ਮੈਨੂੰ ਜਾਅਲਸਾਜ਼ੀ ਨਾਲ ਕਢਿਆ ਗਿਆ: ਵਿਰਕ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਿਹਾ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਖੇ ਪਿਛਲੇ ਦਿਨੀਂ ਸੂਰਮਾ ਸਿੰਘ ਬੱਚੇ ਨੂੰ ਇਕੱਲਿਆਂ ਇਲਾਜ ਲਈ ਭੇਜਣ ਦਾ....

Central Khalsa Orphanage Amritsar

ਅੰਮ੍ਰਿਤਸਰ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਿਹਾ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਖੇ ਪਿਛਲੇ ਦਿਨੀਂ ਸੂਰਮਾ ਸਿੰਘ ਬੱਚੇ ਨੂੰ ਇਕੱਲਿਆਂ ਇਲਾਜ ਲਈ ਭੇਜਣ ਦਾ ਮਾਮਲਾ ਸੁਰਖ਼ੀਆਂ ਵਿਚ ਆ ਗਿਆ ਹੈ। ਜ਼ਿਕਰਯੋਗ ਹੈ ਕਿ 21 ਜੂਨ ਨੂੰ 15 ਸਾਲਾ ਨਿਰਮਲ ਸਿੰਘ ਅਤੇ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਸੂਰਮਾ ਸਿੰਘ, ਗੁਰਪ੍ਰੀਤ ਸਿੰਘ ਗੁਰੂ ਨਾਨਕ ਹਸਪਤਾਲ ਵਿਖੇ ਭਟਕਦੇ ਮਿਲੇ।

ਨਿਰਮਲ ਸਿੰਘ ਦੇ ਨੱਕ ਵਿਚੋਂ ਪਿਛਲੇ ਤਿੰਨ ਸਾਲ ਤੋਂ ਖ਼ੂਨ ਵੱਗਣ ਦੀ ਸ਼ਿਕਾਇਤ ਹੈ, ਉਹ ਅਪਣਾ ਇਲਾਜ ਕਰਵਾਉਣ ਲਈ ਗੁਰੂ ਨਾਨਕ ਹਸਪਤਾਲ ਵਿਚ ਭਟਕਦੇ ਵਿਖਾਈ ਦਿਤੇ। ਸੈਂਟਰਲ ਖ਼ਾਲਸਾ ਯਤੀਮਖ਼ਾਨੇ ਵਲੋਂ ਇਹ ਸਾਰਾ ਦੋਸ਼ ਸੁਪਰਡੈਂਟ ਮਨਜੀਤ ਸਿੰਘ ਵਿਰਕ ਦੇ ਸਿਰ 'ਤੇ ਪਾਇਆ ਗਿਆ ਅਤੇ ਉਸ ਨੂੰ ਮੁਅੱਤਲ ਕਰ ਦਿਤਾ ਗਿਆ।

ਮਨਜੀਤ ਸਿੰਘ ਵਿਰਕ ਜੋ ਕਿ ਦਿੱਲੀ ਵਿਖੇ ਅਪਣੇ ਪੁੱਤਰ ਕੋਲ ਸਨ, ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦਸਿਆ ਕਿ ਇਸ ਮਾਮਲੇ 'ਚ ਉਸ ਨੂੰ ਜ਼ਾਅਲਸਾਜ਼ੀ ਨਾਲ ਫਸਾਇਆ ਗਿਆ ਤੇ ਕਢਿਆ ਗਿਆ। ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਅਜਿਹੀ ਕੋਈ ਗ਼ਲਤੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਬੱਚੇ ਸਾਰੇ ਸਟਾਫ ਦੇ ਸਾਹਮਣੇ ਇਕੱਲੇ ਹੀ ਜਾਂਦੇ ਸਨ ਉਦੋਂ ਕਿਸੇ ਸਟਾਫ ਨੇ ਨਹੀਂ ਰੋਕਿਆ।

ਉਨ੍ਹਾਂ ਕਿਹਾ ਕਿ ਮੈਂ ਤਿੰਨ ਸਾਲ ਸੈਂਟਰਲ ਯਤੀਮਖ਼ਾਨੇ ਵਿਖੇ ਸੇਵਾਵਾਂ ਦਿਤੀਆਂ, ਉਨ੍ਹਾਂ ਸੇਵਾਵਾਂ ਅਧੀਨ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਦੇ ਯਤਨਾ ਸਦਕਾ ਵਿਸ਼ਾਲ ਨਾਂ ਦੇ ਲੜਕੇ ਦਾ 90 ਹਜ਼ਾਰ ਦਾ ਅੱਖਾਂ ਦਾ ਇਲਾਜ ਦਲਜੀਤ ਹਸਪਤਾਲ ਤੋਂ ਮੁਫ਼ਤ ਕਰਵਾਇਆ ਅਤੇ ਮਿਗਲਾਨੀ ਹਸਪਤਾਲ 'ਚੋਂ ਕਈ ਬੱਚਿਆਂ ਦਾ ਇਲਾਜ ਮੁਫ਼ਤ ਕਰਵਾਇਆ ਪਰ ਫਿਰ ਵੀ ਜੇ ਇਹ ਘਟਨਾ ਵਾਪਰੀ ਤੇ ਮੈਨੂੰ ਇਸ ਸਾਰੀ ਘਟਨਾ ਦਾ ਦੋਸ਼ੀ ਠਹਿਰਾਇਆ ਗਿਆ ਹੈ ਪਰ ਮੈਂ ਦੋਸ਼ੀ ਨਹੀਂ ਹਾਂ।

 ਬੀਬੀ ਕਿਰਨਜੋਤ ਕੌਰ ਨੇ ਸੁਪਰਡੈਂਟ ਦਾ ਪੱਖ ਲੈਂਦਿਆਂ ਕਿਹਾ ਕਿ ਵਿਰਕ ਦਾ ਪੱਖ ਕਿਸੇ ਵੀ ਮੈਂਬਰ ਜਾਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੇ ਨਹੀਂ ਸੁਣਿਆ।  ਉਨ੍ਹਾਂ ਕਿਹਾ ਕਿ ਸੈਂਟਰਲ ਖ਼ਾਲਸਾ ਯਤੀਮਖ਼ਾਨੇ ਦੀ ਇਕ ਅਧਿਆਪਕ ਆਸ਼ਾ ਨਾਂ ਦੀ ਬੀਬੀ ਹੀ ਇਸ ਸਾਰੇ ਮਾਮਲੇ ਦੀ ਦੋਸ਼ੀ ਹੈ ਜਿਸ ਨੇ ਖ਼ੁਦ 500 ਰੁਪਏ ਦੇ ਕੇ ਬੱਚਿਆਂ ਨੂੰ ਹਸਪਤਾਲ ਜਾਣ ਲਈ ਭੇਜ ਦਿਤਾ। ਉਨ੍ਹਾਂ ਕਿਹਾ ਕਿ ਬੀਬੀ ਆਸ਼ਾ ਨੇ ਬਿਨਾਂ ਸੁਪਰਡੈਂਟ ਤੋਂ ਪੁੱਛੇ 500 ਰੁਪਏ ਦੇ ਕੇ ਹਸਪਤਾਲ ਲਈ ਭੇਜ ਦਿਤਾ। 

ਡਾ. ਸੰਤੋਖ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਵਿਰਕ ਨੇ ਖ਼ੁਦ ਮੰਨਿਆ ਕਿ ਉਸ ਕੋਲੋਂ ਗ਼ਲਤੀ ਹੋਈ ਹੈ ਤੇ ਉਨ੍ਹਾਂ ਅਪਣਾ ਅਸਤੀਫ਼ਾ ਦਿਤਾ ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਪਣੇ ਪੱਖ ਸਬੰਧੀ ਦਿਤਾ ਪੱਤਰ ਸਾਨੂੰ ਅਸਤੀਫ਼ੇ ਤੋਂ ਬਾਅਦ ਮਿਲਿਆ ਹੈ। ਸੈਂਟਰਲ ਖਾਲਸਾ ਯਤੀਮਖ਼ਾਨਾ ਦੇ ਮੈਂਬਰ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਜੋ ਅਸਲੀਅਤ ਸਾਹਮਣੇ ਆਈ ਅਸੀਂ ਤਾਂ ਉਹ ਬਿਆਨ ਕੀਤੀ ਤੇ ਇਸ ਸੱਭ ਮਾਮਲੇ ਦਾ ਦੋਸ਼ੀ ਸੁਪਰਡੈਂਟ ਮਨਜੀਤ ਸਿੰਘ ਵਿਰਕ ਹੀ ਪਾਇਆ ਗਿਆ ਸੀ।