ਪਾਕਿ-ਹਕੂਮਤ ਵਾਂਗ ਮੋਦੀ ਸਰਕਾਰ ਵੀ ਕਰਤਾਰਪੁਰ ਲਾਂਘਾ ਖੋਲ੍ਹੇ : ਰਾਜਾਸਾਂਸੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਵੀ ਕਰਤਾਰਪੁਰ ਲਾਂਘਾ ਸਿੱਖ ਸੰਗਤਾਂ ਲਈ ਖੋਲ੍ਹ ਦੇਵੇ ।

Kartarpur Sahib

ਅੰਮ੍ਰਿਤਸਰ, 30 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਭਾਰਤ ਤੇ ਪੰਜਾਬ ਸਰਕਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਵੀ ਕਰਤਾਰਪੁਰ ਲਾਂਘਾ ਸਿੱਖ ਸੰਗਤਾਂ ਲਈ ਖੋਲ੍ਹ ਦੇਵੇ । ਪਾਕਿਸਤਾਨ ਸਰਕਾਰ ਨੇ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ ।

ਕੋਵਿਡ-19 ਕਾਰਨ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ 16 ਮਾਰਚ ਤੋਂ ਬੰਦ ਕਰ ਦਿਤਾ ਸੀ ਜਿਸ ਕਾਰਨ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਜਾਣ 'ਤੇ ਰੋਕ ਲੱਗ ਗਈ ਸੀ । ਹੁਣ  3 ਮਹੀਨੇ ਬਾਅਦ ਪਾਕਿਸਤਾਨ ਹਕੂਮਤ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ ਤਾਂ ਮੋਦੀ ਸਰਕਾਰ ਨੂੰ ਵੀ ਲਾਂਘਾ ਸ਼ਰਧਾਲੂਆਂ ਲਈ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਲੰਬੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੀ ਦਰਸ਼ਨਾਂ ਦੀ ਤਾਂਘ ਪੂਰੀ ਹੋ ਸਕੇ ।

ਰਘਬੀਰ ਸਿੰਘ  ਆਖਿਆ ਕਿ ਇਸ ਲਾਂਘੇ ਨੂੰ ਨਾ ਖੋਲ੍ਹਣ ਦੇਣ ਲਈ ਕੁੱਝ ਰਾਜਨੀਤਕ ਲੋਕ ਤੇ ਖ਼ੁਫ਼ੀਅ ਏਜੰਸੀਆਂ ਅੜਚਣਾਂ ਪਾ ਰਹੀਆਂ ਹਨ। ਪਰ ਹਿੰਦ-ਪਾਕਿ ਸਰਕਾਰਾਂ ਨੇ ਇਸ ਲਾਂਘੇ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਤਾਂ ਇਹ ਬੁਖ਼ਲਾਹਟ ਵਿਚ ਲਾਂਘੇ ਨੂੰ ਬੰਦ ਕਰਵਾਉਣ ਲਈ  ਬਿਆਨ ਦਾਗ਼ਦੇ ਰਹਿੰਦੇ  ਹਨ ।

ਸਿੱਖ ਸੰਗਤ ਦੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੰਸਾਰ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਦੀ ਤਾਂਘ ਨੂੰ ਸਮਝਦੇ ਹੋਏ ਇਸ ਲਾਂਘੇ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਬਿਨਾਂ ਕਿਸੇ ਦੇਰੀ ਦੇ ਖੋਲ੍ਹ ਦੇਣਾ ਚਾਹੀਦਾ ਹੈ। ਸ. ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਜ਼ੋਰ ਦਿਤਾ ਕਿ ਉਹ ਵੀ ਮੋਦੀ ਤੇ ਪੰਜਾਬ ਸਰਕਾਰ 'ਤੇ ਦਬਾਅ ਬਣਾਵੇ। ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਸਮਾਉਣ ਦਿਵਸ 28 ਸਤੰਬਰ ਨੂੰ ਆ ਰਿਹਾ ਹੈ। ਇਸ ਮੁਕੱਦਸ ਦਿਵਸ ਅਖੰਡ ਪਾਠ ਰਖਵਾਏ ਜਾਣ ਤੋਂ ਇਲਾਵਾ ਹੋਰ ਪ੍ਰਬੰਧ ਵੀ ਕੀਤੇ ਜਾਣੇ ਹਨ।