ਯੂ.ਕੇ. ਵਿਚ ਸਿੱਖ ਮਸਲਿਆਂ ਨੂੰ ਪਹਿਲ ਦੇਣਾ ਮੇਰਾ ਮੁੱਖ ਮਕਸਦ : ਢੇਸੀ
ਯੂ.ਕੇ. 'ਚ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਅਤੇ ਪੰਜਾਬੀਆਂ ਲਈ ਯੂ.ਕੇ. ਅਤੇ ਭਾਰਤ ਦੋਵਾਂ ਦੇਸ਼ਾਂ 'ਚ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਸਾਡੀ
ਪਟਿਆਲਾ, 30 ਜੁਲਾਈ (ਰਣਜੀਤ ਰਾਣਾ ਰੱਖੜਾ) : ਯੂ.ਕੇ. 'ਚ ਸਿੱਖਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਅਤੇ ਪੰਜਾਬੀਆਂ ਲਈ ਯੂ.ਕੇ. ਅਤੇ ਭਾਰਤ ਦੋਵਾਂ ਦੇਸ਼ਾਂ 'ਚ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਸਾਡੀ ਲੇਬਰ ਪਾਰਟੀ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ।
ਇਹ ਵਿਚਾਰ ਯੂ.ਕੇ. ਦੇ ਪਹਿਲੇ ਪਗੜੀਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ ਦੇ ਘਰ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਜੁੜਿਆ ਮੋਹ ਹਮੇਸ਼ਾ ਪੰਜਾਬ ਅਤੇ ਅਪਣੇ ਲੋਕਾਂ ਦੀ ਯਾਦ ਦਿਵਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਲਈ ਇਕ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੇ ਹਨ। ਪੰਜਾਬ ਦੇ ਨੌਜਵਾਨ ਵਰਗ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਉਣਾ ਅਤੇ ਸਿੱਖ ਮਸਲਿਆਂ ਨੂੰ ਪਹਿਲ ਦੇਣਾ ਹਮੇਸ਼ਾ ਉਨ੍ਹਾਂ ਦਾ ਮੁੱਖ ਮਕਸਦ ਰਹੇਗਾ।
ਐਡਵੋਕੇਟ ਕਲੇਰ ਸਬੰਧੀ ਗੱਲਬਾਤ ਕਰਦਿਆਂ ਤਨਮਨਜੀਤ ਸਿੰਘ ਨੇ ਕਿਹਾ ਕਿ ਕਲੇਰ ਸਾਹਿਬ ਦਾ ਮੈਂ ਸ਼ੁਰੂ ਤੋਂ ਹੀ ਬੜਾ ਸਤਿਕਾਰ ਕਰਦਾ ਹਾਂ। ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵਜੋਂ ਸਿੱਖ ਕੌਮ ਪ੍ਰਤੀ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਸਾਡੇ ਲਈ ਹਮੇਸ਼ਾ ਪ੍ਰੇਰਣਾਸ੍ਰੋਤ ਰਹੇਗੀ। ਸਿੱਖ ਕੌਮ ਦੇ ਮਸਲਿਆਂ ਪ੍ਰਤੀ ਸੁਹਿਰਦਤਾ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਸ਼ਖ਼ਸੀਅਤ ਐਡਵੋਕੇਟ ਕਲੇਰ ਤੋਂ ਮੈਂ ਬਹੁਤ ਪ੍ਰਭਾਵਤ ਹਾਂ।
ਤਨਮਨਜੀਤ ਸਿੰਘ ਢੇਸੀ ਨੂੰ ਸਨਮਾਨਤ ਕਰਨ ਮੌਕੇ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਯੂ.ਕੇ. ਦੀ ਪਾਰਲੀਮੈਂਟ 'ਚ ਪਹਿਲੇ ਪਗੜੀਧਾਰੀ ਸਿੱਖ ਐਮ.ਪੀ. ਹੋਣ ਦਾ ਮਾਣ ਹਾਸਲ ਕਰਨ ਵਾਲਾ ਤਨਮਨਜੀਤ ਸਿੰਘ, ਪੰਜਾਬ ਹੀ ਨਹੀਂ ਸਗੋਂ ਪੂਰੇ ਹਿੰਦੋਸਤਾਨ ਦਾ ਗੌਰਵ ਹੈ। ਗਰੇਵਸ਼ਮ (ਲੰਡਨ) 'ਚ ਮੇਅਰ ਹੁੰਦੇ ਹੋਏ ਵੀ ਅਤੇ ਅੱਜ ਵੀ ਉਹ ਹਮੇਸ਼ਾ ਪੰਜਾਬੀਆਂ ਦੇ ਹਿਤਾਂ ਦਾ ਵਿਸ਼ੇਸ਼ ਖ਼ਿਆਲ ਰੱਖ ਰਹੇ ਹਨ। ਅੱਜ ਪੂਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਤਨਮਨਜੀਤ ਸਿੰਘ ਢੇਸੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ।
ਇਸ ਮੌਕੇ ਐਡਵੋਕੇਟ ਕਲੇਰ ਦੇ ਸਪੁੱਤਰ ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ ਅਰਸ਼ਦੀਪ ਸਿੰਘ ਕਲੇਰ ਵੀ ਹਾਜ਼ਰ ਸਨ। ਜਿਨ੍ਹਾਂ ਦਸਿਆ ਕਿ ਸ੍ਰ. ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਜ਼ਿਲ੍ਹਾ ਫਗਵਾੜਾ ਦੇ ਪਿੰਡ ਰਾਏਪੁਰ ਦੇ ਹਨ। ਹਾਲਾਂਕਿ ਉਨ੍ਹਾਂ ਦਾ ਸਾਰਾ ਪਰਵਾਰ ਲੰਡਨ ਵਸਦਾ ਹੈ, ਪਰ ਉਹ ਅੱਜ ਵੀ ਅਪਣੇ ਪਿੰਡ ਦੇ ਵਿਕਾਸ ਲਈ ਤਤਪਰ ਰਹਿੰਦੇ ਹਨ ਅਤੇ ਜਦੋਂ ਵੀ ਸਮਾਂ ਮਿਲਦਾ ਹੈ, ਉਦੋਂ ਉਹ ਅਪਣੇ ਪਿੰਡ ਜ਼ਰੂਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਤਨਮਨਜੀਤ ਸਿੰਘ ਢੇਸੀ ਦੀ ਸ਼ਖ਼ਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹੋਏ ਹਨ। ਇੰਨੀ ਛੋਟੀ ਉਮਰ ਵਿਚ ਮੁਕਾਮ ਹਾਸਲ ਕਰਨਾ ਨੌਜਵਾਨ ਵਰਗ ਲਈ ਮਿਸਾਲ ਵਜੋਂ ਉਭਰੇਗਾ।
ਇਸ ਮੌਕੇ ਐਮ.ਪੀ. ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ, ਚਾਚਾ ਪਰਮਜੀਤ ਸਿੰਘ ਰਾਏਪੁਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਵੀ ਹਾਜ਼ਰ ਸਨ।