'ਇਸ ਵਾਰ ਵਿਧਾਨ ਸਭਾ ਚੋਣਾਂ ’ਚ ਬੇਅਦਬੀ ਦੇ ਮੁੱਦੇ ’ਤੇ ਰਾਜਨੀਤੀ ਦਾ ਵਿਰੋਧ ਕਰਾਂਗੇ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਮਾਮਲੇ ’ਚ ਜਾਂਚ ਸਿਰਫ਼ 5 ਡੇਰਾ ਪ੍ਰੇਮੀਆਂ ਦੁਆਲੇ ਹੀ ਘੁਮਾਉਣ ’ਤੇ ਵੀ ਸਵਾਲ ਚੁੱਕੇ

photo

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬਬ ਦੀ ਬੇਅਦਬੀ ਦੇ ਮਾਮਲੇ ਤੋਂ ਬਾਅਦ ਕੋਟਕਪੂਰਾ ’ਚ ਪੁਲਿਸ ਗੋਲੀ ਨਾਲ ਮਰਨ ਵਾਲੇ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਤੇ ਗੋਲੀ ਕਾਂਡ ’ਚ ਜ਼ਖ਼ਮੀ ਹੋਏ ਹੋਰ ਪੀੜਤਾਂ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਐਲਾਨ ਕੀਤਾ ਹੈ ਕਿ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਬੇਅਦਬੀ ਦੇ ਮੁੱਦੇ ’ਤੇ ਵੋਟਾਂ ਲੈਣ ਲਈ ਕਿਸੇ ਵੀ ਪਾਰਟੀ ਨੂੰ ਸਿਆਸੀ ਰੋਟੀਆਂ ਸੇਕਣ ਦੀ ਆਗਿਆ ਨਹੀਂ ਦੇਣਗੇ। ਭਾਵੇਂ ਕਾਂਗਰਸ ਹੋਵੇ ਜਾਂ ਅਕਾਲੀ ਦਲ ਬਾਦਲ ਅਤੇ ਜੇ ਇਹ ਚੋਣਾਂ ’ਚ ਬੇਅਦਬੀ ਦਾ ਮੁੱਦਾ ਉਛਾਲਣਗੇ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ।

 

ਸੁਖਰਾਜ ਸਿੰਘ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਸਾਰੇ ਚਲਾਨ ਪੇਸ਼ ਕਰ ਕੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ’ਚ ਆਉਂਦੇ ਕੁੱਝ ਮਹੀਨਿਆਂ ’ਚ ਇਨਸਾਫ਼ ਦਿਵਾਉਂਦੀ ਹੈ ਤਾਂ ਚੰਗਾ ਹੋਵੇਗਾ ਨਹੀਂ ਤਾਂ ਕਾਂਗਰਸ ਨੂੰ ਚੋਣਾਂ ’ਚ ਇਸ ਮੁੱਦੇ ’ਤੇ ਮੁੜ ਰਾਜਨੀਤੀ ਕਰ ਕੇ ਵੋਟਾਂ ਨਹੀਂ ਲੈਣ ਦਿਤੀਆਂ ਜਾਣਗੀਆਂ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ’ਚ ਇਹ ਇਨਸਾਫ਼ ਨਹੀਂ ਦਿਵਾ ਸਕੀ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਇਨਸਾਫ਼ ਦਾ ਵਾਅਦਾ ਕੀਤਾ ਸੀ।

ਉਨ੍ਹਾਂ ਇਸ ਗੱਲ ’ਤੇ ਵੀ ਰੋਸ ਪ੍ਰਗਟ ਕੀਤਾ ਕਿ ਕੈਪਟਨ ਸਰਕਾਰ ਨੇ ਹਾਈ ਕੋਰਟ ਦੇ ਫ਼ੈਸਲੇ ਬਾਅਦ ਨਵੀਂ ਸਿੱਟ ਤਾਂ ਬਣਾ ਦਿਤੀ ਹੈ ਪਰ ਫ਼ੈਸਲੇ ਨੂੰ ਸੁਪਰੀਮ ਕੋਰਟ ਜਾਂ ਅੱਗੇ ਹਾਈ ਕੋਰਟ ਦੇ ਡਬਲ ਬੈਂਚ ’ਚ ਅੱਜ ਤਕ ਚੈਲੰਜ ਨਹੀਂ ਕੀਤਾ। ਬੇਅਦਬੀ ਮਾਮਲਿਆਂ ’ਚ ਵੀ ਜਾਂਚ ਸਿਰਫ਼ 5 ਡੇਰਾ ਪ੍ਰੇਮੀਆਂ ਦੁਆਲੇ ਹੀ ਘੁਮਾਈ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਵੀ ਜ਼ਮਾਨਤਾਂ ਮਿਲ ਰਹੀਆਂ ਹਨ। ਇਸ ਤਰ੍ਹਾਂ ਜਾਂਚ ਡੇਰਾ ਮੁਖੀ ਤਕ ਕਿਵੇਂ ਪਹੁੰਚ ਸਕਦੀ ਹੈ?

ਸੁਖਰਾਜ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਨਵੀਂ ਸਿੱਟ ਦੀ ਜਾਂਚ ਦਾ ਵੀ ਕੋਈ ਫ਼ਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਸਾਬਕਾ ਸਿੱਟ ਮੁਖੀ ਰਣਬੀਰ ਸਿੰਘ ਖਟੜਾ ਦੀ ਅਕਾਲ ਤਖ਼ਤ ਸਾਹਿਬ ’ਤੇ ਬਿਆਨਬਾਜ਼ੀ ਬਾਰੇ ਵੀ ਕਿਹਾ ਕਿ ਬਾਦਲਾਂ ਨੂੰ ਬਚਾਉਣ ਦੇ ਹੀ ਯਤਨ ਹੋ ਰਹੇ ਹਨ। ਉਨ੍ਹਾਂ ਗੋਲੀਕਾਂਡ ਸਮੇਂ ਦੀ ਡੀ.ਜੀ.ਪੀ. ਸੁਮੇਧ ਸੈਣੀ ਵਿਰੁਧ ਵੀ ਕਾਰਵਾਈ ਨਾ ਹੋਣ ’ਤੇ ਸਵਾਲ ਚੁੱਕੇ।