ਬਲ ਹੋਆ ਬੰਧਨ ਛੁਟੇ...(ਇਕ ਇਤਿਹਾਸਕ ਪਰਿਪੇਖ)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮਰਪਤ ਵੱਖ-ਵੱਖ ਸਥਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਬੋਧ ਸਮਾਗਮ ਕਰਵਾਏ ਜਾ ਰਹੇ ਹਨ।

Guru Tegh Bahadur

ਗੁਰਮਤਿ ਦਰਸ਼ਨ ਦੇ ਅਭਿਲਾਸ਼ੀਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ‘ਮਹਲਾ-9’ ਦੇ ਸਿਰਲੇਖ ਹੇਠ 15 ਰਾਗਾਂ ਵਿਚ ਕੁੱਲ 59 ਸ਼ਬਦ ਤੇ ‘ਸਲੋਕ ਵਾਰਾਂ ਤੇ ਵਧੀਕ’ ਸੰਗ੍ਰਹਿ ਵਿਚ  ਕੁੱਲ 57 ਸਲੋਕ ਹਨ। ਗੁਰਬਾਣੀ ਦੀ ਸੰਪਰਦਾਈ ਪ੍ਰਣਾਲੀ ਦੇ ਨੁਮਾਇੰਦੇ ਡਾ. ਚਰਨ ਸਿੰਘ (ਸੰਨ 1853-1908) ਦੇ ‘ਬਾਣੀ ਬਿਉਰੇ’ ਤੋਂ ਲੈ ਕੇ ਪ੍ਰੋ. ਸਾਹਿਬ ਸਿੰਘ ਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਤਕ ਸਾਰੇ ਵਿਦਵਾਨਾਂ ਨੇ ਉਪ੍ਰੋਕਤ ਗਿਣਤੀ ਨੂੰ ਹੀ ਪ੍ਰਵਾਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਲੋਕ ਨੰਬਰ 53 ‘ਬਲ ਛੁਟਕਿਓ...॥”

ਦਾ ਕਾਵਿਕ ਸਿਰਲੇਖ ‘ਦੋਹਰਾ’ ਹੋਣ ਦੇ ਬਾਵਜੂਦ ਵੀ ਉਸ ਨੂੰ ਸਲੋਕਾਂ ਵਿਚ ਹੀ ਗਿਣਿਆ ਹੈ ਕਿਉਂਕਿ ਉਸ ਦੀ ਕਾਵਿਕ ਬਣਤਰ ਬਾਕੀ ਦੇ ਸਲੋਕਾਂ ਨਾਲ ਮਿਲਦੀ ਜੁਲਦੀ ਹੈ। ਭਾਈ ਵੀਰ ਸਿੰਘ ਰਚਿਤ ‘ਸ੍ਰੀ ਗੁਰੂ ਗ੍ਰੰਥ ਕੋਸ਼’ ਮੁਤਾਬਕ ਸੰਸਕ੍ਰਿਤ ਵਿਚ ਅਨੁਸ਼ਪਟ ਵਜ਼ਨ ਦੇ ਛੰਦਾਂ ਨੂੰ ‘ਸਲੋਕ’ ਕਹਿੰਦੇ ਹਨ ਪਰ ਪੰਜਾਬੀ ਵਿਚ ਐਸੇ ਵਜ਼ਨ ਦੇ ਛੰਦਾਂ ਨੂੰ ਵੀ ‘ਸਲੋਕ’ ਕਹਿੰਦੇ ਹਨ, ਜੋ ਦੋਹੇ ਜਾਂ ਦੋਹੇ (ਦੋਹਰੇ) ਦੇ ਕਰੀਬ ਹੁੰਦੇ ਹਨ-ਜੈਸੇ ਨੌਵੀਂ ਪਾਤਸ਼ਾਹੀ ਦੇ ਸਲੋਕ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ-ਸ਼ਤਾਬਦੀ ਨੂੰ ਸਮਰਪਤ ਵੱਖ-ਵੱਖ ਸਥਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਬੋਧ ਸਮਾਗਮ ਕਰਵਾਏ ਜਾ ਰਹੇ ਹਨ। ਗੁਰਬਾਣੀ-ਬੋਧ ਸਿੱਖੀ ਜੀਵਨ ਦਾ ਅਧਾਰ ਹੈ, ਇਸ ਲਈ ਅਜਿਹਾ ਉਪਰਾਲਾ ਅਤਿਅੰਤ ਸ਼ਲਾਘਾਯੋਗ ਹੈ।

ਪ੍ਰੰਤੂ, ਉਤਰਾਖੰਡ ਦੇ ਇਤਿਹਾਸਕ ਗੁਰਦਵਾਰਾ ਸ੍ਰੀ ਨਾਨਕਮਤਾ, ਊਧਮ ਨਗਰ ਦੇ ਪਾਠ-ਬੋਧ ਸਮਾਗਮ ਦੀ 5 ਅਪ੍ਰੈਲ 2021 ਨੂੰ ਜੋ ਵੀਡੀਉ ਵਾਇਰਲ ਹੋਈ ਹੈ, ਉਸ ਨੂੰ ਸੁਣ ਕੇ ਸਿੱਖ ਜਗਤ ਵਿਚ ਜ਼ੋਰਦਾਰ ਚਰਚਾ ਚੱਲ ਪਈ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਹੁਣ ਅਜਿਹੇ ਸਮਾਗਮ ਕਰਵਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਵਾਉਣਾ ਅਤਿਅੰਤ ਲਾਜ਼ਮੀ ਹੈ। ਇਸ ਦਾ ਮੁੱਖ ਕਾਰਨ ਹੈ, ਪੁਰਾਤਨ ਹੱਥ ਲਿਖਤ ਬੀੜਾਂ ਦੇ ਸਹਾਰੇ ਬਣੀ ਸੰਪਰਦਾਈ ਮਿੱਥ ਮੁਤਾਬਕ ਵਿਵਾਦਤ ਵੀਡੀਉ ਵਿਚ ਪ੍ਰਚਾਰਨਾ ਜਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਮਹਲਾ ਨੌਵਾਂ ਦੇ ਅੰਤਮ ਸਲੋਕਾਂ ਵਿਚ “ਬਲ ਹੋਆ ਬੰਧਨ ਛੁਟੇ...॥”

ਦੋਹਰੇ ਦਾ ਸਿਰਲੇਖ ‘ਮਹਲਾ 10ਵਾਂ’ ਹੈ। ਕਈ ਬੀੜਾਂ ਵਿਚ ‘ਪਾਤਸ਼ਾਹੀ-10’ ਵੀ ਲਿਖਿਆ ਮਿਲਦਾ ਹੈ। ਵੀਡੀਉ ਵਿਚ ਵਕਤਾ ਦਸਦਾ ਹੈ ਕਿ ਇਸ ਤੋਂ ਪਹਿਲਾ ਦੋਹਰਾ “ਬਲ ਛੁਟਕਿਓ...॥” ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪਣੇ ਸਾਹਿਬਜ਼ਾਦੇ (ਸ੍ਰੀ ਗੋਬਿੰਦ ਰਾਇ) ਦੀ ਪਰਖ ਵਾਸਤੇ ਉਚਾਰਨ ਕੀਤਾ ਸੀ ਜਿਸ ਦੇ ਉੱਤਰ ਵਿਚ ਉਨ੍ਹਾਂ ‘ਬਲ ਹੋਆ ਬੰਧਨ ਛੁਟੇ...॥” ਦੋਹਰਾ ਉਚਾਰਨ ਕੀਤਾ।

ਇਸ ਲਈ ਸਿਰਲੇਖ ਮਹਲਾ-10 ਹੈ। ਜ਼ੋਰ ਦੇ ਕੇ ਆਖਿਆ ਗਿਆ ਹੈ ਕਿ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਭਾਵ, ਸ਼੍ਰੋਮਣੀ ਕਮੇਟੀ ਵਲੋਂ ਪਾਵਨ ਬੀੜ ਦੀ ਛਪਾਈ ਵਿਚ ‘ਮਹਲਾ-10’ ਸਿਰਲੇਖ ਨਾ ਲਿਖਣਾ ਸਚਾਈ ਤੋਂ ਮੂੰਹ ਮੋੜਣ ਵਾਲੀ ਭੁੱਲ ਹੈ। ਇਸ ਕਿਸਮ ਦੀ ਦੁਬਿਧਾਜਨਕ ਤੇ ਗੁਰਇਤਿਹਾਸ ਦੇ ਸੱਚ ਤੋਂ ਸੱਖਣੀ ਜਾਣਕਾਰੀ ਸਿੱਖ ਸੰਗਤਾਂ ਲਈ ਦੁਚਿੱਤੇਪਨ ਦਾ ਕਾਰਨ ਬਣ ਰਹੀ ਹੈ।

ਵੀਡੀਉ ਦਾ ਉਪਰੋਕਤ ਕਥਨ ਪੁਰਾਤਨ ਬੀੜਾਂ ਦੇ ਲਿਖਤੀ ਸੱਚ ਤੋਂ ਭਾਵੇਂ ਸੱਖਣਾ ਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਵਲੋਂ 1976 ਵਿਚ ਛਾਪੀ ਖੋਜ ਪੁਸਤਕ ‘ਪਾਠ-ਭੇਦਾਂ ਦੀ ਸੂਚੀ’ ਵਿਚ ਅਜਿਹੀਆਂ ਕੁੱਝ ਬੀੜਾਂ ਦਾ ਵਰਨਣ ਮਿਲਦਾ ਹੈ। ਫ਼ਰੀਦਕੋਟ ਰਿਆਸਤ ਦੇ ਰਾਜਾ ਬਿਕਰਮ ਸਿੰਘ ਨੇ 19ਵੀਂ ਸਦੀ ਦੇ ਅਖ਼ੀਰ ਵਿਚ ਗਿਆਨੀ ਬਦਨ ਸਿੰਘ ਨਿਰਮਲੇ ਵਰਗੇ ਸੰਪਰਦਾਈ ਵਿਦਵਾਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਵਾਇਆ ਸੀ। ਉਸ ਫ਼ਰੀਦਕੋਟੀ ਟੀਕੇ ਵਿਚ ‘ਬਲ ਛੁਟਕਿਓ ਬੰਧਨ ਪਰੇ...॥’ ਦੋਹਰੇ ਨਾਲ ਹੇਠ ਲਿਖੀ ਇਬਾਰਤ ਵੀ ਲਿਖੀ ਮਿਲਦੀ ਹੈ :-

ਦੋਹਰਾ : ਕਹਿੰਦੇ ਹਨ ਕਿ ‘‘ਇਹ ਦੋਹਰਾ ਗੁਰੂ ਜੀ ਨੇ ਦਿੱਲੀ ਤੋਂ ਕੈਦ ਦੀ ਹਾਲਤ ਵਿਚ ਲਿਖ ਕੇ ਦਸਮੇਸ਼ ਜੀ ਨੂੰ ਭੇਜਿਆ ਸੀ। ਇਸ ਵਿਚ ਉਨ੍ਹਾਂ ਦਾ ਇਰਾਦਾ ਅਪਣੇ ਸਪੁੱਤਰ ਦੀ ਤਕੜਾਈ ਨੂੰ ਪਰਖਣ ਦਾ ਸੀ। ਅਗਲੇ ਦੋਹਿਰੇ ਵਿਚ ਦਸਮੇਸ਼ ਜੀ ਵਲੋਂ ਉੱਤਰ ਦਿਤਾ ਹੋਇਆ ਹੈ। ਕਈ ਬੀੜਾਂ (ਜਿਵੇਂ ਭਾਈ ਬੰਨੋ ਵਾਲੀ ਤੇ ਤਖ਼ਤ ਪਟਨਾ ਸਾਹਿਬ ਵਾਲੀ) ਵਿਚ ਇਸ ਦੇ ਨਾਲ ‘ਮਹਲਾ-10’ ਦਿਤਾ ਹੋਇਆ ਹੈ। ਜਿਥੇ ‘ਮਹਲਾ-10’ ਨਾਲ ਦਿਤਾ ਹੈ, ਉਥੇ ਦੂਜੀ ਤੁਕ ਦਾ ਪਾਠ ਇੰਜ ਆਉਂਦਾ ਹੈ :- ਸਭ ਕਛੁ ਤੁਮਰੈ ਹਾਥ ਮਹਿ ਤੁਮ ਹੀ ਹੋਇ ਸਹਾਇ॥ ਇਸ ਦੋਹਿਰੇ ਮਗਰੋਂ ‘ਮਹਲਾ-9’ ਦੇ ਕੇ ਸਲੋਕ ਜਾਰੀ ਕੀਤੇ ਹਨ।’’

ਪੰਥ ਦਰਦੀ ਵਿਦਵਾਨਾਂ ਦਾ ਮਤ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਅਜਿਹੇ ਪਾਠ-ਭੇਦਾਂ ਦਾ ਨਿਰਣਾਇਕ ਨਿਪਟਾਰਾ ਕਰਨਾ ਅਤਿਅੰਤ ਜ਼ਰੂੁਰੀ ਹੈ। ਭਾਵੇਂ ਕਿ  ਇਹ ਜ਼ਰੂਰੀ ਨਹੀਂ ਕਿ ਪੁਰਾਤਨ ਬੀੜਾਂ ਦੇ ਸਾਰੇ ਪਾਠ-ਭੇਦਾਂ ਤੇ ਪੱਖਾਂ ਨੂੰ ਅੱਖਾਂ ਬੰਦ ਕਰ ਕੇ ਪ੍ਰਵਾਨ ਕਰ ਲਿਆ ਜਾਵੇ। ਉਨ੍ਹਾਂ ਵਿਚੋਂ ਕੇਵਲ ਉਹੀ ਪਾਠ ਸ਼ੁੱਧ ਮੰਨ ਕੇ ਪ੍ਰਵਾਨ ਕੀਤੇ ਜਾ ਸਕਦੇ ਹਨ, ਜਿਹੜੇ ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਦੇ ਚਾਨਣ ਵਿਚ ਗੁਰਇਤਿਹਾਸ ਦੇ ਸੱਚ ਤੇ ਗੁਰਮਤਿ ਦੀ ਸਿਧਾਂਤਕ ਪਰਖ ਕਸੌਟੀ ਉਤੇ ਖ਼ਰੇ ਉਤਰਦੇ ਹੋਣ।

ਅਸਲੀਅਤ ਤਾਂ ਇਹ ਹੈ ਕਿ ਜਦੋਂ ਤਕ ਗੁਰੂ ਕਾਲ ਦੀਆਂ ਭੱਟ-ਵਹੀਆਂ, ਸਮਕਾਲੀ ਹਕੂਮਤ ਦੇ ਦਫ਼ਤਰੀ ਵੇਰਵੇ, ਵਿਦੇਸ਼ੀ ਇਤਿਹਾਸਕਾਰਾਂ ਦੀਆਂ ਲਿਖਤਾਂ ਤੇ ਗੁਰਬਾਣੀ ਦੀਆਂ ਹੱਥ ਲਿਖਤੀ ਪੁਰਾਤਨ ਬੀੜਾਂ ਆਦਿਕ ਪਰਦੇ ਵਿਚ ਰਹੀਆਂ, ਤਦੋਂ ਤਕ ਤਾਂ ਸਾਡੇ ਸੰਪਰਦਾਈ ਬਜ਼ੁਰਗ ਨਿਰਮਲੇ ਮਹਾਂਕਵੀ ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ (ਸੰਨ 1843) ਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ (ਸੰਨ 1880) ਤੇ ਖ਼ਾਲਸਾ ਤਾਰੀਖ਼ ਅਨੁਸਾਰ ਗੁਰਬਾਣੀ ਆਧਾਰਤ ਉਪਰੋਕਤ ਕਿਸਮ ਦੀਆਂ ਮਿੱਥਾਂ ਸਿਰਜਦੇ ਰਹੇ ਤੇ ਸਿੱਖ ਸਮਾਜ ਵਲੋਂ ਉਨ੍ਹਾਂ ਨੂੰ ਕਿਸੇ ਹੱਦ ਤਕ ਸੱਚ ਵੀ ਮੰਨਿਆ ਜਾਂਦਾ ਰਿਹਾ ਹੈ।

ਪਰ 20ਵੀਂ ਵਿਚ ਜਦੋਂ ਡਾ. ਗੰਡਾ ਸਿੰਘ ਤੇ ਸ੍ਰ. ਕਰਮ ਸਿੰਘ ਵਰਗੇ ਖੋਜੀ ਇਤਿਹਾਸਕਾਰਾਂ, ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ ਤੇ ਡਾ. ਭਗਤ ਸਿੰਘ ਵਰਗੇ ਗੁਰਬਾਣੀ ਤੇ ਗੁਰਮਤਿ ਦਰਸ਼ਨ ਦੇ ਵਿਦਵਾਨਾਂ ਤੇ ਪ੍ਰਾਚੀਨ ਬੀੜਾਂ ਦੇ ਖੋਜੀਆਂ ਦੀ ਬਦੌਲਤ ਉਪਰੋਕਤ ਸੱਭ ਕੱੁਝ ਪੰਥ ਦੀ ਕਚਿਹਰੀ ਵਿਚ ਪੇਸ਼ ਹੈ ਤਾਂ ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਦੀਆਂ ਕਾਵਿਕ ਕਲਪਨਾਵਾਂ ਉਤੇ ਆਧਾਰਤ ਸੰਪਰਦਾਈ ਵਿਦਵਾਨਾਂ ਦੇ ਕਿਆਫ਼ੇ ਕਿਵੇਂ ਸੱਚੇ ਮੰਨੇ ਜਾ ਸਕਦੇ ਹਨ?

ਦਿੱਲੀ ਦਰਬਾਰ ਦੇ ਦਫ਼ਤਰੀ ਰੀਕਾਰਡ ਤੇ ਅਨਮਤੀ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਨਿਸ਼ਚੇ ਹੁੰਦਾ ਹੈ ਕਿ ਗੁਰੂ ਜੀ ਦੀ ਗ੍ਰਿਫ਼ਤਾਰੀ ਤੇ ਸ਼ਹਾਦਤ ਮੌਕੇ ਔਰੰਗਜ਼ੇਬ ਹਸਨ-ਅਬਦਾਲ ਵਿਚ ਸੀ। ਉਥੋਂ ਹੀ ਉਸ ਨੇ ਗੁਰਦੇਵ ਜੀ ਦੀ ਗ੍ਰਿਫ਼ਤਾਰੀ ਤੇ ਸ਼ਹੀਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਡਾ. ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਦੇ ਅੰਗਰੇਜ਼ੀ ਵਿਚ ਰਚਿਤ ਤੇ ਡਾ. ਭਗਤ ਸਿੰਘ ਦੇ ਅਨੁਵਾਦਤ ‘ਸਿੱਖ ਇਤਿਹਾਸ’ ਮੁਤਾਬਕ ਮੁਹੰਮਦ ਸਾਕੀ ਮੁਸਤਅਦ ਖ਼ਾਂ ਦੀ ਪੁਸਤਕ ‘ਮੁਆਸਿਰੀ-ਆਲਮਗੀਰੀ’ ਅਨੁਸਾਰ ਔਰੰਗਜ਼ੇਬ ਸਰਹੱਦੀ ਅਫ਼ਗਾਨਾਂ ਤੇ ਪਠਾਣਾਂ ਦੀ ਬਗ਼ਾਵਤ ਦਬਾਉਣ ਲਈ 7 ਅਪ੍ਰੈਲ 1674 ਨੂੰ ਉਹ ਦਿੱਲੀ ਤੋਂ ਹਸਨ ਅਬਦਾਲ (ਪੰਜਾ ਸਾਹਿਬ) ਨੂੰ ਤੁਰਿਆ।

ਉਥੋਂ ਉਹ 23 ਦਸੰਬਰ 1675 ਨੂੰ ਵਾਪਸ ਮੁੜਿਆ ਤੇ 21 ਜਨਵਰੀ 1676 ਨੂੰ ਲਾਹੌਰ ਪੁੱਜਿਆ। ਇਕ ਮਹੀਨਾ ਚਾਰ ਦਿਨ ਲਾਹੌਰ ਰਹਿ ਕੇ 24 ਫ਼ਰਵਰੀ ਨੂੰ ਉਥੋਂ ਚਲਿਆ ਤੇ 27 ਮਾਰਚ 1676ਈ. ਨੂੰ ਮੁੜ ਦਿੱਲੀ ਪੁੱਜਾ। ਸਪੱਸ਼ਟ ਹੈ ਕਿ 7 ਅਪ੍ਰੈਲ 1674 ਤੋਂ 27 ਮਾਰਚ 1676 ਤਕ ਇਕ ਸਾਲ 11 ਮਹੀਨੇ ਤੇ 21 ਦਿਨ ਔਰੰਗਜ਼ੇਬ ਦਿੱਲੀ ਤੋਂ ਬਾਹਰ ਰਿਹਾ।

ਡਾ. ਹਰਜਿੰਦਰ ਸਿੰਘ ਦਿਲਗੀਰ ਦੀ ‘ਸਿੱਖ ਤਵਾਰੀਖ਼’ ਮੁਤਾਬਕ 8 ਜੁਲਾਈ 1675 ਦੇ ਦਿਨ ਗੋਬਿੰਦ ਦਾਸ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕੀਤੀ। 20ਵੀਂ ਸਦੀ ਦੇ ਅਜਿਹੇ ਸਿੱਖ ਇਤਿਹਾਸਕਾਰਾਂ ਨੇ ਗੁਰਗੱਦੀ ਦੇ ਸੱਚ ਨੂੰ ਸਾਬਤ ਕਰਨ ਹਿੱਤ ‘ਭੱਟ ਵਹੀ ਤਲੌਂਡਾ, ਪਰਗਨਾ ਜੀਂਦ’ ਦਾ ਵੇਰਵਾ ਇੰਜ ਲਿਖਿਆ ਹੈ, “ਸਾਵਨ ਪ੍ਰਵਿਸ਼ਟ ਅਠਵੇਂ ਕੇ ਦਿਹੁੰ ਗੁਰੂ ਗੋਬਿੰਦ ਦਾਸ ਜੀ ਕੋ ਗੁਰਗਦੀ ਦੇ ਕੇ ਦਿੱਲੀ ਕੀ ਤਰਫ਼ ਜਾਣੇ ਕੀ ਤਿਆਰੀ ਕੀ। ਸਾਥ ਦੀਵਾਨ ਮਤੀਦਾਸ ਸਤੀਦਾਸ ਰਸੀਈਆ ਬੇਟੇ ਹੀਰਾ ਨੰਦ ਛਿਬਰ ਕੇ ਦਿਆਲ ਦਾਸ ਬੇਟਾ ਮਾਈ ਦਾਸ ਕਾ ਜਲਹਾਨਾ ਬਲਾਉਂਤ ਆਇਆ।”

ਇਸ ਹਕੀਕਤ ਦੀ ਪੁਸ਼ਟੀ ਕਰਦਿਆਂ ਪ੍ਰਿੰਸੀਪਲ ਸਤਬੀਰ ਸਿੰਘ ਨੇ ਇਕ ਹਵਾਲਾ ਇੰਜ ਵੀ ਦਿਤਾ ਹੈ:- ਤਿਸ ਸਭਾ ਮਹਿ ਬਚਨ ਗੁਰ ਕੀਨਾ॥ ਮੈਂ ਗੁਰ ਗੋਬਿੰਦ ਗੁਰਿਆਈ ਦੀਨਾ॥3॥ (ਸਾਖੀ-19, ਮਹਲਾ-9) ਕਵੀ ਸੇਵਾ ਸਿੰਘ ਰਚਿਤ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ (1803 ਈ.) ਸੰਸਕਰਣ 2007 ਵਿਖੇ ਵੀ ਗੁਰਿਆਈ ਬਖ਼ਸ਼ਣ ਦਾ ਵਿਸ਼ੇਸ਼ ਵਰਨਣ ਹੈ :
ਦਾਸ ਗੋਬਿੰਦ ਥੀ ਪਾਸ ਬਹਾਯੋ। ਕਮਰ ਕਸਾ ਸਤਿਗੁਰੂ ਕਰਾਯੋ।
ਪਾਂਚ ਪੈਸੇ ਸ਼੍ਰੀ ਫਲ ਏਕ। ਧਰ ਆਗੈ ਦਿਯੋ ਮਸਤਕ ਟੇਕ।
ਬਾਲ ਗੁਰੂ ਤਬ ਕਹਿਯੋ ਅਲਾਇ। ਪਿਤਾ ਗੁਰੂ ਤਉ ਕਰੋ ਸਹਾਇ।3॥39॥ (ਪੰਨਾ-57)

‘ਗੁਰੂ ਕੀਆਂ ਸਾਖੀਆਂ’ ਨਾਂ ਦੀ ਪੁਸਤਕ, ਜੋ ਸ੍ਰ. ਸਰੂਪ ਸਿੰਘ ਕੌਸ਼ਿਸ਼ ਵਲੋਂ ਭੱਟ ਵਹੀਆਂ ਉਤੇ ਆਧਾਰਤ 1790 ਈ. ਵਿਚ ਲਿਖੀ ਗਈ ਅਤੇ ਗਿ. ਗਰਜਾ ਸਿੰਘ ਦੀ ਬਦੌਲਤ ਪ੍ਰੋ. ਪਿਆਰਾ ਸਿੰਘ ਪਦਮ ਦੁਆਰਾ ਸੰਨ 1986 ਵਿਚ ਸੰਪਾਦਤ ਕਰ ਕੇ ਛਪਵਾਈ ਗਈ, ਉਸ ਦੀ ਚੌਥੀ ਛਾਪ ਵਿਚ ‘28-ਸਾਖੀ ਕਸ਼ਮੀਰੀ ਬ੍ਰਾਹਮਣੋਂ ਕੀ ਚੱਕ ਨਾਨਕੀ ਮੇਂ ਆਨੇ ਕੀ ਚਾਲੀ’ ਸਿਰਲੇਖ ਹੇਠ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਬਖ਼ਸ਼ਣ ਦਾ ਹਵਾਲਾ ਵੀ ਵਿਸਥਾਰ ਸਹਿਤ ਇਉਂ ਅੰਕਤ ਹੈ :-

ਸੰਮਤ ਸਤਰਾਂ ਤੈ ਬਤੀਸ ਜੇਠ ਮਾਸੇ ਸੁਦੀ ਇਕਾਦਸੀ ਕੇ ਦਿਹੁੰ ਸੰਗਤਾਂ ਹੁਮ ਹੁਮਾਇ ਕੇ ਦਰਸ਼ਨ ਪਾਨੇ ਆਈਆਂ। ਇਸੀ ਦਿਵਸ ਭਾਈ ਅੜੂ ਰਾਮ ‘ਦੱਤ’ ਮਟਨ ਨਿਵਾਸੀ ਕਾ ਬੇਟਾ ਕ੍ਰਿਪਾ ਰਾਮ ਖੋੜਸ ਬ੍ਰਾਹਮਨੋਂ ਕੋ ਸਾਥ ਲੈ ਕੇ ਕਸ਼ਮੀਰ ਦੇਸ਼ ਸੇ ਗੁਰੂ ਜੀ ਕੇ ਦਰਬਾਰ ਮੇਂ ਆਇ ਫਰਿਆਦੀ ਹੂਆ। ... ਗੁਰੂ ਜੀ ਇਸੇ ਧੀਰਜ ਦਈ, ਕਹਾ ਤੁਸਾਂ ਕੀ ਸਹਾਇਤਾ ਬਾਬਾ ਨਾਨਕ ਜੀ ਕਰੇਗਾ। ..ਸੀਸ ਦੀਏ ਬਿਨਾਂ ਏਹ ਕਾਰਜ ਸਫਲ ਨਹੀਂ ਹੋਏਗਾ।..

ਸੰਮਤ ਸਤਰਾਂ ਸੈ ਬਤੀਸ ਸਾਵਨ ਪ੍ਰਵਿਸ਼ਟੇ ਅੱਠੇ ਦਿਹੁੰ ਗੁਰੂ ਜੀ ਕਾ ਦਰਬਾਰ ਹੋਆ, ਦੀਵਾਨ ਦਰਘਾ ਮੱਲ ਸੇ ਬਚਨ ਕੀਆ, ਤਿਆਰੀ ਕੀਏ। ਹਮੇਂ ਗੋਬਿੰਦ ਦਾਸ ਕੋ ਗੁਰਿਆਈ ਦੇਨੀ ਹੈ, ਦੀਵਾਨ ਜੀ ਗੁਰਿਆਈ ਕੀ ਸਮੱਗਰੀ ਲੈ ਆਈਏ। ਸਤਿਗੁਰਾਂ ਸਾਹਿਬਜ਼ਾਦੇ ਕੋ ਸ਼ਸਤਰ ਬਸਤਰ ਸਜਾਇ ਆਪਨੇ ਆਸਨ ਤੇ ਲਿਆਇ ਬੈਠਾਇਆ। ਦੀਵਾਨ ਦਰਘਾ ਮੱਲ ਨੇ ਗੁਰਿਆਈ ਕੀ ਸਮੱਗਰੀ ਲਿਆਇ ਸਾਹਿਬਜ਼ਾਦੇ ਕੇ ਆਗੇ ਰਾਖ ਕੇ ਮੱਥਾ ਟੇਕਾ, ਬਾਬੇ ਬੁਢੇ ਕੇ ਸ੍ਰੀ ਰਾਮ ਕੁਇਰ ਨੇ ਨੰਨ੍ਹੀ ਅਵਸਥਾ ਮੇਂ ਸ੍ਰੀ ਗੋਬਿੰਦ ਦਾਸ ਜੀ ਕੇ ਭਾਲ ਮੇਂ ਚੰਦਨ ਕਾ ਟੀਕਾ ਕੀਆ।

ਬਚਨ ਹੋਆ ‘ਭਾਈ ਸਿੱਖੋ! ਆਗੈ ਸੇ ਅਸਾਂ ਕੀ ਥਾਂਇ ਸ੍ਰੀ ਗੋਬਿੰਦ ਦਾਸ ਜੀ ਕੋ ਜਾਨਨਾ, ਜੋ ਜਾਨੈਗਾ ਤਿਸ ਕੀ ਘਾਲ ਥਾਂਇ ਪਏਗੀ। ਅਸਾਂ ਹੁਣ ਇਥੇ ਆਏ ਫਰਿਆਦੀ-ਕਸ਼ਮੀਰੀ-ਬ੍ਰਾਹਮਣੋਂ ਕੀ ਖ਼ਾਤਰ ਦਿਹਲੀ ਜਾਏਂਗੇ। ... ਆਪਨੇ ਹਮਰਾਹ ਦੀਵਾਨ ਮਤੀਦਾਸ, ਸਤੀਦਾਸ ਰਸੋਈਆ ਅਤੇ ਬਾਵਾ ਦਿਆਲ ਦਾਸ ਕੋ ਗੈਲ ਲੈ ਕੇ ਚੱਕ ਨਾਨਕੀ ਸੇ ਵਿਦਾ ਹੂਏ। ਪ੍ਰਥਮੇਂ ਕੋਟ ਗੁਰੂ ਹਰਿ ਰਾਇ (ਸ੍ਰੀ ਕੀਰਤਪੁਰ) ਮੇਂ ਆਇ ਨਿਵਾਸ ਕੀਆ। ...(ਗੁਰੂ ਕੀਆਂ ਸਾਖੀਆਂ -ਪੰ. 79)

 

ਇਹੀ ਹਨ ਕੁੱਝ ਵਿਸ਼ੇਸ਼ ਇਤਿਹਾਸਕ ਸੱਚਾਈਆਂ, ਜਿਹੜੀਆਂ ਸੂਰਜ ਪ੍ਰਕਾਸ਼ ਦੀਆਂ ਕਾਲਪਨਿਕ ਕਹਾਣੀਆਂ ਨੂੰ ਮੁੱਢੋਂ ਹੀ ਰੱਦ ਕਰਦੀਆਂ ਹਨ। ਇਨ੍ਹਾਂ ਕਰ ਕੇ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਤੇ ਸੰਥਾ ਸੈਂਚੀਆਂ ਦੀ ਛਪਾਈ ਮੌਕੇ ਵਿਵਾਦਤ ਵੀਡੀਉ ਵਾਲੀ ਉਪਰੋਕਤ ਸੰਪਰਦਾਈ ਮਿੱਥ ਨੂੰ ਪ੍ਰਵਾਨ ਨਹੀਂ ਕੀਤਾ। ਭਾਵ, “ਬਲ ਹੋਆ ਬੰਧਨ ਛੁਟੇ...॥54॥” ਸਲੋਕ ਤੋਂ ਪਹਿਲਾਂ ‘ਮਹਲਾ-10’ ਜਾਂ ‘ਪਾਤਸ਼ਾਹੀ-10’ ਦੇ ਸਿਰਲੇਖਕ ਪ੍ਰਤੀਕਾਂ ਨੂੰ ਸਹੀ ਨਹੀਂ ਮੰਨਿਆ।

ਟਕਸਾਲ ਭਿੰਡਰਾਂ ਦੇ ਮੁਖੀ ਗਿ. ਗੁਰਬਚਨ ਸਿੰਘ ਖ਼ਾਲਸਾ ਤੇ ਟਕਸਾਲ ਅੰਮ੍ਰਿਤਸਰ ਦੇ ਮੁਖੀ ਗਿਆਨੀ ਅਮੀਰ ਸਿੰਘ ਜੀ ਨੇ ਲਿਖਤੀ ਰੂਪ ਵਿਚ ਮੰਨਿਆ ਹੈ ਕਿ ਉਨ੍ਹਾਂ ਵੇਲੇ ਛਾਪੇ ਦੀਆਂ ਪ੍ਰਚਲਿਤ ਬੀੜਾਂ ਵਿਚ ਇਹ ਨਿਸ਼ਾਨ (ਪ੍ਰਤੀਕ) ਨਹੀਂ ਸਨ। ਕਾਰਨ ਸੀ ਕਿ ਉਦੋਂ ਤਕ ਭੱਟ ਵਹੀਆਂ ਦਾ ਉਪਰੋਕਤ ਇਤਿਹਾਸਕ ਸੱਚ ਪ੍ਰਗਟ ਹੋ ਚੁੱਕਾ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਪਣੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਰਾਇ ਨੂੰ ਗੁਰਿਆਈ ਬਖ਼ਸ਼ ਕੇ ਹੀ ਸ੍ਰੀ ਅਨੰਦਪੁਰ ਤੋਂ ਦਿੱਲੀ ਨੂੰ ਸ਼ਹਾਦਤ ਲਈ ਚਾਲੇ ਪਾਏ ਸਨ।

ਇਸ ਲਈ ਨਾਵੇਂ ਗੁਰੂ ਪਾਤਸ਼ਾਹ ਵਲੋਂ ਦਿੱਲੀ ਤੋਂ ਸਾਹਿਬਜ਼ਾਦੇ ਨੂੰ ਗੁਰਿਆਈ ਲਈ ਪ੍ਰਖਣ ਦੀ ਕੋਈ ਸਾਰਥਕਿਤਾ ਦ੍ਰਿਸ਼ਟੀ ਨਹੀਂ ਪੈਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ “ਜਾਂ ਸੁਧੋਸ ਤਾਂ ਲਹਣਾ ਟਿਕਿਓਨ॥” (ਪੰ. 967) ਇਲਾਹੀ ਗੁਰਵਾਕ ਗਵਾਹ ਹੈ ਕਿ ਗੁਰੂ-ਜੁਗਤਿ ਵਿਚ ਗੁਰਿਆਈ ਦੀ ਪਰਖ ਪੜਤਾਲ ਤਖ਼ਤ ਦੀ ਬਖ਼ਸ਼ਿਸ਼ ਤੋਂ ਪਹਿਲਾਂ ਹੁੰਦੀ ਹੈ।

ਭੱਟ-ਵਹੀਆਂ ਉਤੇ ਆਧਾਰਤ ਸਿੱਖ ਇਤਿਹਾਸ ਦੀਆਂ ਪੁਸਤਕਾਂ ਮੁਤਾਬਕ ਨਾਵੇਂ ਗੁਰੂ ਪਾਤਸ਼ਾਹ 8 ਸਾਵਨ, ਸੰਮਤ 1732 ਮੁਤਾਬਕ 8 ਜੁਲਾਈ ਸੰਨ 1675, ਵੀਰਵਾਰ ਦੇ ਦਿਨ ਸਾਹਿਬਜ਼ਾਦਾ ਸ੍ਰੀ ਗੋਬਿੰਦ ਰਾਇ ਜੀ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਕਰ ਕੇ ਦਿੱਲੀ ਜਾਣ ਲਈ ਤਿਆਰ ਹੋਏ। 12 ਸਾਵਣ, ਸੰਮਤ 1732 ਮੁਤਾਬਕ 12 ਜੁਲਾਈ ਸੰਨ 1675, ਸੋਮਵਾਰ ਦੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਗ੍ਰਿਫ਼ਤਾਰ ਕਰ ਕੇ ਸਰਹਿੰਦ ਪਹੁੰਚਾਇਆ। ਮੱਘਰ ਵਦੀ-13, 5 ਮੱਘਰ, ਸੰਮਤ 1732 ਮੁਤਾਬਕ 5 ਨਵੰਬਰ, ਸੰਨ  1675 ਸ਼ੁਕਰਵਾਰ ਦੇ ਦਿਨ ਗੁਰੂ ਜੀ ਨੂੰ ਸਰਹਿੰਦ ਤੋਂ ਦਿੱਲੀ ਲਿਜਾਇਆ ਗਿਆ।

ਮੱਘਰ ਸੁਦੀ 5, 11 ਮੱਘਰ, ਸੰਮਤ 1732 ਮੁਤਾਬਕ 11 ਨਵੰਬਰ ਸੰਨ 1675  ਵੀਰਵਾਰ ਦੇ ਦਿਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਾਲੀ ਥਾਂ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ। ਸਪੱਸ਼ਟ ਹੈ ਕਿ ਗੁਰੂ ਜੀ ਨੂੰ ਦਿੱਲੀ ਦੀ ਕੋਤਵਾਲੀ ਵਿਖੇ ਵੱਧ ਤੋਂ ਵੱਧ 5 ਦਿਨ ਦਾ ਸਮਾਂ ਮਿਲਦਾ ਹੈ। ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਦੂਰੀ 200 ਮੀਲ ਦੇ ਲਗਭਗ ਹੈ।

ਏਨੇ ਸਮੇਂ ਵਿਚ ਤਾਂ ਉਸ ਵੇਲੇ ਦਿੱਲੀ ਤੋਂ ਇਕ ਵਾਰ ਵੀ ਆਉਣਾ-ਜਾਣਾ ਅਸੰਭਵ ਹੈ। ਇਸ ਪ੍ਰਕਾਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਨੌਵੇਂ ਗੁਰੂ ਪਾਤਸ਼ਾਹ ਵਲੋਂ ਸਾਹਿਬਜ਼ਾਦੇ ਗੋਬਿੰਦ ਰਾਇ ਜੀ ਨੂੰ ਪ੍ਰਖਣ ਤੇ ਗੁਰਿਆਈ ਬਖ਼ਸ਼ਣ ਦੀ ਸੂਰਜ ਪ੍ਰਕਾਸ਼ ਵਾਲੀ ਕਲਪਣਾ ਤੇ ਉਸ ਸੰਪਰਦਾਈ ਮਿੱਥ ਦਾ ਕੋਈ ਇਤਿਹਾਸਕ ਤੇ ਸਿਧਾਂਤਕ ਅਧਾਰ ਨਹੀਂ ਜਿਸ ਅਧੀਨ ਉਹ ‘ਬਲ ਹੋਆ ਬੰਧਨ ਛੁਟੈ..’ ਵਾਲੇ ਸਲੋਕ ਨੂੰ ‘ਮਹਲਾ-10’ ਦਾ ਦੋਹਰਾ ਵਰਨਣ ਕਰਦੇ ਹਨ। ਭੁੱਲ-ਚੁੱਕ ਦੀ ਖ਼ਿਮਾ ਕਰਨਾ ਜੀ। 
ਸੰਪਰਕ :  001-631-455-5164 ਜਗਤਾਰ ਸਿੰਘ ਜਾਚਕ