ਚੀਫ਼ ਖ਼ਾਲਸਾ ਦੀਵਾਨ ਦਾ ਸਾਲਾਨਾ ਬਜਟ ਪਾਸ ਨਾ ਹੋ ਸਕਿਆ  

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿਰਫ ਤਿੰਨ ਮਹੀਨੇ ਲਈ ਕੰਮ ਚਲਾਉ ਖਰਚ ਕਰਨ ਦੀ ਹੀ ਪ੍ਰਵਾਨਗੀ ਦਿੱਤੀ ਹੈ

Chief Khalsa Diwan

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ ਸੰਤੋਖ ਸਿੰਘ ਨੂੰ ਪਹਿਲਾ  ਝਟਕਾ ਉਸ ਵੇਲੇ  ਲੱਗਾ ਜਦ ਸਾਲਾਨਾ ਬੱਜਟ ਪਾਸ ਨਾ ਹੋ ਸਕਿਆ । ਸਿਰਫ ਤਿੰਨ ਮਹੀਨੇ ਲਈ ਕੰਮ ਚਲਾਉ ਖਰਚ ਕਰਨ ਦੀ ਹੀ ਪ੍ਰਵਾਨਗੀ ਦਿੱਤੀ ਹੈ। ੇ ਅਜਿਹਾ ਦੀਵਾਨ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ। ਦੀਵਾਨ ਦੇ ਆਨਰੇਰੀ ਸਕੱਤਰ ਸ੍ਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਬੱਜਟ ਨੂੰ ਤਿੰਨ ਮਹੀਨੇ ਲਈ ਪ੍ਰਵਾਨਗੀ ਦਿੱਤੀ ਗਈ ਹੈ ਜਦ ਕਿ ਵਿਰੋਧੀ ਧਿਰ ਦੇ ਮੈਬਰਾਂ ਦਾ ਕਹਿਣਾ ਹੈ ਕਿ ਬੱਜਟ ਨੂੰ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ ਸਗੋ ਤਿੰਨ ਮਹੀਨੇ ਲਈ ਕੰਮ ਚਲਾਊ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਕਿ ਮੁਲਾਜ਼ਮਾਂ ਦੀਆ ਤਨਖਾਹਾਂ ਆਦਿ ਵਿੱਚ ਕੋਈ ਰੁਕਾਵਟ ਨਾ ਪਵੇ ਪਰ ਪ੍ਰਧਾਨ ਡਾ ਸੰਤੋਖ ਸਿੰਘ ਨੇ ਕਿਹਾ ਕਿ ਉਹ ਅਗਲੇ ਇੱਕ ਮਹੀਨੇ ਵਿੱਚ ਦੁਬਾਰਾ ਮੀਟਿੰਗ ਬੁਲਾ ਕੇ ਬੱਜਟ ਪਾਸ ਕਰਵਾ ਲੈਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾ ਸੰਤੋਖ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜਰੂਰੀ ਖਰਚੇ ਕਰਨ ਦੀ ਹਾਊਸ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਚਾਰ ਤੋ ਲੈ ਕੇ ਅੱਠ ਹਫਤਿਆ ਵਿੱਚ ਉਹ ਬੱਜਟ ਪਾਸ ਕਰਵਾ ਲੈਣਗੇ। ਉਨ੍ਹਾਂ ਦਾ ਕਿਸੇ ਵੀ ਧੜੇ ਨਾਲ ਕੋਈ ਸਬੰਧ ਨਹੀ ਹੈ ਤੇ ਚੋਣ ਸਮੇਂ ਕਿਸੇ ਕਿਸਮ ਦੀ ਹੇਰਾਫੇਰੀ ਨਹੀ ਹੋਈ ਤੇ ਨਾ ਹੀ ਕਿਸੇ ਪਤਿਤ ਨੇ ਵੋਟ ਪਾਈ ਹੈ। ਜਦੋਂ ਉਹਨਾਂ ਦਾ ਧਿਆਨ ਜਦੋਂ ਪੱਤਰਕਾਰਾਂ ਨੇ ਇਸ ਪਾਸੇ ਦਿਵਾਇਆ ਕਿ ਮੀਡੀਆ ਕੋਲ ਤਾਂ ਪਤਿਤ ਵੋਟ ਪਾਉਣ ਵਾਲਿਆ ਦੀ ਤਸਵੀਰਾਂ ਵੀ ਮੌਜੂਦ ਹਨ ਤਾਂ ਉਨ੍ਹਾਂ ਨੇ ਉਸੇ ਵੇਲੇ ਹੀ ਰੱਖਿਆਤਮਕ  ਮੁਦਰਾ ਵਿੱਚ ਆਉਦਿਆ ਕਿਹਾ ਕਿ ਜਿਹੜਾ ਵਿਅਕਤੀ ਅੰਮ੍ਰਿਤਧਾਰੀ ਹੋਣ ਦਾ ਫਾਰਮ ਭਰ ਕੇ ਮੈਂਬਰ ਬਣ ਜਾਂਦਾ ਹੈ ਉਸ ਦੀ ਜਾਂਚ ਨਹੀ ਕੀਤੀ ਜਾਂਦੀ ਤੇ ਵਿਸ਼ਵਾਸ ਕਰਨਾ ਹੀ ਪੈਦਾ ਹੈ। ੇ ਉਹ ਦੀਵਾਨ ਦੀ ਬੇਹਤਰੀ ਲਈ ਹੀ ਕੰਮ ਕਰਨਗੇ। ਦੂਸਰੇ ਪਾਸੇ ਵਿਰੋਧੀ ਧਿਰ ਦੇ ਮੈਂਬਰ ਤੇ ਸਥਾਨਕ ਪ੍ਰਧਾਨ ਸ੍ਰ ਨਿਰਮਲ ਸਿੰਘ ਨੇ ਕਿਹਾ ਕਿ 72 ਅਜਿਹੇ ਮੈਂਬਰਾਂ ਨੇ ਵੋਟ ਪਾਏ ਹਨ ਜਿਹਨਾਂ ਨੇ ਪਿਛਲੀਆ 12 –12 ਮੀਟਿੰਗਾਂ ਵਿੱਚ ਭਾਗ ਨਹੀ ਲਿਆ ਤੇ ਸੰਵਿਧਾਨ ਮੁਤਾਬਕ ਉਹਨਾਂ ਦੀਆ ਵੋਟਾਂ ਨਹੀ ਪੈ ਸਕਦੀਆ ਕਿਉਕਿ ਉਨ੍ਹਾਂ ਦੀ ਮੈਂਬਰਸ਼ਿਪ ਆਪਣੇ ਆਪ ਹੀ ਰੱਦ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਤਿਤ ਮੈਂਬਰਾਂ ਦੀਆ ਵੀ ਵੋਟਾਂ ਪਵਾਈਆ ਗਈਆ ਹਨ । ਉਨ੍ਹਾਂ ਕਿਹਾ ਕਿ ਪਤਿਤ ਤੇ ਨਜਾਇਜ ਵੋਟਾਂ ਨੂੰ ਕਨੂੰਨ ਮੁਤਾਬਕ ਚੁਨੌਤੀ ਦਿੱਤੀ ਜਾਵੇਗੀ। ਰਾਜਮਹਿੰਦਰ ਸਿੰਘ ਮਜੀਠਾ ਨੇ ਕਿਹਾ ਕਿ ਪਤਿਤ ਵੋਟਾਂ ਪਾ ਕੇ ਦੀਵਾਨ ਦੀ ਛਵੀ ਨੂੰ ਠੇਸ ਪਹੁੰਚਾਉਣ ਵਾਲਿਆ ਨੇ ਦੀਵਾਨ ਨਾਲ ਧੋਖਾ ਕੀਤਾ ਹੈ ਜਿਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ।   ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀ ਸਗੋ ਦੀਵਾਨ ਵਿੱਚੋ ਹੁੰਦੀ ਲੁੱਟ ਘਸੁੱਟ ਖਤਮ ਕਰਨ ਨਾਲ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਦੀਵਾਨ ਦੀ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਸਮੂਹ ਮੈਂਬਰਾਂ ਦੀ ਇੱਕ ਕਮੇਟੀ ਬਣਾ ਕੇ ਚੈਕਿੰਗ ਕਰਵਾਈ ਜਾਵੇ ਤੇ ਜਿਹੜਾ ਦੀਵਾਨ ਦੀ ਮਰਿਆਦਾ ਤੇ ਸਿਧਾਂਤ ਤੇ ਖਰਾ ਨਹੀ ਉਤਰਦਾ ਉਸ ਦੀ ਮੈਂਬਰਸ਼ਿਪ ਤੇ  ਕਾਂਟਾ ਮਾਰਿਆ ਜਾਵੇ ।

ਉਨ੍ਹਾਂ ਕਿਹਾ ਕਿ ਦੀਵਾਨ ਸਿੱਖ ਪੰਥ ਦੀ ਨਿਰੋਲ ਸੰਸਥਾ ਹੈ ਤੇ ਇਥੇ ਸਿਆਸਤ ਨਹੀ ਹੋਣੀ ਚਾਹੀਦੀ ।   ਚੋਣ ਅਧਿਕਾਰੀ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਦੀਵਾਨ ਦੀ ਚੋਣ ਸਮੇਂ ਪਤਿਤਾਂ ਨੇ ਵੀ ਵੋਟਾਂ ਪਾਈਆ ਹਨ ਪਰ ਚੋਣ ਅਧਿਕਾਰੀਆ ਨੂੰ ਚੈਕ ਨਹੀ ਕਰਨ ਦਿੱਤਾ ਗਿਆ ਜੋ ਸਿੱਧੇ ਰੂਪ ਵਿੱਚ ਮਰਿਆਦਾ ਤੇ ਪਰੰਪਰਾਵਾਂ ਦੀ ਉਲੰਘਣਾ ਹੈ। ਉਹਨਾਂ ਬੀਬੀ ਕਿਰਨਜੋਤ ਕੌਰ ਨਾਲ ਸਹਿਮਤੀ ਪ੍ਰਗਟ ਕਰਦਿਆ ਕਿਹਾ ਕਿ ਇੱਕ ਕਮੇਟੀ ਬਣਾ ਕੇ ਮੈਂਬਰਾਂ ਦੀ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਤੇ ਸਿਰਫ ਗੁਰਸਿੱਖ ਹੀ ਦੀਵਾਨ ਦਾ ਮੈਂਬਰ  ਹੋਣਾ ਚਾਹੀਦਾ ਹੈ।  ਐਡਵੋਕੇਟ ਜਸਵਿੰਦਰ ਸਿੰਘ ਨੇ ਮਤਾ ਲਿਆਦਾ ਕਿ ਨਾਨਕ ਸ਼ਾਹ ਫਕੀਰ ਫਿਲਮ ਤੇ ਰੋਕ ਲੱਗਣੀ ਚਾਹੀਦੀ ਹੈ ਪਰ ਪ੍ਰਧਾਨ ਡਾ ਸੰਤੋਖ ਸਿੰਘ ਨੇ ਕਿਹਾ ਕਿ ਇਹ ਸਿਆਸੀ ਮਤਾ ਹੈ ਇਸ ਤੇ ਕੋਈ ਵਿਚਾਰ ਨਹੀ ਹੋ ਸਕਦੀ ਤੇ ਇਸ ਨੂੰ ਉਹ ਰੱਦ ਕਰਦੇ ਹਨ।  ਡਾ ਵਾਲੀਆ ਤੇ ਸੰਤੋਖ ਸਿੰਘ ਸੇਠੀ ਨੂੰ ਕਾਰਜ ਸਾਧਕ ਕਮੇਟੀ ਵਿੱਚ ਸ਼ਾਮਲ ਕਰਨ ਦਾ ਮਤਾ ਜਿਉ ਹੀ ਲਿਆਦਾ ਗਿਆ ਤਾਂ ਸਾਰੇ ਮੈਂਬਰਾਂ ਨੇ ਇੱਕ ਮਤ ਹੁੰਦਿਆ ਇਸ ਨੂੰ ਸਿਰੇ ਤੋ ਰੱਦ ਕਰ ਦਿੱਤਾ ਤੇ ਕਿਹਾ ਕਿ ਇਸ ਮਤੇ ਦੀ ਕੋਈ ਲੋੜ ਨਹੀ ਕਿਉਕਿ ਸੰਤੋਖ ਸਿੰਘ  ਜ਼ਿਮਨੀ ਚੋਣ ਜਿੱਤ ਕੇ ਪ੍ਰਧਾਨ ਬਣੇ ਹਨ ਤੇ ਕਾਰਜ ਸਾਧਕ ਕਮੇਟੀ ਵਿੱਚ ਨਵੇਂ ਮੈਂਬਰ ਸਿਰਫ ਜਨਰਲ ਚੋਣ ਸਮੇਂ ਹੀ ਚੁਣੇ ਜਾ ਸਕਦੇ ਹਨ।