ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ :ਸਾਬਕਾ ਐਸ.ਡੀ.ਐਮ. ਸਮੇਤ ਚਾਰ ਗਵਾਹਾਂ ਦੇ ਅਦਾਲਤ 'ਚ ਹੋਏ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ/ਫ਼ਰੀਦਕੋਟ : ਬੀਤੇ ਦਿਨੀਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਵਲੋਂ ਫ਼ਰੀਦਕੋਟ ਕੈਂਪਸ 'ਚ ਸਥਿਤ...

Harjit Singh Sandhu

ਕੋਟਕਪੂਰਾ/ਫ਼ਰੀਦਕੋਟ : ਬੀਤੇ ਦਿਨੀਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ (ਸਿੱਟ) ਵਲੋਂ ਫ਼ਰੀਦਕੋਟ ਕੈਂਪਸ 'ਚ ਸਥਿਤ ਦਫ਼ਤਰ 'ਚ ਲਗਾਤਾਰ 8 ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਕਰੀਬ 11:00 ਵਜੇ ਬਾਹਰ ਨਿਕਲੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਮੀਡੀਏ ਨਾਲ ਗੱਲਬਾਤ ਕਰਨ ਦੀ ਬਜਾਇ ਕਾਰ 'ਚ ਬੈਠ ਕੇ ਉਥੋਂ ਰਵਾਨਾ ਹੋਣਾ ਹੀ ਮੁਨਾਸਿਬ ਸਮਝਿਆ। 
ਜ਼ਿਕਰਯੋਗ ਹੈ ਕਿ ਲਗਾਤਾਰ 8 ਘੰਟੇ ਪ੍ਰਿੰਟ ਅਤੇ ਬਿਜਲਈ ਮੀਡੀਏ ਦੇ ਪੱਤਰਕਾਰ ਮਨਤਾਰ ਬਰਾੜ ਦੀ ਉਡੀਕ ਕਰਦੇ ਰਹੇ, ਕੈਂਪਸ ਦੇ ਬਾਹਰ ਅਕਾਲੀ ਵਰਕਰਾਂ ਦਾ ਜਮਾਵੜਾ ਦੇਖ ਕੇ ਭਾਰੀ ਪੁਲਿਸ ਵੀ ਤੈਨਾਤ ਹੋ ਗਈ। ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਦੇ ਸਾਬਕਾ ਐਸ.ਡੀ.ਐਮ. ਹਰਜੀਤ ਸਿੰਘ ਸੰਧੂ ਨੂੰ ਕੇਸ ਦੇ ਗਵਾਹ ਵਜੋਂ ਸ਼ਾਮਲ ਕੀਤਾ ਅਤੇ ਬਕਾਇਦਾ ਤੌਰ 'ਤੇ ਇਲਾਕਾ ਮੈਜਿਸਟ੍ਰੇਟ ਏਕਤਾ ਉਪਲ ਦੀ ਅਦਾਲਤ 'ਚ ਉਸ ਦਾ ਇਕਬਾਲੀਆ ਬਿਆਨ ਦਰਜ ਕਰਵਾਇਆ ਤਾਂ ਕਿ ਕੇਸ ਨੂੰ ਮਜ਼ਬੂਤ ਕੀਤਾ ਜਾ ਸਕੇ। 
ਦਸਣਯੋਗ ਹੈ ਕਿ ਪਹਿਲਾਂ ਐਸ.ਡੀ.ਐਮ. ਹਰਜੀਤ ਸਿੰਘ ਸੰਧੂ ਨੂੰ ਜਾਂਚ ਟੀਮ ਨੇ ਪੁੱਛ-ਪੜਤਾਲ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਬਿਆਨ ਦਰਜ ਕਰਵਾਇਆ। ਐਸ.ਡੀ.ਐਮ. ਹਰਜੀਤ ਸਿੰਘ ਸੰਧੂ ਅਕਤੂਬਰ 2015 'ਚ ਕੋਟਕਪੂਰਾ ਦੇ ਐਸ.ਡੀ.ਐਮ. ਸਨ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਗੋਲੀ ਚਲਾਉਣ ਲਈ ਐਸ.ਡੀ.ਐਮ. ਸੰਧੂ ਤੋਂ ਇਜਾਜ਼ਤ ਲਈ ਸੀ ਜਦਕਿ ਜਾਂਚ ਟੀਮ ਦਾਅਵਾ ਕਰ ਰਹੀ ਹੈ ਕਿ ਪੁਲਿਸ ਨੇ ਗੋਲੀ ਚਲਾਉਣ ਤੋਂ ਬਾਅਦ ਜ਼ਬਰਦਸਤੀ ਐਸ.ਡੀ.ਐਮ ਤੋਂ ਗੋਲੀ ਚਲਾਉਣ ਦੀ ਪ੍ਰਵਾਨਗੀ ਦੇ ਦਸਤਖ਼ਤ ਕਰਵਾਏ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦੇ ਡਰਾਇਵਰ ਗੁਰਨਾਮ ਸਿੰਘ, ਇਕ ਨੌਜਵਾਨ ਵਕੀਲ ਅਤੇ ਪਿੰਡ ਬੁਰਜ ਮਸਤਾ ਦੇ ਵਸਨੀਕ ਚਰਨਜੀਤ ਸਿੰਘ ਦਾ ਗਵਾਹ ਵਜੋਂ ਬਿਆਨ ਦਰਜ ਕੀਤਾ ਹੈ।