ਤਖ਼ਤ ਪਟਨਾ ਸਾਹਿਬ ਵਿਖੇ ਜਥੇਦਾਰਾਂ ਦੀ ਹੋਈ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖੌਤੀ ਤਨਖ਼ਾਹੀਆ ਹਰਪਾਲ ਸਿੰਘ ਜੌਹਲ ਤੇ ਭੁਪਿੰਦਰ ਸਿੰਘ ਸਾਧੂ ਦਾ ਮਸਲਾ ਅੱਗੇ ਪਾਇਆ

Patna Sahib

ਨਵੀਂ ਦਿੱਲੀ, 30 ਜੂਨ (ਅਮਨਦੀਪ ਸਿੰਘ) : ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ ਅੱੱਜ ਹੋਈ ਪੰਜ ਜਥੇਦਾਰਾਂ ਦੀ ਮੀਟਿੰਗ ਵਿਚ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਤਨਖ਼ਾਹੀਆ ਦਿਤੇ ਗਏ ਮੈਂਬਰ ਸ.ਹਰਪਾਲ ਸਿੰਘ ਜੌਹਲ ਤੇ ਮੁਖ  ਪ੍ਰਸ਼ਾਸਕ ਭਾਈ ਭੁਪਿੰਦਰ ਸਿੰਘ ਸਾਧੂ ਦੇ ਮਾਮਲੇ ਨੂੰ ਅੱਗੇ ਪਾ ਦਿਤਾ ਗਿਆ ਹੈ। ਸ.ਜੌਹਲ ਨੂੰ ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਵਿਰੁਧ ਅਖਉਤੀ ਕੂੜ ਪ੍ਰਚਾਰ ਦੇ ਨਾਂ 'ਤੇ ਤਖ਼ਤ ਸਾਹਿਬ ਦੀ ਸ਼ਾਨ ਨੂੰ ਸੱਟ ਮਾਰਨ ਦੇ ਦੋਸ਼ ਹੇਠ ਮਈ ਮਹੀਨੇ ਤਨਖ਼ਾਹੀਆ ਕਰਾਰ ਦੇ ਦਿਤਾ ਗਿਆ ਸੀ।

ਜਦੋਂਕਿ ਜਥੇਦਾਰ ਦੇ ਦਾਅਵੇ ਮੁਤਾਬਕ ਪੁਰਾਣੀ ਪ੍ਰਬੰਧਕ ਕਮੇਟੀ ਦੇ ਹੋਰ ਅਹੁਦੇਦਾਰਾਂ ਸਣੇ ਸ.ਸਾਧੂ ਨੂੰ ਵੀ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਨਖ਼ਾਹੀਆ ਕਰਾਰ ਦਿਤਾ ਹੋਇਆ ਹੈ। 'ਸਪੋਕਸਮੈਨ' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਦਸਿਆ ਕਿ ਅੱਜ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਜਿਸ ਵਿਚ ਤਨਖ਼ਾਹੀਆ ਕਰਾਰ ਦਿਤੇ ਗਏ ਸ.ਜੌਹਲ ਤੇ ਸ.ਸਾਧੂ ਪੇਸ਼ ਨਹੀਂ ਹੋਏ ਤੇ ਅਗਲੀ ਮੀਟਿੰਗ ਹੁਣ 29 ਅਗੱਸਤ ਨੂੰ ਸੱਦੀ ਗਈ ਹੈ।

ਉਨ੍ਹਾਂ ਦਸਿਆ ਕਿ ਸ.ਸਾਧੂ ਨੇ ਚਿੱਠੀ ਭੇਜ ਕੇ, ਕਰੋਨਾ ਮਹਾਂਮਾਰੀ ਕਰ ਕੇ ਹਵਾਈ ਉਡਾਣਾ ਬੰਦ ਹੋਣ ਦਾ ਹਵਾਲਾ ਦੇ ਕੇ, ਕੈਨੇਡਾ ਤੋਂ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਵਿਚ ਅਸਮਰਥਾ ਜ਼ਾਹਰ ਕੀਤੀ ਸੀ, ਇਸ  ਲਈ  ਆਉਂਦੇ ਮਹੀਨਿਆਂ ਦੇ ਮਾਹੌਲ ਨੂੰ ਵੇਖ ਕੇ, ਉਨ੍ਹਾਂ ਨੂੰ ਸੱਦਣ ਬਾਰੇ ਬਾਅਦ ਵਿਚ ਵਿਚਾਰ ਕੀਤੀ ਜਾਵੇਗੀ ਤੇ ਸ.ਜੌਹਲ ਨੂੰ 29 ਅਗਸਤ ਨੂੰ ਮੁੜ ਤਲਬ ਕੀਤਾ ਗਿਆ ਹੈ।

ਜਦੋਂ ਸ.ਸਾਧੂ ਵਲੋਂ ਜਥੇਦਾਰ 'ਤੇ ਲਾਏ ਜਾ ਰਹੇ ਦੋਸ਼ਾਂ ਬਾਰੇ ਪੁਛਿਆ ਤਾਂ ਗਿਆਨੀ ਰਣਜੀਤ ਸਿੰਘ ਨੇ ਕਿਹਾ, “ਸ.ਸਾਧੂ ਨੂੰ ਅਪਣੀ ਗੱਲ ਕਹਿਣ ਦਾ ਹੱਕ ਹੈ, ਪਰ ਰੀਕਾਰਡ ਮੁਤਾਬਕ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਨਾਲ ਉਨਾਂ੍ਹ ਨੂੰ ਵੀ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਤਨਖ਼ਾਹੀਆ ਕਰਾਰ ਦਿਤਾ ਸੀ।'' ਉਨਾਂ੍ਹ ਇਹ ਵੀ ਸਪਸ਼ਟ ਕੀਤਾ ਕਿ ਇਸ ਮਾਮਲੇ ਦੀ ਪੜਤਾਲ ਲਈ ਜੱਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਵਿਚ ਕਾਇਮ ਕੀਤੀ ਗਈ ਕਮੇਟੀ ਵਿਚ ਉਹ ਸ਼ਾਮਲ ਨਹੀਂ ਸਨ।

ਸ.ਜੌਹਲ ਬਾਰੇ ਉਨ੍ਹਾਂ ਦਸਿਆ, “ਸ.ਜੌਹਲ ਦਾ ਇਕ ਆਡੀਉ ਟੁੱਕੜਾ ਨਸ਼ਰ ਹੋਇਆ ਸੀ ਜਿਸ ਵਿਚ ਉਨਾਂ੍ਹ ਖ਼ਰਚਿਆਂ ਨੂੰ ਲੈ ਕੇ ਮੇਰੇ 'ਤੇ ਦੋਸ਼ ਲਾਏ ਸਨ, ਪਰ ਜਦੋਂ ਉਨਾਂ੍ਹ ਤੋਂ ਸਬੂਤ ਮੰਗੇ ਗਏ ਤਾਂ ਉਹ ਪੇਸ਼ ਨਹੀਂ ਕਰ ਸਕੇ ਤੇ ਖ਼ੁਦ ਪੇਸ਼ ਵੀ ਨਹੀਂ ਹੋਏ। ਇਸ ਤਰ੍ਹਾਂ ਦੇਸ਼ ਵਿਦੇਸ਼ ਵਿਚ ਤਖ਼ਤ ਸਾਹਿਬ ਦੀ ਸ਼ਾਨ ਨੂੰ ਖੋਰਾ ਵੱਜਾ ਹੈ। ਮੈਂ ਕੌਮ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਹੋਰਨਾਂ ਨੂੰ ਜੋੜਨਾ ਹੀ ਹੈ, ਪੰਥ ਨਾਲੋਂ ਤੋੜਨਾ ਨਹੀਂ।''

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ.ਸਾਧੂ ਨੇ ਜੱਥੇਦਾਰ ਸਣੇ ਹੋਰਨਾਂ ਜੱਥੇਦਾਰਾਂ/ ਗ੍ਰੰਥੀਆਂ ਨੂੰ ਚਿੱਠੀ ਲਿੱਖ ਕੇ, ਪੰਜ ਜੱਥੇਦਾਰਾਂ ਦੀ ਕਾਰਜਸ਼ੈਲੀ 'ਤੇ ਤਿੱਖੇ ਸਵਾਲ ਚੁਕੇ ਸਨ ਤੇ ਦਾਅਵਾ ਕੀਤਾ ਸੀ ਕਿ, “ਜਦੋਂ ਮੇਰੇ 'ਤੇ ਕੋਈ ਦੋਸ਼ ਹੀ ਨਹੀਂ ਤਾਂ ਫਿਰ ਕਿਉਂ ਮੈਨੂੰ ਤਨਖਾਹੀਆ ਬਣਾਇਆ ਜਾ ਰਿਹਾ ਹੈ ਤੇ ਸਬੰਧਤ ਰੀਕਾਰਡ ਪੇਸ਼ ਕਰਨ ਵਿਚ ਜੱਥੇਦਾਰ ਕਿਉਂ ਝਿੱਜਕ ਰਹੇ ਹਨ?” ਸਾਧੂ ਹਰਪਾਲ ਸਿੰਘ ਜੌਹਲ ਨੂੰ ਤਨਖਾਹੀਆ ਕਰਨ ਦੇ ਢੰਗ ਨੂੰ ਵੀ ਗੁਰਮਤਿ ਤੋਂ ਉਲਟ ਤੇ ਜੱਥੇਦਾਰ ਦੀ ਮਹੰਤ ਸ਼ਾਹੀ ਤੱਕ ਆਖ ਚੁਕੇ ਹਨ।