਤੀ ਗ੍ਰੰਥ ਵਿਚ 'ਮਹਾਂਕਵੀ' ਨੇ ਬਾਬੇ ਨਾਨਕ ਦੇ ਆਸ਼ੇ ਤੋਂ ਉਲਟ ਅਜਿਹੀਆਂ ਊਲ ਜਲੂਲ ਗੱਲਾਂ ਲਿਖੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਨਾ ਤਾਂ ਗੁਰਬਾਣੀ ਦੀ ਘਸਵਟੀ 'ਤੇ ਖਰੀਆਂ ਉਤਰਦੀਆਂ ਹਨ ਤੇ ਨਾ ਹੀ ਗੁਰੂ ਸਿਧਾਂਤ ਮੁਤਾਬਕ ਸਹੀ ਹਨ। 

ਇਸ ਦੇ ਬਾਵਜੂਦ ਗੁਰੂ ਨਿੰਦਕ ਕਿਤਾਬਾਂ ਦੀ ਕਥਾ ਹਰ ਗੁਰੂ ਘਰ ਵਿਚ ਕੀਤੀ ਜਾ ਰਹੀ ਹੈ। 'ਮਹਾਂਕਵੀ' ਸੰਤੋਖ ਸਿੰਘ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜਿਸ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ ਛਾਪਿਆ ਹੈ ਦੇ ਪੰਨਾ ਨੰਬਰ 5582 'ਤੇ ਜਪੁਜੀ ਸਾਹਿਬ ਨੂੰ ਪੜ੍ਹਨ ਲਈ ਵੱਖ ਵੱਖ ਸਮਿਆਂ ਦੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ। ਇਹ ਸਾਰਾ ਕੁੱਝ ਬਾਬੇ ਨਾਨਕ ਦੀ ਬਾਣੀ ਦੇ ਪ੍ਰਚਾਰ ਦੇ ਨਾਮ ਤੇ ਨਿਰਮਲੇ ਤੇ ਉਦਾਸੀ ਕੀ ਕੀ ਕਹਿ ਰਹੇ ਹਨ ਉਹ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ

ਤੇ ਪੜ੍ਹਨ ਵਾਲਾ ਸੋਚਦਾ ਹੈ ਕਿ ਵਹਿਮਾਂ ਭਰਮਾਂ ਦਾ ਖੰਡਨ ਕਰਨ ਵਾਲੇ ਬਾਬੇ ਨਾਨਕ ਦੇ ਨਾਮ 'ਤੇ ਕੀ ਕੀ ਪੜ੍ਹਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਨਿਰਮਲੇ ਤੇ ਉਦਾਸੀਆਂ ਦੇ ਡੇਰਿਆਂ ਤੋਂ ਪੜ੍ਹੇ ਸਿੱਖ ਪ੍ਰਚਾਰਕ ਅਪਣੇ ਪ੍ਰਚਾਰ ਦੌਰਾਨ ਮਹਾਂਕਵੀ ਸੰਤੋਖ ਸਿੰਘ ਦੀ ਰਚਨਾ ਦੀਆਂ ਮਿਸਾਲਾਂ ਦੇ ਕੇ ਗੁਰਮਤਿ ਦੀ ਪ੍ਰਭਾਸ਼ਾ ਦਿੰਦੇ ਹਨ ਤੇ ਭੋਲੇ ਸਿੱਖ ਸਿਰ ਹਿਲਾ ਹਿਲਾ ਕੇ ਇਸ ਗੁਰੂ ਨਿੰਦਕ ਕਿਤਾਬ ਵਿਚ ਅਪਣੇ ਗੁਰੂ ਦੀ ਨਿੰਦਾ ਤੇ ਜੈਕਾਰੇ ਲਗਾ ਕੇ ਖ਼ੁਸ਼ ਹੁੰਦੇ ਹਨ।

ਸੰਤੋਖ ਸਿੰਘ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਰੁਤ 5 ਅੰਸ 28 'ਤੇ ਲਿਖਿਆ ਹੈ ਕਿ ਜਪੁਜੀ ਸਾਹਿਬ ਦਾ ਪਾਠ ਪ੍ਰਭਾਤ ਵੇਲੇ ਕਰਨਾ ਸ਼ੁਭ ਹੈ। ਕਿਸੇ ਕਾਰਜ ਸਿੱਧੀ ਲਈ ਜਪੁਜੀ ਸਾਹਿਬ ਦਾ ਪਾਠ ਕਰਨ ਦਾ ਸਮਾਂ ਦੁਪਹਿਰ ਤੋਂ ਬਾਅਦ ਦਾ ਹੈ। ਕਿਸੇ ਵੀ ਵਿਅਕਤੀ ਨੂੰ ਅਪਣੇ ਵਸ ਵਿਚ ਕਰਨ ਲਈ ਸ਼ਾਮ (ਸੰਝਾ) ਦਾ ਸਮਾਂ, ਕਿਸੇ ਗੁਪਤ ਵਸਤੂ ਦੀ ਪ੍ਰਾਪਤੀ ਲਈ ਪਹਿਰ ਬੀਤਿਆ, ਵੈਰੀਆਂ ਦਾ ਨਾਸ਼ ਕਰਨ ਲਈ ਅੱਧੀ ਰਾਤ ਸਾਰੀਆਂ ਗੱਲਾਂ ਪੂਰੀਆਂ ਕਰਨ ਲਈ ਸੂਰਜ ਉਦੈ ਵੇਲੇ ਜਪੁਜੀ ਦਾ ਪਾਠ ਕਰਨਾ ਚਾਹੀਦਾ ਹੈ।