ਦਿਸ਼ਾਹੀਣ ਹੋ ਚੁੱਕੀ ਹੈ ਹਰਿਆਣਾ ਕਮੇਟੀ: ਨਲਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ (ਐਡਹਾਕ) ਦੀ ਬੇੜੀ, ਬਿਨਾਂ ਮਲਾਹ ਤੇ ਬਿਨਾਂ ਚੱਪੂ

Nalvi

ਚੰਡੀਗੜ•, 31 ਮਾਰਚ (ਸਸਸ): ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ (ਐਡਹਾਕ) ਦੀ ਬੇੜੀ, ਬਿਨਾਂ ਮਲਾਹ ਤੇ ਬਿਨਾਂ ਚੱਪੂ ਹੋਣ ਕਾਰਨ ਅਜੋਕੇ ਸਮੇਂ ਮੁਕੰਮਲ ਰੂਪ ਵਿਚ ਦਿਸ਼ਾਹੀਨ ਹੈ। ਇਸ ਗੱਲ ਦਾ ਪ੍ਰਗਟਾਵਾ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਅੱਜ ਪ੍ਰੈਸ ਦੇ ਨਾਮ ਜਾਰੀ ਕੀਤੇ ਇਕ ਬਿਆਨ ਵਿਚ ਕੀਤਾ ਹੈ। ਦੀਦਾਰ ਸਿੰਘ ਨਲਵੀ ਜੋ ਖ਼ੁਦ ਇਸ ਸੰਸਥਾ ਦਾ ਮੋਢੀ ਚਿੰਤਕ ਤੇ ਸਿਰਜਕ ਹਨ, ਅਨੁਸਾਰ ਮਿਤੀ ਇਸ ਮਹੀਨੇ 27 ਮਾਰਚ ਨੂੰ ਹਰਿਆਣਾ ਕਮੇਟੀ ਦੀ ਵਿੱਤੀ ਸਾਲ 2018-19 ਦੀ ਬਜਟ ਮੀਟਿੰਗ ਗੁਰਦਵਾਰਾ ਛੇਵੀਂ ਤੇ ਨੌਵੀਂ ਪਾਤਸ਼ਾਹੀ ਚੀਕਾ ਵਿਖੇ ਹੋਈ। ਸ. ਜੋਗਾ ਸਿੰਘ ਜਨਰਲ ਸਕੱਤਰ ਨੇ ਵਿੱਤੀ ਸਾਲ 2018-19 ਦੇ ਬਜਟ ਅਨੁਮਾਨ ਜਨਰਲ ਬਾਡੀ ਨੂੰ ਪੇਸ਼ ਕੀਤੇ। ਇਸ ਮੌਕੇ ਜਸਬੀਰ ਸਿੰਘ ਭਾਈ, ਬਲਦੇਵ ਸਿੰਘ ਬੱਲੀ ਅਤੇ ਗੁਰਚਰਨ ਸਿੰਘ ਚੀਮੇ ਨੇ ਮੰਗ ਕੀਤੀ ਕਿ ਕਮੇਟੀ ਦੇ ਐਕਟ ਨੰ. 22/2014 ਵਿਚ ਕਮੇਟੀ ਦੇ ਸੈਕਸ਼ਨ 29-30 ਅਨੁਸਾਰ ਕਮੇਟੀ ਦੇ ਖ਼ਰਚਿਆਂ ਸਬੰਧੀ ਆਡਿਟ ਰੀਪੋਰਟ, ਜੋ 2014 ਵਿਚ ਕਮੇਟੀ ਦੀ ਸਥਾਪਤੀ ਤੋਂ ਲੈ ਕੇ ਅੱਜ ਤਕ ਪੇਸ਼ ਨਹੀਂ ਕੀਤੀ ਗਈ, ਜਨਰਲ ਬਾਡੀ ਨੂੰ ਪਹਿਲੋਂ ਪੇਸ਼ ਕੀਤੀ ਜਾਏ ਤਾਕਿ ਗੁਰੂ ਕੀ ਗੋਲਕ ਦੀ ਲਗਾਤਾਰ ਹੋ ਰਹੀ ਦੁਰਵਰਤੋਂ ਦੀ ਸਹੀ ਸਥਿਤੀ ਕਮੇਟੀ ਮੈਂਬਰਾਂ ਦੇ ਧਿਆਨ ਵਿਚ ਆਵੇ। ਜਨਰਲ ਸਕੱਤਰ ਨੇ ਮੈਂਬਰਾਂ ਦੀ ਇਹ ਮੰਗ ਇਹ ਕਹਿ ਕੇ ਠੁਕਰਾ ਦਿਤੀ ਕਿ ਆਡਿਟ ਰੀਪੋਰਟ 'ਤੇ ਵਿਚਾਰ ਕਰਨ ਦਾ ਅਧਿਕਾਰ ਐਗਜ਼ੈਕਟਿਵ ਬਾਡੀ ਨੂੰ ਹੈ ਨਾ ਕਿ ਜਨਰਲ ਬਾਡੀ ਨੂੰ।
ਇਸ ਮੌਕੇ ਦੀਦਾਰ ਸਿੰਘ ਨਲਵੀ ਜੋ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਗ਼ੈਰ ਹਾਜ਼ਰੀ ਕਾਰਨ, ਸੀਨੀਅਰ ਮੀਤ ਪ੍ਰਧਾਨ ਹੋਣ ਕਾਰਨ, ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਕਾਨੂੰਨੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹਾਊਸ ਨੂੰ ਦਸਿਆ ਕਿ ਐਕਟ ਦੇ ਸੈਕਸ਼ਨ 29-30 ਅਨੁਸਾਰ ਆਡਿਟ ਰੀਪੋਰਟ ਹਰ ਸਾਲ ਜਨਰਲ ਬਾਡੀ ਨੂੰ ਹੀ ਪੇਸ਼ ਕੀਤੀ ਜਾਣੀ ਬਣਦੀ ਹੈ ਜੋ ਹਰ ਸਾਲ ਮੈਂਬਰਾਂ ਦੀ ਮੰਗ ਦੇ ਬਾਵਜੂਦ ਪੇਸ਼ ਨਹੀਂ ਕੀਤੀ ਜਾ ਰਹੀ।
ਨਲਵੀ ਨੇ ਹਾਊੁਸ ਦੇ ਧਿਆਨ ਵਿਚ ਇਹ ਗੱਲ ਵੀ ਲਿਆਂਦੀ ਕਿ ਐਕਟ ਦੇ ਸੈਕਸ਼ਨ 25 ਅਨੁਸਾਰ ਸਾਰੇ ਗੁਰਦਵਾਰਿਆਂ ਦਾ ਇਕ ਫ਼ੰਡ ਹੋਵੇਗਾ ਜਿਸ ਵਿਚ ਗੁਰਦਵਾਰਾ ਅਤੇ ਗੁਰਦਵਾਰਾ ਜਾਇਦਾਦਾਂ ਤੋਂ ਪ੍ਰਾਪਤ ਆਮਦਨ ਅਤੇ ਪ੍ਰਾਪਤੀਆਂ ਗੁਰਦਵਾਰਾ ਫ਼ੰਡ ਦੇ ਖਾਤੇ ਵਿਚ ਨਿਯਮਾਂ ਅਨੁਸਾਰ ਬੈਂਕ ਖਾਤੇ ਵਿਚ ਜਮ੍ਹਾ ਕਰਵਾਈਆਂ ਜਾਣ। ਇਸ ਦੇ ਉਲਟ ਹਰਿਆਣਾ ਕਮੇਟੀ ਨੇ ਜਿਸ ਕੋਲ ਕੇਵਲ ਚਾਰ ਗੁਰਦਵਾਰੇ ਹਨ, ਹਰ ਗੁਰਦਵਾਰੇ ਦੇ ਵੱਖ ਵੱਖ ਚਾਰ ਖਾਤੇ ਖੋਲ•ੇ ਹੋਏ ਹਨ, ਜੋ ਐਕਟ ਦੇ ਸੈਕਸ਼ਨ 25 ਦੀ ਉਲੰਘਣਾ ਹੈ, ਜੋ ਪਿਛਲੇ 4 ਸਾਲ ਤੋਂ ਜਾਰੀ ਹੈ।