Panthak News: ਸ੍ਰੀ ਦਰਬਾਰ ਸਾਹਿਬ ਦੇ ਐਨ ਨੇੜੇ ਸਥਿਤ ਬੁੰਗਾ ਰਾਮਗੜ੍ਹੀਆ ਬਣਿਆ ਸੰਗਤਾਂ ਦੀ ਖਿੱਚ ਦਾ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੂਨ 1984 ਦੇ ਫ਼ੌਜੀ ਹਮਲੇ ਤੋਂ ਬਾਅਦ ਇਸ ਇਮਾਰਤ ਦੇ ਮਿਨਾਰ ਨੁਕਸਾਨੇ ਗਏ ਸਨ

Ramgarhia Bunga Amritsar

Panthak News: ਸਿੱਖ ਇਤਿਹਾਸ ਦੇ ਅਹਿਮ ਪਾਤਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਤਿਆਰ ਸ੍ਰੀ ਦਰਬਾਰ ਸਾਹਿਬ ਦੇ ਐਨ ਨਾਲ ਸਥਿਤ ਬੁੰਗਾ ਰਾਮਗੜ੍ਹੀਆ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਿੱਖਾਂ ਦੇ ਸ਼ਾਨਾਮਤੇ ਇਤਿਹਾਸ ਵਿਚ ਵਖਰਾ ਮੁਕਾਮ ਰਖਣ ਵਾਲੀ ਇਸ ਇਤਿਹਾਸਕ ਇਮਾਰਤ ਨੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਤਿੰਨ ਸਦੀਆਂ ਦਾ ਇਤਿਹਾਸ ਦੇਖਿਆ ਹੈ।  ਜੂਨ 1984 ਦੇ ਫ਼ੌਜੀ ਹਮਲੇ ਤੋਂ ਬਾਅਦ ਇਸ ਇਮਾਰਤ ਦੇ ਮਿਨਾਰ ਨੁਕਸਾਨੇ ਗਏ ਸਨ।

‘ਬੁੰਗਾ ਰਾਮਗੜ੍ਹੀਆ’ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫ਼ੈਡਰੇਸ਼ਨ ਅੰਮ੍ਰਿਤਸਰ ਦੀ ਸਲਾਹ ਨਾਲ ਪੁਰਾਤਨ ਦਿਖ ਦੇਣ ਲਈ ਵੱਖ ਵੱਖ ਸਮੇਂ ਵਿਚ ਹੁਣ ਤਕ ਚਾਰ ਭਾਗਾਂ ਵਿਚ ਸੇਵਾ ਕਰਵਾ ਕੇ ਸੰਗਤਾਂ ਦੇਖਣ ਲਈ ਤਿਆਰ ਕੀਤਾ। ‘ਬੁੰਗਾ ਰਾਮਗੜ੍ਹੀਆ’ ਦੀ ਪੁਰਾਤਨ ਦਿੱਖ ਨਾਲ ਸੰਭਾਲ ਕਰਦਿਆਂ ਜੋ ਢਾਂਚੇ ਵਿਚ ਖੜੋਤ ਆਈ ਸੀ ਉਸ ਨੂੰ ਹੂਬਹੂ ਬਣਾਉਣ ਲਈ ਇਤਿਹਾਸ ਨੂੰ ਧਿਆਨ ਵਿਚ ਰਖਦਿਆਂ ਮੁੜ ਤਿਆਰ ਕੀਤਾ ਗਿਆ ਹੈ। ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲ ‘ਬੁੰਗਾ ਰਾਮਗੜ੍ਹੀਆ’ ਵਿਚ ਜਾਣ ਲਈ ਰਸਤਾ ਰਖਿਆ ਗਿਆ ਹੈ। ਬੁੰਗੇ ਦੇ ਮੁੱਖ ਦੁਆਰਾ ਦੇ ਨਾਲ ਹੀ ਬੁੰਗੇ ਦੇ ਹੇਠਾਂ ਜਾਣ ਲਈ ਇਕ ਪਾਸੇ ਪੌੜੀਆਂ ਹਨ, ਜੋ ਬੁੰਗੇ ਦੇ ਅੰਦਰ ਲੈ ਕੇ ਜਾਣ ਲਈ ਹੈ।

ਤਿੰਨ ਮੰਜ਼ਲਾਂ ਬੁੰਗੇ ਵਿਚ  ਸਿੰਘਾਸਨ ਦੀ ਉਚਾਈ ਸ੍ਰੀ ਦਰਬਾਰ ਸਾਹਿਬ ਤੋਂ ਕਾਫ਼ੀ ਨੀਵੀਂ ਹੈ, ਜੋ ਗੁਰੂ ਤੇ ਵਿਸ਼ਵਾਸ, ਨਿਮਰਤਾ, ਨਿਰਮਾਣ ਕਲਾ ਦੇ ਗਿਆਨ ਅਤੇ ਵਿਉਂਤਬੰਦੀ ਦੀ ਗਵਾਹੀ ਭਰਦੀ ਹੈ। ਬੁੰਗੇ ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਸਿੰਘਾਸਨ ਦਾ ਸਥਾਨ ਤੇ ਸਾਹਮਣੇ ਮਾਲਖ਼ਾਨਾ ਅਤੇ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਨ ਦੇ ਥੱਲੇ ਹੈ। ਦਰਬਾਰੀਆਂ, ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇਕ ਵੱਡਾ ਦੀਵਾਨ ਹਾਲ ਹੈ ਜਿਸ ਦੇ ਇਕ ਪਾਸੇ ਖੂਹ ਹੈ, ਇਥੇ ਪੰਜ ਕਮਰੇ ਹਨ। ਬਾਹਰ ਆਉਣ ਲਈ ਵਖਰਾ ਰਸਤਾ ਅਤੇ ਇਕ ਰਸਤਾ ਵਿਚਕਾਰ ਮੁਸ਼ਕਲ ਪੈਦਾ ਹੋਣ ਦੀ ਸਥਿਤੀ ਵਿਚ ਵਰਤਣ ਲਈ ਹੈ।

ਸ. ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਤਿਆਰ ਕਰਵਾਏ ਇਸ ਬੁੰਗੇ ਵਿਚ ਦੀਵਾਨ ਏ ਖ਼ਾਸ ਜਿਸ ਵਿਚ ਉਨ੍ਹਾਂ ਦਾ ਸਿੰਘਾਸਨ ਹੈ। ਇਸ ਦੀ ਛੱਤ 44 ਲਾਲ ਪੱਥਰ ਦੇ ਥੰਮ੍ਹਾਂ ਨਾਲ ਜੋ ਸਿੱਖ ਨਕਾਸ਼ੀ ਦਾ ਅਲੌਕਿਕ ਨਮੂਨਾ ਹੈ। ਦਰਬਾਰੀਆਂ, ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇਕ ਵੱਡਾ ਦੀਵਾਨ ਹਾਲ ਹੈ ਜਿਸ ਦੇ ਇਕ ਪਾਸੇ ਖੂਹ ਹੈ। ਹਵਾ ਅਤੇ ਰੌਸ਼ਨੀ ਲਈ ਵੀ ਪ੍ਰਬੰਧ ਹੈ।

ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਲਈ 156 ਫੁੱਟ ਉੱਚੇ 2 ਮੀਨਾਰ ਬਣਾਏ ਸਨ, ਜੋ ਸਿੱਖ ਨਿਰਮਾਣ ਕਲਾ ਦੀ ਇਕ ਮੂੰਹ ਬੋਲਦੀ ਤਸਵੀਰ ਹੈ। ਸਿੱਖ ਗੌਰਵ ਦੇ ਪ੍ਰਤੀਕ ਇਸ ਬੁੰਗੇ ਨੂੰ ਦੇਖ ਕੇ ਅੱਜ ਵੀ ਪੁਰਾਤਨ ਸਿੰਘਾਂ ਦਾ ਗੁਰੂ ਘਰ ਤੇ ਗੁਰੂ ਪ੍ਰਤੀ ਪ੍ਰੇਮ ਤੇ ਸਮਰਪਣ ਦੀ ਭਾਵਨਾ ਦੀ ਯਾਦ ਤਾਜ਼ਾ ਹੁੰਦੀ ਹੈ।

(For more Punjabi news apart from Ramgarhia Bunga near darbar sahib Panthak News, stay tuned to Rozana Spokesman)