'ਰੋਜ਼ਾਨਾ ਸਪੋਕਸਮੈਨ' ਚ ਅਕਾਲੀ-ਭਾਜਪਾ ਦੀ ਖਿੱਚੋਤਾਣ ਬਾਰੇ ਰਾਸ਼ਟਰੀ ਸਿੱਖ ਸੰਗਤ ਦੇ ਬਿਆਨਾਂ ਦੀ ਚਰਚਾ
ਅਕਾਲੀ ਦਲ ਬਾਦਲ ਅਤੇ ਭਾਜਪਾ ਦਰਮਿਆਨ ਹੋਈ ਖਿੱਚੋਤਾਣ ਵਿਚ ਕੁਦੀ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ.......
ਪਟਿਆਲਾ : ਅਕਾਲੀ ਦਲ ਬਾਦਲ ਅਤੇ ਭਾਜਪਾ ਦਰਮਿਆਨ ਹੋਈ ਖਿੱਚੋਤਾਣ ਵਿਚ ਕੁਦੀ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਦਾ ਬਿਆਨ ਰੋਜ਼ਾਨਾ ਸਪੋਕਸਮੈਨ ਵਿਚ ਛਪਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖੂਬ ਚਰਚਿਤ ਹੋਇਆ। ਲੰਬੇ ਸਮੇਂ ਤੋਂ ਸੰਗਤ ਦੇ ਆਗੂ ਅੰਦਰੋਂ ਅੰਦਰੀ ਅਕਾਲੀ ਦਲ ਤੋਂ ਕਾਫ਼ੀ ਔਖੇ ਸਨ ਤੇ ਉਨ੍ਹਾਂ ਦੇ ਕੰਮਾਂ ਵਿਚ ਅਕਾਲੀ ਦਲ ਵਲੋਂ ਵਾਰ-ਵਾਰ ਕੀਤੀ ਜਾਂਦੀ ਟੋਕਾ-ਟਾਕੀ ਤੋਂ ਪ੍ਰੇਸ਼ਾਨ ਆਗੂਆਂ ਨੇ ਪਹਿਲੀ ਵਾਰ ਸੰਗਤ ਦੇ ਰਾਸ਼ਟਰੀ ਪੱਧਰ ਤੋਂ ਅਕਾਲੀ ਦਲ ਨੂੰ ਆਈਨਾ ਦਿਖਾਉਣ ਲਈ ਪਹਿਲੀ ਵਾਰ ਆਏ ਬਿਆਨ ਤੋਂ ਬਾਅਦ ਕਾਫ਼ੀ ਸਕੂਨ ਮਹਿਸੂਸ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਵਿਚ ਛਪੇ ਬਿਆਨ ਦੀ ਕਤਰਨ ਅੱਜ ਇਕ ਦੂਜੇ ਨਾਲ ਸਾਂਝੀ ਕਰਦਿਆਂ ਰਾਸ਼ਟਰੀ ਸਿੱਖ ਸੰਗਤ ਦੇ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਭਾਟੀਆ ਨੇ ਸੋਸ਼ਲ ਮੀਡੀਆ 'ਤੇ ਪਾਈ ਤਾਂ ਸੰਗਤ ਨਾਲ ਜੁੜੇ ਅਨੇਕਾਂ ਆਗੂਆਂ ਨੇ ਉਸ 'ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਤਰ੍ਹਾਂ ਇਕ ਵਾਰ ਫਿਰ ਰੋਜ਼ਾਨਾ ਸਪੋਕਸਮੈਨ ਸਿੱਖ ਸੰਗਤ ਦੇ ਆਗੂਆਂ ਰਾਹੀਂ ਚਰਚਾ ਵਿਚ ਰਿਹਾ।
ਇਕ ਪਾਸੇ ਜਿਥੇ ਸਥਾਨਕ ਆਗੂ ਰਾਸ਼ਟਰੀ ਪੱਧਰ ਤੋਂ ਅਕਾਲੀ ਦਲ ਨੂੰ ਦਿਤੇ ਮੋੜਵੇਂ ਜਵਾਬ ਤੋਂ ਖ਼ੁਸ਼ ਨਜ਼ਰ ਆ ਰਹੇ ਸੀ, ਉਥੇ ਹੀ ਰਾਸ਼ਟਰੀ ਸਿੱਖ ਸੰਗਤ ਦੇ ਉਚ ਆਗੂ ਮੀਡੀਆ ਤੋਂ ਬਚਦੇ ਨਜ਼ਰ ਆਏ। ਅੱਜ ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਗੁਰਬਚਨ ਸਿੰਘ ਮੋਖਾ ਨਾਲ ਇਸ ਖਿੱਚੋਤਾਣੀ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਡੇ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਹੀ ਅਧਿਕਾਰਤ ਕੀਤੇ ਗਏ ਹਨ ਜੋ ਸਮੇਂ ਸਮੇਂ ਮੀਡੀਆ ਨੂੰ ਅਪਣੀ ਗੱਲ ਰੱਖਦੇ ਰਹਿਣਗੇ।