ਸਿੱਖਾਂ ਅਤੇ ਸਿੱਖੀ ਬਾਰੇ ਜਾਣਕਾਰੀ ਕਿੱਥੋਂ ਮਿਲੇ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜਕਲ ਸਿੱਖੀ ਬਾਰੇ ਸੰਗਤਾਂ ਨੂੰ ਕਿਤਿਉਂ ਵੀ ਕੋਈ ਜਾਣਕਾਰੀ ਨਹੀਂ ਮਿਲਦੀ

Sikh

ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜਕਲ ਸਿੱਖੀ ਬਾਰੇ ਸੰਗਤਾਂ ਨੂੰ ਕਿਤਿਉਂ ਵੀ ਕੋਈ ਜਾਣਕਾਰੀ ਨਹੀਂ ਮਿਲਦੀ। ਨਾ ਹੀ ਗੁਰਦਵਾਰਿਆਂ ਵਿਚ ਤੇ ਨਾ ਹੀ ਕਿਸੇ ਟੀ.ਵੀ. ਚੈਨਲ ਤੇ ਕੋਈ ਪ੍ਰੋਗਰਾਮ ਹੁੰਦੇ ਹਨ ਜੋ ਸਿੱਖੀ ਤੇ ਗੁਰੂਆਂ ਬਾਰੇ ਆਮ ਸੰਗਤ ਨੂੰ ਕੁੱਝ ਜਾਣਕਾਰੀ ਦੇ ਸਕਣ। ਪਹਿਲਾਂ ਗੁਰਦਵਾਰਿਆਂ ਵਿਚ ਕਥਾ ਹੁੰਦੀ ਸੀ। ਭਾਈ ਸਾਹਬ ਕਥਾ ਵਿਚ ਗੁਰੂਆਂ ਬਾਰੇ ਦਸਦੇ ਸੀ। ਜੋ ਸੰਗਤ ਗੁਰਦਵਾਰੇ ਆਉਂਦੀ, ਉਸ ਨੂੰ ਕਾਫ਼ੀ ਜਾਣਕਾਰੀ ਮਿਲ ਜਾਂਦੀ ਸੀ।

ਪਰ ਅਜਕਲ ਗੁਰਦਵਾਰੇ ਵਿਚ ਵੀ ਕੀਰਤਨ ਹੁੰਦਾ ਹੈ ਜਾਂ ਸਵੇਰੇ-ਸ਼ਾਮ ਪਾਠ ਹੁੰਦਾ ਹੈ ਤੇ ਅਰਦਾਸ ਕਰ ਕੇ ਭੋਗ ਪੈ ਜਾਂਦਾ ਹੈ ਜਿਸ ਕਰ ਕੇ ਆਮ ਜਨਤਾ ਨੂੰ ਸਿੱਖੀ ਬਾਰੇ ਕੁੱਝ ਪਤਾ ਨਹੀਂ ਲਗਦਾ। ਕਿਸੇ ਗੁਰਪੁਰਬ ਬਾਰੇ ਪਤਾ ਨਹੀਂ ਹੁੰਦਾ ਕਿ ਕਿਹੜੇ ਗੁਰੂ ਦਾ ਗੁਰਪੁਰਬ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਲੰਘਿਆ ਤੇ ਅਜਕਲ ਮੀਡੀਆ ਦਾ ਜ਼ਮਾਨਾ ਹੈ। ਉਹ ਆਮ ਜਨਤਾ ਕੋਲੋਂ ਸਵਾਲ ਪੁਛਦੇ ਹਨ ਕਿ ਕਿਹੜਾ ਗੁਰਪੁਰਬ ਹੈ ਤੇ ਕਿਸ ਗੁਰੂ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪਰ ਕਿਸੇ ਕੋਲੋਂ ਵੀ ਉਨ੍ਹਾਂ ਨੂੰ ਜਵਾਬ ਨਹੀਂ ਮਿਲਦਾ।

ਸਿਰਫ਼ ਇਕ ਬੀਬੀ ਨੇ ਕਿਹਾ ਕਿ ਤੱਤੀਆਂ ਤਵੀਆਂ ਵਾਲਾ ਗੁਰਪੁਰਬ ਹੈ। ਫਿਰ ਉਸ ਨੂੰ ਪੁਛਿਆ ਕਿ ਤੱਤੀਆਂ ਤਵੀਆਂ ਉਤੇ ਕੌਣ ਬੈਠੇ ਸਨ ਤੇ ਕਿਸ ਨੇ ਉਨ੍ਹਾਂ ਨੂੰ ਬਿਠਾਇਆ ਸੀ ਪਰ ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਸੋ ਇਹ ਕਹਿਣਾ ਪੈਂਦਾ ਹੈ ਕਿ ਅਜਕਲ ਗੁਰਦਵਾਰਿਆਂ ਵਿਚ ਲੰਗਰ ਦੀ ਸੇਵਾ ਤੇ ਗੁਰਦਵਾਰਿਆਂ ਦੀ ਸੇਵਾ ਤੋਂ ਬਿਨਾਂ ਆਮ ਜਨਤਾ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ ਕਿਉਂਕਿ ਅਜਕਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤਾਂ ਬਿਲਕੁਲ ਖ਼ਤਮ ਹੋ ਗਏ ਹਨ ਜਿਨ੍ਹਾਂ ਤੇ ਬਾਦਲ ਪ੍ਰਵਾਰ ਕਬਜ਼ਾ ਕਰੀ ਬੈਠਾ ਹੈ। ਉਹ ਤਾਂ ਭਾਜਪਾ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਨਿਭਾਅ ਰਹੇ ਹਨ। ਸੋ ਸਿੱਖੀ ਦਾ ਉਨ੍ਹਾਂ ਨੂੰ ਕੋਈ ਖਿਆਲ ਨਹੀਂ।

ਉਹ ਆਰ.ਐਸ.ਐਸ ਤੇ ਭਾਜਪਾ ਦੇ ਪਿਛੇ ਲੱਗੂ ਹਨ। ਜੋ ਉਹ ਕਹਿੰਦੇ ਹਨ, ਉਹੀ ਬਾਦਲ ਕਰਦੇ ਹਨ। ਇਕ ਮਾਰਗ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੇ ਸੀ। ਆਰ.ਐਸ.ਐਸ. ਵਾਲਿਆਂ ਨੇ ਸੁਖਬੀਰ ਬਾਦਲ ਨੂੰ ਕਹਿ ਕੇ ਇਸ ਦਾ ਨਾਂ ਹੋਰ ਕੋਈ ਰੱਖ ਦਿਤਾ। ਸੁਖਬੀਰ ਸਿੰਘ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੋਇਆ। ਕਦੇ ਕਿਸੇ ਖਾਲਸਾ ਕਾਲਜ ਦਾ ਨਾਂ ਬਦਲਣ ਨੂੰ ਕਹਿ ਦਿੰਦੇ ਹਨ। ਅੰਗਰੇਜ਼ੀ ਟ੍ਰਬਿਊਨ ਜਿਸ ਨੇ ਸ਼ੁਰੂ ਕੀਤਾ ਸੀ, ਉਸ ਦਾ ਕਾਲਜ ਉਤੋਂ ਨਾਂ ਬਦਲਣਾ ਚਾਹੁੰਦੇ ਸੀ। ਸੰਸਥਾਵਾਂ ਦੇ ਨਾਂ ਬਦਲਣੇ ਹਨ ਤਾਂ ਉਹ ਪੁਰਾਣੇ ਨਾਂ ਬਦਲ ਕੇ ਕੀ ਚਾਹੁੰਦੇ ਹਨ ਕਿ ਇਹ ਨਾਂ ਜੰਨਸੰਘੀਆਂ ਦੇ ਹੋਣ?

ਹੁਣ ਦੁਨੀਆਂ ਬਹੁਤ ਵੱਧ ਗਈ ਹੈ, ਨਵੇਂ ਹਸਪਤਾਲ ਦੇ ਨਵੇਂ ਮਾਰਗ, ਨਵੇਂ ਕਾਲਜ ਖੋਲ੍ਹਣ ਤੇ ਉਨ੍ਹਾਂ ਦੇ ਨਵੇਂ ਨਾਂ ਜੋ ਮਰਜ਼ੀ ਰੱਖਣ। ਇਹ ਤਾਂ ਸਿੱਖ ਇਤਿਹਾਸ ਵੀ ਬਦਲ ਕੇ ਬੱਚਿਆਂ ਨੂੰ ਗੁਮਰਾਹ ਕਰ ਰਹੇ ਹਨ। ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਖ਼ੁਦਕੁਸ਼ੀ ਕੀਤੀ ਤੇ ਹੋਰ ਪਤਾ ਨਹੀਂ ਕੀ ਕੁੱਝ ਕੁਫ਼ਰ ਤੋਲਿਆ ਹੋਵੇਗਾ। ਇਸ ਵੇਲੇ ਸਿੱਖੀ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਦਿਸ ਰਿਹਾ।                                
-ਡਾ. ਰਾਜਿੰਦਰ ਕੌਰ, ਢੀਂਡਸਾ, ਜਲੰਧਰ।