Panthak News: ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ’ਤੇ ਜਥੇਦਾਰ ਦਾ ਵੱਡਾ ਬਿਆਨ, 'ਮੈਂ ਕੱਪੜੇ ਬੈਗ 'ਚ ਪਾਏ ਹੋਏ ਹਨ, ਕੋਈ ਪਰਵਾਹ ਨਹੀਂ'
'5 ਮੈਂਬਰੀ ਕਮੇਟੀ 'ਚੋਂ ਹੀ ਨਵਾਂ ਪ੍ਰਧਾਨ ਚੁਣਿਆ ਜਾਵੇ'
Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ.ਜੀ.ਪੀ.ਸੀ. ਨਾਲ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਗਈ। ਜਿੱਥੇ ਉਨ੍ਹਾਂ ਨੂੰ 37 ਸਾਲਾਂ ਬਾਅਦ ਹੋਏ ਪੋਤੇ ਦੇ ਜਨਮ ਦੀ ਵਧਾਈ ਦਿੱਤੀ ਅਤੇ ਸਾਡੀ ਉਨ੍ਹਾਂ ਨਾਲ ਪਰਿਵਾਰਕ ਮੁਲਾਕਾਤ ਹੋਈ ਸੀ ਤੇ ਨਾਲ ਹੀ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਐਸ.ਜੀ.ਪੀ.ਸੀ. ਦਾ ਅਸਤੀਫ਼ਾ ਵਾਪਸ ਲੈਣ ਉੱਤੇ ਵਿਚਾਰ ਕਰਨ ਕਿਉਂਕਿ ਪੰਥ ਨੂੰ ਇਸ ਔਖੇ ਸਮੇਂ ਵਿਚ ਉਨ੍ਹਾਂ ਵਰਗੇ ਵਿਅਕਤੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 7 ਮੈਂਬਰੀ ਕਮੇਟੀ ਦੇ ਗਠਨ ਨੂੰ ਢਾਈ ਮਹੀਨੇ ਬੀਤ ਗਏ ਹਨ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਅਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਹਿਯੋਗ ਨਹੀਂ ਕਰ ਰਿਹਾ ਹੈ ਪਰ ਅਸੀਂ ਕਮੇਟੀ ਨੂੰ ਅਕਾਲੀ ਦਲ ਤੋਂ ਸਹਿਯੋਗ ਲੈਣ ਦੀ ਬਜਾਏ ਆਪਣੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਹੁਣ ਤਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਮਿਲਿਆ ਹੈ ਪਰ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫ਼ਾ ਅਜੇ ਤੱਕ ਨਹੀਂ ਮਿਲਿਆ ਹੈ ਅਤੇ ਉਨ੍ਹਾਂ ਨੇ ਕਮੇਟੀ ਦੇ ਬਾਕੀ 5 ਮੈਂਬਰਾਂ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਜੇਕਰ ਇਹ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਹੋਣਗੇ ਤਾਂ ਆਉਣ ਵਾਲੇ ਦਿਨਾਂ ਵਿਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਇਨ੍ਹਾਂ 5 ਮੈਂਬਰਾਂ ਵਿਚੋਂ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਚੱਲ ਰਹੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਅਤੇ ਇਸ ਲਈ 5 ਮੈਂਬਰੀ ਕਮੇਟੀ ਜਲਦੀ ਹੀ 2 ਦਸੰਬਰ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇਗੀ।
3-4 ਦਿਨਾਂ ਵਿਚ ਅਸੀਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦਾਂਗੇ ਤੇ ਫੈਸਲਾ ਕਰਾਂਗੇ ਕਿਉਂਕਿ ਸਾਰੇ ਰਾਜਸਥਾਨ ਵਿਖੇ ਸੰਤ ਮਸਕੀਨ ਜੀ ਦੇ ਸਮਾਗਮ ਵਿਚ ਰੁੱਝੇ ਹੋਏ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਤੋਂ ਉਨ੍ਹਾਂ ਨੂੰ ਹਟਾਉਣ ਦੀਆਂ ਚਰਚਾਵਾਂ ਉੱਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਮਾਨ ਪਹਿਲਾਂ ਹੀ ਪੈੱਕ ਕਰ ਲਿਆ ਹੈ, ਕੋਈ ਪਰਵਾਹ ਨਹੀਂ ਹੈ। ਅਤੇ ਗੁਰੂ ਸਾਹਿਬ ਦੇ ਹੁਕਮਨਾਮੇ ਤੱਕ ਆਪਣੀ ਸੇਵਾ ਨਿਭਾਵਾਂਗੇ। ਗੁਰੂ ਦੀ ਕਿਰਪਾ ਨਾਲ ਹੀ ਸੇਵਾ ਮਿਲਦੀ ਹੈ। ਇਸ ਘਰ ਵਿਚ ਦਾਅਵੇ ਨਹੀਂ ਚਲਦੇ। ਗਿਆਨੀ ਹਰਪ੍ਰੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ 2 ਦਸੰਬਰ ਦੇ ਹੁਕਮਨਾਮੇ ਦਾ ਹਿੱਸਾ ਸਨ ਪਰ ਹੁਣ ਉਹ ਆਜ਼ਾਦ ਹਨ ਤੇ ਜਿਵੇਂ ਮਰਜ਼ੀ ਵਿਚਰ ਸਕਦੇ ਹਨ।